ਦਰਸ਼ਨ ਸਿੰਘ ਪ੍ਰੀਤੀਮਾਨ
ਆਪਣੀ ਜ਼ਿੰਦਗੀ ਵਿਚ ਉਨ੍ਹਾਂ ਨੇ ਸਾਹਿਤਕ ਸਰਗਰਮੀਆਂ ਵੀ ਤੇਜ਼ ਹੀ ਰੱਖੀਆਂ। ਉਨ੍ਹਾਂ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਸੀ। ਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਛਪੇ। ਪ੍ਰੀਤਲੜੀ ਦੇ ਨਾਵਲ ‘ਅਣ-ਵਿਆਹੀ ਮਾਂ’ ਦੇ ਦੋ ਦਰਜਨਾਂ ਦੇ ਲਗਪਗ ਐਡੀਸ਼ਨ ਛਪੇ।
‘ਪਿਆਰ ਕਬਜ਼ਾ ਨਹੀਂ ਪਛਾਣ ਹੈ’ ਦੀ ਫਿਲਾਸਫੀ ਦਾ ਹੋਕਾ ਦੇਣ ਵਾਲੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦਾ ਜਨਮ 26 ਅਪ੍ਰੈਲ 1895 ਨੂੰ ਮਾਤਾ ਮਾਲਣੀ (ਬੇਬੇ ਜੀ) ਦੀ ਕੁੱਖੋਂ, ਪਿਤਾ ਪਸ਼ੌਰਾ ਸਿੰਘ ਦੇ ਘਰ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਜੀ ਰੇਲਵੇ ਮਹਿਕਮੇ ਵਿਚ ਨੌਕਰੀ ਕਰਦੇ ਸਨ। ਉਹ ਅਜੇ ਮਿਡਲ ਤੋਂ ਵੀ ਥੱਲੇ ਸੀ ਜਦ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਗੁਰਬਖ਼ਸ਼ ਸਿੰਘ ਦਾ ਵਿਆਹ ਜਗਜੀਤ ਕੌਰ ਨਾਲ ਹੋਇਆ ਜਿਸ ਨੂੰ ਘਰ ਵਿਚ ਜੀਤਾ ਨਾਂ ਨਾਲ ਵੀ ਬੁਲਾਇਆ ਜਾਂਦਾ ਸੀ। ਇਸ ਜੋੜੀ ਦੇ ਘਰ ਦੋ ਲੜਕਿਆਂ ਤੇ 4 ਲੜਕੀਆਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ ਨਵਤੇਜ ਸਿੰਘ, ਓਮਾ, ਉਰਮਿਲਾ, ਪਤਿਮਾ, ਹਿਰਦੇਪਾਲ ਤੇ ਅਨੂਮੂਣੀਆ।
ਦਸਵੀਂ ਤੱਕ ਪਿੰਡ ਹੀ ਪੜ੍ਹੇ ਅਤੇ ਐੱਫਸੀ ਕਾਲਜ ਲਾਹੌਰ ਦਾਖ਼ਲਾ ਤਾਂ ਲਿਆ ਪਰ ਆਰਥਿਕ ਸੰਕਟ ਕਾਰਨ ਪੜ੍ਹਾਈ ਵਿਚਕਾਰ ਹੀ ਛੱਡਣੀ ਪਈ ਤੇ ਟਰਾਂਸਪੋਰਟ ਮਹਿਕਮੇ ਵਿਚ ਕਲਰਕ ਦੀ ਨੌਕਰੀ ਕਰਨ ਲੱਗੇ। ਉਨ੍ਹਾਂ ਨੇ ਓਵਰਸੀਅਰੀ ਦੀ ਡਿਗਰੀ, ਟਾਮਸ ਇੰਜੀਨੀਅਰਿੰਗ ਕਾਲਜ ਤੋਂ ਸੰਨ 1914 ਵਿਚ ਕੀਤੀ। ਆਪ ਫ਼ੌਜ ਵਿਚ ਭਰਤੀ ਹੋ ਗਏ ਅਤੇ 1918 ਤੱਕ ਫ਼ੌਜ ਦੀ ਨੌਕਰੀ ਕੀਤੀ। ਫਿਰ ਆਪ ਨੇ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਲਈ ਅਮਰੀਕਾ ਦੀ ਯੂਨੀਵਰਸਿਟੀ ਵਿਚ ਦਾਖ਼ਲਾ ਲੈ ਲਿਆ। ਸੰਨ 1924 ਤੋਂ ਲੈ ਕੇ 1932 ਤੱਕ ਰੇਲਵੇ ਵਿਚ ਇੰਜੀਨੀਅਰ ਲੱਗੇ ਅਤੇ ਕੁਝ ਸਮਾਂ ਖੇਤੀਬਾੜੀ ਵੀ ਕੀਤੀ। ਖੇਤੀ ਕਰਦੇ ਸਮੇਂ ਹੀ 1933 ਵਿਚ ਆਪ ਨੇ ‘ਪ੍ਰੀਤਲੜੀ’ ਕੱਢਣਾ ਆਰੰਭ ਕੀਤਾ। ਆਪ ਨੇ ‘ਪ੍ਰੀਤਨਗਰ’ ਵੀ ਵਸਾਇਆ ਅਤੇ 1947 ਵਿਚ ਮਹਿਰੋਲੀ (ਦਿੱਲੀ) ਜਾਣਾ ਪਿਆ ਵਿਗੜਦੇ ਹਾਲਾਤ ਕਾਰਨ। ਬਾਅਦ ਵਿਚ ਅੰਤ ਤੱਕ ਦਿੱਲੀ ਤੋਂ ਆ ਕੇ ‘ਪ੍ਰੀਤਨਗਰ’ ਹੀ ਰਹੇ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਦੀ ਸੂਚੀ ਕਾਫ਼ੀ ਲੰਬੀ ਹੈ। ‘ਤਾਜ ਤੇ ਸਰੂ’, ‘ਦੁਨੀਆ ਇਕ ਮਹੱਲ’, ‘ਜ਼ਿੰਦਗੀ ਦੀ ਕਵਿਤਾ’, ‘ਖੁਸ਼ਹਾਲ ਜੀਵਨ’, ‘ਸਾਡੇ ਵਾਰਸ’, ‘ਮੇਰੇ ਝਰੋਖੇ’, ‘ਖੁੱਲ਼੍ਹਾ ਦਰ’, ‘ਚੰਗੇਰੀ ਦੁਨੀਆ’, ‘ਪ੍ਰਸੰਨ ਲੰਬੀ ਉਮਰ’, ‘ਨਵਾਂ ਸਿਵਾਲਾ’, ‘ਨਵੀਂ ਤਕੜੀ ਦੁਨੀਆ’, ‘ਇਕ ਦੁਨੀਆ ਤੇ ਤੇਰੇ ਸੁਪਨੇ’, ‘ਜ਼ਿੰਦਗੀ ਦੀ ਡਾਟ’, ‘ਪਰਮ ਮਨੁੱਖ’, ‘ਨਵੀਆਂ ਤਕਦੀਰਾਂ ਦੀ ਕਿਆਰੀ’, ‘ਸਾਵੀ ਪੱਧਰੀ ਜ਼ਿੰਦਗੀ’, ‘ਭਖਦੀ ਜੀਵਨ ਚੰਗਿਆੜੀ’, ‘ਮੇਰੀ ਜੀਵਨ ਕਹਾਣੀ’, ‘ਪ੍ਰੀਤ ਮੁਕਟ’, ‘ਏਸ਼ੀਆ ਦਾ ਚਾਨਣ’, ‘ਮੇਰੀ ਗੁਲਬਦਨ’, ‘ਮਨੋਹਰ ਸ਼ਖ਼ਸੀਅਤ’, ‘ਮੇਰੀਆਂ ਅਭੁੱਲ ਯਾਦਾਂ’, ‘ਵੀਣਾ ਵਿਨੋਦ’, ‘ਭਾਬੀ ਮੈਨਾ’, ‘ਰੰਗ ਸਹਿਕਦਾ ਦਿਲ’, ‘ਅਣ-ਵਿਆਹੀ ਮਾਂ’, ‘ਚਿੱਠੀਆਂ ਜੀਤਾ ਦੇ ਨਾਂ’, ‘ਸਵੈ ਪੂਰਨਤਾ ਦੀ ਲਗਨ’, ‘ਮੇਰੇ ਦਾਦੀ ਜੀ’, ‘ਰਾਜ ਕੁਮਾਰੀ ਲਤਿਕਾ’, ‘ਨਾਗ ਪ੍ਰੀਤ ਦਾ ਜਾਦੂ’, ‘ਪ੍ਰੀਤ ਮਣੀ’, ‘ਪੂਰਬ-ਪੱਛਮ’, ‘ਭਖਦੀ ਜੀਵਨ ਚੰਗਿਆੜੀ’, ‘ਬੰਦੀ-ਛੋੜ’, ‘ਗੁਰੂ ਨਾਨਕ’, ‘ਮੰਜ਼ਿਲ ਦਿਸ ਪਈ’, ਜ਼ਿੰਦਗੀ ਵਾਰਸ ਹੈ’, ‘ਇਸ਼ਕ ਜਿਨ੍ਹਾਂ ਦੇ ਹੱਡੀਂ ਰਚਿਆ’, ‘ਪ੍ਰੀਤ ਕਹਾਣੀਆਂ’, ‘ਅਨੋਖੇ ਅਤੇ ਇਕੱਲੇ’, ‘ਪ੍ਰੀਤਾਂ ਦੀ ਪਹਿਰੇਦਾਰ’, ‘ਰੁੱਖਾਂ ਦੀ ਜੀਰਾਂਦ’ (ਨਾਵਲ), ‘ਕੋਧਰੇ ਦੀ ਰੋਟੀ’ (ਨਾਟਕ), ‘ਸੁਪਨੇ’ (ਅਨੁਵਾਦ), ‘ਮੇਰੀ ਜੀਵਨ ਕਹਾਣੀ ਭਾਗ ਪਹਿਲਾ’ (ਸਵੈ-ਜੀਵਨੀ) ਆਦਿ। ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਮਹਾਨ ਰਚਨਾ ਸਦਕਾ ਪੰਜਾਬੀ ਮਹਿਕਮਾ ਪੈਪਸੂ ਵੱਲੋਂ ਮਾਣ-ਪੱਤਰ ਤੇ ਸਿਰੋਪਾ ਦੇ ਕੇ ਸਨਮਾਨਤ ਕੀਤੇ ਅਤੇ ਭਾਰਤ ਸਰਕਾਰ ਨੇ ਭਾਰਤੀ ਸਾਹਿਤ ਅਕਾਦਮੀ ਦਾ ਸਲਾਹਕਾਰ ਨਾਮਜ਼ਦ ਕੀਤਾ।
ਉਨ੍ਹਾਂ ਨੇ ‘ਪ੍ਰੀਤਲੜੀ’ ਰਾਹੀਂ ਬਹੁਤ ਵਾਰਤਕ ਰਚਨਾ ਕੀਤੀ। ‘ਪ੍ਰੀਤਲੜੀ’ ਦੀ ਲਿਖਣ ਸ਼ੈਲੀ ਵਿਚ ਅਜਿਹਾ ਜਾਦੂ ਸੀ ਕਿ ਪਾਠਕ ਨੂੰ ਕੀਲ ਦਿੰਦਾ ਸੀ। ਇਸ ਕਰਕੇ ਹੀ ਕਿਹਾ ਜਾਂਦਾ ਹੈ ਕਿ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਰਚਨਾ ਨਾਲ ਨਵਾਂ ਯੁੱਗ ਸ਼ੁਰੂ ਹੋਇਆ ਹੈ। ਪ੍ਰੀਤਲੜੀ ਆਦਰਸ਼ਵਾਦੀ ਤੇ ਸੁਧਾਰਕ ਲੇਖਕ ਯੁੱਗ ਸਿਰਜਕ ਮਹਾਨ ਪੁਰਸ਼ ਹੋਏ ਸਨ। ਸਰਲ ਭਾਸ਼ਾ ਵਿਚ ਸ਼ਬਦ ਦਾ ਤੇਜ਼ ਵਹਾਅ, ਢੁੱਕਵੇਂ ਅਲੰਕਾਰ ਦੇ ਗੁਣ, ਬੁੱਧੀ ਤੇ ਆਤਮਾ ਨੂੰ ਸੰਤੁਸ਼ਟ ਕਰਦੇ ਹਨ। ਆਧੁਨਿਕ ਪੀੜ੍ਹੀ ਦਾ ਕੋਈ ਵੀ ਅਜਿਹਾ ਲੇਖਕ ਨਹੀਂ ਜਿਸ ਨੇ ਉਨ੍ਹਾਂ ਦਾ ਪ੍ਰਭਾਵ ਨਾ ਕਬੂਲਿਆ ਹੋਵੇ।
ਆਪਣੀ ਜ਼ਿੰਦਗੀ ਵਿਚ ਉਨ੍ਹਾਂ ਨੇ ਸਾਹਿਤਕ ਸਰਗਰਮੀਆਂ ਵੀ ਤੇਜ਼ ਹੀ ਰੱਖੀਆਂ। ਉਨ੍ਹਾਂ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਸੀ। ਉਨ੍ਹਾਂ ਦੀਆਂ ਕਿਤਾਬਾਂ ਦੇ ਕਈ-ਕਈ ਐਡੀਸ਼ਨ ਛਪੇ। ਪ੍ਰੀਤਲੜੀ ਦੇ ਨਾਵਲ ‘ਅਣ-ਵਿਆਹੀ ਮਾਂ’ ਦੇ ਦੋ ਦਰਜਨਾਂ ਦੇ ਲਗਪਗ ਐਡੀਸ਼ਨ ਛਪੇ। ਉਨ੍ਹਾਂ ਦੀਆਂ ਰਚਨਾਵਾਂ ਹੋਰ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ।ਪ੍ਰੀਤਲੜੀ ਨੂੰ ਜਿੰਨਾ ਸਨਮਾਨ ਪਾਠਕ ਵਰਗ ਨੇ ਦਿੱਤਾ ਹੈ ਸ਼ਾਇਦ ਹੀ ਹੋਰ ਕਿਸੇ ਲੇਖਕ ਦੇ ਹਿੱਸੇ ਆਇਆ ਹੋਵੇ।
ਪਾਠਕ ਉਨ੍ਹਾਂ ਦੀ ਲਿਖਤ ਇਕ ਵਾਰ ਪੜ੍ਹਨ ਲੱਗੇ ਤਾਂ ਕਿਤਾਬ ਵਿਚਕਾਰ ਨਹੀਂ ਛੱਡਦਾ ਸਗੋਂ ਪੂਰੀ ਪੜ੍ਹ ਕੇ ਹੀ ਦਮ ਭਰਦਾ ਹੈ। ਉਨ੍ਹਾਂ ਦੀ ਲਿਖਤ ਪੜ੍ਹਨ ਲੱਗਿਆਂ ਅਕੇਵਾਂ-ਥਕੇਵਾਂ ਨਹੀਂ ਆਉਂਦਾ ਸਗੋਂ ਲਿਖਤ ਪੜ੍ਹਦਿਆਂ ਪਾਠਕ ਦਾ ਮਨ ਬਾਗੋਬਾਗ ਹੋ ਉੱਠਦਾ ਹੈ। ਪੰਜਾਬੀ ਮਾਂ-ਬੋਲੀ ਦਾ ਇਹ ਹੀਰਾ 20 ਅਗਸਤ 1977 ਨੂੰ ਚਲਾਣਾ ਕਰ ਗਿਆ।
ਮੋਬਾਈਲ : 98786-06963
ਆਭਾਰ : https://www.punjabijagran.com/editorial/general-remembering-gurbakhsh-singh-preetladi-9357070.html
test