ਸੰਪਾਦਕੀ ਲੇਖ
ਇਸ ਅੰਦੋਲਨ ਨੂੰ ਜਲਦ ਹੀ ਸ਼ੇਖ ਹਸੀਨਾ ਦੇ ਸਾਰੇ ਵਿਰੋਧੀਆਂ ਤੇ ਨਾਲ ਹੀ ਅਜਿਹੇ ਕੱਟੜਪੰਥੀ ਸੰਗਠਨਾਂ ਨੇ ਵੀ ਸਮਰਥਨ ਦੇ ਦਿੱਤਾ ਜੋ ਪਾਕਿਸਤਾਨ ਦੀ ਕਠਪੁਤਲੀ ਮੰਨੇ ਜਾਂਦੇ ਹਨ। ਇਸ ਕਾਰਨ ਰਾਖਵਾਂਕਰਨ ਵਿਰੋਧੀ ਅੰਦੋਲਨ ਸੱਤਾ ਪਰਿਵਰਤਨ ਦੀ ਹਿੰਸਕ ਮੁਹਿੰਮ ’ਚ ਬਦਲ ਗਿਆ।
ਲਗਪਗ ਸੱਤ ਮਹੀਨੇ ਪਹਿਲਾਂ ਫਿਰ ਤੋਂ ਸੱਤਾ ’ਚ ਆਈ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜਿਸ ਤਰ੍ਹਾਂ ਹਫੜਾ-ਦਫੜੀ ਵਿਚ ਮੁਲਕ ਛੱਡ ਕੇ ਭਾਰਤ ਆਉਣ ਲਈ ਮਜਬੂਰ ਹੋਣਾ ਪਿਆ, ਉਸ ਤੋਂ ਇਹੀ ਪਤਾ ਲੱਗਦਾ ਹੈ ਕਿ ਹਾਲਾਤ ਕਿਸ ਕਦਰ ਉਨ੍ਹਾਂ ਦੇ ਖ਼ਿਲਾਫ਼ ਹੋ ਗਏ ਸਨ। ਇਸ ਨੂੰ ਇਸ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਉਨ੍ਹਾਂ ਦਾ ਅਸਤੀਫ਼ਾ ਮੰਗ ਰਹੇ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਦੇ ਸਰਕਾਰੀ ਆਵਾਸ ’ਚ ਘੁਸ ਕੇ ਭੰਨ-ਤੋੜ ਤਾਂ ਕੀਤੀ ਹੀ, ਉਨ੍ਹਾਂ ਦੇ ਪਿਤਾ ਤੇ ਬੰਗਲਾਦੇਸ਼ ਦੇ ਰਾਸ਼ਟਰ ਪਿਤਾ ਕਹੇ ਜਾਣ ਵਾਲੇ ਸ਼ੇਖ ਮੁਜੀਬ-ਉਰ-ਰਹਿਮਾਨ ਦੇ ਬੁੱਤ ਨੂੰ ਵੀ ਨੁਕਸਾਨ ਪਹੁੰਚਾਉਣ ਦੇ ਨਾਲ-ਨਾਲ ਉਨ੍ਹਾਂ ਦੇ ਨਾਂ ’ਤੇ ਬਣੇ ਅਜਾਇਬਘਰ ਨੂੰ ਵੀ ਸਾੜ ਦਿੱਤਾ।
ਜਿਵੇਂ ਖ਼ਦਸ਼ਾ ਸੀ, ਸ਼ੇਖ ਹਸੀਨਾ ਦੇ ਪਲਾਇਨ ਕਰਦੇ ਹੀ ਫ਼ੌਜ ਨੇ ਸੱਤਾ ਸੰਭਾਲ ਲਈ ਤੇ ਮਿਲੀ-ਜੁਲੀ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਕਰ ਦਿੱਤਾ। ਸ਼ਾਇਦ ਫ਼ੌਜ ਇਸ ਦੀ ਤਿਆਰੀ ਪਹਿਲਾਂ ਤੋਂ ਹੀ ਕਰ ਰਹੀ ਸੀ। ਸ਼ੇਖ ਹਸੀਨਾ ਲਗਾਤਾਰ ਚੌਥੀ ਵਾਰ ਅਜਿਹੀਆਂ ਚੋਣਾਂ ਜ਼ਰੀਏ ਸੱਤਾ ਵਿਚ ਆਈ ਸੀ ਜਿਨ੍ਹਾਂ ਦਾ ਮੁੱਖ ਵਿਰੋਧੀ ਪਾਰਟੀਆਂ ਨੇ ਬਾਈਕਾਟ ਕੀਤਾ ਸੀ। ਸ਼ੇਖ ਹਸੀਨਾ ਨੇ ਕਿਉਂਕਿ ਆਪਣੇ ਲੰਬੇ ਸ਼ਾਸਨਕਾਲ ’ਚ ਬੰਗਲਾਦੇਸ਼ ਨੂੰ ਸਥਿਰਤਾ ਪ੍ਰਦਾਨ ਕੀਤੀ ਤੇ ਉਸ ਨੂੰ ਅੱਗੇ ਵਧਾਇਆ, ਇਸ ਲਈ ਉਨ੍ਹਾਂ ਦੀ ਸੱਤਾ ਨੂੰ ਕੋਈ ਖ਼ਤਰਾ ਨਹੀਂ ਦਿਸ ਰਿਹਾ ਸੀ ਪਰ ਕੁਝ ਸਮਾਂ ਪਹਿਲਾਂ ਰਾਖਵਾਂਕਰਨ ਵਿਰੁੱਧ ਵਿਦਿਆਰਥੀਆਂ ਵੱਲੋਂ ਸ਼ੁਰੂ ਹੋਇਆ ਅੰਦੋਲਨ ਉਨ੍ਹਾਂ ਲਈ ਮੁਸੀਬਤ ਬਣ ਗਿਆ।
ਇਸ ਅੰਦੋਲਨ ਨੂੰ ਜਲਦ ਹੀ ਸ਼ੇਖ ਹਸੀਨਾ ਦੇ ਸਾਰੇ ਵਿਰੋਧੀਆਂ ਤੇ ਨਾਲ ਹੀ ਅਜਿਹੇ ਕੱਟੜਪੰਥੀ ਸੰਗਠਨਾਂ ਨੇ ਵੀ ਸਮਰਥਨ ਦੇ ਦਿੱਤਾ ਜੋ ਪਾਕਿਸਤਾਨ ਦੀ ਕਠਪੁਤਲੀ ਮੰਨੇ ਜਾਂਦੇ ਹਨ। ਇਸ ਕਾਰਨ ਰਾਖਵਾਂਕਰਨ ਵਿਰੋਧੀ ਅੰਦੋਲਨ ਸੱਤਾ ਪਰਿਵਰਤਨ ਦੀ ਹਿੰਸਕ ਮੁਹਿੰਮ ’ਚ ਬਦਲ ਗਿਆ। ਹਾਲਾਂਕਿ ਸੁਪਰੀਮ ਕੋਰਟ ਨੇ ਰਾਖਵਾਂਕਰਨ ਵਿਚ ਭਾਰੀ ਕਟੌਤੀ ਕਰ ਦਿੱਤੀ ਪਰ ਵਿਰੋਧੀ ਸੰਤੁਸ਼ਟ ਨਹੀਂ ਹੋਏ।
ਉਹ ਸ਼ੇਖ ਹਸੀਨਾ ਦਾ ਅਸਤੀਫ਼ਾ ਮੰਗਣ ’ਤੇ ਅੜ ਗਏ। ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਵੱਡੇ ਪੈਮਾਨੇ ’ਤੇ ਹੋਈ ਹਿੰਸਾ ਅਤੇ ਉਸ ’ਚ ਤਿੰਨ ਕੁ ਸੌ ਲੋਕਾਂ ਦੇ ਮਾਰੇ ਜਾਣ ਕਾਰਨ ਸ਼ੇਖ ਹਸੀਨਾ ਦਾ ਅਕਸ ਇਕ ਤਾਨਾਸ਼ਾਹ ਸ਼ਾਸਕ ਵਾਲਾ ਬਣ ਗਿਆ ਅਤੇ ਪੱਛਮੀ ਦੇਸ਼ ਖ਼ਾਸ ਤੌਰ ’ਤੇ ਅਮਰੀਕਾ ਉਨ੍ਹਾਂ ਦੀ ਸਖ਼ਤ ਨਿੰਦਾ ਕਰਨ ਲੱਗਾ। ਅਮਰੀਕਾ ਉਨ੍ਹਾਂ ਦੀਆਂ ਨੀਤੀਆਂ ਤੋਂ ਪਹਿਲਾਂ ਤੋਂ ਹੀ ਖ਼ਫ਼ਾ ਸੀ ਕਿਉਂਕਿ ਉਹ ਮਨੁੱਖੀ ਅਧਿਕਾਰਾਂ ਅਤੇ ਲੋਕਤੰਤਰ ’ਤੇ ਉਸ ਦੀ ਨਸੀਹਤ ਸੁਣਨ ਨੂੰ ਤਿਆਰ ਨਹੀਂ ਸਨ। ਬੀਜਿੰਗ ਤੇ ਨਵੀਂ ਦਿੱਲੀ ਵਿਚਾਲੇ ਸੰਤੁਲਨ ਸੇਧਣ ਦੀ ਸ਼ੇਖ ਹਸੀਨਾ ਦੀ ਨੀਤੀ ਤੋਂ ਚੀਨ ਵੀ ਉਨ੍ਹਾਂ ਨਾਲ ਰੁੱਸਿਆ ਹੋਇਆ ਸੀ ਤੇ ਇਸੇ ਕਾਰਨ ਉਨ੍ਹਾਂ ਨੂੰ ਹਾਲੀਆ ਆਪਣਾ ਚੀਨ ਦੌਰਾ ਅੱਧ-ਵਿਚਾਲੇ ਛੱਡ ਕੇ ਆਉਣਾ ਪਿਆ ਸੀ।
ਇਸ ਦਾ ਪੂਰਾ ਖ਼ਦਸ਼ਾ ਹੈ ਕਿ ਚੀਨ ਨੇ ਪਾਕਿਸਤਾਨੀ ਅਨਸਰਾਂ ਜ਼ਰੀਏ ਸ਼ੇਖ ਹਸੀਨਾ ਵਿਰੋਧੀ ਅੰਦੋਲਨ ਨੂੰ ਹਵਾ ਦਿੱਤੀ। ਉਨ੍ਹਾਂ ਦਾ ਸੱਤਾ ਤੋਂ ਬਾਹਰ ਹੋਣਾ ਭਾਰਤ ਲਈ ਚੰਗੀ ਖ਼ਬਰ ਨਹੀਂ ਕਿਉਂਕਿ ਉਹ ਨਵੀਂ ਦਿੱਲੀ ਪ੍ਰਤੀ ਦੋਸਤਾਨਾ ਰੁਖ਼ ਰੱਖਦੇ ਸਨ। ਜੇ ਫ਼ੌਜ ਦੇ ਗਲਬੇ ਵਾਲੀ ਅੰਤਰਿਮ ਸਰਕਾਰ ਚੀਨ ਦੇ ਪ੍ਰਭਾਵ ਵਿਚ ਕੰਮ ਕਰਦੀ ਹੈ ਤਾਂ ਇਹ ਭਾਰਤ ਲਈ ਹੋਰ ਜ਼ਿਆਦਾ ਚਿੰਤਾ ਵਾਲੀ ਗੱਲ ਹੋਵੇਗੀ। ਬੰਗਲਾਦੇਸ਼ ’ਚ ਇਕ ਅਰਸੇ ਤੋਂ ਭਾਰਤ ਵਿਰੋਧੀ ਤਾਕਤਾਂ ਸਰਗਰਮ ਹਨ। ਉਨ੍ਹਾਂ ਦਾ ਭਾਰਤ ਵਿਰੋਧੀ ਚਿਹਰਾ ਰਾਖਵਾਂਕਰਨ ਵਿਰੋਧੀ ਅੰਦੋਲਨ ਦੌਰਾਨ ਵੀ ਦਿਸਿਆ। ਇਹ ਠੀਕ ਨਹੀਂ ਕਿ ਹਿੰਸਕ ਪ੍ਰਦਰਸ਼ਨਕਾਰੀ ਹਾਲੇ ਵੀ ਹਿੰਦੂਆਂ ਤੇ ਉਨ੍ਹਾਂ ਦੇ ਮੰਦਰਾਂ ਦੇ ਨਾਲ-ਨਾਲ ਭਾਰਤੀ ਅਦਾਰਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਆਭਾਰ : https://www.punjabijagran.com/editorial/general-bangladesh-voilence-9390431.html
test