11 ਅਗਸਤ, 2026 – ਚੰਡੀਗੜ੍ਹ : ਪੰਜਾਬ ਦੀ ਸਰਹੱਦ ਹੁਣ ਸਿਰਫ਼ ਬੀਟਿੰਗ ਰਿਟਰੀਟ ਅਤੇ ਸਰਹੱਦ ਦਰਸ਼ਨ ਦਾ ਤਜਰਬਾ ਨਹੀਂ ਰਹੇਗੀ। ਕੇਂਦਰ ਸਰਕਾਰ ਅਟਾਰੀ ਅਤੇ ਹੁਸੈਨੀਵਾਲਾ ਵਰਗੇ ਪ੍ਰਮੁੱਖ ਸਰਹੱਦੀ ਸਥਾਨਾਂ ਨੂੰ ਸੈਰ-ਸਪਾਟੇ ਦੇ ਵੱਖਰੇ ਆਕਰਸ਼ਣ ਵਜੋਂ ਵਿਕਸਤ ਕਰਨ ਦੀ ਦਿਸ਼ਾ ਵਿੱਚ ਅੱਗੇ ਵਧ ਰਹੀ ਹੈ। ਅੰਮ੍ਰਿਤਸਰ ਦੇ ਅਟਾਰੀ ਬਾਰਡਰ ’ਤੇ 25.91 ਕਰੋੜ ਰੁਪਏ ਨਾਲ ‘ਬਾਰਡਰ ਟੂਰਿਜ਼ਮ ਐਕਸਪੀਰੀਅੰਸ’ ਵਿਕਸਤ ਕੀਤਾ ਜਾ ਰਿਹਾ ਹੈ ਜਦੋਂਕਿ ਫ਼ਿਰੋਜ਼ਪੁਰ ਦੇ ਹੁਸੈਨੀਵਾਲਾ ਬਾਰਡਰ ’ਤੇ 25 ਕਰੋੜ ਰੁਪਏ ਨਾਲ ‘ਕਲਚਰਲ ਐਂਡ ਹੈਰੀਟੇਜ ਸਟਰੀਟ’ ਬਣਾਈ ਜਾਵੇਗੀ।
ਦੋਵੇਂ ਪ੍ਰਾਜੈਕਟਾਂ ਦੀ ਕੁੱਲ ਮਨਜ਼ੂਰਸ਼ੁਦਾ ਲਾਗਤ 50.91 ਕਰੋੜ ਰੁਪਏ ਹੈ। ਦੋਵੇਂ ਪ੍ਰਾਜੈਕਟ ਇਸ ਵੇਲੇ ਲਾਗੂ ਕੀਤੇ ਜਾਣ ਦੇ ਪੜਾਅ ਵਿੱਚ ਹਨ। ਅਟਾਰੀ ਪ੍ਰਾਜੈਕਟ ਦੀ 25.91 ਕਰੋੜ ਰੁਪਏ ਦੀ ਮਨਜ਼ੂਰਸ਼ੁਦਾ ਲਾਗਤ ਵਿੱਚੋਂ 2.59 ਕਰੋੜ ਰੁਪਏ ਵਰਤੋਂ ਲਈ ਅਧਿਕਾਰਤ ਕੀਤੇ ਜਾ ਚੁੱਕੇ ਹਨ।
‘ਸਰਹੱਦ’ ਖ਼ੁਦ ਬਣੇਗੀ ਸੈਰ–ਸਪਾਟੇ ਦਾ ਤਜਰਬਾ
ਅਟਾਰੀ ਵਿੱਚ ਕੇਂਦਰ ਦੀ ਸਵਦੇਸ਼ ਦਰਸ਼ਨ 2.0 ਯੋਜਨਾ ਤਹਿਤ 20 ਅਗਸਤ 2024 ਨੂੰ ‘ਬਾਰਡਰ ਟੂਰਿਜ਼ਮ ਐਕਸਪੀਰੀਅੰਸ ਐਟ ਅਟਾਰੀ’ ਪ੍ਰਾਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਦੀ ਮਨਜ਼ੂਰਸ਼ੁਦਾ ਲਾਗਤ 25.91 ਕਰੋੜ ਰੁਪਏ ਹੈ। ਇਸ ਦਾ ਮਕਸਦ ਸਿਰਫ਼ ਅਟਾਰੀ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧਾਉਣਾ ਨਹੀਂ, ਸਗੋਂ ਸਰਹੱਦੀ ਖੇਤਰ ਨੂੰ ਸਮੁੱਚੇ ਸੈਰ-ਸਪਾਟਾ ਤਜਰਬੇ ਵਜੋਂ ਵਿਕਸਤ ਕਰਨਾ ਹੈ।
ਪੰਜਾਬ ਵਿੱਚ ਸਰਹੱਦ ’ਤੇ ਦਿਖੇਗਾ ਨਵਾਂ ਰੰਗ
ਕੇਂਦਰ ਦੇ ਜਵਾਬ ਤੋਂ ਪੰਜਾਬ ਦੇ ਸੈਰ-ਸਪਾਟਾ ਵਿਕਾਸ ਦੀ ਇੱਕ ਵਿਆਪਕ ਤਸਵੀਰ ਵੀ ਸਾਹਮਣੇ ਆਉਂਦੀ ਹੈ। ਸੂਬੇ ਵਿੱਚ ਸੈਰ-ਸਪਾਟਾ ਪ੍ਰਾਜੈਕਟਾਂ ਦਾ ਫੋਕਸ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਤੱਕ ਸੀਮਤ ਨਹੀਂ ਹੈ। ਆਨੰਦਪੁਰ ਸਾਹਿਬ, ਫ਼ਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਵਰਗੇ ਧਾਰਮਿਕ-ਇਤਿਹਾਸਕ ਸਥਾਨਾਂ ਦੇ ਨਾਲ ਹੁਣ ਅਟਾਰੀ ਅਤੇ ਹੁਸੈਨੀਵਾਲਾ ਵਰਗੇ ਸਰਹੱਦੀ ਖੇਤਰਾਂ ਨੂੰ ਵੀ ਵੱਖ-ਵੱਖ ਪ੍ਰਾਜੈਕਟਾਂ ਤਹਿਤ ਵਿਕਸਤ ਕੀਤਾ ਜਾ ਰਿਹਾ ਹੈ।
ਕੇਂਦਰ ਪੈਸਾ ਦੇਵੇਗਾ, ਸੈਰ–ਸਪਾਟਾ ਢਾਂਚਾ ਸੂਬੇ ਦੀ ਜ਼ਿੰਮੇਵਾਰੀ
ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਜਵਾਬ ਵਿੱਚ ਸਪਸ਼ਟ ਕੀਤਾ ਕਿ ਸੈਰ-ਸਪਾਟਾ ਸਥਾਨਾਂ ਅਤੇ ਸੈਰ-ਸਪਾਟਾ ਬੁਨਿਆਦੀ ਢਾਂਚੇ ਦਾ ਵਿਕਾਸ ਮੁੱਖ ਤੌਰ ’ਤੇ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ। ਕੇਂਦਰ ਸਰਕਾਰ ਸਵਦੇਸ਼ ਦਰਸ਼ਨ, ਸਵਦੇਸ਼ ਦਰਸ਼ਨ 2.0 ਤੇ ਚੈਲੰਜ ਬੇਸਡ ਡੈਸਟੀਨੇਸ਼ਨ ਡਿਵੈਲਪਮੈਂਟ ਵਰਗੀਆਂ ਯੋਜਨਾਵਾਂ ਰਾਹੀਂ ਸੂਬਿਆਂ ਨੂੰ ਵਿੱਤੀ ਸਹਾਇਤਾ ਉਪਲਬਧ ਕਰਵਾਉਂਦੀ ਹੈ। ਮੀਤ ਹੇਅਰ ਨੇ ਅੰਮ੍ਰਿਤਸਰ ਵਿੱਚ ਸੈਰ-ਸਪਾਟਾ ਬੁਨਿਆਦੀ ਢਾਂਚੇ ਦੇ ਵਿਕਾਸ, ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰ ਤੋਂ ਮਿਲੀ ਵਿੱਤੀ ਸਹਾਇਤਾ, ਸਵਦੇਸ਼ ਦਰਸ਼ਨ ਯੋਜਨਾਵਾਂ ਤਹਿਤ ਮਨਜ਼ੂਰ ਪ੍ਰਾਜੈਕਟਾਂ ਅਤੇ ਨਵੀਆਂ ਸੈਰ-ਸਪਾਟਾ ਯੋਜਨਾਵਾਂ ਬਾਰੇ ਜਾਣਕਾਰੀ ਮੰਗੀ ਸੀ। ਇਸੇ ਦੇ ਜਵਾਬ ਵਿੱਚ ਕੇਂਦਰ ਨੇ ਪੰਜਾਬ ਵਿੱਚ ਚੱਲ ਰਹੇ ਸੈਰ-ਸਪਾਟਾ ਪ੍ਰਾਜੈਕਟਾਂ ਅਤੇ ਉਨ੍ਹਾਂ ਦੀ ਸਥਿਤੀ ਦਾ ਵੇਰਵਾ ਦਿੱਤਾ।
ਪੰਜਾਬੀ ਟ੍ਰਿਬਯੂਨ