ਇਕਬਾਲ ਸਿੰਘ ਲਾਲਪੁਰਾ
ਜੱਥੇਦਾਰ ਜੀਵਨ ਸਿੰਘ ਉਮਰਾਨੰਗਲ
ਰਾਜਨੀਤੀ ਸਮਾਜ ਸੇਵਾ ਦਾ ਇੱਕ ਰਾਹ ਹੈ। ਜਿਸ ਰਾਹੀਂ ਲੋਕ ਆਪਣੇ ਚੁਣੇ ਨੁਮਾਇੰਦੀਆਂ ਕੋਲੋਂ ਜਾਂ ਮੁਖਤਿਆਰ ਆਮ ਕੋਲੋਂ, ਜਿਸ ਨੂੰ ਉਹ 5 ਸਾਲ ਲਈ ਨਹੀਂ ਬਦਲ ਸਕਦੇ, ਆਪਣੇ ਆਦਰ ਸਤਿਕਾਰ, ਜਾਤੀ ਤੇ ਜਮਾਤੀ ਵਿਕਾਸ ਦੀ ਆਸ ਰੱਖਦੇ ਹਨ।
ਪੰਜਾਬ ਦਾ ਵਿਰਸਾ ਪ੍ਰੇਮ ਦਾ ਮਾਰਗ ਹੈ ਜਿੱਥੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਰਕ ਨਾਲ ਗੱਲ ਕਰਨ ਨੂੰ ਹਮੇਸ਼ਾ ਪਹਿਲ ਦੀ ਸਿੱਖਿਆ ਦਿੰਦੇ ਰਹੇ ਹਨ ਅਤੇ ਹਥਿਆਰ ਨੂੰ ਆਖ਼ਰੀ ਰਾਸਤਾ ਹੀ ਦੱਸਦੇ ਹਨ। ਲਿਖਣ ਤੇ ਬੋਲਣ ਸਮੇਂ ਕੇਵਲ ਪ੍ਰੇਮ ਦੀ ਭਾਸ਼ਾ ਹੀ ਉੱਤਮ ਹੁੰਦੀ ਹੈ।
ਸਨ 1977 ਐਸੰਬਲੀ ਚੌਣਾ ਸਮੇਂ, ਜੱਥੇਦਾਰ ਸੋਹਨ ਸਿੰਘ ਜਲਾਲਉਸਮਾਂ ਕਾਂਗਰਸ ਦੇ ਬਜ਼ੁਰਗ ਆਗੂ ਪੰਜਾਬ ਅਸੈਂਬਲੀ ਲਈ ਚੋਣ ਲੜ ਰਹੇ ਸਨ, ਉਹਨਾਂ ਦਾ ਮੁਕਾਬਲਾ, ਸ੍ਰੋਮਣੀ ਅਕਾਲੀ ਦਲ ਵੱਲੋਂ, ਜੱਥੇਦਾਰ ਜੀਵਨ ਸਿੰਘ ਉਮਰਾਨੰਗਲ ਕਰ ਰਹੇ ਸਨ। ਬਾਬੇ ਬਕਾਲੇ ਰੇਲਵੇ ਕਰਾਸਿੰਗ ਤੇ ਫਾਟਕ ਬੰਦ ਹੋਣ ਕਾਰਨ, ਦੋਨਾਂ ਦੀ ਮੁਲਾਕਾਤ ਹੋ ਗਈ, ਜੱਥੇਦਾਰ ਜੀਵਨ ਸਿੰਘ ਨੇ ਕਾਰ ਵਿੱਚੋਂ ਉਤਰ ਕੇ, ਜੱਥੇਦਾਰ ਸੋਹਨ ਸਿੰਘ ਜਲਾਲਉਸਮਾ ਦੇ ਗੋਡੀਂ ਹੱਥ ਲਾਇਆ ਤੇ ਆਸ਼ੀਰਵਾਦ ਲਿਆ। ਜੱਥੇਦਾਰ ਸੋਹਨ ਸਿੰਘ ਦੀ ਵਡਿਆਈ ਵੇਖੋ ਜਿੰਨ੍ਹਾ ਆਸ਼ੀਰਵਾਦ ਦਿੱਤਾ ਕਿ ਵਾਹਿਗੁਰੂ ਇਸ ਵਾਰ ਤੈਨੂੰ ਜਿੱਤ ਬਖ਼ਸ਼ੇ, ਇਹ ਗੱਲ ਸੱਚ ਵੀ ਹੋਈ।
ਸ. ਕ੍ਰਿਪਾਲ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਪ੍ਰਧਾਨ ਜਨਤਾ ਦਲ ਪੰਜਾਬ, ਡਾ. ਬਲਦੇਵ ਪ੍ਰਕਾਸ਼, ਵਾਇਸ ਪ੍ਰਧਾਨ ਬੀਜੇਪੀ ਅਤੇ ਸ੍ਰੀ ਆਰ ਐਲ ਭਾਟੀਆ ਸਾਬਕਾ ਕੇਂਦਰੀ ਮੰਤਰੀ ਤੇ ਲੰਬੇ ਸਮੇਂ ਤੱਕ ਮੈਂਬਰ ਪਾਰਲੀਮੈਂਟ, ਇੱਕ-ਦੂਜੇ ਵਿਰੁੱਧ ਚੋਣ ਲੜਕੇ ਜਿੱਤਦੇ ਹਾਰਦੇ ਰਹੇ ਹਨ ,ਪਰ ਖੁਸ਼ੀ-ਗਮੀ ਤੇ ਕਈ ਵਾਰ ਇਕੱਠੇ ਵੀ ਇੱਕ ਕਾਰ ਵਿੱਚ ਚਲੇ ਜਾਂਦੇ ਸਨ। ਜਿਲਾ ਕਾਂਗਰਸ ਪ੍ਰਧਾਨ ਅੰਮ੍ਰਿਤਸਰ, ਸ. ਬੇਅੰਤ ਸਿੰਘ ਦੇ ਭੋਗ ਤੇ, ਮੈਨੂੰ ਯਾਦ ਹੈ, ਸੰਤ ਸਿੰਘ ਸੁੱਖਾ ਸਿੰਘ ਸਕੂਲ ਦੇ ਵਿਹੜੇ ਵਿੱਚ ਸ. ਕ੍ਰਿਪਾਲ ਸਿੰਘ ਨੇ ਸਟੇਜ ਤੇ ਆਖਿਆ, ਕਿ ਰਾਜਨੀਤੀ ਅਸੂਲਾਂ ਤੇ ਨੀਤੀ ਦੀ ਹੋਣੀ ਚਾਹੀਦੀ ਹੈ, ਸਾਡੀਆਂ ਨੀਤੀਆਂ ਵੱਖ ਵੱਖ ਹੋ ਸਕਦੀਆਂ ਹਨ, ਪਰ ਵੱਖ ਵੱਖ ਰਾਜਸੀ ਵਿਚਾਰਧਾਰਾ ਦੇ ਆਗੂਆਂ ਦਾ, ਜੇ ਆਪਸੀ ਪਿਆਰ, ਭਾਈਚਾਰਾ ਮਜ਼ਬੂਤ ਹੋਵੇ ਤਾਂ ਦੇਸ਼ ਵਿੱਚ ਅਮਨ ਤੇ ਵਿਕਾਸ ਆਪਣੇ ਆਪ ਹੋ ਜਾਵੇਗਾ। ਇਸ ਲਈ ਅਸੀਂ ਤਿੰਨੋ ਇੱਕ ਦੂਜੇ ਨੂੰ ਭਰਾ ਮੰਨਦੇ ਹਾਂ ਤੇ ਆਪਣੀਆਂ—ਆਪਣੀਆਂ ਨੀਤੀਆਂ ਨੂੰ ਲੈ ਕੇ ਚੋਣ ਮੈਦਾਨ ਵਿੱਚ ਵੀ ਆਉਂਦੇ ਹਾਂ।
ਗਿਆਨੀ ਜੈਲ ਸਿੰਘ, ਸਾਬਕਾ ਰਾਸ਼ਟਰਪਤੀ, ਆਨੰਦਪੁਰ ਸਾਹਿਬ ਤੋਂ ਐਮਐਲਏ ਬਣੇ ਸਨ, ਚੋਣਾਂ ਵਿੱਚ ਧਾਂਦਲੀ ਦਾ ਦੋਸ਼ ਦੇ ਆਧਾਰ *ਤੇ ਜੱਥੇਦਾਰ ਸ਼ਿਵ ਸਿੰਘ ਬੇਲਾ ਨੇ ਉਹਨਾਂ ਵਿਰੁੱਧ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਕਰ ਦਿੱਤਾ। ਹਾਈਕੋਰਟ ਵਿੱਚ ਮੁਕੱਦਮੇ ਦੀ ਤਾਰੀਖ ਭੁਗਤਣ ਤੋਂ ਬਾਅਦ ਇੱਕ ਦਿਨ ਜੱਥੇਦਾਰ ਸ਼ਿਵ ਸਿੰਘ ਬੇਲਾ ਬਾਹਰ ਆਏ, ਤਾਂ ਇਲਾਕੇ ਦੇ ਇੱਕ ਹੈਡੱ ਮਾਸਟਰ ਨੇ ਬੇਨਤੀ ਕੀਤੀ, ਕਿ ਮੇਰੀ ਬਦਲੀ , ਰੋਪੜ ਤੋਂ ਬਠਿੰਡਾ ਕਰ ਦਿੱਤੀ ਗਈ ਹੈ, ਜਿੱਥੇ ਮੈਨੂੰ ਆਉਣ ਜਾਣ ਦੀ ਮੁਸ਼ਕਿਲ ਹੋਵੇਗੀ।
ਜੱਥੇਦਾਰ ਸਾਹਿਬ ਕਹਿਣ ਲੱਗੇ ਕਿ ਗਿਆਨੀ ਜੀ ਹੁਣੇ ਮੇਰੇ ਨਾਲੋਂ ਨਿਕਲੇ ਹਨ, ਕੋਠੀ ਹੀ ਹੋਣਗੇ, ਨਾਲ ਚਲ , ਮੈਂ ਜਾ ਕੇ ਤੇਰੀ ਬਦਲੀ ਕੈਂਸਲ ਕਰਵਾ ਦਿੰਦਾ ਹਾਂ। ਉਹ ਗਿਆਨੀ ਜੈਲ ਸਿੰਘ ਨੂੰ ਮਿਲੇ ਤੇ ਗਿਆਨੀ ਜੀ ਨੇ ਉਹਨਾਂ ਦਾ ਪੂਰਾ ਮਾਣ ਸਨਮਾਨ ਕੀਤਾ, ਤੇ ਬਦਲੀ ਵੀ ਰੱਦ ਕਰ ਦਿੱਤੀ। ਅਦਾਲਤੀ ਮੁਕੱਦਮਾ ਚਲਦਾ ਰਿਹਾ ਆਪਸੀ ਪਿਆਰ ਤੇ ਭਾਈਚਾਰਾ ਮਜ਼ਬੂਤ ਰਿਹਾ।
ਅੱਜ ਜਦੋਂ ਪੰਜਾਬ ਦੇ ਰਾਜਨੀਤਿਕ ਆਗੂ, ਵੋਟਰਾਂ ਦੇ ਵਿਸ਼ਵਾਸ ਤੋਂ ਪਰੇ ਹੋ, ਤਰੱਕੀ ਦਾ ਰਾਹ ਛੱਡ ,ਕੇਵਲ ਅਖ਼ਬਾਰਾਂ, ਸੋਸ਼ਲ ਮੀਡੀਆ, ਟੈਲੀਵਿਜ਼ਨ ਦੇ ਵਿਗਿਆਪਨਾਂ ਰਾਹੀਂ, ਆਪਣੇ ਆਪ ਨੂੰ ਚੰਗਾ ਸਾਬਿਤ ਕਰਨ ਦੀ ਕੋਸ਼ਿਸ਼ ਕਰਨ ਤੇ ਦੂਜੇ ਰਾਜਨੈਤਿਕ ਵਿਰੋਧੀਆਂ ਦੀ ਜਾਤੀ ਜ਼ਿੰਦਗੀ ਬਾਰੇ ਬੁਰੀ ਚਰਚਾ ਕਰਨ, ਤਾਂ ਲੋਕਾਂ ਦਾ ਵਿਸ਼ਵਾਸ ਇਹਨਾਂ ਸੰਸਥਾਵਾਂ ਦੀ ਮਾਣ ਮਰਿਆਦਾ ਤੋਂ ਉਠਣਾ ਸੁਭਾਵਿਕ ਹੀ ਹੈ, ਦੂਜਾ ਵੀ ਪਹਿਲੇ ਦੇ ਅਜਿਹੇ, ਵੀਡਿਓ ਕਲਿੱਪ ਕੱਢ ਕੇ ਪੇਸ਼ ਕਰੇ ਤਾਂ ਇਹ ਲਗਦਾ ਹੀ ਨਹੀਂ ਕਿ ਇਹਨਾਂ ਵਿਅਕਤੀਆਂ ਦਾ ਕਿਰਦਾਰ ਉਸ ਸੰਸਥਾਵਾਂ ਦੇ ਬਰਾਬਰ ਹੈ। ਜਿਸ ਤੇ ਕੰਮ ਕਰਨ ਦਾ ਕੁਦਰਤ ਨੇ ਇਹਨਾਂ ਨੂੰ ਮੌਕਾ ਦਿੱਤਾ ਹੈ।
ਪੰਜਾਬ ਵਿੱਚ ਅਕਤੂਬਰ 1983 ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਇਆ ਸੀ, ਜੋ ਲੰਬੇ ਸਮੇਂ ਤੱਕ ਚੱਲਿਆ। ਪਿਛਲੇ 40 ਸਾਲ ਦੇ ਇਸ ਦੌਰ ਵਿੱਚ ਪੰਜਾਬੀਆਂ ਨੇ ਕੇਵਲ ਲੁੱਟਮਾਰ ਹੀ ਵੇਖੀ ਹੈ ਤੇ ਅੱਜ ਵੀ ਵੇਖ ਰਹੇ ਹਨ, ਵਿਕਾਸ ਦਾ ਮਾਰਗ ਤੇ ਤਰੀਕਾ ਜਿਵੇਂ ਭੁੱਲ ਹੀ ਚੁੱਕਾ ਹੈ।
ਆਓ ਆਪਣੇ ਬਜ਼ੁਰਗਾਂ ਨੂੰ ਸ਼ਰਮਸਾਰ ਨਾ ਕਰੀਏ ਤੇ ਪੰਜਾਬ ਦੇ ਵਿਕਾਸ ਲਈ ਹੰਭਲਾ ਮਾਰੀਏ। ਇਹ ਸਭ ਨੂੰ ਬੇਨਤੀ ਹੈ।
test