ਡਾ. ਪਰਮਵੀਰ ਸਿੰਘ
ਰਾਮਗੜ੍ਹੀਆ ਬੁੰਗਾ
ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਇਕ ਵਿਸ਼ਾਲ ਪੁਰਤਾਨ ਬੁੰਗੇ ਦੇ ਦਰਸ਼ਨ ਹੁੰਦੇ ਹਨ। ਇਹ ਬੁੰਗਾ ਪੁਰਾਤਨ ਰਾਮਰੌਣੀ ਕਿਲ੍ਹੇ ਦੇ ਨਾਲ ਲੱਗਦਾ ਸੀ ਜਿਹੜਾ ਕਿ ਸ੍ਰੀ ਦਰਬਾਰ ਦੀ ਸੁਰੱਖਿਆ ਕਰਨ ਲਈ ਸਰਦਾਰ ਜੱਸਾ ਸਿੰਘ ਰਾਮਗੜ੍ਹੀਏ (1723-1803) ਨੇ ਇਸ ਦੀ ਉਸਾਰੀ ਕਰਵਾਈ ਸੀ। ਸਰਦਾਰ ਜੱਸਾ ਸਿੰਘ ਦੇ ਸਮੇਂ ਇਹ ਬੁੰਗਾ ਸੰਪੂਰਨ ਨਹੀਂ ਹੋ ਸਕਿਆ ਸੀ ਅਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਆਇਆ ਤਾਂ ਉਸ ਨੇ ਇਸ ਨੂੰ ਹੋਰ ਉੱਚਾ ਲਿਜਾਣ ਤੋਂ ਰੋਕ ਦਿੱਤਾ ਸੀ।1 ਪਰ ਫਿਰ ਵੀ ਜਿਨ੍ਹਾਂ ਬੁੰਗਾ ਦਿਖਾਈ ਦੇ ਰਿਹਾ ਹੈ ਉਹ ਸੰਗਤ ਦੀ ਖਿੱਚ ਦਾ ਕਾਰਨ ਬਣਿਆ ਰਹਿੰਦਾ ਹੈ। ਇਸ ਬੁੰਗੇ ਦੇ 156 ਫੁੱਟ ਉੱਚੇ ਦੋ ਮੀਨਾਰ ਦੁਸ਼ਮਣ ’ਤੇ ਨਜ਼ਰ ਰੱਖਣ ਲਈ ਬਣਾਏ ਗਏ ਸਨ ਜਿਹੜੇ ਕਿ ਸਾਨੂੰ ਉਸ ਸਮੇਂ ਦੀ ਯੁੱਧ ਰਣਨੀਤੀ ਅਤੇ ਭਵਨ ਉਸਾਰੀ ਕਲਾ ਦੀ ਯਾਦ ਦਿਵਾਉਂਦੇ ਹਨ। ਇਸ ਬੁੰਗੇ ਵਿਚ ਪੱਥਰ ਦੀ ਇਕ ਸਿਲ ਸੰਭਾਲ ਕੇ ਰੱਖੀ ਹੋਈ ਹੈ ਜਿਹੜੀ ਕਿ ਬਾਦਸ਼ਾਹ ਦੀ ਤਾਜਪੋਸ਼ੀ ਸਮੇਂ ਵਰਤੀ ਜਾਂਦੀ ਸੀ। ਇਸ ਦੀ ਲੰਬਾਈ 6 ਫੁੱਟ 3 ਇੰਚ, ਚੌੜਾਈ 4 ਫੁੱਟ 6 ਇੰਚ ਅਤੇ ਮੋਟਾਈ 9 ਇੰਚ ਹੈ। 1783 ਵਿਚ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ ਅਤੇ ਹੋਰਨਾਂ ਸਿੱਖ ਸਰਦਾਰਾਂ ਦੀਆਂ ਸਾਂਝੀਆਂ ਫ਼ੌਜਾਂ ਨੇ ਦਿੱਲੀ ’ਤੇ ਹਮਲਾ ਕਰਕੇ ਜਿੱਤ ਪ੍ਰਾਪਤ ਕੀਤੀ ਸੀ। ਦਿੱਲੀ ਫ਼ਤਿਹ ਕਰਨ ਉਪਰੰਤ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਇਹ ਸਿਲ ਲਿਆ ਕੇ ਆਪਣੇ ਬੁੰਗੇ ਵਿਚ ਸੰਭਾਲ ਲਈ ਸੀ ਅਤੇ ਉਸ ਸਮੇਂ ਤੋਂ ਹੀ ਇਹ ਇੱਥੇ ਮੌਜੂਦ ਹੈ। 1984 ਦੇ ਓਪਰੇਸ਼ਨ ਬਲਿਊ ਸਟਾਰ ਸਮੇਂ ਇਸ ਬੁੰਗੇ ਨੂੰ ਵੀ ਭਾਰੀ ਨੁਕਸਾਨ ਪੁੱਜਾ ਸੀ ਪਰ ਬਾਅਦ ਵਿਚ ਇਸਦੀ ਮੁਰੰਮਤ ਕਰਕੇ ਇਸਨੂੰ ਸੁੰਦਰ ਦਿੱਖ ਪ੍ਰਦਾਨ ਕੀਤੀ ਗਈ ਹੈ।
ਇਸ ਬੁੰਗੇ ਨੂੰ ਦੇਖਦਿਆਂ ਹੀ ਮਨ ਅਤੀਤ ਦੀਆਂ ਘਟਨਾਵਾਂ ਅਤੇ ਸਿੱਖ ਸੂਰਬੀਰਾਂ ਦੀ ਯਾਦ ਵਿਚ ਚਲਾ ਜਾਂਦਾ ਹੈ। ਉੱਘਾ ਸਿੱਖ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਇਸ ਬੁੰਗੇ ਨਾਲ ਜੁੜਿਆ ਹੋਇਆ ਅਜਿਹਾ ਪਾਤਰ ਹੈ ਜਿਸ ਨੇ ਅਠਾਰ੍ਹਵੀਂ ਸਦੀ ਦੌਰਾਨ ਸਿੱਖੀ ਪਛਾਣ ਅਤੇ ਸਵੈਮਾਨ ਨੂੰ ਕਾਇਮ ਰੱਖਣ ਲਈ ਲਹੂ ਡੋਲਵੇਂ ਯੁੱਧ ਲੜੇ ਸਨ। ਸਮੇਂ ਦੀ ਹਕੂਮਤ ਅਤੇ ਹਮਲਾਵਰ ਸਿੱਖਾਂ ਦਾ ਖੁਰਾ-ਖੋਜ ਮਿਟਾਉਣ ਲਈ ਯਤਨਸ਼ੀਲ ਸਨ ਅਤੇ ਉਹ ਇਹ ਸਮਝਦੇ ਸਨ ਕਿ ਸ੍ਰੀ ਦਰਬਾਰ ਸਾਹਿਬ ਨੂੰ ਮਿੱਟੀ ਵਿਚ ਮਿਲਾ ਕੇ ਆਪਣੇ ਉਦੇਸ਼ ਦੀ ਪੂਰਤੀ ਕਰ ਲੈਣਗੇ ਪਰ ਉਹ ਇਹ ਨਹੀਂ ਜਾਣਦੇ ਸਨ ਕਿ ਸਿੱਖਾਂ ਦੀ ਸ਼ਕਤੀ ਦਾ ਇਹ ਸਰੋਤ ਉਹਨਾਂ ਦੇ ਮਨ ਵਿਚ ਵੱਸਦਾ ਹੈ ਜਿਸ ਨੂੰ ਉਹ ਕਦੇ ਵੀ ਨਹੀਂ ਢਾਹ ਸਕਦੇ। 1756 ਤੋਂ 1764 ਤੱਕ ਤਿੰਨ ਵਾਰੀ ਸ੍ਰੀ ਦਰਬਾਰ ਸਾਹਿਬ ਨੂੰ ਅਫ਼ਗ਼ਾਨ ਹਮਲਾਵਰਾਂ ਨੇ ਢਾਹ ਦਿੱਤਾ ਸੀ2 ਪਰ ਹਰ ਹਮਲੇ ਤੋਂ ਬਾਅਦ ਸਿੱਖ ਇਸਨੂੰ ਦੁਬਾਰਾ ਖੜ੍ਹਾ ਕਰ ਲੈਂਦੇ ਸਨ। ਇਸ ਮਹੱਤਵਪੂਰਨ ਅਸਥਾਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਕੋਲ ਆਈ ਤਾਂ ਉਸ ਨੇ ਇਸ ਦੀ ਸੁਰੱਖਿਆ ਲਈ ਇਕ ਕਿਲੇ ਦੀ ਉਸਾਰੀ ਕੀਤੀ ਜਿਸ ਨੂੰ ‘ਰਾਮਰੌਣੀ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਦ੍ਰਿਸ਼ਟੀ ਤੋਂ ਇਸ ਉੱਘੇ ਸਿੱਖ ਸਰਦਾਰ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਹਮੇਸ਼ਾਂ ਬਣੀ ਰਹਿੰਦੀ ਹੈ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਿੱਖ ਸੰਘਰਸ਼ੀ ਪਰਿਵਾਰ ਵਿਚੋਂ ਸੀ। ਇਸ ਦਾ ਦਾਦਾ ਸਰਦਾਰ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਸੀ। ਗੁਰੂ ਜੀ ਦੀ ਪ੍ਰੇਰਨਾ ਸਦਕਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨਾਂਦੇੜ ਤੋਂ ਪੰਜਾਬ ਆਇਆ ਤਾਂ ਇਹ ਉਸ ਦੇ ਨਾਲ ਮੁਗ਼ਲ ਫ਼ੌਜ ਵਿਰੁੱਧ ਹੋਣ ਵਾਲੇ ਯੁੱਧਾਂ ਵਿਚ ਹਿੱਸਾ ਲੈਣ ਲੱਗਿਆ ਸੀ। 1715 ਵਿਚ ਹੁਸ਼ਿਆਰਪੁਰ ਕੋਲ ਬਜਵਾੜੇ ਦੇ ਸਥਾਨ ’ਤੇ ਜਦੋਂ ਇਹਨਾਂ ਦਾ ਟਾਕਰਾ ਮੁਗ਼ਲ ਫ਼ੌਜ ਨਾਲ ਹੋਇਆ ਤਾਂ ਉਸ ਵਿਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿਚ ਸਰਦਾਰ ਹਰਦਾਸ ਸਿੰਘ ਵੀ ਸੀ। ਇਹਨਾਂ ਦਾ ਲੜਕਾ ਭਾਈ ਭਗਵਾਨ ਸਿੰਘ ਸੀ ਜਿਹੜਾ ਕਿ ਬਲਵਾਨ ਅਤੇ ਸਿੱਖੀ ਸਿਦਕ ਵਿਚ ਪਰਪੱਕ ਸੀ। ਗੁਰੂ ਗ੍ਰੰਥ ਸਾਹਿਬ ਦਾ ਗਿਆਨ ਹੋਣ ਕਰਕੇ ਇਨਾਂ ਨੂੰ ‘ਗਿਆਨੀ ਭਗਵਾਨ ਸਿੰਘ’ ਵੀ ਕਿਹਾ ਜਾਂਦਾ ਸੀ। 1739 ਈਸਵੀ ਵਿਚ ਭਾਰਤ ’ਤੇ ਨਾਦਰ ਸ਼ਾਹ ਨੇ ਹਮਲਾ ਕੀਤਾ ਤਾਂ ਉਸ ਨਾਲ ਲੜਦੇ ਹੋਏ ਉਹ ਸ਼ਹੀਦ ਹੋ ਗਏ ਸਨ। ਇਨ੍ਹਾਂ ਦੇ ਪੰਜ ਪੁੱਤਰ ਸਨ – ਜੱਸਾ ਸਿੰਘ, ਜੈ ਸਿੰਘ, ਮਾਲੀ ਸਿੰਘ, ਖੁਸ਼ਹਾਲ ਸਿੰਘ ਅਤੇ ਤਾਰਾ ਸਿੰਘ। ਜੱਸਾ ਸਿੰਘ ਸਭ ਤੋਂ ਵੱਡਾ ਪੁੱਤਰ ਸੀ ਜਿਸਨੂੰ ਸਿੱਖੀ ਦੀ ਲਗਨ ਘਰ ਵਿਚੋਂ ਹੀ ਪਿਉ-ਦਾਦੇ ਦੇ ਜੀਵਨ ਨੂੰ ਦੇਖ ਕੇ ਲੱਗੀ ਸੀ। ਇਸ ਨੇ ਸਿੱਖਾਂ ਦੀ ਜਿਹੜੀ ਮਿਸਲ ਕਾਇਮ ਕੀਤੀ ਉਹ ‘ਰਾਮਗੜ੍ਹੀਆ ਮਿਸਲ’ ਵੱਜੋਂ ਪ੍ਰਸਿੱਧੀ ਪ੍ਰਾਪਤ ਕਰ ਗਈ ਸੀ।
ਲਾਹੌਰ ਦੇ ਨੇੜੇ ਹੀ ਈਚੋਗਿਲ ਪਿੰਡ ਵਿਚ ਜਨਮੇ ਸਰਦਾਰ ਜੱਸਾ ਸਿੰਘ ਨੇ ਛੋਟੀ ਉਮਰ ਵਿਚ ਹੀ ਜੰਗੀ ਦਾਅ-ਪੇਚ ਸਿੱਖਣੇ ਅਰੰਭ ਕਰ ਦਿੱਤੇ ਸਨ ਅਤੇ ਛੇਤੀ ਹੀ ਜੰਗਾਂ ਯੁੱਧਾਂ ਵਿਚ ਹਿੱਸਾ ਵੀ ਲੈਣ ਲੱਗ ਪਿਆ ਸੀ। ਯੁੱਧ ਕਲਾ ਵਿਚ ਨਿਪੁੰਨ ਸ. ਜੱਸਾ ਸਿੰਘ ਗੱਲਬਾਤ ਵਿਚ ਹੁਸ਼ਿਆਰ ਅਤੇ ਤਕੜੇ ਜੁੱਸੇ ਦੀ ਦਿੱਖ ਵਾਲਾ ਸਰਦਾਰ ਸੀ। ਨਾਦਰ ਸ਼ਾਹ ਦੇ ਹਮਲੇ ਉਪਰੰਤ ਸਿੱਖਾਂ ਨੇ ਪੰਜਾਬ ਵਿਚ ਜ਼ੋਰ ਫੜ੍ਹਨਾ ਸ਼ੁਰੂ ਕਰ ਦਿੱਤਾ ਤਾਂ ਲਾਹੌਰ ਦੇ ਸੂਬੇ ਜ਼ਕਰੀਆ ਖਾਨ ਨੇ ਅਦੀਨਾ ਬੇਗ਼ ਖਾਨ ਨੂੰ ਜਲੰਧਰ ਦਾ ਫ਼ੌਜਦਾਰ ਨਿਯੁਕਤ ਕਰ ਦਿੱਤਾ ਗਿਆ ਸੀ। ਜ਼ਕਰੀਆ ਖਾਨ ਨੇ ਇਸ ਨੂੰ ਸਿੱਖਾਂ ਨੂੰ ਦਬਾਉਣ ਦਾ ਆਦੇਸ਼ ਦਿੱਤਾ ਜਿਸ ਦਾ ਉਸ ਨੇ ਥੋੜਾ-ਬਹੁਤ ਪਾਲਣ ਵੀ ਕੀਤਾ। ਅਦੀਨਾ ਬੇਗ਼ ਸਿੱਖਾਂ ਨੂੰ ਦਬਾਉਣ ਦੀ ਬਜਾਏ ਉਨ੍ਹਾਂ ਨਾਲ ਅਜਿਹੇ ਸੰਬੰਧ ਬਣਾਉਣ ਦਾ ਵਧੇਰੇ ਇਛੁੱਕ ਸੀ ਜਿਨ੍ਹਾਂ ਨੂੰ ਉਹ ਸਮਾਂ ਆਉਣ ਤੇ ਆਪਣੇ ਹਿਤਾਂ ਲਈ ਵਰਤ ਸਕੇ। ਪੰਜਾਬ ਵਿਚ ਸਿੱਖ ਹੀ ਅਜਿਹੀ ਤਾਕਤ ਸਨ ਜਿਨ੍ਹਾਂ ਦੇ ਸਹਿਯੋਗ ਤੋਂ ਬਗ਼ੈਰ ਬਾਹਰੀ ਤਾਕਤਾਂ ਨਾਲ ਨਜਿੱਠਣਾ ਕਿਸੇ ਵੀ ਹਾਕਮ ਲਈ ਬਹੁਤ ਔਖਾ ਸੀ ਅਤੇ ਇਨ੍ਹਾਂ ਨਾਲ ਵਿਗਾੜ ਪਾ ਕੇ ਪੰਜਾਬ ਦੇ ਅੰਦਰ ਸ਼ਾਂਤੀ ਕਾਇਮ ਰੱਖਣੀ ਅਸੰਭਵ ਸੀ। ਅਦੀਨਾ ਬੇਗ਼ ਸਿੱਖਾਂ ਨੂੰ ਦਬਾ ਕੇ ਲਾਹੌਰ ਦੇ ਸੂਬੇ ਨੂੰ ਮਜ਼ਬੂਤ ਨਹੀਂ ਸੀ ਕਰਨਾ ਚਾਹੁੰਦਾ ਜਿਸ ਨਾਲ ਉਸ ਦੀ ਆਪਣੀ ਹੋਂਦ ਨੂੰ ਵੀ ਖਤਰਾ ਪੈਦਾ ਹੋ ਜਾਣਾ ਸੁਭਾਵਕ ਸੀ। ਉਸ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਸਿੱਖਾਂ ਦੇ ਸਤਿਕਾਰਤ ਜਰਨੈਲ ਸਨ। ਅਦੀਨਾ ਬੇਗ਼ ਨੇ ਉਨ੍ਹਾਂ ਨਾਲ ਗੰਢ-ਤੁਪ ਕਰਨ ਲਈ ਦੂਤ ਭੇਜੇ। ਜੱਸਾ ਸਿੰਘ ਆਹਲੂਵਾਲੀਏ ਨੇ ਤਾਂ ਉਹਦੇ ਨਾਲ ਕਿਸੇ ਤਰ੍ਹਾਂ ਦੇ ਮੇਲ-ਜੋਲ ਕਰਨੋਂ ਨਾਂਹ ਕਰ ਦਿੱਤੀ, ਪਰੰਤੂ ਜੱਸਾ ਸਿੰਘ ਈਚੋਗਿੱਲੀਏ ਨੇ ਉਹਦੇ ਨਾਲ ਸੁਲ੍ਹਾ ਕਰਨੀ ਪਰਵਾਨ ਕਰ ਲਈ। ਅਦੀਨਾ ਬੇਗ਼ ਨੌਰੰਗਾਬਾਦ ਦੀ ਲੜਾਈ ਵਿਚ ਜੱਸਾ ਸਿੰਘ ਦੇ ਹੱਥ ਵੇਖ ਚੁੱਕਾ ਸੀ ਅਤੇ ਉਸ ਦੀ ਬੀਰਤਾ, ਦਲੇਰੀ ਤੇ ਰਾਜਨੀਤਕ ਸੂਝ-ਬੂਝ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ। ਅਦੀਨਾ ਬੇਗ਼ ਇਹੋ ਜਿਹੇ ਸੁਘੜ ਜਰਨੈਲ ਨੂੰ ਆਪਣੇ ਹੱਥ ਵਿਚ ਰੱਖਣ ਦਾ ਚਾਹਵਾਨ ਸੀ। ਜਿੱਥੇ ਉਹ ਆਪਣੀ ਗ਼ਰਜ਼ ਲਈ ਜੱਸਾ ਸਿੰਘ ਨੂੰ ਵਰਤਣਾ ਚਾਹੁੰਦਾ ਸੀ, ਉੱਥੇ ਜੱਸਾ ਸਿੰਘ ਆਪਣੀ ਨੀਤੀ ਅਨੁਸਾਰ ਤੁਰਦਾ ਜਾ ਰਿਹਾ ਸੀ। ਆਮ ਖਿਆਲ ਇਹ ਹੈ ਕਿ ਅਦੀਨਾ ਬੇਗ਼ ਕੋਲ ਮੁਲਾਜ਼ਮਤ ਕਰ ਕੇ ਉਹ ਸਿੱਖਾਂ ਵਿਰੁੱਧ ਮੁਗ਼ਲਾਂ ਵੱਲੋਂ ਵਰਤੇ ਜਾਂਦੇ ਜੰਗੀ ਦਾਅ-ਪੇਚ ਨੂੰ ਗਹਿਰਾਈ ਨਾਲ ਸਮਝਣਾ ਚਾਹੁੰਦਾ ਸੀ। ਸ਼ਾਇਦ ਉਸ ਦਾ ਇਹ ਖਿਆਲ ਹੋਵੇ ਕਿ ਮੁਗ਼ਲਾਂ ਦੇ ਵਿਚ ਰਹਿ ਕੇ ਉਹ ਆਪਣੀ ਕੌਮ ਦੀ ਵਧੀਕ ਸੇਵਾ ਕਰ ਸਕੇਗਾ।3
ਇਸ ਦ੍ਰਿਸ਼ਟੀ ਤੋਂ ਜੱਸਾ ਸਿੰਘ ਨੂੰ ਇਕ ਸੁਘੜ ਨੀਤੀਵਾਨ4 ਕਿਹਾ ਜਾ ਸਕਦਾ ਹੈ ਜਿਹੜਾ ਕਿ ਦੁਸ਼ਮਣਾਂ ਵੱਲੋਂ ਵਰਤੇ ਜਾਂਦੇ ਜੰਗੀ ਤੌਰ-ਤਰੀਕਿਆਂ ਨੂੰ ਉਹਨਾਂ ਦੀ ਦ੍ਰਿਸ਼ਟੀ ਤੋਂ ਸਮਝਣ ਦੀ ਹਿੰਮਤ ਰੱਖਦਾ ਸੀ। ਸਰਦਾਰ ਜੱਸਾ ਸਿੰਘ ਵਿਚ ਇਕ ਵਧੀਆ ਨੀਤੀਵਾਨ ਵਾਲੇ ਗੁਣ ਦੇਖਣ ਨੂੰ ਮਿਲਦੇ ਹਨ ਜਿਹੜੇ ਕਿ ਉਸ ਨੇ ਆਪਣੀ ਸ਼ਕਤੀ ਵਧਾਉਣ ਅਤੇ ਸਿੱਖਾਂ ਵਿਚ ਆਪਣਾ ਆਧਾਰ ਮਜ਼ਬੂਤ ਕਰਨ ਲਈ ਵਰਤੇ ਸਨ। ਸਰੀਰਕ ਤੌਰ ’ਤੇ ਚੁਸਤੀ, ਫੁਰਤੀ ਅਤੇ ਤੁਰੰਤ ਫ਼ੈਸਲੇ ਲੈਣ ਦੀ ਸਮਰੱਥਾ ਉਸਦਾ ਵੱਡਾ ਗੁਣ ਸੀ ਜਿਸ ਦੀ ਸਹਾਇਤਾ ਨਾਲ ਉਹ ਸਥਾਨਿਕ ਮੁਗ਼ਲ ਹਾਕਮਾਂ ਅਤੇ ਸਿੱਖਾਂ ਵਿਚ ਖਿੱਚ ਦਾ ਕਾਰਨ ਬਣਿਆ ਰਿਹਾ। ਉਸ ਦੇ ਇਸੇ ਗੁਣ ਨੂੰ ਦੇਖਦੇ ਹੋਏ ਜਦੋਂ ਅਦੀਨਾ ਬੇਗ਼ ਨੇ ਉਸਨੂੰ ਬੁਲਾਇਆ ਤਾਂ ਇਹ ਝੱਟ ਉਸ ਦੇ ਕੋਲ ਚਲਾ ਗਿਆ ਸੀ। ਅਦੀਨਾ ਬੇਗ਼ ਉਸ ਤੋਂ ਬਹੁਤ ਪ੍ਰਭਾਵਤ ਹੋਇਆ ਅਤੇ ਉਸ ਨੂੰ ਆਪਣੇ ਕੋਲ ਰਹਿਣ ਲਈ ਮਨਾ ਲਿਆ ਸੀ। ਸਰਦਾਰ ਜੱਸਾ ਸਿੰਘ 100 ਸਵਾਰਾਂ ਸਮੇਤ ਉਸ ਦੀ ਫ਼ੌਜ ਨਾਲ ਕੰਮ ਕਰਨ ਲੱਗਿਆ। ਉਹ ਜਿਥੇ ਉਨ੍ਹਾਂ ਦੀਆਂ ਜੰਗੀ ਚਾਲਾਂ ਅਤੇ ਫ਼ੌਜੀ ਸ਼ਕਤੀ ਤੋਂ ਜਾਣੂ ਹੋਇਆ ਉਥੇ ਉਸਨੇ ਆਪਣਾ ਰਸੂਖ ਵਰਤ ਕੇ ਲਗਦੀ ਵਾਹ ਸਿੱਖਾਂ ਨੂੰ ਬਚਾਉਣ ਦਾ ਕਾਰਜ ਵੀ ਕੀਤਾ। ਰਾਮਰੌਣੀ ਦੇ ਕਿਲ੍ਹੇ ਵਿਚ ਜਦੋਂ ਸਿੱਖ ਬੁਰੀ ਤਰ੍ਹਾਂ ਫਸ ਗਏ ਸਨ ਅਤੇ ਉਥੇ ਫਸੇ ਹੋਏ 500 ਸਿੱਖਾਂ ਵਿਚੋਂ 200 ਸਿੱਖ ਮਾਰੇ ਗਏ ਸਨ ਅਤੇ ਬਾਕੀ ਰਹਿੰਦੇ ਸਿੱਖਾਂ ਨੇ ਗੜ੍ਹੀ ਵਿਚੋਂ ਬਾਹਰ ਨਿਕਲ ਕੇ ਲੜ੍ਹਦੇ ਹੋਏ ਸ਼ਹੀਦੀਆਂ ਪਾਉਣ ਦਾ ਫ਼ੈਸਲਾ ਕਰ ਲਿਆ ਸੀ ਤਾਂ ਸਰਦਾਰ ਜੱਸਾ ਸਿੰਘ ਦੀ ਸਹਾਇਤਾ ਨਾਲ ਹੀ ਉਹ ਬਚ ਸਕੇ ਸਨ। ਉਹ ਉਸ ਸਮੇਂ ਘੇਰਾ ਪਾਉਣ ਗਈ ਜਲੰਧਰ ਅਤੇ ਲਾਹੌਰ ਦੀ ਫ਼ੌਜ ਵਿਚ ਸ਼ਾਮਲ ਸੀ। ਉਹ ਆਪਣੇ ਭਰਾਵਾਂ ਨੂੰ ਇਸ ਤਰ੍ਹਾਂ ਆਪਣੀਆਂ ਅੱਖਾਂ ਸਾਹਮਣੇ ਮਰਦੇ ਨਾ ਵੇਖ ਸਕਿਆ ਅਤੇ ਫਸੇ ਹੋਏ ਸਿੱਖਾਂ ਦੀ ਮਦਦ ਵਾਸਤੇ ਬਾਦਸ਼ਾਹ ਦੀਆਂ ਫ਼ੌਜਾਂ ਨੂੰ ਛੱਡ ਕੇ ਗੜ੍ਹੀ ਅੰਦਰ ਚਲਾ ਗਿਆ ਸੀ। ਅੰਦਰ ਜਾ ਕੇ ਨਾ ਕੇਵਲ ਉਸ ਨੇ ਆਪਣੇ ਧਰਮ-ਭਰਾਵਾਂ ਦੀ ਮੱਦਦ ਕੀਤੀ ਬਲਕਿ ਉਸਨੇ ਆਪਣੀ ਸੂਝ-ਬੂਝ ਦੀ ਵਰਤੋਂ ਕਰਦੇ ਹੋਏ ਲਾਹੌਰ ਦੇ ਦੀਵਾਨ ਕੌੜਾ ਮੱਲ ਨੂੰ ਕਹਿ ਕੇ ਉੱਥੇ ਲੰਮੇ ਸਮੇਂ ਤੋਂ ਪਏ ਹੋਏ ਫ਼ੌਜੀ ਘੇਰੇ ਨੂੰ ਚੁਕਵਾ ਦਿੱਤਾ ਸੀ, ਨਹੀਂ ਤਾਂ ਉਸ ਕਿਲ੍ਹੇ ਵਿਚ ਮੌਜੂਦ ਸਮੂਹ ਸਿੰਘਾਂ ਦੇ ਮਾਰੇ ਜਾਣ ਦਾ ਖਤਰਾ ਪੈਦਾ ਹੋ ਗਿਆ ਸੀ। ਉਸ ਦੀ ਇਸ ਨੀਤੀ ਨਾਲ ਨਾ ਕੇਵਲ ਸਿੱਖਾਂ ਦੀ ਜਾਨ ਬਚੀ ਸੀ ਬਲਕਿ ਮੀਰ ਮੰਨੂੰ ਨੇ ਪਰਗਣਾ ਪੱਟੀ ਦੇ ਮਾਮਲੇ ਵਿਚੋਂ ਅੱਧਾ ਸਿੱਖਾਂ ਨੂੰ ਜਾਗੀਰ ਵਜੋਂ ਦੇਣਾ ਮੰਨ ਲਿਆ ਅਤੇ ਦਰਬਾਰ ਸਾਹਿਬ ਦੇ ਪੁਰਾਣੇ ਬਾਰਾਂ ਪਿੰਡਾਂ ਦਾ ਜਬਤ ਹੋਇਆ ਮਾਮਲਾ ਬਹਾਲ ਕਰ ਦਿੱਤਾ ਸੀ।5 ਜੱਸਾ ਸਿੰਘ ਦੇ ਨੀਤੀਵਾਨ ਹੋਣ ਦੇ ਗੁਣਾਂ ਦਾ ਜ਼ਿਕਰ ਹਰੀ ਰਾਮ ਗੁਪਤਾ ਵੀ ਆਪਣੀ ਪੁਸਤਕ ਹਿਸਟਰੀ ਆਫ਼ ਦੀ ਸਿੱਖਸ ਵਿਚ ਕਰਦਾ ਹੋਇਆ ਦੱਸਦਾ ਹੈ ਕਿ ਜੱਸਾ ਸਿੰਘ ਨੇ ਆਪਣੀ ਨੀਤੀ ਅਨੁਸਾਰ ਉਸ ਸਮੇਂ ਦੇ ਭਾਰਤ ਵਿਚ ਰਹਿ ਰਹੇ ਅੰਗਰੇਜ਼ ਗਵਰਨਰ ਲਾਰਡ ਵੈਲਜ਼ਲੀ ਨਾਲ ਚਿੱਠੀ-ਪੱਤਰ ਵੀ ਕੀਤਾ ਸੀ। ਉਹ ਅਫ਼ਗ਼ਾਨਾਂ (ਸ਼ਾਹ ਜ਼ਮਾਨ) ਦੇ ਵਿਰੁੱਧ ਅੰਗਰੇਜ਼ਾਂ ਦੀ ਸਹਾਇਤਾ ਚਾਹੁੰਦਾ ਸੀ ਤਾਂ ਕਿ ਪੰਜਾਬ ਵਿਚ ਅਮਨ ਕਾਇਮ ਰੱਖਿਆ ਜਾ ਸਕੇ। ਗਵਰਨਰ ਜਨਰਲ ਨੇ ਆਪਣੇ ਜਵਾਬੀ ਪੱਤਰ ਵਿਚ ਸ਼ਾਹ ਦੇ ਵਾਪਸ ਲਾਹੌਰ ਮੁੜ ਆਉਣ ਦੀ ਸੰਭਾਵਨਾ ਨੂੰ ਰੱਦ ਕਰਦੇ ਹੋਏ ਸਰਦਾਰ ਜੱਸਾ ਸਿੰਘ ਨੂੰ ਦੂਰਦਰਸ਼ੀ ਅਤੇ ਸੂਝਵਾਨ ਕਿਹਾ ਸੀ।
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ
ਜੱਸਾ ਸਿੰਘ ਆਪਣੀ ਸੂਝ ਅਤੇ ਰਣਨੀਤੀ ਤਹਿਤ ਆਪਣੀ ਮਿਸਲ ਨੂੰ ਮਜ਼ਬੂਤੀ ਪ੍ਰਦਾਨ ਕਰ ਰਿਹਾ ਸੀ ਕਿਉਂਕਿ ਉਸ ਨੂੰ ਬਾਹਰੀ ਅਤੇ ਅੰਦਰੂਨੀ ਹਮਲਾਵਰਾਂ ਨਾਲ ਇਕੋ ਸਮੇਂ ਜੂਝਣਾ ਪੈ ਰਿਹਾ ਸੀ। ਉਸ ਸਮੇਂ ਦੇ ਰਾਜ-ਰੌਲੇ ਵਿਚ ਇਹ ਪਤਾ ਲਾਉਣਾ ਔਖਾ ਕਾਰਜ ਸੀ ਕਿ ਕੌਣ ਕਿਸ ਦੀ ਸਹਾਇਤਾ ਕਰ ਰਿਹਾ ਹੈ, ਕੌਣ ਅੰਦਰੂਨੀ ਸ਼ਾਸਕ ਬਾਹਰੀ ਹਮਲਾਵਰਾਂ ਨੂੰ ਆਪਣੇ ਸਵਾਰਥ ਹਿਤ ਬੁਲਾ ਰਿਹਾ ਹੈ।ਸਵਾਰਥੀ ਬਿਰਤੀਆਂ ਨੇ ਦੇਸ਼ ਵਿਚ ਅਜਿਹੀ ਅਫ਼ਰਾਤਰੀ ਫੈਲਾ ਦਿੱਤੀ ਸੀ ਕਿ ਇਹ ਦੇਸ਼ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਤੌਰ ਤੇ ਖੋਖਲਾ ਹੁੰਦਾ ਜਾ ਰਿਹਾ ਸੀ। ਘੱਟ ਗਿਣਤੀ ਵਿਚ ਹੁੰਦੇ ਹੋਏ ਅਜਿਹੇ ਸਮੇਂ ਸਿੱਖਾਂ ਦੀਆਂ ਜਿੱਤਾਂ ਦਾ ਕਾਰਨ ਇਹ ਸੀ ਕਿ ਉਹ ਗੁਰ-ਸ਼ਬਦ ਨਾਲ ਜੁੜ ਕੇ, ਲੋਕਾਈ ਦੇ ਭਲੇ ਹਿੱਤ, ਇਕ ਖਾਲਸਈ ਨਿਸ਼ਾਨ ਹੇਠ ਜੂਝ ਰਹੇ ਸਨ। ਬਾਹਰੀ ਹਮਲਾਵਰ ਦਾ ਮੁਕਾਬਲਾ ਕਰਨ ਲਈ ਸਿੱਖਾਂ ਦੀਆਂ ਸਾਰੀਆਂ ਜਥੇਬੰਦੀਆਂ ਮਿਲ ਕੇ ਯਤਨ ਕਰ ਰਹੀਆਂ ਸਨ। ਸ. ਜੱਸਾ ਸਿੰਘ ਰਾਮਗੜ੍ਹੀਆ ਸਿੱਖਾਂ ਦੇ ਜਰਨੈਲ ਵਜੋਂ ਇਤਿਹਾਸ ਦੇ ਪੰਨਿਆਂ ਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰ ਰਿਹਾ ਸੀ। ਦੂਜੇ ਸਿੱਖ ਸਰਦਾਰਾਂ ਨਾਲ ਮਿਲ ਕੇ ਉਸ ਨੇ ਕਈ ਸਾਂਝੀਆਂ ਮੁਹਿੰਮਾਂ ਵਿਚ ਅਹਿਮਦ ਸ਼ਾਹ ਅਬਦਾਲੀ ਨਾਲ ਲੋਹਾ ਲਿਆ ਸੀ। 1762 ਈਸਵੀ ਵਿਚ ਅਬਦਾਲੀ ਨੇ ਸਿੱਖਾਂ ਦਾ ਵੱਡੇ ਪੱਧਰ ’ਤੇ ਸਫ਼ਾਇਆ ਕਰਨ ਦਾ ਯਤਨ ਕੀਤਾ ਸੀ ਜਿਸ ਵਿਚ 30,000 ਤੋਂ ਵਧੇਰੇ ਸਿੱਖ ਸ਼ਹੀਦ ਹੋ ਗਏ ਸਨ। ਮਲੇਰਕੋਟਲਾ ਨੇੜੇ ਕੁੱਪ ਰਹੀੜੇ ਦੇ ਸਥਾਨ ’ਤੇ ਵਾਪਰੀ ਇਸ ਵੱਡੀ ਦੁਖਦਾਈ ਘਟਨਾ ਨੂੰ ਵੱਡੇ ਘੱਲੂਘਾਰੇ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਿੱਖਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਕਰਕੇ ਵਾਪਸ ਜਾਂਦੇ ਅਬਦਾਲੀ ਨੇ ਸਿੱਖਾਂ ਦੇ ਕੇਂਦਰੀ ਧਰਮ ਅਸਥਾਨ ਸ੍ਰੀ ਦਰਬਾਰ ਸਾਹਿਬ ਨੂੰ ਵੀ ਢਾਹ ਦਿੱਤਾ ਸੀ। ਉਸ ਸਮੇਂ ਸਿੱਖਾਂ ਦੀ ਕਮਾਨ ਸ. ਜੱਸਾ ਸਿੰਘ ਆਹਲੂਵਾਲੀਏ ਅਤੇ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਹੱਥ ਸੀ ਇਹਨਾਂ ਦੀ ਅਗਵਾਈ ਵਿਚ ਅਬਦਾਲੀ ਨੂੰ ਸਿੱਖਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਵੱਡੇ ਘੱਲੂਘਾਰੇ ਵਾਲੀ ਘਟਨਾ ਤੋਂ ਤੁਰੰਤ ਬਾਅਦ ਸਿੱਖ ਛੇਤੀ ਹੀ ਦੁਬਾਰਾ ਖੜੇ ਹੋ ਗਏ ਸਨ ਅਤੇ ਚਾਰ ਮਹੀਨੇ ਦੇ ਵਿਚ ਹੀ ਇਹਨਾਂ ਨੇ ਅਬਦਾਲੀ ਦੇ ਸਰਹਿੰਦ ਵਿਖੇ ਨਿਯੁਕਤ ਕੀਤੇ ਹਾਕਮ ਜ਼ੈਨ ਖ਼ਾਨ ਨੂੰ ਹਰਾ ਕੇ ਉਸ ਤੋਂ ਭਾਰੀ ਨਜ਼ਰਾਨਾ ਵਸੂਲ ਕਰ ਲਿਆ ਸੀ। ਸਿੱਖਾਂ ਨੇ ਇਹ ਫ਼ੈਸਲਾ ਕਰ ਲਿਆ ਸੀ ਕਿ ਦੁੱਰਾਨੀਆਂ ਨੂੰ ਪੰਜਾਬ ਵਿਚ ਸਥਿਰ ਨਹੀਂ ਹੋਣ ਦੇਣਾ। ਭਾਵੇਂ ਕਿ ਦੁਰਾਨੀਆਂ ਦੀਆਂ ਫ਼ੌਜਾਂ ਦੀ ਗਿਣਤੀ ਸਿੱਖਾਂ ਤੋਂ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਸਿੱਖ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੰਦੇ ਸਨ। 1766 ਵਿਚ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ’ਤੇ ਇਕ ਵਾਰੀ ਫਿਰ ਹਮਲਾ ਕੀਤਾ ਸੀ ਅਤੇ ਇਸ ਵਾਰੀ ਵੀ ਉਸਨੂੰ ਸਿੱਖਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਬਿਆਸ ਦਰਿਆ ਦੇ ਕੰਢੇ ’ਤੇ ਹੋਏ ਅਫ਼ਗ਼ਾਨ-ਸਿੱਖ ਯੁੱਧ ਵਿਚ ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੀ ਕਮਾਨ ਹੇਠ ਸਿੱਖਾਂ ਨੇ ਉਸ ਦਾ ਡੱਟ ਕੇ ਮੁਕਾਬਲਾ ਕੀਤਾ ਸੀ। ਇਸ ਲੜਾਈ ਵਿਚ ਜੱਸਾ ਸਿੰਘ ਆਹਲੂਵਾਲੀਆ ਜ਼ਖ਼ਮੀ ਹੋ ਗਿਆ ਸੀ ਅਤੇ ਲੜਾਈ ਦੀ ਕਮਾਨ ਸ. ਜੱਸਾ ਸਿੰਘ ਰਾਮਗੜ੍ਹੀਏ ਦੇ ਹੱਥ ਵਿਚ ਰਹੀ ਸੀ। ਇਸ ਲੜਾਈ ਵਿਚ “ਅਹਿਮਦ ਸ਼ਾਹ ਅਬਦਾਲੀ ਇਕ ਵਾਰ ਯੁੱਧ ਖੇਤਰ ਵਿਚ ਲੜਨ ਲਈ ਕੁੱਦਿਆ, ਪਰ ਸ. ਜੱਸਾ ਸਿੰਘ ਨੇ ਅਨੋਖੀ ਤਰ੍ਹਾਂ ਦੇ ਯੁੱਧ ਦੇ ਪੈਂਤੜੇ ਵਰਤ ਕੇ ਏਸ਼ੀਆ ਦੇ ਪ੍ਰਸਿੱਧ ਜਰਨੈਲ ਅਬਦਾਲੀ ਨੂੰ ਭਕਾ ਮਾਰਿਆ।”7 ਇਸ ਹਮਲੇ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਦਾ ਪੰਜਾਬ ਤੋਂ ਸਾਰਾ ਪ੍ਰਭਾਵ ਖ਼ਤਮ ਹੋ ਗਿਆ ਸੀ ਅਤੇ ਸਿੱਖਾਂ ਨਾਲ ਹੋਰ ਵਧੇਰੇ ਟੱਕਰ ਲੈਣ ਦੀ ਬਜਾਏ ਉਹ ਵਾਪਸ ਕਾਬੁਲ ਚਲਾ ਗਿਆ ਸੀ ਅਤੇ ਫਿਰ ਉਹਨਾਂ ਵੱਲ ਮੂੰਹ ਨਹੀਂ ਕੀਤਾ ਸੀ।
ਸ. ਜੱਸਾ ਸਿੰਘ ਨੇ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ਼ ਨਾਲ ਮਿਲ ਕੇ ਵੀ ਕਈ ਯੁੱਧ ਕੀਤੇ ਸਨ ਅਤੇ ਆਪਣੀ ਦਲੇਰੀ ਅਤੇ ਬਹਾਦਰੀ ਸਦਕਾ ਸਮੂਹ ਜਰਨੈਲਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਅਦੀਨਾ ਬੇਗ਼ ਦੇ ਚਲਾਣਾ ਕਰ ਜਾਣ ਪਿੱਛੋਂ ਉਸਦੇ ਕਈ ਇਲਾਕਿਆਂ ਨੂੰ ਜੱਸਾ ਸਿੰਘ ਨੇ ਆਪਣੇ ਅਧੀਨ ਕਰ ਲਿਆ ਸੀ। ਬਟਾਲਾ, ਕਲਾਨੌਰ, ਦੀਨਾ ਨਗਰ, ਸ੍ਰੀ ਹਰਿਗੋਬਿੰਦਪੁਰ, ਸ਼ਾਹਪੁਰ ਕੰਡੀ, ਕਾਦੀਆਂ ਅਤੇ ਘੁਮਾਣ ਆਦਿ ਇਲਾਕੇ ਉਸ ਦੇ ਕਬਜ਼ੇ ਅਧੀਨ ਆ ਗਏ ਸਨ ਜਿਨ੍ਹਾਂ ਨੂੰ ਸਮੁੱਚੇ ਤੌਰ ਤੇ ਰਿਆੜਕੀ ਕਿਹਾ ਜਾਂਦਾ ਸੀ। ਉਸ ਦੀਆਂ ਜੇਤੂ ਮੁਹਿੰਮਾਂ ਦੀ ਚਰਚਾ ਚਾਰ-ਚੁਫ਼ੇਰੇ ਫੈਲੀ ਹੋਈ ਸੀ ਜਿਸ ਦਾ ਲਾਹਾ ਲੈਂਦੇ ਹੋਏ ਉਹ ਲਾਹੌਰ ਤੱਕ ਜਾ ਪਹੁੰਚਿਆ। ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਤੇ ਅਧਿਕਾਰ ਜਮਾਉਣ ਤੋਂ ਬਾਅਦ ਉਸ ਨੇ ਪਹਾੜੀ ਰਿਆਸਤਾਂ ਵੱਲ ਆਪਣਾ ਧਿਆਨ ਕੇਂਦਰਿਤ ਕੀਤਾ। ਇਸਨੇ ਕਾਂਗੜਾ, ਨੂਰਪੁਰ, ਜਸਵਾਨ, ਹਰੀਪੁਰ, ਕਟੋਚ ਅਤੇ ਚੰਬਾ ਆਦਿ ਇਲਾਕਿਆਂ ਦੇ ਹਾਕਮਾਂ ਨੂੰ ਆਪਣੀ ਈਨ ਮੰਨਣ ਲਈ ਮਜਬੂਰ ਕਰ ਦਿੱਤਾ ਸੀ। ਪਹਾੜੀ ਰਿਆਸਤਾਂ ਵਿਚੋਂ ਕਾਂਗੜੇ ਦੀ ਜਿੱਤ ਤੇ ਟਿੱਪਣੀ ਕਰਦੇ ਹੋਏ ਕਿਹਾ ਗਿਆ ਹੈ ਕਿ ਇਹ “ਜਿੱਤ ਸਿੱਖ ਰਾਜ ਦੇ ਇਤਿਹਾਸ ਵਿਚ ਬੜੀ ਮਹਾਨਤਾ ਰੱਖਦੀ ਹੈ, ਕਿਉਂਜੁ ਇਸ ਜਿੱਤ ਨੇ ਪੰਜਾਬ ਦੀਆਂ ਬਾਕੀ ਪਹਾੜੀ ਰਿਆਸਤਾਂ ਦੀ ਜਿੱਤ ਲਈ ਸਿੱਖਾਂ ਦਾ ਰਾਹ ਸਾਫ਼ ਕਰ ਦਿੱਤਾ। ਇਸ ਜਿੱਤ ਨਾਲ ਸ. ਜੱਸਾ ਸਿੰਘ ਦਾ ਰੁਹਬ ਬਹੁਤ ਵੱਧ ਗਿਆ ਤੇ ਬਾਕੀ ਰਿਆਸਤਾਂ ਉੱਤੇ ਆਪਣਾ ਅਧਿਕਾਰ ਜਮਾਣਾ ਉਹਦੇ ਲਈ ਬਹੁਤ ਸੌਖਾ ਹੋ ਗਿਆ, ਇਥੋਂ ਤੱਕ ਕਿ ਕਈ ਪਹਾੜੀ ਰਾਜਿਆਂ ਨੇ ਬਿਨਾਂ ਲੜਾਈ ਦੇ ਸ. ਜੱਸਾ ਸਿੰਘ ਨੂੰ ਸਾਲਾਨਾ ਕਰ ਦੇ ਕੇ ਉਸ ਦੀ ਪ੍ਰਮੁੱਖਤਾ ਸਵੀਕਾਰ ਕਰਨ ਦਾ ਫੈਸਲਾ ਕਰ ਲਿਆ।”8 ਜੱਸਾ ਸਿੰਘ ਨੇ ਪਹਾੜੀ ਰਾਜਿਆਂ ਦੀਆਂ ਰਿਆਸਤਾਂ ਤੇ ਕਾਬਜ਼ ਹੋਣ ਦੀ ਬਜਾਏ ਉਨ੍ਹਾਂ ਨੂੰ ਅਧੀਨਗੀ ਪ੍ਰਵਾਨ ਲੈਣ ਲਈ ਮਜਬੂਰ ਕਰ ਦਿੱਤਾ ਸੀ ਕਿਉਂਕਿ ਜੇਕਰ ਉਹ ਇਨ੍ਹਾਂ ’ਤੇ ਪੱਕੇ ਤੌਰ ਤੇ ਕਬਜ਼ਾ ਕਰਕੇ ਆਪਣਾ ਰਾਜ ਪ੍ਰਬੰਧ ਇਨ੍ਹਾਂ ਤੇ ਠੋਸਦਾ ਤਾਂ ਇਕ ਤਾਂ ਉਨ੍ਹਾਂ ਰਿਆਸਤਾਂ ਵਿਚ ਉਸ ਦੇ ਪ੍ਰਤੀ ਵਧੇਰੇ ਵਿਰੋਧ ਅਤੇ ਰੋਸ ਪੈ ਜਾਣਾ ਸੁਭਾਵਕ ਸੀ, ਦੂਜਾ ਪਹਾੜੀ ਰਾਜਾਂ ਦੇ ਪ੍ਰਬੰਧ ਵਿਚ ਹੋਣ ਵਾਲੇ ਵਾਧੂ ਖਰਚ ਤੋਂ ਉਹ ਬਚ ਗਿਆ ਅਤੇ ਤੀਜਾ ਉਸ ਨੇ ਮੈਦਾਨੀ ਇਲਾਕਿਆਂ ਵਿਚ ਕਬਜ਼ੇ ਅਧੀਨ ਇਲਾਕਿਆਂ ਵੱਲ ਵਧੇਰੇ ਧਿਆਨ ਦਿੱਤਾ ਜਿਥੇ ਉਸ ਨੂੰ ਪਹਾੜੀਆਂ ਨਾਲੋਂ ਵਧੇਰੇ ਖ਼ਤਰਾ ਜਾਪਦਾ ਸੀ।
ਸਿੱਖ ਸਰਦਾਰਾਂ ਦਾ ਜਦੋਂ ਕੋਈ ਸਾਂਝਾ ਦੁਸ਼ਮਣ ਨਾ ਰਿਹਾ ਤਾਂ ਇਲਾਕਿਆਂ ਦੀ ਵੰਡ ਪਿੱਛੇ ਉਨ੍ਹਾਂ ਦੀ ਆਪਸ ਵਿਚ ਲੜਾਈ ਅਰੰਭ ਹੋ ਗਈ। ਏਸੇ ਖਿਚੋਤਾਣ ਵਿਚ ਸ. ਜੱਸਾ ਸਿੰਘ ਦੁਆਬਾ ਛੱਡ ਕੇ ਮਾਲਵੇ ਵਾਲੇ ਪਾਸੇ ਆ ਗਿਆ ਸੀ। ਮਾਲਵੇ ਤੋਂ ਪਾਣੀਪਤ ਅਤੇ ਕਰਨਾਲ ਦੇ ਇਲਾਕਿਆਂ ਤੋਂ ਨਜ਼ਰਾਨੇ ਪ੍ਰਾਪਤ ਕਰਦਾ ਹੋਇਆ ਉਹ ਮੇਰਠ ਅਤੇ ਮਥੁਰਾ ਦੇ ਇਲਾਕੇ ਤੱਕ ਜਾ ਪੁੱਜਾ ਪਰ ਕਿਸੇ ਦੀ ਉਸ ਨੂੰ ਰੋਕਣ ਦੀ ਹਿੰਮਤ ਨਾ ਪਈ। ਵਾਪਸ ਮੁੜਦਾ ਹੋਇਆ ਉਹ ਦਿੱਲੀ ਜਾ ਵੜਿਆ, ਕਿਸੇ ਦੀ ਉਸ ਨਾਲ ਟਾਕਰਾ ਕਰਨ ਦੀ ਹਿੰਮਤ ਨਾ ਪਈ ਅਤੇ ਉਥੋਂ ਉਹ ਚਾਰ ਤੋਪਾਂ ਅਤੇ ਬਹੁਤ ਸਾਰਾ ਸਮਾਨ ਲੈ ਕੇ ਵਾਪਸ ਮੁੜਿਆ। ਦੂਜੇ ਪਾਸੇ ਦੁਆਬੇ ਵਿਚ ਸ਼ੁਕਰਚੱਕੀਆ ਅਤੇ ਘਨੱਈਆ ਮਿਸਲਾਂ ਦੀ ਆਪਸ ਵਿਚ ਖੜਕ ਪਈ। ਮਹਾਂ ਸਿੰਘ ਸ਼ੁਕਰਚੁੱਕੀਏ ਨੂੰ ਇਹ ਇਲਮ ਸੀ ਕਿ ਜੇਕਰ ਸ. ਜੱਸਾ ਸਿੰਘ ਰਾਮਗੜ੍ਹੀਆ ਉਸ ਦੀ ਸਹਾਇਤਾ ਕਰੇ ਤਾਂ ਉਹ ਆਸਾਨੀ ਨਾਲ ਘਨੱਈਏ ਸਰਦਾਰ ਤੋਂ ਜਿੱਤ ਪ੍ਰਾਪਤ ਕਰ ਸਕਦਾ ਹੈ। ਉਸ ਨੇ ਆਪਣੀ ਇਸ ਲੜਾਈ ਵਿਚ ਹਿੱਸਾ ਲੈਣ ਲਈ ਜੱਸਾ ਸਿੰਘ ਨੂੰ ਮਨਾ ਲਿਆ ਅਤੇ ਘਨੱਈਏ ਸਰਦਾਰ ਦੇ ਇਲਾਕੇ ਤੇ ਹਮਲਾ ਕਰ ਦਿੱਤਾ। ਇਸ ਲੜ੍ਹਾਈ ਵਿਚ ਜੱਸਾ ਸਿੰਘ ਦੇ ਹੱਥੋਂ ਘਨੱਈਆ ਮਿਸਲ ਦੇ ਮੁੱਖੀ ਜੈ ਸਿੰਘ ਦਾ ਪੁੱਤਰ ਗੁਰਬਖ਼ਸ਼ ਸਿੰਘ ਮਾਰਿਆ ਗਿਆ ਅਤੇ ਲੜ੍ਹਾਈ ਖ਼ਤਮ ਹੋ ਗਈ। ਜੱਸਾ ਸਿੰਘ ਰਾਮਗੜ੍ਹੀਏ ਨੇ ਆਪਣੇ ਸਾਰੇ ਪੁਰਾਣੇ ਇਲਾਕਿਆਂ ਤੇ ਮੁੜ ਕਬਜ਼ਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦਾ ਵਿਆਹ ਘਨੱਈਆ ਮਿਸਲ ਦੇ ਜੈ ਸਿੰਘ ਦੀ ਪੋਤਰੀ ਅਤੇ ਲੜਾਈ ਵਿਚ ਮਾਰੇ ਗਏ ਗੁਰਬਖ਼ਸ਼ ਸਿੰਘ ਦੀ ਪੁੱਤਰੀ ਨਾਲ ਹੋ ਗਿਆ। ਘਨੱਈਆ ਅਤੇ ਸ਼ੁਕਰਚੱਕੀਆ ਮਿਸਲਾਂ ਵਿਚ ਪੈਦਾ ਹੋਈ ਕੜਵਾਹਟ ਰਿਸ਼ਤੇਦਾਰੀ ਵਿਚ ਬਦਲੀ ਤਾਂ ਇਨ੍ਹਾਂ ਨੇ ਰਲ ਕੇ ਰਾਮਗੜ੍ਹੀਆ ਮਿਸਲ ਦੇ ਖਿਲਾਫ਼ ਮੁਹਿੰਮ ਛੇੜ ਦਿੱਤੀ। ਮਹਾਰਾਜਾ ਰਣਜੀਤ ਸਿੰਘ ਦੀ ਸੱਸ ਸਦਾ ਕੌਰ ਨੇ ਉਸ ਨੂੰ ਜੱਸਾ ਸਿੰਘ ਰਾਮਗੜ੍ਹੀਏ ਤੇ ਹਮਲਾ ਕਰਨ ਲਈ ਮਨਾ ਲਿਆ ਅਤੇ ਮਿਆਨੀ ਦੇ ਕਿਲ੍ਹੇ ਵਿਚ ਉਸਨੂੰ ਜਾ ਘੇਰਾ ਪਾਇਆ। ਸ. ਜੱਸਾ ਸਿੰਘ ਰਾਮਗੜ੍ਹੀਆ ਸੂਝਵਾਨ ਅਤੇ ਦਲੇਰ ਜਰਨੈਲ ਸੀ, ਉਸਨੇ ਕਿਲ੍ਹਾ ਛੱਡਣ ਜਾਂ ਭੱਜ ਨਿਕਲਣ ਦੀ ਬਜਾਏ ਕਿਲ੍ਹੇ ਦੇ ਅੰਦਰੋਂ ਹੀ ਉਨ੍ਹਾਂ ਨਾਲ ਮੁਕਾਬਲਾ ਜਾਰੀ ਰੱਖਿਆ। ਕੁਦਰਤ ਨੇ ਸ. ਜੱਸਾ ਸਿੰਘ ਦਾ ਸਾਥ ਦਿੱਤਾ ਅਤੇ ਉਥੇ ਨੇੜੇ ਵਗਦੇ ਬਿਆਸ ਦਰਿਆ ਵਿਚ ਹੜ੍ਹ ਆ ਗਿਆ। ਮਹਾਰਾਜ ਰਣਜੀਤ ਸਿੰਘ ਦੀ ਸੈਨਾ ਦਾ ਬਹੁਤ ਨੁਕਸਾਨ ਹੋਇਆ, ਅਖੀਰ ਉਸ ਨੂੰ ਘੇਰਾ ਚੁੱਕਣਾ ਪੈ ਗਿਆ।
ਖਾਲਸਾ ਦਿੱਲੀ ਫਤਿਹ
ਸਰਦਾਰ ਜੱਸਾ ਸਿੰਘ ਰਾਮਗੜ੍ਹੀਏ ਨੇ ਇਕ ਜੇਤੂ ਜਰਨੈਲ ਵਜੋਂ ਪੰਜਾਬ ਦੇ ਇਕ ਵੱਡੇ ਪਹਾੜੀ ਅਤੇ ਮੈਦਾਨੀ ਇਲਾਕੇ ਉਤੇ ਕਬਜ਼ਾ ਕਰ ਲਿਆ ਸੀ। ਉਸ ਦੀਆਂ ਜੇਤੂ ਮੁਹਿੰਮਾਂ ਨੇ ਉਸ ਦੇ ਇਲਾਕੇ ਵਿਚ ਭਾਰੀ ਵਾਧਾ ਕੀਤਾ ਸੀ। ਇਥੋਂ ਤੱਕ ਕਿ ਕਟੋਚ ਵਿਚ ਅਹਿਮਦ ਸ਼ਾਹ ਦੇ ਡਿਪਟੀ ਘਮੰਡ ਚੰਦ ਅਤੇ ਦੂਜੇ ਪਹਾੜੀ ਰਾਜਪੂਤ ਰਾਜੇ ਉਸ ਦੇ ਬਾਜ਼ਗੁਜ਼ਾਰ ਬਣ ਗਏ ਸਨ ਅਤੇ ਹੁਣ ਉਸ ਦਾ ਰਾਜ ਸਤਲੁਜ ਤੇ ਬਿਆਸ ਵਿਚਕਾਰ ਪਹਾੜ ਵੱਲ ਦੇ ਸਾਰੇ ਦੇਸ਼ ਉਤੇ ਫੈਲ ਗਿਆ ਸੀ ਜਿਸ ਵਿਚ ਬਿਸਤ ਜਲੰਧਰ ਦਾ ਇਕ ਬਹੁਤ ਵੱਡਾ ਭਾਗ ਸ਼ਾਮਲ ਸੀ।9 ਉਸ ਦੇ ਜੀਵਨ ਵਿਚ ਇਹ ਸਮਾਂ ਅਜਿਹਾ ਸੀ ਕਿ ਉਸ ਦੀ ਮਿਸਲ ਦੀ ਤਾਕਤ ਦਾ ਟਾਕਰਾ ਕਰਨ ਵਿਚ ਕਿਸੇ ਦਾ ਹੌਂਸਲਾ ਨਹੀਂ ਸੀ ਪੈਂਦਾ, “ਆਸ ਪਾਸ ਦੇ ਹਾਕਮ ਏਧਰ ਨਜ਼ਰ ਪੁੱਟ ਕੇ ਨਹੀਂ ਸਨ ਵੇਖ ਸਕਦੇ ਏਸ ਵੇਲੇ ਏਸ ਮਿਸਲ ਵਿਚ ਸੁਆਰ 18000 ਤੀਕਰ ਪੁੱਜ ਚੁੱਕੇ ਹੋਏ ਸਨ ਤੇ ਸਾਰਾ ਮੁਲਕ 35 ਲੱਖ ਤੋਂ ਵੀ ਵੱਧ ਸੀ, 360 ਕਿਲ੍ਹੇ ਚੰਗੇ ਪੱਕੇ ਏਨ੍ਹਾਂ ਦੇ ਵਸੀਕਾਰ ਵਿਚ ਸਨ ਬਸ ਰਾਮਗੜ੍ਹੀਏ ਏਸ ਵੇਲੇ ਘਰ ਘਰ ਰਾਜੇ ਬਣੇ ਹੋਏ ਸਨ।”10 ਉਸ ਦੇ ਜੀਵਨ ਨਾਲ ਸੰਬੰਧਤ ਘਟਨਾਵਾਂ ਤੋਂ ਪਤਾ ਲੱਗਦਾ ਹੈ ਕਿ ਉਸ ਦਾ ਪਰਿਵਾਰਕ ਪਿਛੋਕੜ ਭਾਵੇਂ ਤਰਖਾਣਾ ਪੇਸ਼ੇ ਨਾਲ ਸੰਬੰਧਤ ਸੀ ਪਰ ਉਸ ਦੀ ਸ਼ਖ਼ਸੀਅਤ ਵਿਚ ਉਸ ਦੇ ਜੱਦੀ ਪੇਸ਼ੇ ਨਾਲੋਂ ਜਰਨੈਲ ਦੇ ਗੁਣ ਵਧੇਰੇ ਮਾਤਰਾ ਵਿਚ ਉੱਘੜ ਕੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਉਸ ਨੂੰ ਪੰਜਾਬ ਦੇ ਇਕ ਵੱਡੇ ਹਿੱਸੇ ’ਤੇ ਕਾਬਜ਼ ਹੋਣ ਵਿਚ ਹਿੱਸਾ ਪਾਇਆ ਸੀ।
ਸ. ਜੱਸਾ ਸਿੰਘ ਦੀ ਸ਼ਖ਼ਸੀਅਤ ਵਿਚੋਂ ਉਸ ਦਾ ਸਿੱਖੀ ਪ੍ਰੇਮ ਕਿਸੇ ਨਾਲੋਂ ਘੱਟ ਨਹੀਂ ਸੀ। ਉਸ ਨੇ ਸਿੱਖੀ ਸਿਧਾਂਤਾਂ ਨੂੰ ਜੀਵਨ ਵਿਚ ਗ੍ਰਹਿਣ ਕੀਤਾ ਅਤੇ ਆਜੀਵਨ ਉਨ੍ਹਾਂ ਦੀ ਰੌਸ਼ਨੀ ਵਿਚ ਹੀ ਇਲਾਕੇ ਜਿੱਤਦਾ ਅਤੇ ਲੋਕਾਂ ਦੀ ਸੇਵਾ ਕਰਦਾ ਰਿਹਾ। ਸਿੱਖੀ ਸਿਧਾਂਤਾਂ ਅਨੁਸਾਰ ਉਹ ਹਮੇਸ਼ਾਂ ਗਰੀਬਾਂ ਅਤੇ ਨਿਆਸਰਿਆਂ ਦੀ ਸਹਾਇਤਾ ਕਰਦਾ। ਇਸ ਦੀ ਇਕ ਮਿਸਾਲ ਉਸ ਦੇ ਜੀਵਨ ਵਿਚ ਉਸ ਸਮੇਂ ਦੇਖਣ ਨੂੰ ਮਿਲਦੀ ਹੈ ਜਦੋਂ ਰਿਆੜਕੀ ਦਾ ਇਲਾਕਾ ਖੁੱਸ ਜਾਣ ਪਿੱਛੋਂ ਉਹ ਹਿਸਾਰ ਦੇ ਇਲਾਕੇ ਵਿਚ ਘੁੰਮ ਰਿਹਾ ਸੀ। ਹਿਸਾਰ ਦੇ ਗਵਰਨਰ ਨੂੰ ਸਜ਼ਾ ਦੇਣ ਲਈ ਸਰਦਾਰ ਜੱਸਾ ਸਿੰਘ ਨੇ ਨੇ ਉਸ ’ਤੇ ਹਮਲਾ ਕਰ ਦਿੱਤਾ ਸੀ ਕਿਉਂਕਿ ਉਸ ਨੇ ਇਕ ਬ੍ਰਾਹਮਣ ਦੀਆਂ ਦੋ ਧੀਆਂ ਜਬਰਨ ਘਰ ਪਾ ਲਈਆਂ ਸਨ। ਉਸ ਨੇ ਦੋਵੇਂ ਲੜਕੀਆਂ ਉਸ ਪਾਸੋਂ ਲੈ ਕੇ ਉਹਨਾਂ ਦੇ ਪਿਤਾ ਨੂੰ ਸੌਂਪ ਦਿੱਤੀਆਂ ਸਨ।11
ਸ. ਜੱਸਾ ਸਿੰਘ ਹਮੇਸ਼ਾਂ ਅਕਾਲ ਪੁਰਖ ਦੀ ਰਜ਼ਾ ਵਿਚ ਰਹਿਣ ਵਾਲਾ ਵਿਅਕਤੀ ਸੀ। ਹਿਸਾਰ ਦੇ ਇਲਾਕੇ ਵਿਚ ਹੀ ਸੀ ਕਿ ਅਰਥਿਕ ਤੰਗੀ ਨੇ ਉਸ ਦੀਆਂ ਫ਼ੌਜਾਂ ਨੂੰ ਬੇਚੈਨ ਕਰ ਦਿੱਤਾ। ਗੱਲ ਇਥੋਂ ਤੱਕ ਪਹੁੰਚ ਗਈ ਕਿ ਫ਼ੌਜਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਜਿਸ ਸਰਦਾਰ ਕੋਲ ਕੋਈ ਇਲਾਕਾ ਹੀ ਨਹੀਂ ਉਹ ਸਾਨੂੰ ਪੈਸੇ ਕਿਥੋਂ ਦਿਉ। ਇਹ ਗੱਲ ਜੱਸਾ ਸਿੰਘ ਤੱਕ ਪੁੱਜੀ ਤਾਂ ਉਸ ਨੇ ਹੱਸ ਕਿ ਕਿਹਾ ਜਿਸ ਨੇ ਸਰਦਾਰੀ ਬਖ਼ਸ਼ੀ ਹੈ, ਇਸ ਦੀ ਲਾਜ ਵੀ ਉਹ ਆਪ ਹੀ ਰੱਖੇਗਾ। ਗਿਆਨੀ ਗਿਆਨ ਸਿੰਘ ਦੱਸਦਾ ਹੈ ਕਿ “ਉਸਨੇ ਇਕ ਜਗ੍ਹਾ ਬੈਠ ਕੇ ਅੰਤਰ ਧਿਆਨ ਹੋ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਹੇ ਸੱਚੇ ਪਾਤਸ਼ਾਹ! ਪ੍ਰਦੇਸ ਦਾ ਮਾਮਲਾ ਹੈ, ਐਸ ਵੇਲੇ ਸਹਾਇਤਾ ਕਰੋ। ਅਰਦਾਸ ਕਰ ਚੁੱਕਣ ਤੇ ਪਿਆਸ ਲੱਗੀ, ਆਦਮੀ ਨੂੰ ਖੂਹ ਤੋਂ ਪਾਣੀ ਲੈਣ ਲਈ ਭੇਜਿਆ, ਕੱਢਣ ਲਗਿਆਂ ਗੜਵੀ ਖੂਹ ਵਿਚ ਡਿੱਗ ਪਈ। ਗੜਵੀ ਕੱਢਣ ਲਈ ਜਦ ਆਦਮੀ ਖੂਹ ਵਿਚ ਵੜਿਆ ਤਦ ਉਹਨੂੰ 4 ਸੰਦੂਕ ਖੂਹ ਵਿਚੋਂ ਮਿਲੇ ਜੋ ਬਾਹਰ ਕੱਢਣ ਤੇ ਖੋਹਲੇ ਗਏ ਜਿਸ ਵਿਚੋਂ 4 ਲੱਖ ਮੋਹਰਾਂ ਨਿਕਲੀਆਂ, ਉਹਦੀ ਮੂੰਹ ਮੰਗੀ ਮੁਰਾਦ ਮਿਲੀ, ਅਚਨਚੇਤ ਇੰਨਾ ਧਨ ਹੱਥ ਆ ਜਾਣ ਤੋਂ ਸ. ਜੱਸਾ ਸਿੰਘ ਬੜਾ ਖੁਸ਼ ਹੋਇਆ। ਓਹਨੇ ਅਕਾਲ ਪੁਰਖ ਦਾ ਧੰਨਵਾਦ ਕਰਕੇ ਸਾਰੀਆਂ ਮੋਹਰਾਂ ਫ਼ੌਜ ਵਿਚ ਵੰਡ ਦਿੱਤੀਆਂ”12 ਗੁਰੂ ਆਸ਼ੇ ਅਨੁਸਾਰੀ ਹੋ ਕੇ ਚੱਲਣ ਦੇ ਉਸ ਦੇ ਗੁਣ ਨੇ ਉਸ ਅੰਦਰ ਧਰਮ-ਯੁੱਧ ਕਰਨ ਦਾ ਚਾਅ ਪੈਦਾ ਕੀਤਾ ਸੀ ਜਿਸ ਨਾਲ ਪੰਜਾਬ ਦੇ ਲੋਕ ਅਫ਼ਗ਼ਾਨਾਂ ਦੀ ਬਜਾਏ ਅਜਿਹੇ ਜਰਨੈਲਾਂ ਦੀ ਅਧੀਨਗੀ ਅਤੇ ਸੁਰੱਖਿਆ ਅਧੀਨ ਰਹਿਣਾ ਪਸੰਦ ਕਰਨ ਲੱਗ ਪਏ ਸਨ। ਇਹ ਗੱਲ ਜਗਤ ਪ੍ਰਸਿੱਧ ਹੈ ਕਿ ਸਥਾਨਕ ਸਹਾਇਤਾ ਤੋਂ ਬਗ਼ੈਰ ਕੋਈ ਜਰਨੈਲ ਜਾਂ ਹਮਲਾਵਰ ਕਿਸੇ ਇਲਾਕੇ ਤੇ ਬਹੁਤੀ ਦੇਰ ਤੱਕ ਕਾਬਜ ਨਹੀਂ ਹੋ ਸਕਦਾ। ਸ. ਜੱਸਾ ਸਿੰਘ ਜਿਹੇ ਸਿੱਖ ਸਰਦਾਰਾਂ ਵਿਚ ਲੋਕ ਕਲਿਆਣਤਾ ਦੇ ਗੁਣਾਂ ਨੇ ਹੀ ਉਨ੍ਹਾਂ ਨੂੰ ਬਰੇਤੇ, ਪਹਾੜਾਂ ਦੀ ਲੁਕਣਗਾਹਾਂ ਅਤੇ ਜੰਗਲਾਂ ਵਿਚੋਂ ਕੱਢ ਕੇ ਪੰਜਾਬ ਦੇ ਹਾਕਮ ਬਣਾਇਆ ਸੀ।
ਸ. ਜੱਸਾ ਸਿੰਘ ਇਕ ਚੜ੍ਹਦੀਕਲਾ ਵਿਚ ਰਹਿਣ ਵਾਲਾ ਸ਼ਖ਼ਸ ਸੀ। ਉਸਨੇ ਜੀਵਨ ਵਿਚ ਬਹੁਤ ਸਾਰੇ ਉਤਰਾਅ-ਚੜਾਅ ਦੇਖੇ ਸਨ ਪਰ ਹਰ ਵੇਲੇ ਅਕਾਲ ਪੁਰਖ ਦੀ ਰਜ਼ਾ ਅਤੇ ਚੜ੍ਹਦੀਕਲਾ ਵਿਚ ਰਹਿਣਾ ਉਸਦਾ ਵਿਸ਼ੇਸ਼ ਗੁਣ ਸੀ ਜਿਸ ਨੇ ਉਸ ਨੂੰ ਔਖੇ ਤੋਂ ਔਖੇ ਸਮੇਂ ਵਿਚ ਵੀ ਡੋਲਣ ਨਹੀਂ ਦਿੱਤਾ ਸੀ। ਭਾਵੇਂ ਕਿ ਉਸ ਨੇ ਪੰਜਾਬ ਵਿਚ ਇਕ ਵੱਡੇ ਇਲਕੇ ’ਤੇ ਕਬਜ਼ਾ ਕਰ ਲਿਆ ਸੀ ਪਰ ਉਸ ਦਾ ਜਿੱਤੇ ਹੋਏ ਇਲਾਕਿਆਂ ’ਤੇ ਅਧਿਕਾਰ ਬਹੁਤ ਲੰਮਾ ਸਮਾਂ ਕਾਇਮ ਨਾ ਰਹਿ ਸਕਿਆ। ਉਸ ਨੇ ਬਾਹਰੀ ਹਮਲਾਵਰਾਂ ਤੋਂ ਜਿੱਤ ਕੇ ਜਿਨ੍ਹਾਂ ਇਲਾਕਿਆਂ ’ਤੇ ਕਬਜ਼ਾ ਕੀਤਾ ਸੀ ਉਨ੍ਹਾਂ ਨੂੰ ਉਸ ਦੇ ਆਪਣੇ ਹੀ ਮਿਸਲਦਾਰ ਭਰਾਵਾਂ ਨੇ ਖੋਹ ਲਿਆ ਸੀ। ਜਿਨ੍ਹਾਂ ਭਰਾਵਾਂ ਨਾਲ ਮਿਲ ਕੇ ਉਸ ਨੇ ਦੁਰਾਨੀਆਂ ਨੂੰ ਭਜਾਇਆ ਸੀ ਉਨ੍ਹਾਂ ਦੁਆਰਾ ਹੀ ਉਸ ਦੇ ਇਲਾਕਿਆਂ ਤੇ ਕਾਬਜ਼ ਹੋ ਜਾਣ ਨਾਲ ਉਸ ਦੇ ਮਨ ਵਿਚ ਰੋਸ ਅਤੇ ਗੁੱਸਾ ਤਾਂ ਸੀ ਪਰ ਉਹ ਕਦੇ ਵੀ ਨਿਰਾਸ਼ ਨਹੀਂ ਸੀ ਹੋਇਆ। ਉਸ ਨੂੰ ਆਪਣਾ ਇਲਾਕਾ ਛੱਡ ਕੇ ਪੰਜਾਬ ਦੇ ਦੂਜੇ ਇਲਾਕਿਆਂ, ਯੂ.ਪੀ. ਅਤੇ ਰਾਜਸਥਾਨ ਦੇ ਇਲਾਕਿਆਂ ਵਿਚ ਜਾਣ ਲਈ ਮਜਬੂਰ ਹੋਣਾ ਪਿਆ ਸੀ। ਉਸ ਦੇ ਜੋਸ਼ ਅਤੇ ਉਤਸ਼ਾਹ ਵਿਚ ਕਦੇ ਕਮੀ ਨਹੀਂ ਸੀ ਆਈ। ਉਸ ਨੇ ਹਾਂਸੀ, ਹਿਸਾਰ, ਮਥੁਰਾ, ਮੇਰਠ ਅਤੇ ਰਾਜਸਥਾਨ ਦੇ ਕਈ ਇਲਾਕਿਆਂ ਦੇ ਹਾਕਮਾਂ ਤੋਂ ਈਨ ਮਨਵਾ ਕੇ ਉਨ੍ਹਾਂ ਤੋਂ ਨਜ਼ਰਾਨੇ ਵਸੂਲ ਕੀਤੇ ਸਨ। ਉਸ ਦੇ ਇਲਾਕੇ ਖੁੱਸ ਜਾਣ ਤੋਂ ਬਾਅਦ ਵੀ ਉਸ ਦੇ ਮਾਣ-ਸਤਿਕਾਰ ਅਤੇ ਉਸ ਦੀ ਸ਼ਖਸੀਅਤ ਵਿਚ ਕੋਈ ਕਮੀ ਨਹੀਂ ਸੀ ਆਈ। ਉਸ ਦੀ ਦਲੇਰੀ ਅਤੇ ਬਹਾਦਰੀ ਨੂੰ ਅਫ਼ਗ਼ਾਨ ਵੀ ਮੰਨਦੇ ਸਨ। ਜ਼ਿੰਦਗੀ ਦੇ ਹਰ ਮੋੜ ਤੇ ਉਹ ਅਕਾਲ ਪੁਰਖ ਨੂੰ ਅੰਗ-ਸੰਗ ਜਾਣ ਕੇ ਉਸ ਦੀ ਰਜ਼ਾ ਵਿਚ ਰਹਿਣ ਦਾ ਯਤਨ ਕਰਦਾ ਅਤੇ ਅਗਲੇ ਮਿਥੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਰਹਿੰਦਾ ਸੀ। ਉਸ ਦੇ ਇਸ ਆਸ਼ਾਵਾਦੀ ਨਜ਼ਰੀਏ ਨੇ ਉਸ ਅੰਦਰ ਬੇਹੱਦ ਸੂਰਮਤਾ ਪੈਦਾ ਕਰਨ ਵਿਚ ਯੋਗਦਾਨ ਪਾਇਆ ਸੀ, ਉਸ ਨੂੰ ਕਿਸੇ ਮੋੜ ਤੇ ਡੋਲਣ ਨਹੀਂ ਸੀ ਦਿੱਤਾ ਅਤੇ ਉਸ ਦੇ ਇਸ ਗੁਣ ਦੀ ਕਦਰ ਕਰਕੇ ਹੀ ਉਸ ਨੂੰ ਵੱਖ-ਵੱਖ ਮਿਸਲਦਾਰ ਆਪਣੀ ਸਹਾਇਤਾ ਲਈ ਬੁਲਾਉਂਦੇ ਰਹਿੰਦੇ ਸਨ।
ਜੱਸਾ ਸਿੰਘ ਜਿਹਾ ਗੁਣੀ ਜਰਨੈਲ ਆਪਣੇ ਸਮੇਂ ਦੀਆਂ ਔਖੀਆਂ ਘਾਟੀਆਂ ਚੜ੍ਹਦਾ-ਉਤਰਦਾ 80 ਸਾਲ ਦੀ ਉਮਰ ਵਿਚ ਅਕਾਲ ਚਲਾਣਾ ਕਰ ਗਿਆ ਸੀ। ਉਸ ਦਾ ਸਮੁੱਚਾ ਜੀਵਨ ਸੱਚਾ-ਸੁੱਚਾ ਅਤੇ ਗੁਰੂ ਆਸ਼ੇ ਦੇ ਅਨੁਸਾਰੀ ਸੀ। ਉਸ ਦੀ ਕਾਬਲੀਅਤ, ਬਹਾਦਰੀ ਅਤੇ ਦਾਨਾਈ ਦੀਆਂ ਮਿਸਾਲਾਂ ਅੱਜ ਵੀ ਪੇਸ਼ ਕੀਤੀਆਂ ਜਾਂਦੀਆਂ ਹਨ।
(ਡਾ. ਪਰਮਵੀਰ ਸਿੰਘ – ਸਿੱਖ ਵਿਸ਼ਵਕੋਸ਼ ਵਿਭਾਗ – ਪੰਜਾਬੀ ਯੂਨੀਵਰਸਿਟੀ, ਪਟਿਆਲਾ)
test