ਭਾਰਤ ਸੰਸਾਰ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਹੁਣ ਇਸ ਦੀ ਵਸੋਂ 140 ਕਰੋੜ ਨੂੰ ਪਾਰ ਕਰ ਗਈ ਹੈ। ਜਦੋਂ ਦੇਸ਼ ਆਜ਼ਾਦ ਹੋਇਆ ਸੀ, ਉਦੋਂ ਆਬਾਦੀ ਕੇਵਲ 33 ਕਰੋੜ ਸੀ। ਤੇਜ਼ੀ ਨਾਲ ਹੋਏ ਆਬਾਦੀ ਦੇ ਇਸ ਵਾਧੇ ਕਾਰਨ ਤਿੰਨ ਮੁੱਢਲੀਆਂ ਲੋੜਾਂ ਰੋਟੀ, ਕੱਪੜਾ ਤੇ ਮਕਾਨ ਦੀ ਪੂਰਤੀ ਲਈ ਦੇਸ਼ ਦੇ ਕੁਦਰਤੀ ਵਸੀਲਿਆਂ ਦੀ ਵੀ ਤੇਜ਼ੀ ਨਾਲ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਲਈ ਮਕਾਨ ਬਣਾਉਣ ਲਈ ਲੱਖਾਂ ਪਿੰਡ ਉਜਾੜਨੇ ਪਏ ਹਨ। ਇੰਜ ਵਾਹੀ ਹੇਠ ਧਰਤੀ ਘਟ ਰਹੀ ਹੈ ਜਦੋਂ ਕਿ ਭੋਜਨ ਦੀਆਂ ਲੋੜਾਂ ਵਧ ਰਹੀਆਂ ਹਨ। ਜਦੋਂ ਵਸੋਂ ਕੇਵਲ 33 ਕਰੋੜ ਸੀ ਉਦੋਂ ਲੋਕੀਂ ਪਾਣੀ ਦੀ ਸੰਕੋਚਵੀਂ ਵਰਤੋਂ ਕਰਦੇ ਸਨ ਕਿਉਂਕਿ ਪਾਣੀ ਬਿਨਾਂ ਧਰਤੀ ’ਤੇ ਜੀਵਨ ਸੰਭਵ ਨਹੀਂ ਹੈ।
ਹੁਣ ਜਦੋਂ ਆਬਾਦੀ ਇੰਨੀ ਵਧ ਗਈ ਹੈ ਤਾਂ ਪਾਣੀ ਦੀਆਂ ਲੋੜਾਂ ਵੀ ਉਸੇ ਅਨੁਪਾਤ ਵਿਚ ਵਧੀਆਂ ਹਨ। ਇਸ ਦੇ ਨਾਲ ਹੀ ਲੋਕਾਂ ਵਿਚ ਪਾਣੀ ਦੀ ਸੰਕੋਚਵੀਂ ਵਰਤੋਂ ਕਰਨ ਅਤੇ ਪਾਣੀ ਨੂੰ ਦੇਵਤਾ ਸਮਝ ਕੇ ਸਤਿਕਾਰ ਕਰਨਾ ਖ਼ਤਮ ਹੋ ਗਿਆ ਹੈ। ਉਹ ਪਾਣੀ ਦੀ ਖੁੱਲ੍ਹ ਕੇ ਵਰਤੋਂ ਕਰਦੇ ਹਨ। ਸਾਰੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦੀ ਪੂਰਤੀ ਲਈ ਵੀ ਪਾਣੀ ਦੀ ਅਹਿਮ ਭੂਮਿਕਾ ਹੈ। ਪਾਣੀ ਬਿਨਾਂ ਫ਼ਸਲਾਂ, ਪਸ਼ੂ ਪੰਛੀ, ਰੁੱਖ, ਬੂਟੇ ਕੋਈ ਵੀ ਜੀਵਤ ਨਹੀਂ ਰਹਿ ਸਕਦਾ। ਇੰਜ ਦੇਸ਼ ’ਚ ਪਾਣੀ ਦੀ ਵਰਤੋਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਅਸੀਂ ਆਪਣੇ ਦਰਿਆਵਾਂ ਤੇ ਧਰਤੀ ਹੇਠਲੇ ਪਾਣੀ ਦੀ ਬੜੀ ਬੇਦਰਦੀ ਨਾਲ ਵਰਤੋਂ ਕਰ ਰਹੇ ਹਾਂ। ਇਸ ਨਾਲ ਧਰਤੀ ਹੇਠਲਾ ਪਾਣੀ ਮੁੱਕਣ ਦੇ ਨੇੜੇ ਹੈ ਅਤੇ ਦਰਿਆ ਸੁੱਕਣ ਵਾਲੇ ਹਨ। ਮੀਂਹ ਦੇ ਪਾਣੀ ਦੀ ਸੰਭਾਲ ਤੇ ਧਰਤੀ ਹੇਠ ਇਸ ਦੀ ਭਰਪਾਈ ਵੱਲ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ। ਸਾਰੀਆਂ ਗਲੀਆਂ, ਸੜਕਾਂ ਪੱਕੀਆਂ ਹੋ ਗਈਆਂ ਹਨ। ਛੱਪੜ ਅਤੇ ਤਲਾਬ ਪੂਰ ਦਿੱਤੇ ਗਏ ਹਨ। ਦਰਿਆ, ਨਦੀਆਂ ਅਤੇ ਨਾਲਿਆਂ ਦੇ ਵਹਿਣ ਮੋੜ ਦਿੱਤੇ ਗਏ ਹਨ। ਇੰਜ ਧਰਤੀ ਹੇਠ ਬਹੁਤ ਘੱਟ ਪਾਣੀ ਜਾ ਰਿਹਾ ਹੈ। ਪੰਜਾਬ ਜਿਸ ਦਾ ਨਾਮ ਹੀ ਪਾਣੀਆਂ ਦੀ ਹੋਂਦ ਕਰਕੇ ਪਿਆ ਸੀ, ਉਸ ਦਾ ਵੀ ਧਰਤੀ ਹੇਠਲਾ ਪਾਣੀ ਮੁੱਕਣ ਕਿਨਾਰੇ ਹੈ ਕਿਉੁਂਕਿ ਘਰਾਂ ਅਤੇ ਖੇਤਾਂ ਦੀਆਂ ਪਾਣੀ ਦੀਆਂ ਲੋੜਾਂ ਧਰਤੀ ਹੇਠਲੇ ਪਾਣੀ ਨਾਲ ਹੀ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਨਹਿਰੀ ਪਾਣੀ ਨਾਲ ਤਾਂ ਸਿੰਚਾਈ ਮਸਾਂ ਇਕ ਤਿਹਾਈ ਹਿੱਸੇ ਦੀ ਹੀ ਹੁੰਦੀ ਹੈ। ਕੁਝ ਦਿਨ ਪਹਿਲਾਂ ਮੈਨੂੰ ਫਰੈੱਡ ਪੀਆਰਸ ਦੀ ਕਿਤਾਬ ‘ਜਦੋਂ ਦਰਿਆ ਸੁੱਕਦੇ ਹਨ’ ਪੜ੍ਹਨ ਦਾ ਮੌਕਾ ਮਿਲਿਆ। ਲੇਖਕ ਨੇ ਭਾਰਤ ਵਿਚ ਹੀ ਨਹੀਂ ਸਗੋਂ ਸਾਰੇ ਸੰਸਾਰ ਵਿਚ ਮੁੱਕ ਰਹੇ ਪਾਣੀ ਦੀ ਬਹੁਤ ਸੁਚੱਜੇ ਢੰਗ ਨਾਲ ਚੇਤਾਵਨੀ ਦਿੱਤੀ ਹੈ। ਇਸ ਪੁਸਤਕ ਦਾ ਪੀਏਯੂ ਦੇ ਇਕ ਪੁਰਾਣੇ ਵਿਦਿਆਰਥੀ ਤੇ ਹੁਣ ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਵਿਚ ਪ੍ਰੋਫੈਸਰ ਗੁਰਰੀਤ ਬਰਾੜ ਨੇ ਪੰਜਾਬੀ ਵਿਚ ਅਨੁਵਾਦ ਕਰਕੇ ਆਪਣੇ ਖ਼ਰਚੇ ’ਤੇ ਛਪਾਈ ਕਰਵਾਈ ਹੈ।
ਗੁਰਰੀਤ ਆਪਣੀ ਮਿੱਟੀ ਦਾ ਮੋਹ ਨਹੀਂ ਭੁੱਲਿਆ। ਉਹ ਪੁਸਤਕ ਦੇ ਆਰੰਭ ਵਿਚ ਲਿਖਦਾ ਹੈ, “ਸਾਡੀ ਤਹਿਜ਼ੀਬ ਉਸਾਰਨ ਵਾਲੇ ਪੰਜਾਬ ਦੇ ਸਾਰੇ ਦਰਿਆਵਾਂ ਨੂੰ ਸਮਰਪਿਤ, ਜਿਹੜੇ ਸਿਰਫ਼ ਸਾਡੀ ਸਰਜ਼ਮੀਨ ਉੱਤੇ ਹੀ ਨਹੀਂ ਸਗੋਂ ਮੇਰੇ ਜਿਹੇ ਹਰ ਪੰਜਾਬੀ ਦੇ ਅੰਦਰ ਵੀ ਵਗਦੇ ਨੇ। ਦੁਆ ਹੋਵੇ ਕਿ ਉਨ੍ਹਾਂ ਨੂੰ ਐਸੀ ਕਿਸੇ ਕਿਤਾਬ ਦਾ ਹਿੱਸਾ ਨਾ ਬਣਨਾ ਪਵੇ।” ਪੁਸਤਕ ਵਿਚ ਫਰੈੱਡ ਨੇ ਸਾਰੇ ਸੰਸਾਰ ਵਿਚ ਸੁੱਕ ਗਏ ਅਤੇ ਸੁੱਕ ਰਹੇ ਦਰਿਆਵਾਂ ਦਾ ਵੇਰਵਾ ਦਿੱਤਾ ਹੈ ਅਤੇ ਦਰਿਆਵਾਂ ਨੂੰ ਜਿਊਂਦਿਆਂ ਰੱਖਣ ਲਈ ਅਪੀਲ ਵੀ ਕੀਤੀ ਹੈ। ਪੰਜਾਬ ਵਿਚ ਮੁੱਕ ਰਹੇ ਪਾਣੀ ਲਈ ਅਸੀਂ ਝੋਨੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ਕਿ ਸਾਰੀ ਵਸੋਂ ਦਾ ਢਿੱਡ ਭਰਨ ਲਈ ਭੋਜਨ ਤਾਂ ਪੈਦਾ ਕਰਨਾ ਹੀ ਪਵੇਗਾ। ਪਾਣੀ ਤਾਂ ਉਨ੍ਹਾਂ ਫ਼ਸਲਾਂ ਨੂੰ ਵੀ ਚਾਹੀਦਾ ਹੈ ਜਿਹੜੀਆਂ ਝੋਨੇ ਦੀ ਥਾਂ ਬੀਜੀਆਂ ਜਾਣਗੀਆਂ। ਲੇਖਕ ਨੇ ਗੁਜਰਾਤ ਦੇ ਦੁੱਧ ਉਤਪਾਦਕਾਂ ਦਾ ਇਕ ਵੇਰਵਾ ਦਿੱਤਾ ਹੈ ਜਿਹੜਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਕ ਅਨੁਮਾਨ ਅਨੁਸਾਰ ਭਾਰਤ ਵਿਚ ਸਿੰਚਾਈ ਲਈ ਸਾਲਾਨਾ 20 ਕਰੋੜ ਏਕੜ ਫੁੱਟ ਪਾਣੀ ਧਰਤੀ ਹੇਠੋਂ ਖਿੱਚਿਆ ਜਾਂਦਾ ਹੈ ਜਦੋਂ ਕਿ ਮੀਂਹ ਇਸ ਨਾਲੋਂ ਮਸਾਂ ਅੱਧੀ ਮਾਤਰਾ ਵਿਚ ਹੀ ਪੈਂਦੇ ਹਨ। ਪੰਜਾਬ ਵਿਚ ਕਦੇ ਖੂਹਾਂ ਵਿਚ ਪਾਣੀ ਚਰਸ ਨਾਲ ਕੱਢਿਆ ਜਾਂਦਾ ਸੀ। ਇਹ ਚਮੜੇ ਦਾ ਵੱਡਾ ਬੋਕਾ ਹੁੰਦਾ ਸੀ। ਇਸ ਨੂੰ ਖੂਹ ਵਿਚ ਸੁੱਟਿਆ ਜਾਂਦਾ ਸੀ। ਜਦੋਂ ਇਹ ਪਾਣੀ ਨਾਲ ਭਰ ਜਾਂਦਾ ਸੀ ਤਾਂ ਬਲਦਾਂ ਦੀ ਜੋੜੀ ਇਸ ਨੂੰ ਬਾਹਰ ਖਿੱਚਦੀ ਸੀ। ਇਸ ਨਾਲ ਬਹੁਤ ਘੱਟ ਧਰਤੀ ਦੀ ਸਿੰਚਾਈ ਹੁੰਦੀ ਸੀ। ਮੁੜ ਬਲਦਾਂ ਨਾਲ ਚੱਲਣ ਵਾਲੇ ਹਲਟ ਆ ਗਏ।
ਖੂਹਾਂ ਵਿੱਚੋਂ ਕੋਈ 30-40 ਫੁੱਟ ਡੂੰਘਾਈ ਤੋਂ ਟਿੰਡਾਂ ਰਾਹੀਂ ਪਾਣੀ ਖਿੱਚਿਆ ਜਾਂਦਾ ਸੀ। ਪਰ ਹੁਣ ਟਿਊਬਵੈੱਲ ਬੋਰ ਹਰੇਕ ਸਾਲ ਡੂੰਘੇ ਕਰਨੇ ਪੈ ਰਹੇ ਹਨ। ਮੋਟਰਾਂ ਵੀ ਵੱਡੀਆਂ ਲੱਗ ਰਹੀਆਂ ਹਨ, ਇੰਜ ਬਿਜਲੀ ਦੀ ਖਪਤ ਵਿਚ ਵੀ ਵਾਧਾ ਹੋਇਆ ਹੈ। ਜੇਕਰ ਕਿਸਾਨਾਂ ਨਾਲ ਬਿਜਲੀ ਦਾ ਮਹੀਨੇਵਾਰ ਕੋਟਾ ਮਿੱਥਿਆ ਜਾਵੇ ਤਾਂ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਕੁਝ ਬੱਚਤ ਹੋ ਸਕਦੀ ਹੈ। ਹੇਠਲੇ ਪੱਧਰ ਤੋਂ ਜਿਹੜਾ ਪਾਣੀ ਕੱਢਿਆ ਜਾ ਰਿਹਾ ਹੈ ਉਸ ਦੀ ਕਦੇ ਵੀ ਭਰਪਾਈ ਨਹੀਂ ਹੋ ਸਕੇਗੀ। ਧਰਤੀ ਹੇਠ ਪਾਣੀ ਜਾਣ ਵਾਲੇ ਅਸੀਂ ਲਗਪਗ ਸਾਰੇ ਸੋਮੇ ਬੰਦ ਕਰ ਦਿੱਤੇ ਹਨ। ਦਰਿਆਵਾਂ, ਬੇਈਆਂ ਦੇ ਪਾਣੀ ਨੂੰ ਬੰਨ੍ਹ ਲਾ ਕੇ ਰੋਕ ਲਿਆ ਹੈ। ਸਾਰੇ ਛੱਪੜ ਪੂਰ ਦਿੱਤੇ ਹਨ। ਗਲੀਆਂ, ਸੜਕਾਂ ਤੇ ਹੋਰ ਖ਼ਾਲੀ ਥਾਂ ਪੱਕੇ ਕਰ ਲਏ ਹਨ। ਮੀਂਹ ਦੇ ਪਾਣੀ ਨੂੰ ਹੇਠ ਭੇਜਣ ਦਾ ਕੋਈ ਉਪਰਾਲਾ ਨਹੀਂ ਕੀਤਾ ਹੈ। ਕਿਸੇ ਸਿਆਣੇ ਆਗੂ ਨੇ ਹਰੇਕ ਖੇਤ ਤਾਈਂ ਨਹਿਰੀ ਪਾਣੀ ਪਹੁੰਚਾਉਣ ਦਾ ਪ੍ਰਬੰਧ ਕੀਤਾ ਸੀ। ਇਨ੍ਹਾਂ ਦੀ ਸਰਕਾਰ ਨੇ ਕਦੇ ਸਫ਼ਾਈ ਨਹੀਂ ਕਰਵਾਈ, ਕੁਝ ਨਹਿਰਾਂ ਪੱਕੀਆਂ ਕਰ ਦਿੱਤੀਆਂ ਹਨ, ਮੀਂਹ ਦਾ ਪਾਣੀ ਇਨ੍ਹਾਂ ਵਿਚ ਭਰਨ ਦਾ ਕਦੇ ਪ੍ਰਬੰਧ ਨਹੀਂ ਕੀਤਾ। ਲੁਧਿਆਣੇ ਤੋਂ ਫਿਲੌਰ ਨੂੰ ਜਾਈਏ ਤਾਂ ਸਤਲੁਜ ਦਰਿਆ ਵਿਚ ਮਸਾਂ ਇਕ ਵੱਡੇ ਟਿਊਬਵੈੱਲ ਜਿੰਨਾ ਪਾਣੀ ਵਗਦਾ ਹੈ। ਸਾਰੀ ਵਸੋਂ ਦਾ ਢਿੱਡ ਭਰਨ ਲਈ ਕੁਦਰਤ ਵੱਲੋਂ ਸਾਨੂੰ ਬਖ਼ਸ਼ੇ ਤੇ ਸਾਡੇ ਵੱਲੋਂ ਵਰਤੇ ਕੁੱਲ ਪਾਣੀ ਦਾ ਅੱਧਿਓਂ ਵੱਧ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ।
ਪੰਜਾਬ ਵਿਚ ਸੀਵਰੇਜ ਦੇ ਪਾਣੀ ਦੀ ਸੁਧਾਈ ਕਰਕੇ ਇਸ ਨੂੰ ਸਿੰਚਾਈ ਲਈ ਵਰਤਣ ਦਾ ਯਤਨ ਨਹੀਂ ਕੀਤਾ ਗਿਆ ਸਗੋਂ ਇਸ ਨੂੰ ਜਾਂ ਤਾਂ ਧਰਤੀ ਹੇਠ ਭੇਜਿਆ ਜਾ ਰਿਹਾ ਹੈ ਜਾਂ ਦਰਿਆਵਾਂ ਵਿਚ ਸੁੱਟਿਆ ਜਾ ਰਿਹਾ ਹੈ। ਇੰਜ ਸਾਡੇ ਦਰਿਆਵਾਂ ਦਾ ਪਾਣੀ ਬੁਰੀ ਤਰ੍ਹਾਂ ਪ੍ਰਦੂਸ਼ਿਤ ਹੋ ਗਿਆ ਹੈ। ਮਾਲਵੇ ਦੇ ਕੁਝ ਇਲਾਕਿਆਂ ਵਿਚ ਇਸੇ ਪਾਣੀ ਨੂੰ ਪੀਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਇਹ ਇਲਾਕਾ ਕੈਂਸਰ ਪੱਟੀ ਬਣ ਗਿਆ ਹੈ। ਭਵਿੱਖ ਵਿਚ ਪਾਣੀ ਸਭ ਤੋਂ ਵੱਡੀ ਸਮੱਸਿਆ ਹੋਵੇਗੀ। ਇਸ ਕਰਕੇ ਸਾਨੂੰ ਆਪਣੇ ਦਰਿਆਵਾਂ ਦੀ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।ਇਸ ਵਿਚ ਕੋਈ ਸ਼ੱਕ ਨਹੀਂ ਕਿ ਧਰਤੀ ’ਤੇ ਵੱਡੀ ਮਾਤਰਾ ਵਿਚ ਪਾਣੀ ਹੈ। ਇਕ ਅੰਦਾਜ਼ੇ ਅਨੁਸਾਰ ਧਰਤੀ ’ਤੇ 1100 ਖਰਬ ਏਕੜ ਫੁੱਟ ਪਾਣੀ ਹੈ ਪਰ ਇਸ ਦਾ 97% ਤੋਂ ਵਧੇਰੇ ਹਿੱਸਾ ਸਮੁੰਦਰੀ ਪਾਣੀ ਹੈ ਜਿਹੜਾ ਅਸੀਂ ਪੀ ਨਹੀਂ ਸਕਦੇ। ਏਸ਼ੀਆ ਅੰਦਰ ਦੁਨੀਆ ਦੀ ਦੋ-ਤਿਹਾਈ ਆਬਾਦੀ ਵਸਦੀ ਹੈ ਪਰ ਕੁੱਲ ਵਗਦੇ ਪਾਣੀ ਦਾ ਸਿਰਫ਼ ਤੀਜਾ ਹਿੱਸਾ ਹੀ ਇੱਥੇ ਹੈ। ਇਹਦੇ ’ਚੋਂ ਕੋਈ 80% ਪਾਣੀ ਮੌਨਸੂਨ ਰੁੱਤ ਵੇਲੇ ਹੀ ਵਗਦਾ ਹੈ। ਹਰੀ ਕ੍ਰਾਂਤੀ ਨੇ ਅੰਨ ਭੰਡਾਰ ਤਾਂ ਭਰ ਦਿੱਤੇ ਪਰ ਪਾਣੀ ਦੇ ਸੋਮੇ ਖ਼ਾਲੀ ਕਰ ਦਿੱਤੇ। ਆਬਾਦੀ ਦਾ ਢਿੱਡ ਤਾਂ ਭਰ ਦਿੱਤਾ ਪਰ ਪਹਿਲਾਂ ਨਾਲੋਂ ਕੋਈ ਤਿੰਨ ਗੁਣਾ ਵਧੇਰੇ ਪਾਣੀ ਖ਼ਰਚ ਹੋਇਆ। ਅਜਿਹਾ ਕਰਨਾ ਮਜਬੂਰੀ ਹੈ। ਭੋਜਨ ਮਨੁੱਖ ਦੀ ਮੁੱਢਲੀ ਲੋੜ ਹੈ, ਇਸ ਕਰਕੇ ਰੋਟੀ ਦੇਣਾ ਤਾਂ ਹਰ ਸਰਕਾਰ ਦਾ ਪਹਿਲਾ ਫ਼ਰਜ਼ ਬਣਦਾ ਹੈ। ਖ਼ਤਮ ਹੋ ਰਹੇ ਪਾਣੀ ਦੀ ਸੰਭਾਲ ਲਈ ਤੇਜ਼ੀ ਨਾਲ ਵਧ ਰਹੀ ਆਬਾਦੀ ’ਤੇ ਵੀ ਲਗਾਮ ਲਗਾਉਣ ਦੀ ਲੋੜ ਹੈ। ਖੇਤੀ ਖੋਜ ਨੂੰ ਵੀ ਨਵਾਂ ਮੋੜ ਦੇਣ ਦੀ ਲੋੜ ਹੈ। ਅਜਿਹੀਆਂ ਫ਼ਸਲਾਂ ਤੇ ਘੱਟ ਪਾਣੀ ਦੀ ਲੋੜ ਵਾਲੀਆਂ ਕਿਸਮਾਂ ਵਿਕਸਤ ਕੀਤੀਆਂ ਜਾਣ। ਸਿੰਚਾਈ ਦੇ ਨਵੇਂ ਢੰਗ-ਤਰੀਕੇ ਵਿਕਸਤ ਕੀਤੇ ਜਾਣ ਤੇ ਉਨ੍ਹਾਂ ਦੀ ਪਾਲਣਾ ਲਈ ਸੰਜੀਦਾ ਯਤਨ ਕੀਤੇ ਜਾਣ। ਸਾਰੀਆਂ ਨਹਿਰਾਂ ਤੇ ਖਾਲਿਆਂ ਦੀ ਸਫ਼ਾਈ ਕਰਕੇ ਉਨ੍ਹਾਂ ਦੇ ਕੰਢੇ ਮਜ਼ਬੂਤ ਕੀਤੇ ਜਾਣ ਤਾਂ ਜੋ ਮੀਂਹ ਦਾ ਪਾਣੀ ਉੱਥੇ ਖੜ੍ਹਾ ਕੀਤਾ ਜਾ ਸਕੇ। ਪਿੰਡਾਂ ਦੇ ਛੱਪੜਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ।
ਬਾਰਿਸ਼ ਦੇ ਪਾਣੀ ਨੂੰ ਧਰਤੀ ਹੇਠ ਭੇਜਣ ਲਈ ਯਤਨ ਕਰਨੇ ਜ਼ਰੂਰੀ ਹਨ। ਫ਼ਿਲਹਾਲ ਇਸ ਪਾਸੇ ਕੋਈ ਖ਼ਾਸ ਯਤਨ ਨਹੀਂ ਹੋ ਰਹੇ ਹਨ। ਗ਼ੈਰ ਖੇਤੀ ਲਈ ਵਰਤੇ ਜਾ ਰਹੇ ਪਾਣੀ ਦੀ ਗ਼ਲਤ ਵਰਤੋਂ ਨੂੰ ਰੋਕਿਆ ਜਾਵੇ ਤੇ ਘੱਟ ਤੋਂ ਘੱਟ ਪਾਣੀ ਨਾਲ ਗੁਜ਼ਾਰਾ ਕਰਨ ਲਈ ਲੋਕਾਂ ਨੂੰ ਸਿੱਖਿਅਤ ਕੀਤਾ ਜਾਵੇ। ਮਈ-ਜੂਨ ’ਚ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਨਾ ਕੀਤਾ ਜਾਵੇ। ਦਾਲਾਂ, ਬਾਜਰਾ, ਮੱਕੀ ਆਦਿ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਉਨ੍ਹਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਯਕੀਨੀ ਬਣਾਈ ਜਾਵੇ। ਬਾਜਰੇ ਤੇ ਬਾਸਮਤੀ ਦੀ ਕਾਸ਼ਤ ਨੂੰ ਮਕਬੂਲ ਬਣਾਇਆ ਜਾਵੇ। ਅਗੇਤਾ ਝੋਨਾ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਈ ਜਾਵੇ। ਕਦੇ ਸਰਕਾਰ ਨੇ ਇਸ ’ਤੇ ਰੋਕ ਲਗਾਈ ਸੀ ਜਿਸ ਨਾਲ ਪਾਣੀ ਦੀ ਚੋਖੀ ਬੱਚਤ ਹੋਈ ਸੀ। ਪਿੰਡਾਂ ਦੀਆਂ ਢਾਬਾਂ ਤੇ ਖਾਲਿਆਂ ਦੇ ਕਬਜ਼ੇ ਛੁਡਾ ਕੇ ਮੁੜ ਚਾਲੂ ਕੀਤੇ ਜਾਣ। ਸ਼ਹਿਰਾਂ ਦੇ ਪਾਰਕਾਂ ਵਿਚ ਘਾਹ ਨੂੰ ਪਾਣੀ ਲਗਾਉਣ ਲਈ ਨਿਯਮ ਬਣਾਏ ਜਾਣ ਤਾਂ ਜੋ ਪਾਣੀ ਨੂੰ ਬਚਾਇਆ ਜਾ ਸਕੇ। ਜੇ ਸੰਜੀਦਾ ਯਤਨ ਨਾ ਕੀਤੇ ਗਏ ਤਾਂ ਪੀਣ ਲਈ ਸ਼ੁੱਧ ਪਾਣੀ ਮਿਲਣਾ ਮੁਸ਼ਕਲ ਹੋ ਜਾਵੇਗਾ।
-ਡਾ. ਰਣਜੀਤ ਸਿੰਘ
-ਮੋਬਾਈਲ : 94170-87328
ਆਭਾਰ : https://www.punjabijagran.com/editorial/general-depleting-water-is-a-major-concern-requiring-concerted-efforts-9246700.html
test