ਇਕਬਾਲ ਸਿੰਘ ਲਾਲਪੁਰਾ
ਭਾਰਤ ਭਾਵੇਂ ਇੱਕ ਹਜਾਰ ਸਾਲ ਤੋਂ ਵੀ ਜਿਆਦਾ ਸਮੇਂ ਤੱਕ ਵਿਦੇਸ਼ੀਆਂ ਦਾ ਗੁਲਾਮ ਰਿਹਾ ਹੈ। 1857 ਈ. ਵਿੱਚ ਅਜਾਦੀ ਦੀ ਪਹਿਲੀ ਲੜਾਈ ਤੋਂ 1947 ਈ. ਤੱਕ ਦੇ ਸਮੇਂ ਦੌਰਾਨ, ਭਾਰਤ ਮਾਂ ਦੀ ਅਜ਼ਾਦੀ ਲਈ ਅਣਗਿਣਤ ਭਾਰਤੀਆਂ ਨੇ ਸਿੱਧੇ ਰੂਪ ਵਿੱਚ ਹਿੱਸਾ ਲਿਆ, ਲੱਖਾਂ ਦੀ ਗਿਣਤੀ ਵਿੱਚ ਜੇਲਾਂ ਵਿਚ ਗਏ ਅਤੇ ਹਜਾਰਾਂ ਦੀ ਗਿਣਤੀ ਵਿਚ ਵਿਦੇਸ਼ੀ ਹਕੂਮਤ ਵੱਲੋਂ ਸ਼ਹੀਦ ਵੀ ਕੀਤੇ ਗਏ। ਅਜਾਦੀ ਲਈ ਵਿਦੇਸ਼ੀ ਹਕੂਮਤ ਵਿਰੁੱਧ ਅੰਦੋਲਨ ਵਿੱਚ ਕਿਸੇ ਦੀ ਸੇਵਾ, ਕੈਦ ਦੀ ਸਜ਼ਾ, ਜਾਂ ਸ਼ਹਾਦਤ ਨੂੰ ਦੂਜੇ ਨਾਲੋਂ ਘੱਟ ਜਾਂ ਵੱਧ ਅੰਕਿਤ ਨਹੀਂ ਕੀਤਾ ਜਾ ਸਕਦਾ। ਪਰ ਸ਼ਹੀਦਾਂ ਦਾ ਸਿਰਤਾਜ ਤੇ ਮਹਾਨ ਸ਼ਹੀਦ ਹੋਣ ਦਾ ਮਾਣ ਕੇਵਲ ਸਰਦਾਰ ਭਗਤ ਸਿੰਘ ਨੂੰ ਹੀ ਪ੍ਰਾਪਤ ਹੋਇਆ ਹੈ। ਸਰਦਾਰ ਭਗਤ ਸਿੰਘ ਦਾ ਜੀਵਨ ਕਾਲ 28 ਸਤੰਬਰ 1907 ਈ. ਤੋਂ 23 ਮਾਰਚ 1931 ਈ. ਤੱਕ ਦਾ ਹੈ, ਜੋ ਕਰੀਬ 23 ਸਾਲ 6 ਮਹੀਨੇ 16 ਦਿਨ ਦਾ ਬਣਦਾ ਹੈ। ਇਸ ਛੋਟੇ ਜਿਹੇ ਜੀਵਨ ਕਾਲ ਵਿਚ ਸ਼ਹੀਦਾਂ ਦਾ ਸਰਦਾਰ ਹੋਣਾ ਕੋਈ ਆਮ ਜਿਹੀ ਗੱਲ ਨਹੀਂ ਹੈ। ਪੰਡਿਤ ਜਵਾਹਰਲਾਲ ਨਹਿਰੂ ਨੇ ਆਪਣੀ ਆਤਮਕਥਾ ਵਿੱਚ ਦਰਜ ਕੀਤਾ ਸੀ ਕਿ ਸ਼ਹੀਦ—ਏ—ਆਜ਼ਮ ਭਗਤ ਸਿੰਘ ਆਪਣੇ ਜੀਵਨ ਕਾਲ ਵਿੱਚ ਵੀ ਬਹੁਤ ਵੱਡਾ ਆਜ਼ਾਦੀ ਦਾ ਭਾਰਤੀ ਨਾਇਕ ਬਣ ਚੁੱਕਾ ਸੀ। ਸਹੀਦ ਭਗਤ ਸਿੰਘ ਦੀ ਲੋਕਪ੍ਰਿਯਤਾ ਵਿੱਚ ਉਹਨਾਂ ਦੀ ਸ਼ਹਾਦਤ ਤੋਂ 92 ਸਾਲ ਬਾਅਦ ਵਿੱਚ ਵੀ ਕੋਈ ਕਮੀ ਨਹੀਂ ਆਈ।
ਜਰੂਰੀ ਹੈ ਕਿ ਸ਼ਹੀਦ—ਏ—ਆਜ਼ਮ ਭਗਤ ਸਿੰਘ ਦੇ ਜੀਵਨ ਫਲਸਫੇ ਬਾਰੇ ਜੇਕਰ ਵਿਚਾਰ ਕੀਤੀ ਜਾਵੇ।
ਭਗਤ ਸਿੰਘ ਦਾ ਸ਼ਹੀਦੇ ਆਜ਼ਮ ਹੋਣ ਬਾਰੇ, ਸਭ ਤੋਂ ਪਹਿਲੀ ਗੱਲ ਉਸ ਦਾ ਗਿਆਨਵਾਨ ਹੋਣਾ ਸੀ। ਦੁਨੀਆ ਦੇ ਇਤਿਹਾਸਿਕ, ਰਾਜਨੀਤਿਕ, ਸਮਾਜਿਕ, ਆਰਥਿਕ, ਵਿਗਿਆਨਿਕ ਅਤੇ ਆਜ਼ਾਦੀ ਬਾਰੇ ਜਿੰਨਾਂ ਗਿਆਨ ਭਗਤ ਸਿੰਘ ਨੇ ਕਿਤਾਬਾਂ ਤੇ ਅਖਬਾਰਾਂ ਰਾਹੀਂ ਹਾਸਿਲ ਕੀਤਾ। ਇਕ ਅਚੰਭਾ ਹੀ ਹੈ ਕਿ ਉਸ ਦੀ ਜੇਲ ਡਾਇਰੀ, ਜੋ 12 ਸਤੰਬਰ 1929 ਤੋਂ 7 ਅਕਤੂਬਰ 1930 ਈ. ਤੱਕ ਉਸ ਦੇ ਕੋਲ ਸੀ, ਗਵਾਹੀ ਭਰਦੀ ਹੈ ਕਿ ਸ਼ਹੀਦ ਭਗਤ ਸਿੰਘ ਨੇ ਉਸ ਸਮੇਂ ਤੱਕ ਦੁਨੀਆਂ ਦੇ ਹਰ ਵੱਡੇ ਲੇਖਕ ਦੀਆਂ ਕਿਤਾਬਾਂ ਉਪਰੋਕਤ ਵਿਸ਼ਿਆਂ ਬਾਰੇ ਪੜ੍ਹੀਆਂ ਹੀ ਨਹੀਂ, ਬਲਕਿ ਉਨ੍ਹਾਂ ਦੇ ਨੋਟ ਵੀ ਡਾਇਰੀ ਵਿੱਚ ਅੰਕਿਤ ਕੀਤੇ। ਜੇਲ ਜਾਣ ਤੋਂ ਪਹਿਲਾਂ ਵੀ ਸ਼ਹੀਦ ਭਗਤ ਸਿੰਘ ਦੀਆਂ ਜੇਬਾਂ ਕਿਤਾਬਾਂ ਨਾਲ ਭਰੀਆਂ ਹੁੰਦੀਆਂ ਹਨ। ਜਿੱਥੇ ਉਹ, ਪੜ੍ਹਨ ਦਾ ਸ਼ੌਕੀਨ ਸਨ, ਉੱਥੇ ਆਪਣੇ ਦੋਸਤਾਂ ਨੂੰ ਵੀ ਪੜਾਉਂਦੇ ਸਨ। ਉਹਨਾਂ ਅਨੁਸਾਰ ਸਫਲ ਇਨਕਲਾਬ ਲਈ ਜਿੰਦਗੀ ਦੀ ਸਮੁੱਚਤਾ ਨੂੰ ਸਮਝਣਾ ਜਰੂਰੀ ਹੈ।
ਸ਼ਹੀਦੇ ਆਜ਼ਮ ਭਗਤ ਸਿੰਘ ਦੇ ਦੂਰ ਅੰਦੇਸ਼, ਦ੍ਰਿੜ ਸੰਕਲਪ ਅਤੇ ਆਪਣੇ ਇਰਾਦੇ ਬਾਰੇ ਵੀ ਸਪੱਸ਼ਟ ਸੀ। ਇੰਕਲਾਬ ਬਾਰੇ ਸਰਦਾਰ ਭਗਤ ਸਿੰਘ ਨੇ ਲਿਖਿਆ ਕਿ ਮੈਂ 1926 ਤੋਂ ਵਿਚ ਦੁਨੀਆਂ ਭਰ ਦੋ ਇਨਕਲਾਬੀ ਤਜਰਬੇ ਨੂੰ ਘੋਖਣਾ ਸ਼ੁਰੂ ਕੀਤਾ, ਜਿਸ ਆਦਰਸ਼ ਲਈ ਜੂਝਣਾ ਹੈ, ਉਸ ਦਾ ਸਪੱਸ਼ਟ ਸੰਕਲਪ ਸਾਡੇ ਸਾਹਮਣੇ ਹੋਵੇ, ਉਸ ਤੋਂ ਪਹਿਲਾਂ ਤਾਂ ‘ਮੈਂ ਕੇਵਲ ਰੋਮਾਂਟਿਕ ਵਿਚਾਰਵਾਦੀ ਇਨਕਲਾਬੀ ਹੀ ਸੀ। ਉਦੋਂ ਤੱਕ ਤਾਂ ਅਨੁਆਈ ਹੀ ਸਾਂ। ਫੇਰ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੋਂ ਲੈਣ ਦਾ ਸਮਾਂ ਆਇਆ। ਮੈਂ ਅਰਾਜਕਤਾਵਾਦੀ ਆਗੂ ਬਾਕੂਨਿਨ ਨੂੰ ਪੜਿ੍ਹਆ, ਸਮਾਜਵਾਦ ਦੇ ਪਿਤਾਮਾ ਮਾਰਕਸ, ਲੈਨਿਨ, ਟਰਾਟਸਕੀ ਅਤੇ ਆਪਣੇ ਦੇਸ਼ ਵਿਚ ਸਫਲ ਇਨਕਲਾਬ ਲਿਆਉਣ ਵਾਲੇ ਹੋਰ ਵਿਅਕਤੀਆਂ ਨੂੰ ਪੜਿ੍ਹਆ। ਸ਼ਹੀਦ ਭਗਤ ਸਿੰਘ ਦੀ ਸੋਚ ਮੁਤਾਬਿਕ ਇਨਕਲਾਬੀ ਹੋਣ ਦਾ ਮਤਲਬ ਸੀ, ਨਾਸਾਜ ਹਾਲਤਾਂ ਨੂੰ ਅਨੁਕੂਲ ਹਾਲਤਾਂ ਵਿਚ ਤਬਦੀਲ ਕਰਨਾ। ਕਾਂਗਰਸ ਬਾਰੇ ਉਸਦਾ ਵਿਚਾਰ ਸੀ, ‘ਭਾਰਤੀ ਰਾਸ਼ਟਰੀ ਕਾਂਗਰਸ ਦਾ ਉਦੇਸ਼, ਭਾਰਤੀ ਜਨਤਾ ਨੂੰ ਸਰਕਾਰ ਦੀ ਇਕ ਅਜਿਹੀ ਪ੍ਰਣਾਲੀ ਦੇਣਾ ਹੈ ਜਿਹੜੀ ਠੀਕ ਉਹੋ ਜਿਹੀ ਹੀ ਹੈ ਜਿਵੇਂ ਬ੍ਰਿਟਿਸ਼ ਸਾਮਰਾਜ ਦੇ ਥੱਲੇ ਸਵੈ—ਸ਼ਾਸਤ ਦੇਸ਼ ਚਲਾ ਰਹੇ ਹਨ, ਜਿਸ ਵਿਚ ਉਹ ਸਾਮਰਾਜ ਦੇ ਅਧਿਕਾਰਾਂ ਅਤੇ ਜੁੰਮੇਵਾਰੀਆਂ ਵਿੱਚ ਬਰਾਬਰ ਦੇ ਹਿੱਸੇਦਾਰ ਹੋਣਗੇ, ਸਿੱਖਿਆ ਬਾਰੇ ਭਾਰਤ ਵਿੱਚ ਪੱਛਮੀ ਸਿੱਖਿਆ ਨੂੰ ਚਾਲੂ ਕਰਨ ਦਾ ਮੂਲ ਮੰਤਵ ਨੌਜਵਾਨ ਭਾਰਤੀਆਂ ਦੀ ਇੱਕ ਚੰਗੀ ਗਿਣਤੀ ਨੂੰ ਸਿੱਖਿਅਤ ਕਰਨਾ ਸੀ ਤਾਂ ਜੋ ਸਰਕਾਰੀ ਦਫ਼ਤਰਾਂ ਵਿੱਚ ਅਧੀਨ ਨੌਕਰੀਆਂ ਤੇ ਅੰਗਰੇਜ਼ੀ ਬੋਲਣ ਵਾਲੇ ਦੇਸੀ ਲੋਕਾਂ ਨਾਲ ਭਰਿਆ ਜਾ ਸਕੇ।
ਅੰਗਰੇਜ਼ਾਂ ਵੱਲੋਂ ਸਵਰਾਜ ਦੇਣ ਬਾਰੇ, ਜੋ ਸਰਕਾਰ ਮੈਨੂੰ ਆ ਕੇ ਕਹੇ ਕਿ ਸਵਰਾਜ ਲੈ ਲਉ, ਤਾਂ ਇਸ ਤੋਹਫੇ ਲਈ ਧੰਨਵਾਦ ਤਾਂ ਕਰਾਂਗਾ, ਪਰ ਉਸ ਚੀਜ ਨੂੰ ਸਵੀਕਾਰ ਨਹੀਂ ਕਰਾਂਗਾ ਜਿਸ ਨੂੰ ਮੈਂ ਆਪ ਖੁਦ ਆਪਣੇ ਹੱਥਾਂ ਨਾਲ ਨਹੀਂ ਕਮਾਇਆ। ਅਸਲ ਚੀਜ ਨਾਗਰਿਕ ਦੀ ਗੌਰਵਤਾ ਹੈ’। ਗੁਲਾਮੀ ਬਾਰੇ ਲਿਖਿਆ ਹੈ ਕਿ, ‘ਦਾਸ ਆਪਣੀਆਂ ਬੇੜੀਆਂ ਵਿੱਚ ਸੱਭ ਕੁੱਝ ਗੁਆ ਦਿੰਦੇ ਹਨ, ਇੱਥੋਂ ਤੱਕ ਕਿ ਇਸ ਤੋਂ ਨਿਜਾਤ ਪਾਉਣ ਦੀ ਇੱਛਾ ਵੀ ਨੌਜਵਾਨਾਂ ਨੂੰ ਸੱਚੇ ਦਿਲੋਂ ਤੋਂ ਸੰਜੀਦਗੀ ਨਾਲ ਸੇਵਾ, ਬਿਪਤਾ ਸਹਾਰਨ ਤੇ ਕੁਰਬਾਨੀ ਦਾ ਤਿਹਰਾ ਆਦਰਸ਼ ਅਪਨਾਉਣਾ ਚਾਹੀਦਾ ਹੈ’ ਦੱਬੇ ਕੁਚਲੇ ਵਰਗ ਬਾਰੇ ਕਹਿੰਦੇ ਹਨ, “ਜੇਕਰ ਮੈਲਾ ਚੁੱਕਣ ਵਾਲਾ ਅਛੂਤ ਹੈ ਤਾਂ ਮੇਰੀ ਮਾਂ ਵੀ ਅਛੂਤ ਹੋਈ, ਇਸ ਲਈ ਦਬੇ—ਕੁਚਲੇ ਵਰਗ ਦੇ ਭਰਾਵਾਂ ਨੂੰ ਮਾਂ—ਬੇਬੇ ਕਹਿ ਕੇ ਸਨਮਾਨ ਤੇ ਪਿਆਰ ਕਰਦਾ ਸੀ। ਏਕਤਾ ਬਾਰੇ, “ਜਿਸ ਦਿਨ ਅਸੀਂ ਵੱਡੀ ਗਿਣਤੀ ਵਿਚ ਮਰਦ ਅਤੇ ਔਰਤ ਮਨੁੱਖਤਾ ਦੇ ਦੁੱਖ ਦੂਰ ਕਰਨ ਅਤੇ ਸੇਵਾ ਲਈ ਇਕੱਠੇ ਹੋ ਜਾਵਾਂਗੇ, ਉਸ ਦਿਨ ਅਜਾਦੀ ਦੀ ਸ਼ੁਰੂਆਤ ਦਾ ਦਿਨ ਹੋਵੇਗਾ’ ਕੁਰਬਾਨੀ ਬਾਰੇ ਉਸਦਾ ਵਿਚਾਰ ਸੀ, ‘ਕੀ ਜੀਵਨ ਐਨਾ ਪਿਆਰਾ ਅਤੇ ਸ਼ਾਂਤੀ ਐਨੀ ਮਿੱਠੀ ਹੈ? ਜਿਸਨੂੰ ਬੇੜੀਆਂ ਅਤੇ ਗੁਲਾਮੀ ਦੀ ਕੀਮਤ ‘ਤੇ ਵੀ ਖਰੀਦ ਲਿਆ ਜਾਵੇ? ਸ਼ੋਸ਼ਣ ਬਾਰੇ, “ਉਦੋਂ ਤੱਕ ਜਦੋ—ਜਹਿਦ ਜਾਰੀ ਰਹੇਗੀ, ਜਦੋਂ ਤੱਕ ਲੋਕ ਮਜਦੂਰਾਂ ਤੋਂ ਆਮ ਆਦਮੀਆਂ ਤੋਂ ਆਪਣੇ ਫਾਇਦੇ ਲਈ ਸ਼ੋਸ਼ਣ ਕਰਦੇ ਰਹਿਣਗੇ, ਇਹ ਮਾਇਨੇ ਨਹੀਂ ਰਖਦਾ ਕਿ ਉਹ ਵਿਦੇਸ਼ੀ ਸਰਮਾਏਦਾਰ ਹਨ ਜਾਂ ਭਾਰਤੀ’। ਕੁਰਬਾਨੀ ਤੇ ਜਿਉਣ ਦੀ ਲਾਲਸਾ ਬਾਰੇ, ਫਾਂਸੀ ਤੋਂ ਇਕ ਦਿਨ ਪਹਿਲਾਂ ਪੁੱਛਣ ਤੇ ਉਸ ਦਾ ਜਵਾਬ ਸੀ, “ਇਨਸਾਨੀ ਜੀਵਨ ਬੜੀ ਮੁਸ਼ਕਿਲ ਨਾਲ ਮਿਲਦਾ ਹੈ ਅਤੇ ਜੀਵਨ ਦਾ ਇਸ ਤਰਾਂ ਅੰਤ ਮੇਰੇ ਲਈ ਦੁਖਦਾਈ ਹੈ, ਜੀਵਨ ਇਨਸਾਨ ਦੀ ਕੁਦਰਤੀ ਲਾਲਸਾ ਹੈ, ਜੋ ਮੇਰੇ ਵਿਚ ਵੀ ਹੈ, ਮੈਂ ਇਸ ਨੂੰ ਛਪਾਉਣਾ ਨਹੀਂ ਚਹੁੰਦਾ, ਮੈਨੂੰ ਦੁੱਖ ਹੈ ਕਿ ਮੈਂ ਲੋਕਾਂ ਦੇ ਕੁੱਝ ਹੋਰ ਚੰਗੇ ਕੰਮ ਆਉਂਦਾ ਹੈ। ਧਰਮ ਬਾਰੇ, ‘ਧਰਮ ਲੋਕਾਂ ਨੂੰ ਵੰਡਦਾ ਹੈ ਅਤੇ ਉਹਨਾਂ ਦੀ ਮਾਨਸਿਕਤਾ ਨੂੰ ਵੀ ਕਮਜੋਰ ਕਰਦਾ ਹੈ ਅਤੇ ਲੋਕ ਇਸ ਕਰਕੇ ਮਰਦੇ ਹਨ ਕਿ ਉਹ ਹਿੰਦੂ, ਸਿੱਖ ਜਾਂ ਮੁਸਲਮਾਨ ਹਨ ਭਾਵੇਂ ਉਹਨਾਂ ਨੇ ਕੋਈ ਵੀ ਗੁਨਾਹ ਨਾ ਕੀਤਾ ਹੋਵੇ’’।
ਸ਼ਹੀਦੇ—ਆਜ਼ਮ ਸਰਦਾਰ ਭਗਤ ਸਿੰਘ ਲਈ ਹਥਿਆਰਾਂ ਦਾ ਇਸਤੇਮਾਲ ਕਰਨਾ ਆਖ਼ਰੀ ਮਜਬੂਰੀ ਸੀ। ਉਹਨਾਂ ਦਾ ਵਿਚਾਰ ਸੀ ਕਿ ਤਾਕਤ ਦਾ ਇਸਤੇਮਾਲ ਉਦੋਂ ਕਰਨਾ ਚਾਹੀਦਾ ਹੈ, ਜਦੋਂ ਬਹੁਤ ਜਰੂਰੀ ਹੋਵੇ। ਉਹ ਤਾਂ ਸਿਰਫ ਸਰਮਾਏਦਾਰਾਂ ਦੇ ਹੱਥੋਂ ਸੱਤਾ ਖੋਹ ਕੇ ਸਮਾਜਵਾਦ ਸਥਾਪਿਤ ਕਰਨਾ ਚਾਹੁੰਦਾ ਸੀ। ਉਹ ਦਹਿਸਤ ਪਸੰਦ ਨਾ ਹੋ ਕੇ ਇਕ ਇਨਕਲਾਬੀ ਯੋਧਾ ਸੀ। ਉਸ ਦਾ ਵਿਚਾਰ ਸੀ ਕਿ ਵਿਅਕਤੀਗਤ ਰੂਪ ਵਿਚ ਕਿਸੇ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ। ਅਸੀਂ ਸਾਮਰਾਜੀ ਸਰਮਾਏਦਾਰੀ ਦੇ ਭਾੜੇ ਦੇ ਫ਼ੌਜੀਆਂ ਵਰਗੇ ਨਹੀਂ, ਜਿਨ੍ਹਾਂ ਦਾ ਕੰਮ ਹੀ ਹੱਤਿਆ ਕਰਨਾ ਹੁੰਦਾ ਹੈ।
ਸਰਦਾਰ ਭਗਤ ਸਿੰਘ ਦੂਜਿਆਂ ਦੀਆਂ ਦੇਸ਼ ਵਾਸਤੇ ਸੇਵਾਵਾਂ, ਦਾ ਵੀ ਦਿਲੋਂ ਸਤਿਕਾਰ ਕਰਦਾ ਸੀ, ਭਾਵੇਂ ਉਹਨਾਂ ਨਾਲ ਉਸ ਦਾ ਵਿਚਾਰਧਾਰਕ ਵਿਰੋਧ ਹੀ ਕਿਉਂ ਨਾ ਹੋਵੇ। ਗਾਂਧੀ ਜੀ ਭਾਵੇਂ ਹਿੰਸਾ ਨੂੰ ਤਰੱਕੀ ਅਤੇ ਅਜਾਦੀ ਦੇ ਰਸਤੇ ਵਿਚ Wਕਾਵਟ ਦੱਸਦੇ ਸਨ। ਸਰਦਾਰ ਭਗਤ ਸਿੰਘ ਨੇ ਉਹਨਾਂ ਦੇ ਇਸ ਕਥਨ ਤੇ ਟਿੱਪਣੀ ਕਰਦਿਆਂ ਕਿਹਾ ਸੀ ਕਿ, ਅਹਿੰਸਾ ਇਕ ਨੇਕ ਆਦਰਸ਼ ਹੈ, ਪਰ ਸਿਰਫ ਅਹਿੰਸਾ ਦੇ ਰਸਤੇ ‘ਤੇ ਚੱਲ ਕੇ ਕਦੇ ਵੀ ਅਜਾਦੀ ਹਾਸਿਲ ਨਹੀਂ ਹੋ ਸਕਦੀ, ਫੇਰ ਵੀ ਉਹ ਕਹਿੰਦੇ ਸਨ ਮਹਾਤਮਾ ਗਾਂਧੀ ਮਹਾਨ ਹੈ। ਗਾਂਧੀ ਜੀ ਵੱਲੋਂ ਦੇਸ਼ ਦੀ ਮੁਕਤੀ ਲਈ ਜਿਨ੍ਹਾਂ ਢੰਗ—ਤਰੀਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਜੇ ਅਸੀਂ ਜੋਰ ਦੇ ਕੇ ਉਨ੍ਹਾਂ ਨੂੰ ਨਾ—ਮੰਜੂਰ ਕਰਦੇ ਹਾਂ, ਤਾਂ ਵੀ ਇਸ ਦਾ ਅਰਥ ਇਹ ਨਹੀਂ, ਕਿ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ, ਨਾ—ਮਿਲਵਰਤਣ ਲਹਿਰ ਨੇ ਦੇਸ਼ ਵਿਚ ਜਿਹੜੀ ਜਾਗ੍ਰਤੀ ਪੈਦਾ ਕੀਤੀ ਹੈ, ਅਸੀਂ ਉਸ ਨੂੰ ਸਲਾਮ ਨਾ ਕਰੀਏ ਤਾਂ ਅਸੀਂ ਗਾਂਧੀ ਜੀ ਦਾ ਕੀਤਾ ਭੁਲਾ ਰਹੇ ਹੋਵਾਂਗੇ। ਪਰ ਸਾਡੇ ਲਈ ਮਹਾਤਮਾ ਗਾਂਧੀ ਅਜਿਹੇ ਸੂਪਨੇ ਦੇਖਣ ਵਾਲਾ ਵਿਅਕਤੀ ਹੈ ਜਿਸਦੇ ਸੁਪਨੇ ਪੂਰੇ ਹੋਣੇ ਸੰਭਵ ਨਹੀਂ। ਉਸ ਨੇ ਲਾਲਾ ਲਾਜਪਤ ਰਾਏ ਤੇ ਹੋਏ ਹਮਲੇ ਦਾ ਬਦਲਾ ਲੈਣ ਲਈ ਮਨ ਬਣਾਇਆ, ਭਾਵੇਂ ਉਹ ਉਹਨਾਂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਸੀ ਅਤੇ ਆਖਿਆ ਕਿ “ਮੈਂ ਉਹਨਾਂ ਦੇ ਵਿਚਾਰਾਂ ਦਾ ਵਿਰੋਧੀ ਹਾਂ, ਲੇਕਿਨ ਉਹ ਮੇਰੇ ਪਿਤਾ ਸਮਾਨ ਹਨ, ਜੇਕਰ ਕੋਈ ਦੁਸ਼ਮਣ ਮੇਰੇ ਪਿਤਾ ਤੇ ਹਮਲਾ ਕਰੇਗਾ ਪੁੱਤਰ ਚੱੁਪ ਕਿਵੇਂ ਰਹਿ ਸਕਦਾ ਹੈ?
ਸਰਦਾਰ ਭਗਤ ਸਿੰਘ ਅਨੁਸਾਰ ਵਿਅਕਤੀ ਵਿਚ ਪਿਆਰ ਦੀ ਪ੍ਰਬਲ ਭਾਵਨਾ ਹੋਣੀ ਚਾਹੀਦੀ ਹੈ ਅਤੇ ਇਹ ਪਿਆਰ ਵਿੱਚ ਵਿਅਕਤੀ ਵਿਸ਼ੇਸ਼ ਲਈ ਨਹੀਂ, ਬਲਕਿ ਪੂਰਨ ਮਾਨਵਤਾ ਲਈ ਹੋਣਾ ਚਾਹੀਦਾ ਹੈ। ਪਿਆਰ ਪਸ਼ੂ ਬਿਰਤੀ ਨਹੀਂ ਸਗੋਂ ਇਨਸਾਨ ਦੇ ਚਰਿੱਤਰ ਨੂੰ ਮਜਬੂਤ ਤੇ ਉੱਚਾ ਕਰਦਾ ਹੈ, ਨੀਵਾਂ ਨਹੀਂ। ਭਗਤ ਸਿੰਘ ਦੋਸਤਾਂ ਨੂੰ ਜਾਨ ਤੋਂ ਵੱਧ ਪਿਆਰ ਕਰਨ ਵਾਲਾ ਇਨਸਾਨ ਸੀ। ਜਦੋਂ ਤੱਕ ਦੋਸਤਾਂ ਨੂੰ ਖਾਣਾ ਨਹੀਂ ਸੀ ਮਿਲਦਾ। ਉਹ ਖਾਣੇ ਨੂੰ ਮੂੰਹ ਨਹੀਂ ਸੀ ਲਾਉਂਦਾ, ਦੋਸਤਾਂ ਲਈ ਮੰਗਣਾ ਉਸ ਲਈ ਸਰਮ ਦੀ ਗੱਲ ਨਹੀਂ ਸੀ, ਭਾਵੇਂ ਉਹ ਜੁੱਤੀਆਂ ਹੀ ਕਿਉਂ ਨਾ ਹੋਣ।
ਮਹਾਨ ਆਦਮੀ ਹਮੇਸ਼ਾ ਆਪਣੇ ਜੀਵਨ ਵਿਚ ਆਏ ਵਿਅਕਤੀਗਤ ਮਸਲਿਆਂ, ਰਾਜਸੀ, ਸਮਾਜਿਕ ਅਤੇ ਆਰਥਿਕ ਹਾਲਤਾਂ ਤੋਂ ਪ੍ਰਭਾਵਿਤ ਹੁੰਦਾ ਹੈ। ਸ਼ਹੀਦੇ—ਆਜਮ ਭਗਤ ਸਿੰਘ ਵੀ ਰੂਸ ਦੀ ਕ੍ਰਾਂਤੀ, ਫਰਾਂਸ, ਜਰਮਨੀ ਅਤੇ ਆਇਰਲੈਂਡ ਦੇ ਕ੍ਰਾਂਤੀਕਾਰੀਆਂ ਦੇ ਜੀਵਨ ਤੋਂ ਪ੍ਰਭਾਵਿਤ ਹੋਇਆ, ਜੋ ਉਸ ਸਮੇਂ ਸੰਸਾਰ ਵਿੱਚ ਇੱਕ ਨਵੇਂ ਬਦਲ ਤੇ ਲੋਕ ਸ਼ਕਤੀ ਤੇ ਸਮਾਜਵਾਦੀ ਦੀ ਗਵਾਹੀ ਭਰਦੀਆਂ ਸਨ। ਉਸ ਦੀਆਂ ਲਿਖਤਾਂ ਤੇ ਨੋਟਾਂ ਵਿੱਚ ਗੁਰਮਤਿ ਗਿਆਨ ਬਾਰੇ ਦਰਜ ਨਹੀਂ ਹੈ ਲੇਕਿਨ ਗੁਰਦੁਆਰਾ ਸੁਧਾਰ ਲਹਿਰ ਵਿੱਚ ਜੈਤੋ ਦੇ ਮੋਰਚੇ ਦੇ ਲੰਗਰ ਦਾ ਪ੍ਰਬੰਧ ਕਰਨ ਦੇ ਸਬੰਧ ਵਿਚ, ਉਸ ਦੇ ਵਾਰੰਟ ਗ੍ਰਿਫਤਾਰੀ ਵੀ ਨਿਕਲੇ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ‘ਚੂੰ ਕਾਰ ਅੱਜ ਹਮਹ ਹੀਲਤੇ ਦਰ ਗੁਜ਼ਸ਼ਤ, ਹਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ’ ਤੋਂ ਵੀ ਪ੍ਰਭਾਵਿਤ ਸੀ। ਉਹ ਆਪਣੇ ਦਾਦਾ ਜੀ ਤੋਂ ‘ਬਲੁ ਛੁਟਕਿਓ ਬੰਧਨ ਪਰੇ ਕਛੂ ਨ ਹੋਤ ਉਪਾਇ’ ਮੁਕਤੀ ਦੇ ਰਾਹ ਦੀ ਸਿੱਖਿਆ ਲੈਂਦੇ ਸਨ ਅਤੇ ‘ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤ ਉਪਾਇ’ ਦੇ ਹੁਕਮ ਨੂੰ ਪ੍ਰਵਾਨ ਕਰਦੇ ਸਨ। ਭਾਰਤੀ ਨੌਜਵਾਨ ਸਭਾ ਨੂੰ ਲੰਗਰ ਲਗਾਉਣ ਦੀ ਹਦਾਇਤ ਵੀ ਸਿੱਖ ਫਲਸਫੇ ਤੋਂ ਪ੍ਰਭਾਵਿਤ ਸੀ ਕਿਉਂਕਿ ਲੰਗਰ ਹੋਰ ਕਿਸੇ ਧਾਰਮਿਕ ਜਾਂ ਸਮਾਜਿਕ ਲਹਿਰ ਦਾ ਉਦੇਸ਼ ਨਹੀਂ ਸੀ। ਗੁਰੂ ਨਾਨਕ ਦੇਵ ਜੀ ਦਾ ਫਲਸਫਾ ਅਸਲ ਵਿਚ ਸਮਾਜਿਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਕ੍ਰਾਂਤੀ ਦਾ ਉਸ ਤੋਂ 400 ਸਾਲ ਪਹਿਲਾਂ ਸੂਤਰਧਾਰ ਸੀ। ਪਰ ਗੁਰਦੁਆਰਿਆਂ ਵਿਚ ਨਰੈਣੂ ਮਹੰਤ ਵਰਗਿਆਂ ਦਾ ਭ੍ਰਿਸ਼ਟਾਚਾਰ ਅਤੇ ਜਨਰਲ ਡਾਇਰ ਨੂੰ ਅਕਾਲ ਤਖਤ ਦੇ ਉੱਤੇ ਸਿਰੋਪਾਓ ਦੇਣ ਵਾਲੇ ਅੰਗਰੇਜ ਪਿੱਠੂਆਂ ਦਾ ਜੀਵਨ ਉਸ ਨੂੰ ਆਪਣੇ ਨਾਲ ਨਹੀਂ ਰੱਖ ਸਕਿਆ। ਭਾਵੇਂ ਉਹ ਧਰਮ ਵਿਚ ਆਸਥਾ ਨਹੀਂ ਰੱਖਦਾ ਸੀ, ਪਰ ਉਸ ਦੇ ਜੀਵਨ ਉੱਤੇ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਦਾ ਪ੍ਰਭਾਵ ਨਜ਼ਰ ਆਉਂਦਾ ਹੈ।
ਵਿਅਕਤੀਗਤ ਜੀਵਨ ਵਿੱਚ ਸ਼ਹੀਦੇ ਆਜ਼ਮ ਭਗਤ ਸਿੰਘ ਇੱਕ ਸੁੱਘੜ ਤੇ ਪੂਰਨ ਮਨੁੱਖ ਸੀ। ਉਹ ਬਹੁਤ ਵਧੀਆ ਸਟੇਜ ਕਲਾਕਾਰ ਸੀ, ਜਿਸ ਨੇ ਮਹਾਰਾਣਾ ਪ੍ਰਤਾਪ, ਕ੍ਰਿਸ਼ਨ ਵਿਜੇ, ਭਾਰਤ ਦੁਰਦਸ਼ਾ ਵਰਗੇ ਡਰਾਮਿਆਂ ਵਿੱਚ ਵਧੀਆ ਕਲਾਕਾਰੀ ਕੀਤੀ ਤੇ ਹੀਰੋ ਦਾ ਕਿਰਦਾਰ ਨਿਭਾਇਆ, ਇੱਕ ਬਹੁਤ ਹੀ ਸੁਰੀਲਾ ਗਾਇਕ ਸੀ, ਹੀਰ ਅਤੇ ਮੇਰਾ ਰੰਗ ਦੇ ਬਸੰਤੀ ਚੋਲਾ ਉਸ ਦੇ ਪਸੰਦੀਦਾ ਗੀਤ ਸਨ। ਚਾਰਲੀ ਚੈਪਲਿਨ ਦੀਆਂ ਫਿਲਮਾਂ ਵੇਖਣਾ, ਤਾਸ਼ ਖੇਡਣਾ, ਕਿਸ਼ਤੀ ਵਿਚ ਸੈਰ ਕਰਨਾ, ਕੁਦਰਤ ਦੇ ਨਜਾਰੇ ਲੈਣਾ, ਕਵਿਤਾਵਾਂ ਪੜਣਾ—ਲਿਖਣਾ ਆਦਿ ਵੀ ਉਸ ਦੇ ਪਸੰਦੀਦਾ ਸ਼ੌਕ ਸਨ। ਉਹ ਹਸੂੰ—ਹਸੂੰ ਕਰਦਾ ਚਿਹਰਾ ਅਤੇ ਖੁੱਲੇ ਦਿਲ ਦਾ ਇਨਸਾਨ ਸੀ। ਜੇਕਰ ਸਰਦਾਰ ਭਗਤ ਸਿੰਘ ਅੱਜ ਵਾਪਿਸ ਆ ਕੇ ਪੰਜਾਬੀਆਂ ਨੂੰ ਮਿਲੇ ਤਾਂ ਵਿਚਾਰਨ ਦੀ ਲੋੜ ਹੈ, ਕਿ ਕੀ ਅੱਜ ਦਾ ਪੰਜਾਬ ਉਸ ਦੇ ਸੁਪਨਿਆਂ ਦਾ ਵਾਲਾ ਹੈ, ਜਿਸ ਰਾਜ ਦੀ ਤਸਵੀਰ ਅਜਾਦੀ ਤੋਂ ਉਪਰੰਤ ਉਸ ਦੇ ਖਿਆਲਾਂ ਵਿਚ ਸੀ, ਨਸ਼ਿਆਂ ਵਿਚ ਡੁੱਬੇ, ਗਿਆਨ ਤੋਂ ਸੱਖਣੇ ਨੌਜਵਾਨ, ਗਰੀਬੀ ਤੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਦੇ ਕਿਸਾਨ ਤੇ ਮਜ਼ਦੂਰ, ਭ੍ਰਿਸ਼ਟ ਸਰਕਾਰੀ ਅਧਿਕਾਰੀ ਤੇ ਰਾਜਨੇਤਾ ਅਤੇ ਗੁਲਾਮਾਂ ਵਾਂਗ ਜੀਵਨ ਜਿਉਂਦੀ ਜਨਤਾ ਵੇਖ ਕੇ, ਕੀ ਉਸ ਨੂੰ ਨਿਰਾਸਤਾ ਨਹੀਂ ਹੋਵੇਗੀ? ਸਮਾਂ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਆਦਰਸ਼ਾਂ ਵਰਗੇ ਇਨਸਾਨ ਬਨਣ ਦੀ, ਨੌਜਵਾਨਾਂ ਨੂੰ ਘੱਟੋਂ—ਘੱਟ ਉਸ ਦੀ ਪੁਕਾਰ, ਨੌਜਵਾਨ ਤੁਸੀਂ ਮੁਕਤੀ ਦਾ ਸੋਮਾ ਹੋ, ਦੇਸ਼ ਦੀ ਆਸ ਹੋ…. ਮਾਂ ਧਰਤੀ ਦੇ ਰਖਵਾਲੇ ਹੋ, ਨੂੰ ਮਨ ਵਿਚ ਵਸਾਉਣ ਦੀ, ਉਸ ਦੇ ਜੀਵਨ ਦਾ ਗੁਣ, ‘ਗਿਆਨਵਾਣ ਤੇ ਬਹਾਦਰ ਹੋਣਾ’, ਨੂੰ ਅਪਨਾਉਣ ਦੀ, ਤਾਂ ਜੋ ਉਸ ਦੇ ਸੁਪਨੇ ਸਾਕਾਰ ਹੋਣ ਪੰਜਾਬ ਤੇ ਭਾਰਤ ਇੱਕ ਮਜਬੂਤ ਵਿਸ਼ਵ ਸ਼ਕਤੀ ਬਣੇ ਜਿੱਥੇ ਅਮੀਰ ਵੱਲੋਂ ਗਰੀਬ ਦਾ ਸ਼ੋਸ਼ਣ ਨਾ ਹੋਵੇ।
ਭਾਵੇਂ ਆਜ਼ਾਦੀ ਤੋਂ ਬਾਅਦ ਹੀ ਸ਼ਹੀਦ ਭਗਤ ਸਿੰਘ ਦੀ ਸੰਸਥਾ ‘ਨੌਜਵਾਨ ਭਾਰਤ ਸਭਾ’ ਤੇ ਖੱਬੇ ਪੱਖੀਆਂ ਨੇ ਕਬਜਾ ਕਰ ਲਿਆ ਸੀ ਅਤੇ ਸ਼ਹੀਦੀ ਤੋਂ ਬਾਅਦ ਹਿੰਦੋਸਤਾਨ ਸੋਸ਼ਲਿਸਟ ਰੀਪਬਲਿਕ ਐਸੋਸੀਏਸ਼ਅਨ ਦੀ ਹੋਂਦ ਨਹੀਂ ਰਹੀ। ਨੌਜਵਾਨ ਸਭਾ ਵੀ ਹੌਲੀ ਹੌਲੀ ਆਪਣਾ ਪ੍ਰਭਾਵ ਖ਼ਤਮ ਹੀ ਕਰ ਚੁੱਕੀ ਹੈ। ਪਰ ਫਿਰ ਵੀ ਨੌਜੁਆਨੀ ਤੇ ਲੋਕਾਂ ਨੂੰ ਭਰਮਾਉਣ ਲਈ ਸ਼ਹੀਦ—ਏ—ਆਜ਼ਮ ਭਗਤ ਸਿੰਘ ਦੀ ਦਸਤਾਰ, ਹੈਟ ਤੇ ਨਾਮ ਨੂੰ, ਵਰਤਿਆ ਜਾਂਦਾ ਹੈ। ਫਿਲਮ ਬਨਾਉਣ ਵਾਲਿਆਂ ਨੇ ਸ਼ਹੀਦ—ਏ—ਆਜ਼ਮ ਭਗਤ ਸਿੰਘ ਦੇ ਨਾਂ ਤੇ ਫਿਲਮਾ ਬਣਾ ਕੇ ਆਪਣੇ ਆਪ ਨੂੰ ਅਮੀਰ ਕਰ ਲਿਆ ਹੈ, ਭਾਵੇਂ ਸਾਲ ਵਿੱਚ ਦੋ ਵਾਰ ਉਹਨਾਂ ਦੇ ਜਨਮ ਤੇ ਸ਼ਹੀਦੀ ਵਾਲੇ ਦਿਨ ਰਾਜਸੀ ਆਗੂ ਹੁਸੈਨੀਵਾਲਾ ਤੇ ਖਟਕੜਕਲਾਂ ਹਾਜਰੀ ਵੀ ਭਰਦੇ ਹਨ। ਸਾਲ 2010 ਤੋਂ ਬਾਅਦ ਕੁਝ ਆਗੂਆਂ ਨੇ ਤਾਂ ਪੰਜਾਬ ਅੰਦਰ ਮਹਾਰਾਜਾ ਰਣਜੀਤ ਸਿੰਘ ਦੇ ਹਲੀਮੀ ਰਾਜ ਦੀ ਬਾਤ ਪਾਉਣੀ ਬੰਦ ਕਰ, ਸ਼ਹੀਦ—ਏ—ਆਜ਼ਮ ਭਗਤ ਸਿੰਘ ਦੇ ਨਾਮ ਤੇ ਵੋਟਾਂ ਮੰਗੀਆਂ ਤੇ ਪ੍ਰਾਪਤ ਵੀ ਕੀਤੀਆਂ, ਪਰ ਨੌਜੁਆਨੀ, ਜਿਸਦੀ ਮਜ਼ਬੂਤੀ ਲਈ, ਸਰਦਾਰ ਭਗਤ ਸਿੰਘ ਦੇ ਜੋ ਵਿਚਾਰ ਸਨ, ਨੂੰ ਪੂਰਾ ਕਰਨ ਵੱਲ ਕੋਈ ਕਦਮ ਨਹੀਂ ਚੁੱਕਿਆ ਨਜ਼ਰ ਨਹੀਂ ਆਉਂਦਾ।
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਅਸਲੀ ਵਿਰਾਸਤ ਅਸੂਲ ਹਨ, ਅਤੇ ਸ਼ਹੀਦੇ ਆਜ਼ਮ ਨੂੰ ਸਲਾਮ, ਅਸੂਲਾਂ ਤੇ ਪਹਿਰਾ ਦੇ ਕੇ ਹੀ ਕੀਤਾ ਜਾ ਸਕਦਾ ਹੈ। ਸ਼ਹੀਦੇ ਆਜ਼ਮ ਸ. ਭਗਤ ਸਿੰਘ ਦੇ ਇਹ ਬੋਲ ਸਾਨੂੰ ਅੱਗੇ ਵਧਣ ਲਈ ਪੁਕਾਰ ਰਹੇ ਹਨ:—
‘‘ਦਹਿਰ (ਦੁਨੀਆ) ਸੇ ਕਿਉਂ ਖਫਾ ਰਹੇ, ਦਰਖ (ਆਸਮਾਨ) ਕਾ ਕਿਉਂ ਗਿਲਾ ਕਰੇਂ
ਸਾਰਾ ਜਹਾਂ ਅਦੂ (ਦੁਸ਼ਮਣ) ਸਹੀ, ਆਉ ਮੁਕਾਬਲਾ ਕਰੇਂ’’ — ਸ਼ਹੀਦੇ ਆਜ਼ਮ ਭਗਤ ਸਿੰਘ
(ਇਕਬਾਲ ਸਿੰਘ ਲਾਲਪੁਰਾ, ਚੇਅਰਮੈਨ, ਕੌਮੀ ਘੱਟਗਿਣਤੀ ਕਮਿਸ਼ਨ, ਭਾਰਤ ਸਰਕਾਰ)
test