ਗੁਰਦਾਸਪੁਰ ਵਿੱਚ ਪਹੁੰਚੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਹੀਆਂ ਵੱਡੀਆਂ ਗੱਲਾਂ…
17 ਅਪ੍ਰੈਲ, 2026 – ਬਟਾਲਾ: ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਅੱਜ ਬਟਾਲਾ ਦੇ ਵਿਸ਼ਵ ਮਿੱਤਰ ਸੇਖੜੀ ਕਾਲਜ ਵਿੱਚ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ਼ਿਰਕਤ ਕੀਤੀ, ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਮਹੱਤਵ ਅਤੇ ਸੂਬੇ ਵਿੱਚ ਵਧ ਰਹੀ ਨਸ਼ਿਆਂ ਦੀ ਸਮੱਸਿਆ ‘ਤੇ ਚਿੰਤਾ ਪ੍ਰਗਟਾਈ।
ਅਸ਼ਵਨੀ ਸੇਖੜੀ ਵੱਲੋਂ ਚਲਾਏ ਜਾ ਰਹੇ ਸਿੱਖਿਆ ਅਦਾਰੇ ਦੀ ਕੀਤੀ ਸਲਾਘਾ
ਇਸੇ ਦੌਰਾਨ ਰਾਜਪਾਲ ਨੇ ਅਸ਼ਵਨੀ ਸੇਖੜੀ ਵੱਲੋਂ ਆਪਣੇ ਪਿਤਾ ਵਿਸ਼ਵਾਮਿੱਤਰ ਜੀ ਦੀ ਯਾਦ ਵਿੱਚ 2003 ਤੋਂ ਚਲਾਏ ਜਾ ਰਹੇ ਸਿੱਖਿਆ ਦੇ ਅਦਾਰੇ ਦੀ ਸ਼ਲਾਘਾ ਕੀਤੀ। ਸਿੱਖਿਆ ਸਿਰਫ਼ ਗਿਆਨ ਲਈ ਹੀ ਨਹੀਂ, ਸਗੋਂ ਜਦੋਂ ਇਹ ਸੰਸਕਾਰਾਂ ਨਾਲ ਜੁੜਦੀ ਹੈ ਤਾਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਇੱਥੋਂ ਹਜ਼ਾਰਾਂ ਬੱਚਿਆਂ ਨੇ ਸਿੱਖਿਆ ਅਤੇ ਸੰਸਕਾਰ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ।
“ਨਸ਼ੇ ਖਿਲਾਫ ਸਾਰੇ ਪੰਜਾਬੀਆਂ ਦੀ ਸਾਂਝੀ ਮੁਹਿੰਮ ਬਣਾਉਣ ਦੀ ਲੋੜ“
ਨਸ਼ਿਆਂ ਦੇ ਮੁੱਦੇ ‘ਤੇ ਬੋਲਦਿਆਂ ਰਾਜਪਾਲ ਨੇ ਕਿਹਾ ਕਿ “ਉਨ੍ਹਾਂ ਦਾ ਅੱਜ ਇੱਥੇ ਆਉਣ ਦਾ ਮੁੱਖ ਮਕਸਦ ਨਸ਼ਾ ਮੁਕਤ ਪੰਜਾਬ ਅਤੇ “ਰੰਗਲਾ ਪੰਜਾਬ” ਬਣਾਉਣ ਦੀ ਮੁਹਿੰਮ ਨੂੰ ਹੁਲਾਰਾ ਦੇਣਾ ਹੈ। ਨਸ਼ਿਆਂ ਵਿਰੁੱਧ ਜੰਗ ਕਿਸੇ ਇੱਕ ਵਿਅਕਤੀ, ਰਾਜਪਾਲ ਜਾਂ ਕਿਸੇ ਖਾਸ ਪਾਰਟੀ ਦੀ ਨਹੀਂ ਹੈ। ਇਸ ਮੁਹਿੰਮ ਨੂੰ ਸਾਰੇ ਪੰਜਾਬੀਆਂ ਦੀ ਸਾਂਝੀ ਮੁਹਿੰਮ ਬਣਾਉਣ ਦੀ ਲੋੜ ਹੈ। ਜੇਕਰ ਅਸੀਂ ਇਸ ਨੂੰ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੇ ਭਰੋਸੇ ਛੱਡਾਂਗੇ ਤਾਂ ਸਫ਼ਲਤਾ ਮਿਲਣੀ ਮੁਸ਼ਕਿਲ ਹੈ।”
ਪਾਕਿਸਤਾਨ ਤੋਂ ਡਰੋਨਾਂ ਰਾਹੀਂ ਨਸ਼ਿਆਂ ਬਾਰੇ ਵੀ ਬੋਲੇ ਰਾਜਪਾਲ
ਪਾਕਿਸਤਾਨ ਵੱਲੋਂ ਡਰੋਨਾਂ ਰਾਹੀਂ ਹੋ ਰਹੀ ਨਸ਼ਿਆਂ ਦੀ ਤਸਕਰੀ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ਦੀ 553 ਕਿਲੋਮੀਟਰ ਲੰਬੀ ਸਰਹੱਦ ਇੱਕ ਵੱਡੀ ਚੁਣੌਤੀ ਹੈ। ਬੀ.ਐੱਸ.ਐੱਫ (BSF), ਫੌਜ ਅਤੇ ਪੰਜਾਬ ਪੁਲਿਸ ਮਿਲ ਕੇ ਕੰਮ ਕਰ ਰਹੀਆਂ ਹਨ। ਕਈ ਤਸਕਰਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਕੇਂਦਰ ਸਰਕਾਰ ਵੱਲੋਂ ਐਂਟੀ-ਡਰੋਨ ਸਿਸਟਮ ਮੁਹੱਈਆ ਕਰਵਾਏ ਗਏ ਹਨ ਅਤੇ ਰਾਜ ਸਰਕਾਰ ਨੇ ਵੀ ਇਸ ਲਈ 10 ਕਰੋੜ ਰੁਪਏ ਦਾ ਫੰਡ ਦਿੱਤਾ ਹੈ।
ਰਾਜਪਾਲ ਨੇ ਅੰਤ ਵਿੱਚ ਅਪੀਲ ਕੀਤੀ ਕਿ ਪੰਜਾਬ, ਜੋ ਪੂਰੀ ਦੁਨੀਆਂ ਨੂੰ ਅੰਨ ਖੁਆਉਂਦਾ ਹੈ ਅਤੇ ਸਰਹੱਦਾਂ ਦੀ ਰਾਖੀ ਕਰਦਾ ਹੈ, ਉਸ ਦੀ ਨੌਜਵਾਨ ਪੀੜ੍ਹੀ ਨੂੰ ਇਸ ਨਾਮੁਰਾਦ ਬਿਮਾਰੀ ਤੋਂ ਬਚਾਉਣਾ ਸਾਡਾ ਸਭ ਦਾ ਫਰਜ਼ ਹੈ।
ETV BHARAT