ਰਾਕੇਸ਼ ਸੈਨ
25 ਦਿਸੰਬਰ ਨੂੰ ਕੁਝ ਸ਼ਰਾਰਤੀ ਅੰਸਰਾਂ ਨੇ ਬਠਿੰਡਾ ਅੰਦਰ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪਈ ਦੀ ਜਯੰਤੀ ਮਨਾ ਰਹੇ ਭਾਜਪਾ ਕਾਰਜਕਰਤਾਵਾਂ ਤੇ ਹਮਲਾ ਕੀਤਾ | ਹਮਲੇ ਦੌਰਾਨ ਕਾਰਜਕਰਤਾਵਾਂ ਨਾਲ ਖਿੱਚ-ਧੂਅ ਕਰਨ ਦੀ ਵੀ ਕੋਸ਼ਿਸ ਹੋਈ ਅਤੇ ਸਾਰਾ ਪੰਡਾਲ ਉਜਾੜ ਸੁੱਟਿਆ | ਕਹਿਣ ਨੂੰ ਤਾਂ ਇਹ ਸਭਕੁਝ ਕੇਂਦਰ ਸਰਕਾਰ ਦੇ ਖੇਤੀ ਸੁਧਾਰ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਪ੍ਰਦਰਸ਼ਨ ਸੀ ਪਰੰਤੂ ਇਸ ਹਮਲੇ ਦੀ ਸ਼ੈਲੀ ਨਕਸਲਵਾਦੀਆਂ ਨਾਲ ਮਿਲਦੀ ਜੁਲਦੀ ਦਿਸੀ | ਪੰਜਾਬ ਅੰਦਰ ਸ਼ਰਾਰਤੀ ਅੰਸਰਾਂ ਵੱਲੋਂ 1600 ਤੋਂ ਵੀ ਜ਼ਿਆਦਾ ਮੋਬਾਈਲ ਟਾਵਰਾਂ ਨੂੰ ਨੁਕਸਾਨ ਪਹੁੰਚਾਇਆ ਜਾ ਚੁਕਿਆ ਹੈ |
ਕੁਝ ਅਖੌਤੀ ਕਿਸਾਨ ਇਕ ਖਾਸ ਉਦਯੋਗਿਕ ਘਰਾਨੇ ਦੇ ਸ਼ੋਰੂਮਾਂ, ਮਾਲਸ, ਪਟ੍ਰੋਲ ਪੰਪਾਂ ਦੇ ਖ਼ਿਲਾਫ਼ ਧਰਨੇ ਦੇ ਰਹੇ ਹਨ, ਜਿਸ ਕਾਰਨ ਇਹਨਾਂ ਥਾਵਾਂ ਤੇ ਵਿਉਪਾਰਿਕ ਸਰਗਰਮੀਆਂ ਠਪ ਹੋ ਚੁਕੀਆਂ ਹਨ | ਪਤੰਜਲੀ ਦੇ ਖ਼ਿਲਾਫ਼ ਵੀ ਧਰਨੇ ਦੇਣ ਦੀ ਤਿਆਰੀ ਵਿੱਢੀ ਜਾ ਰਹੀ ਹੈ | ਕੇਵਲ ਇੰਨਾ ਹੀ ਨਹੀਂ ਕੁਝ ਸੰਗਠਨਾਂ ਵੱਲੋਂ ਕਟਰਾ-ਅੰਮਿ੍ਤਸਰ ਐਕਸਪ੍ਰੈਸ ਵੇ ਦੇ ਖ਼ਿਲਾਫ਼ ਵੀ ਅਭਿਆਨ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ | ਇਹਨਾਂ ਸਾਰੀਆਂ ਗੱਲਾਂ ਨੂੰ ਦੇਖ ਕੇ ਜਾਪਦਾ ਹੈ ਕਿ ਰਾਜ ਅੰਦਰ ਨਕਸਲਵਾਦ ਦੀ ਜ਼ਹਿਰੀਲੀ ਅਮਰਵੇਲ ਮੁੜ ਤੋਂ ਫੁੱਟਣਾ ਸ਼ੁਰੂ ਹੋ ਗਈ ਹੈ ਕਿਉਂਕਿ ਨਕਸਲ ਪ੍ਰਭਾਵਿਤ ਰਾਜਾਂ ਵਿਚ ਇਹੋ-ਜਿਹੀਆਂ ਹਰਕਤਾਂ ਦੇਖਣ ਨੂੰ ਮਿਲਦੀਆਂ ਹਨ | ਜੇਕਰ ਇਸ ਵੇਲ ਦੀਆਂ ਕਰੁੰਬਲਾਂ ਨੂੰ ਸ਼ੁਰੂ ‘ਚ ਹੀ ਨਾ ਕੁਚਲਿਆ ਗਿਆ ਤਾਂ ਇਹ ਮਨਹੂਸ ਵੇਲ ਪੰਜਾਬ ਦੀ ਖੁਸ਼ਹਾਲੀ ਅਤੇ ਕਾਨੂੰਨ ਵਿਵਸਥਾ ਨੂੰ ਨਿਗਲ ਜਾਵੇਗੀ |
ਨਕਸਲਵਾਦ ਨੂੰ ਪੰਜਾਬ ਅੰਦਰ ਖਤਮ ਹੋ ਚੁਕੀ ਸਮੱਸਿਆ ਮੰਨਿਆ ਜਾਂਦਾ ਰਿਹਾ ਹੈ, ਪਰੰਤੂ ਰਾਜ ਅੰਦਰ ਚਲ ਰਹੇ ਕਿਸਾਨ ਅੰਦੋਲਨ ਦੌਰਾਨ ਦਿਖਾਈ ਦੇ ਰਹੇ ਨਕਸਲਵਾਦੀਆਂ ਦੇ ਚਿਹਰੇ ਸਬੂਤ ਹਨ ਕਿ ਰਾਜ ਅੰਦਰ ਨਕਸਲੀ ਦੀ ਅਮਰਵੇਲ ਦੁਬਾਰਾ ਫੁੱਟਣ ਲੱਗੀ ਹੈ | ਕੇਂਦਰ ਦੇ ਖੇਤੀ ਸੁਧਾਰ ਕਾਨੂੰਨਾਂ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੰਗਠਨ ਅੰਦੋਲਨ ਕਰ ਰਹੇ ਹਨ | ਇਸ ਦੌਰਾਨ ਪੰਜਾਬ ਦੇ ਪ੍ਰਦਰਸ਼ਨਕਾਰੀਆਂ ਵਿਚ ਖੱਬੇਪੱਖੀ ਅੱਤਵਾਦੀਆਂ (ਅਲਟ੍ਰਾ ਲੈਫਟ ਐਕਟੀਵਿਸਟਾਂ) ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ | ਉਂਝ ਖੱਬੇ ਪੱਖੀ ਅੱਤਵਾਦ ਨਾਲ ਪੰਜਾਬ ਦਾ ਰਿਸ਼ਤਾ ਕੋਈ ਨਵੀਂ ਗੱਲ ਨਹੀਂ ਹੈ | ਸਾਲ 1967 ਦੇ ਨਕਸਲੀ ਅੰਦੋਲਨ ਦੌਰਾਨ ਵੀ ਇਸ ਅੱਤਵਾਦ ਨੇ ਰਾਜ ਦੇ ਲੋਕਾਂ ਉੱਪਰ ਜੁਲਮ ਢਾਏ ਸਨ ਪਰੰਤੂ ਰਾਜ ਸਰਕਾਰ ਨੇ ਇਸ ਅੰਦੋਲਨ ਨੂੰ ਸਖ਼ਤੀ ਨਾਲ ਕੁਚਲ ਦਿੱਤਾ | ਉਸ ਵੇਲੇ 85 ਖੱਬੇਪੱਖੀ ਅੱਤਵਾਦੀਆਂ ਦਾ ਸਫਾਇਆ ਕੀਤਾ ਗਿਆ | ਪੁਲਿਸ ਸਖਤੀ ਤੋਂ ਬਾਅਦ ਬਚੇ ਹੋਏ ਨਕਸਲੀ ਐਕਟੀਵਿਜ਼ਮ, ਜਰਨਲਿਜ਼ਮ ਅਤੇ ਸਾਹਿਤ ਦੇ ਖੇਤਰ ਵਿਚ ਉਤਰ ਗਏ | 1967 ਵਿਚ ਦੇਸ਼ ਅੰਦਰ ਸ਼ੁਰੂ ਹੋਣ ਦੇ ਨਾਲ-ਨਾਲ ਨਕਸਲੀ ਅੰਦੋਲਨ ਪੰਜਾਬ ਅੰਦਰ ਵੀ ਪਹੁੰਚ ਗਿਆ ਸੀ |
ਇਹ ਅੰਦੋਲਨ ਵਿਦਿਆਰਥੀਆਂ ਅਤੇ ਬੁੱਧੀਜੀਵੀਆਂ ਵਿਚ ਬਹੁਤ ਪ੍ਰਚਲਿਤ ਹੋਇਆ ਪਰੰਤੂ ਕਿਸੇ ਵੱਡੇ ਨੇਤਾ ਨੇ ਇਸ ‘ਚ ਹਿੱਸਾ ਨਹੀਂ ਲਿਆ | ਸੀਪੀਆਈ ਅਤੇ ਸੀਪੀਆਈ (ਐਮ) ਦਾ ਕੁਝ ਕਾਡਰ ਇਸ ਵਿਚ ਸ਼ਾਮਿਲ ਹੋਇਆ ਸੀ | ਇਸਦੇ ਸ਼ੁਰੂਆਤੀ ਦੌਰ ਵਿਚ ਹੀ ਸਰਕਾਰ ਨੇ ਇਸਨੂੰ ਕੁਚਲਨ ਦਾ ਕੰਮ ਸ਼ੁਰੂ ਕਰ ਦਿੱਤਾ | ਇਸ ਤੋਂ ਬਾਅਦ ਇਕ ਦਹਾਕੇ ਤਕ ਰਾਜ ਅੰਦਰ ਖੱਬੇਪੱਖੀ ਜ਼ਮੀਨੀ ਸੰਗਠਨ ਕਾਫੀ ਵਧੇ, ਪਰੰਤੂ ਕੋਰ ਗਰੁਪ ਭੂਮੀਗਤ ਰਹਿ ਕੇ ਕੰਮ ਕਰਦਾ ਰਿਹਾ | 80 ਦੇ ਦਹਾਕੇ ਅੰਦਰ ਰਾਜ ਵਿਚ ਪੈਦਾ ਹੋਏ ਖਾਲਿਸਤਾਨੀ ਅੱਤਵਾਦ ਦੇ ਉਭਾਰ ਦੌਰਾਨ ਸਭ ਕੁਝ ਬਦਲ ਗਿਆ | ਕੁਝ ਨਕਸਲੀਆਂ ਨੇ ਖਾਲਿਸਤਾਨੀਆਂ ਦਾ ਲਬਾਦਾ ਓਢ ਲਿਆ ਅਤੇ ਖੱਬੇਪੱਖੀ ਅੱਤਵਾਦ ਖ਼ਤਮ ਹੋਇਆ ੰਮੰਨ ਲਿਆ ਗਿਆ | ਪਰੰਤੂ ਮੌਜੂਦਾ ਸਮਾਂ ਦੱਸਦਾ ਹੈ ਕਿ ਇਹ ਭੁਲੇਖਾ ਸੀ, ਨਕਸਲੀ ਅੱਤਵਾਦ ਖ਼ਤਮ ਨਹੀਂ ਹੋਇਆ ਬਲਕਿ ਅੰਦਰ ਹੀ ਅੰਦਰ ਉਹ ਆਪਣੀਆਂ ਜ਼ਹਿਰੀਲੀਆਂ ਜੜਾਂ ਫੈਲਾਉਂਦਾ ਰਿਹਾ |
ਇਹਨਾਂ ਅੱਤਵਾਦੀ ਤੱਤਾਂ ਨੇ ਬਾਅਦ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਵਿਚ ਕਾਫੀ ਕੰਮ ਕੀਤਾ ਅਤੇ ਵੱਖ-ਵੱਖ ਯੂਨੀਅਨਾਂ ਦਾ ਗਠਨ ਕੀਤਾ | ਇਸ ਕੰਮ ਵਿਚ ਪੁਰਾਣੇ ਕਾਰਜਕਰਤਾ ਵੀ ਜੁੜੇ | ਉਹਨਾਂ ਦਾ ਜ਼ਿਆਦਾਤਰ ਅਧਾਰ ਸਿੱਖ ਸਮਾਜ ਰਿਹਾ ਜਿਸ ਦਾ ਖੱਬੇਪੱਖੀ ਵਿਚਾਰਧਾਰਾ ਨਾਲ ਕੋਈ ਜ਼ਿਆਦਾ ਲੈਣਾ-ਦੇਣਾ ਨਹੀਂ ਹੈ, ਪਰੰਤੂ ਇਹਨਾਂ ਨੂੰ ਕਿਸਾਨ ਕਰਜ਼ਾ, ਕਰਜ਼ਾ ਮਾਫੀ, ਕਿਸਾਨ ਆਤਮ ਹੱਤਿਆ, ਖੇਤੀ ਮੁਆਵਜ਼ੇ ਦੇ ਮੁੱਦਿਆਂ ਨੂੰ ਲੈ ਕੇ ਨਾਲ ਜੋੜਿਆ ਗਿਆ | ਰਾਜ ਅੰਦਰ ਦਰਜਨ ਦੇ ਕਰੀਬ ਕਿਸਾਨ ਯੂਨੀਅਨਾਂ ਖੱਬੇ ਪੱਖੀਆਂ ਵੱਲੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ | ਸਿੱਖ ਸਮਾਜ ਅੰਦਰ ਵਿਵਸਥਾ ਦੇ ਪ੍ਰਤੀ ਸ਼ੰਕੇ, ਵੱਖਵਾਦ, ਭ੍ਰਮਜਾਲ ਫੈਲਾਉਣ ਵਿਚ ਬਹੁਤ ਵੱਡਾ ਹੱਥ ਇਹਨਾਂ ਜੱਥੇਬੰਦੀਆਂ ਦਾ ਹੈ | ਇਸ ਕੰਮ ਵਿਚ ਉਹਨਾਂ ਦਾ ਸਾਥ ਕੁਝ ਕੱਠਮੁੱਲਾ ਸਿੱਖ ਸੰਗਠਨ ਅਤੇ ਵਿਦੇਸ਼ਾਂ ਵਿਚ ਬੈਠੇ ਵੱਖਵਾਦੀ ਵੀ ਦਿੰਦੇ ਹਨ | ਪਿਛਲੇ ਸਾਲ ਪੰਜਾਬ ਅੰਦਰ ਕਸ਼ਮੀਰੀ ਅੱਤਵਾਦੀਆਂ ਦੀ ਹੋਈ ਗਿਰਫ਼ਤਾਰੀ ਦਸਦੀ ਹੈ ਕਿ ਗੜਬੜੀ ਦੀ ਇਸ ਦਾਲ ਵਿਚ ਜਿਹਾਦੀ ਅਨਸਰ ਵੀ ਜ਼ਹਿਰੀਲਾ ਤੜਕਾ ਲਗਾ ਰਹੇ ਹਨ | ਪਾਕਿਸਤਾਨ ਰਾਜ ਅੰਦਰ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਕੇ ਸਮੱਸਿਆ ਨੂੰ ਹੋਰ ਜਟਿਲ ਬਣਾ ਰਿਹਾ ਹੈ |
ਦੇਸ਼ ਅੰਦਰ ਨਕਸਲੀ ਸਰਗਰਮੀਆਂ ਕੇਵਲ ਮੱਧ ਅਤੇ ਪੂਰਬੀ ਭਾਰਤ ਤੀਕ ਸੀਮਿਤ ਨਹੀਂ ਬਲਕਿ ਉੱਤਰੀ ਰਾਜਾਂ ਅੰਦਰ ਵੀ ਇਸਦੀਆਂ ਜੜਾਂ ਮਜ਼ਬੂਤ ਹੋ ਰਹੀਆਂ ਹਨ | ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਸਰਕਾਰ ਦੇ ਕਾਰਜਕਾਲ ਦੌਰਾਨ ਆਈ.ਬੀ. ਦੀ ਇਕ ਅੰਤਰਿਮ ਰਿਪੋਰਟ ਨੇ ਜ਼ਾਹਿਰ ਕੀਤਾ ਸੀ ਕਿ ਪੰਜਾਬ ਅੰਦਰ ਵੀ ਨਕਸਲੀ ਤਾਕਤਾਂ ਸਿਰ ਚੁੱਕ ਰਹੀਆਂ ਹਨ | ਏਜੰਸੀ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਪਾਬੰਦੀਸ਼ੁਦਾ ਭਾਕਪਾ (ਮਾਰਕਸਵਾਦੀ) ਨੂੰ ਦੇਸ਼ ਅੰਦਰ 128 ਫਰੰਟਲ ਜੱਥੇਬੰਦੀਆਂ ਦੇ ਜ਼ਰੀਏ ਚਲਾਇਆ ਜਾ ਰਿਹਾ ਹੈ |
ਇਹ ਜੱਥੇਬੰਦੀਆਂ ਪੰਜਾਬ ਸਮੇਤ ਹਰਿਆਣਾ, ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਉੜੀਸਾ, ਛੱਤੀਸਗੜ੍ਹ, ਝਾਰਖੰਡ, ਗੁਜਰਾਤ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਅਤੇ ਕੇਰਲ ਰਾਜਾਂ ਵਿਚ ਮੌਜੂਦ ਹਨ | ਸਾਲ 2009 ਅੰਦਰ ਖੱਬੇਪੱਖੀ ਨੇਤਾ ਜੈਪ੍ਰਕਾਸ਼ ਦੂਬੇ ਨੂੰ ਪੰਜਾਬ ਪੁਲਿਸ ਨੇ ਗਿਰਫਤਾਰ ਕੀਤਾ ਸੀ | ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੂਬੇ ਰਾਜ ਅੰਦਰ ਨਕਸਲਵਾਦ ਨੂੰ ਫੈਲਾ ਰਿਹਾ ਸੀ | ਨਕਸਲੀ ਨੇਤਾ ਕੋਬਾਡ ਗਾਂਧੀ ਦਾ ਵੀ ਪੰਜਾਬੀ ਯੂਨੀਵਰਸਿਟੀ ਨਾਲ ਗਹਿਰਾ ਰਿਸ਼ਤਾ ਹੈ ਅਤੇ ਪੰਜਾਬੀ ਮੀਡੀਆ ਅੰਦਰ ਨਕਸਲੀ ਸੋਚ ਵੀ ਕਾਫੀ ਹਾਵੀ ਹੈ |
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2013 ਅੰਦਰ ਇਕ ਰੈਲੀ ਦੌਰਾਨ ਆਖ ਚੁਕੇ ਹਨ ਕਿ ਰਾਜ ਦੇ 22 ਜ਼ਿਲਿ੍ਹਆਂ ਅੰਦਰ ਨਕਸਲਵਾਦ ਫੈਲ ਚੁੱਕਾ ਹੈ | ਰਾਜ ਅੰਦਰ ਚਲ ਰਹੇ ਅਖੌਤੀ ਕਿਸਾਨ ਅੰਦੋਲਨ ਦੌਰਾਨ ਅੰਦੌਲਨਕਾਰੀ ਜਿਸ ਤਰ੍ਹਾਂ ਜ਼ਿੱਦ ਤੇ ਅੜੇ ਹਨ ਅਤੇ ਬਿਨਾ ਸਿਰ ਪੈਰ ਦੀਆਂ ਗੱਲਾਂ ਕਰ ਰਹੇ ਹਨ ਉਸ ਤੋਂ ਸਾਫ ਹੈ ਕਿ ਇਹਨਾਂ ਦਾ ਖੇਤ ਅਤੇ ਖੇਤੀ ਨਾਲ ਕੋਈ ਲੈਣਾ-ਦੇਣਾ ਨਹੀਂ, ਉਹ ਤਾਂ ਕਿਸਾਨਾਂ ਨੂੰ ਭੜਕਾ ਕੇ ਆਪਣਾ ਉ ੱਲੂ ਸਿੱਧਾ ਕਰਨਾ ਚਾਹੁੰਦੇ ਹਨ | ਰਾਜ ਦੀ ਜਨਤਾ, ਸਰਕਾਰ ਅਤੇ ਸੁਰੱਖਿਆ ਏਜੰਸੀਆਂ ਨੂੰ ਨਕਸਲਵਾਦ ਦੇ ਇਸ ਖਤਰੇ ਪ੍ਰਤੀ ਸਾਵਧਾਨ ਰਹਿਣਾ ਪਵੇਗਾ |
test