ਇਕਬਾਲ ਸਿੰਘ ਲਾਲਪੁਰਾ
ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ । ਅਨੇਕ ਲੋਕਾਂ ਲਈ ਇਹ ਰੁਜ਼ਗਾਰ ਤੇ ਪੈਸੇ ਬਣਾਉਣ ਦਾ ਸਾਧਨ ਵੀ ਹੈ । ਰਾਜੇ ਮਹਾਰਾਜੇ ਵੀ ਦਿਲ ਪਰਚਾਵੇ ਲਈ ਭੰਡ ਰੱਖ ਲੈਂਦੇ ਸੀ । ਪਰ ਉਨ੍ਹਾਂ ਦੇ ਸਲਾਕਾਰ ਵੀ ਨਵਰਤਨ ਹੁੰਦੇ । ਚਾਣਕਯ , ਬੀਰਬਲ , ਚੰਦਵਰਦਾਈ , ਮਕੈਵਲੀ ਤੇ ਅਕਾਲੀ ਫੂਲਾ ਸਿੰਘ ਵਰਗੇ ਲੋਕ ਰਾਜੇ ਮਹਾਰਾਜਿਆਂ ਨੂੰ ਸੱਚ ਸਮਝਾਉਣ ਲਈ ਵਾਕ ਚਤੁਰਤਾ ਤੇ ਕੂਟਨੀਤੀ ਵਰਤ ਕੇ ਚੰਗੇ ਰਾਸਤੇ ਪਾ ਦਿੰਦੇ ਸਨ । ਕਈ ਵਾਰ ਅਕਾਲੀ ਫੂਲਾ ਸਿੰਘ ਵਾਂਗ ਸਖ਼ਤ ਭਾਸ਼ਾ ਵੀ ਵਰਤ ਲੈਂਦੇ ਸਨ । ਪਰ ਨੀਯਤ ਵਿੱਚ ਖੋਟ ਤੇ ਲਾਲਚ ਨਾ ਹੋਣ ਕਾਰਨ ਤਰੱਕੀ ਦਾ ਰਾਹ ਸਪਸ਼ਟ ਕਰ ਦਿੰਦੇ ਸਨ । ਅੱਜ ਦੇ ਸਲਾਹਕਾਰਾਂ ਦਾ ਜੀਵਨ ਕੇਵਲ ਚਤਰਾਈ ਨਾਲ ਠੱਗੀ ਮਾਰਨ ਦਾ ਹੁੰਦਾ ਹੈ ਅੱਗੇ ਭਾਵੇਂ ਜਾਂਦੀ ਰੰਡੀ ਹੋ ਜਾਏ ।
ਅੰਗਰੇਜ ਤਾਂ ਪਹਿਲਾਂ ਨੀਤੀ ਘੜਣ ਦਾ ਮਾਹਿਰ ਸੀ , ਜਿਸ ਨਾਲ ਉਸਦੇ ਰਾਜ ਵਿੱਚ ਕਦੇ ਸੂਰਜ ਨਹੀਂ ਡੁੱਬਿਆ ਸੀ । ਭਾਰਤ ਵਿੱਚ ਉਨ੍ਹਾਂ ਭਾਰਤੀਆਂ ਤੋਂ ਹੀ ਭਾਰਤੀ ਮਰਵਾਏ ਤੇ ਆਪ ਚੰਗਾ ਬਣਿਆ ਰਿਹਾ ।ਭਾਰਤ ਵੀ ਲੁੱਟ ਕੇ ਲੈ ਗਿਆ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਲਘੀ ਤੇ ਕੋਹੇਨੂਰ ਹੀਰੇ ਸਮੇਤ ਚਾਂਦੀ , ਸੋਨਾ ਹੀਰੇ ਸਮੇਤ ਅਨੇਕ ਬੇਸ਼ ਕੀਮਤੀ ਚੀਜ਼ਾਂ ਲੁੱਟ ਕੇ ਲੈ ਗਿਆ । ਬਦਕਿਸਮਤੀ ਇਹ ਹੈ ਕਿ 77 ਸਾਲ ਵਿੱਚ ਇਹ ਗੱਲ ਚੁੱਕਣ ਦੀ ਵੀ ਕਿਸੇ ਵਿੱਚ ਹਿੰਮਤ ਨਹੀਂ ਹੋਈ ।
ਆਜ਼ਾਦੀ ਤੋਂ ਬਾਦ ਪੰਜਾਬ ਅੱਜ ਤੱਕ ਪੰਜਾਬ ਵਿੱਚ ਹੀ ਕਿਸੇ ਪੰਜਾਬ , ਪੰਜਾਬੀ ਤੇ ਪੰਜਾਬੀਅਤ ਦੀ ਗੱਲ ਇਕੱਠੇ ਮਿਲ ਕਿਸੇ ਨਹੀ ਕੀਤੀ । ਗਿਆਨੀ ਜ਼ੈਲ ਸਿੰਘ ਦੀ ਵੱਡੀ ਪ੍ਰਾਪਤੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਿਰਮਾਣ ਸੀ , ਜਿਸ ਤੇ ਅੱਜ ਤੱਕ ਬਸ ਦਾ ਰੂਟ ਨਹੀਂ ਬਣਿਆ , ਨਾ ਹੀ ਉਹ ਯਾਤਰੀਆਂ ਲਈ ਸਿੱਧਾ ਤੇ ਸੁਖਾਵਾਂ ਰਾਹ ਹੈ । ਬਾਕੀ ਤਾਂ ਅਮਰਜੈੰਸੀ ਵਿੱਚ ਲੋਕਾਂ ਨਾਲ ਜ਼ਿਆਦਤੀਆਂ ਦੀਆਂ ਹੀ ਕਹਾਣੀਆਂ ਹਨ ਜਾਂ ਕੁਝ ਨੇੜਤਾ ਰੱਖਣ ਵਾਲੇ ਮਾਸਟਰ ਜਗੀਰ ਸਿੰਘ , ਤਰਲੋਚਨ ਸਿੰਘ ਰਿਆਸਤੀ ਆਦਿ ਰੰਗੀਨ ਮਿਜਾਜੀ ਦੀਆਂ ਕਹਾਣੀਆਂ ਸੁਣਾਉੰਦੇ ਜੋ ਅੱਜ ਵੀ ਪ੍ਰਚਲਤ ਹਨ । ਹੋਮ ਮਨਿਸਟਰ ਸਰਦਾਰ ਦਰਬਾਰਾ ਸਿੰਘ ਨਾਲ ਖੈ ਬਾਜ਼ੀ ਕਰ ਪੰਜਾਬ ਨੂੰ ਅੱਗ ਦੀ ਭੱਠੀ ਵਿਚ ਸੁੱਟ ਦਿੱਤਾ ਜੋ ਅੱਜ ਵੀ ਮਚ ਰਿਹਾ ਹੈ । ਰਾਸ਼ਟਰਪਤੀ ਹੁੰਦਿਆਂ ਸ਼੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਤੇ ਦਿੱਲੀ ਵਿੱਚ ਸਿੱਖ ਕਤਲੇਆਮ ਉਸ ਦੀ ਪ੍ਰਾਪਤੀ ਹੈ । ਤਨਖਾਇਆ ਕਰਾਰ ਹੋ ਮੁਆਫੀ ਲਈ ਰਾਹ ਲੱਭਦਾ ਸ਼੍ਰੀ ਅਕਾਲ ਤਖ਼ਤ ਦੇ ਸਾਮਣੇ ਮੁਆਫ਼ੀ ਮੰਗ ਰਿਹਾ ਸੀ ।ਉਸ ਦੇ ਸਲਾਹਕਾਰਾਂ ਨੂੰ ਸ਼ਾਬਾਸ਼ ਜਿਨਾਂ ਉਸ ਦਾ ਨਾਂ ਮਿੱਟੀ ਵਿੱਚ ਮਿਲਾ ਕੇ ਕੌਮੀ ਗਦਾਰਾਂ ਦੀ ਫ਼ੇਹਰਿਸ਼ਤ ਵਿੱਚ ਇੱਕ ਨੰਬਰ ਤੇ ਲਾ ਆਂਦਾ ।
ਫੇਰ ਵਾਰੀ ਇੱਕ ਹੋਰ ਹਸਤੀ ਦੀ ਆਈ ਜੋ ਕਈ ਵਾਰ ਮੈਂਬਰ ਪਾਰਲੀਮੈਂਟ ਤੇ ਹੋਮ ਮਨਿਸਟਰ ਬਣਿਆ , ਸਲਾਹ ਕਾਰ ਹੁਣ ਉਸ ਕੋਲ ਪਹੁੰਚ ਗਏ । ਉਸ ਦੇ ਗਲ ਵਿੱਚ ਵੀ ਪੰਥਕ ਗ਼ੱਦਾਰ ਦੀ ਤਖ਼ਤੀ ਪੈ ਗਈ ਤੇ ਮੁਆਫੀ ਮੰਗਣ ਲਈ ਸ਼੍ਰੀ ਅਕਾਲ ਤਖ਼ਤ ਤੇ ਪੇਸ਼ ਹੋਣਾ ਪਿਆ ।
ਫੇਰ ਵਾਰੀ ਪੰਜ ਵਾਰ ਦੇ ਮੁੱਖ ਮੰਤਰੀ ਦੇ ਸਲਾਹਕਾਰਾਂ ਦੀ ਆ ਗਈ , ਪੰਥ ਦੇ ਨਾਂ ਤੇ ਕੌਮ ਦੀ ਅਗਵਾਈ ਕਰਨ ਵਾਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਤਲਬ ਹੋਇਆ । ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਨੌਕਰੀ ਤੋਂ ਵਰਖਾਸਤ ਦੀ ਕਾਲਖ ਲਗਵਾ ਆਪਣੀ ਜਾਣ ਬਚਾਈ , ਪਰ ਸਲਾਹ ਕਾਰਾਂ ਨੇ ਰਾਮ ਰਹੀਮ ਨੂੰ ਮੁਆਫੀ ਦੁਆਉਣ ਵਰਗੇ ਕਰਮ ਕਰਵਾ , ਦੂਜਿਆਂ ਵਾਂਗ ਘੌੜੇ ਦਾ ਟਟੂ ਬਣਾ ਸਿੱਖ ਕੌਮ ਵਿੱਚ ਬਦਨਾਮ ਕਰਵਾ ਦਿੱਤਾ । ਅਜੇਹੇ ਲੰਬੀ ਰੇਸ ਦੇ ਘੌੜਿਆਂ ਦੇ ਟੱਟੂ ਬਣ ਬਦਨਾਮ ਹੋ ਕੌਮ ਵਿੱਚੋਂ ਨਫਰਤ ਦੇ ਪਾਤਰ ਬਣਾਉਣ ਦੀ ਇੱਕ ਲੰਬੀ ਦਾਸਤਾਨ ਹੈ ।
ਹੁਣ ਦੇ ਚਤਰ ਸਲਾਹਕਾਰ ਤੇ ਸ਼ੋਸ਼ਲ ਮੀਡੀਆ ਦੇ ਲੋਕ ਜਿਨਾਂ ਦਾ ਮਕਸਦ ਹੀ ਬੇਬਕੂਫ ਬਣਾ ਕੇ ਪੈਸੇ ਲੁੱਟਣਾ ਜਾਂ ਕਮਾਉਣ ਹੁੰਦਾ ਹੈ ਉਹ ਹਰ ਵਿਅਕਤੀ ਨੂੰ ਘੌੜਾ ਬਣਾਉਣ ਦਾ ਰਾਹ ਦੱਸਦੇ ਹਨ ॥ ਇਹ ਸਾਜ਼ਸ਼ੀ ਕਈ ਵਾਰ ਸੋਹਲੇ ਗਾਉਂਦੇ ਕਈਆਂ ਦਾ ਮੂਰਖ ਬਣਾ ਦਿੰਦੇ ਹਨ । ਟੱਟੂ ਘੌੜਾ ਕਿਵੇਂ ਬਣੇ , ਕੁਝ ਦੇਰ ਵਿੱਚ ਝੂਠੀ ਪਾਈ ਖੱਲ ਉਤਰ ਜਾਂਦੀ ਹੈ । ਪੇਡ ਬਣਾਏ ਦੌਸਤਾਂ ਦਾ ਸਿਰ ਪਤਾ ਨਹੀਂ ਲੱਭਦਾ ਹੁੰਦਾ । ਝੂਠੀਆਂ ਘੜੀਆਂ ਸਕੀਮਾਂ ਛੇਤੀ ਨੰਗੀਆਂ ਹੋ ਜਾਂਦੀਆਂ ਹਨ ।
ਸੱਚ ਦਾ ਰਾਹ ਔਖਾ ਲਗਦਾ ਹੈ ਪਰ ਹੁੰਦਾ ਚੰਗਾ ਹੈ ਤੇ ਆਉਣ ਵਾਲੀਆਂ ਨਸਲਾਂ ਲਈ ਲਾਹੇਵੰਦ ।
test