ਨਸ਼ਾ ਤਸਕਰਾਂ ਨੇ ਪੁਲਿਸ ‘ਤੇ ਕੀਤਾ ਹਮਲਾ, ਸਬ ਇੰਸਪੈਕਟਰ ਨੂੰ ਅਗਵਾ ਕਰਨ ਦੀ ਕੋਸ਼ਿਸ਼
ਮੋਹਾਲੀ ‘ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਟੀਮ ‘ਤੇ ਨਸ਼ਾ ਤਸਕਰਾਂ ਨੇ ਹਮਲਾ ਕਰ ਦਿੱਤਾ ਹੈ।
17 ਅਪ੍ਰੈਲ, 2026 – ਮੋਹਾਲੀ: ਜ਼ਿਲ੍ਹਾ ਮੋਹਾਲੀ ਦੇ ਪਿੰਡ ਹਰਲਾਲਪੁਰ ਵਿੱਚ ਨਸ਼ਾ ਤਸਕਰੀ ਦੇ ਇੱਕ ਮਾਮਲੇ ਵਿੱਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਖਰੜ ਪੁਲਿਸ ਨੂੰ ਪਿੰਡ ਹਰਲਾਲਪੁਰ ਵਿੱਚ ਕੁਝ ਸ਼ੱਕੀ ਨਸ਼ਾ ਤਸਕਰਾਂ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ।
8 ਤੋਂ 10 ਵਿਅਕਤੀਆਂ ਨੇ ਪੁਲਿਸ ਪਾਰਟੀ ‘ਤੇ ਕਰ ਦਿੱਤਾ ਹਮਲਾ
ਤਲਾਸ਼ੀ ਦੌਰਾਨ ਅਚਾਨਕ 8 ਤੋਂ 10 ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾ ਕਾਫ਼ੀ ਹਿੰਸਕ ਸੀ, ਜਿਸ ਵਿੱਚ ਸਬ ਇੰਸਪੈਕਟਰ ਸਮੇਤ ਕਈ ਪੁਲਿਸ ਕਰਮਚਾਰੀ ਜ਼ਖ਼ਮੀ ਹੋ ਗਏ। ਹਮਲੇ ਨਾਲ ਮੌਕੇ ‘ਤੇ ਹੜਕੰਪ ਮਚ ਗਿਆ ਅਤੇ ਪੁਲਿਸ ਨੂੰ ਆਪਣੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨੀ ਪਈ।
ਜ਼ਖਮੀ ਪੁਲਿਸ ਮੁਲਾਜਮਾਂ ਨੂੰ ਪਹੁੰਚਾਇਆ ਹਸਪਤਾਲ
ਜ਼ਖਮੀ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਖਰੜ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਮੁਤਾਬਿਕ ਜ਼ਖਮੀ ਹੋਏ ਸਾਰੇ ਮੁਲਾਜ਼ਮ ਹੁਣ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।
ਪੁਲਿਸ ਨੇ ਕੀਤੀ ਜਵਾਬੀ ਕਾਰਵਾਈ
ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਹਮਲਾ ਕਰਨ ਵਾਲਿਆਂ ਵਿੱਚੋਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ 4 ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
“ਸਬ ਇੰਸਪੈਕਟਰ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼“
ਇਸੇ ਸਬੰਧੀ ਖਰੜ ਥਾਣੇ ਦੇ SHO ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਥਾਣੇ ਦੇ ਵਿੱਚ ਸਬ ਇੰਸਪੈਕਟਰ ਗੁਰਵਿੰਦਰ ਸਿੰਘ “ਯੁੱਧ ਨਸ਼ਿਆ ਵਿਰੁੱਧ” ਸਬੰਧੀ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਟੀਮਾਂ ਬਣੇ ਕੇ ਵੱਖ-ਵੱਖ ਥਾਂਵਾਂ ‘ਤੇ ਰੇਡ ਕਰ ਰਹੇ ਸੀ ਤਾਂ ਜੋ ਚੋਰਾਂ ਅਤੇ ਨਸ਼ਾ ਤਸਕਰਾਂ ਨੂੰ ਠੱਲ ਪਾਈ ਜਾ ਸਕੇ। ਉਸੇ ਸਬੰਧ ਵਿੱਚ ਸਾਨੂੰ ਇੱਕ ਸੂਚਨਾ ਮਿਲੀ ਸੀ, ਇਸ ਸਬੰਧੀ ਸਾਡੀਆਂ ਦੋ ਟੀਮਾਂ ਖਰੜ ਪਹੁੰਚੀਆਂ ਸੀ। ਜਿਸ ਦੇ ਇੰਚਾਰਜ ਸਬ ਇੰਸਪੈਕਟਰ ਗੁਰਵਿੰਦਰ ਸਿੰਘ ਸੀ, ਜੋ ਪੁਲਿਸ ਟੀਮ ਨਾਲ ਉੱਥੇ ਪਹੁੰਚੇ ਤਾਂ ਉੱਥੇ ਨਸ਼ਾ ਤਸਕਰਾਂ ਨੇ ਇਕੱਠੇ ਹੋ ਕੇ ਸਾਡੇ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰ ਦਿੱਤਾ। ਜਿਸ ਨਾਲ ਸਬ ਇਸਪੈਕਟਰ ਸਮੇਤ ਕਈ ਹੋਰ ਮੁਲਾਜ਼ਮ ਜ਼ਖਮੀ ਹੋ ਗਏ। ਇੰਨਾ ਹੀ ਨਹੀਂ ਨਸ਼ਾ ਤਸਕਰਾਂ ਨੇ ਸਬ ਇੰਸਪੈਕਟਰ ਨੂੰ ਅਗਵਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਮੌਕੇ ‘ਤੇ ਪੁਲਿਸ ਦੀ ਦੂਜੀ ਟੀਮ ਵੀ ਪਹੁੰਚ ਗਈ ਜਿਸ ਕਰਕੇ ਇਨ੍ਹਾਂ ਦਾ ਬਚਾਅ ਹੋ ਗਿਆ। ਇਸ ਦੇ ਚੱਲਦਿਆਂ ਪੁਲਿਸ ਮੁਲਾਜ਼ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ ਹਮਲਾ ਕਰਨ ਵਾਲਿਆਂ ਵਿੱਚੋਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਬਾਕੀ 4 ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ, ਜਿਨ੍ਹਾਂ ਦੀ ਭਾਲ ਲਈ ਪੁਲਿਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ETV BHARAT