ਭਾਰਤੀ ਕੁਸ਼ਤੀ ਮਹਾਸੰਘ ਨੇ ਅਮਰੀਕੀ ਦੂਤਾਵਾਸ ਨੂੰ ਇਨ੍ਹਾਂ ਮਾਮਲਿਆਂ ‘ਤੇ ਮੁੜ ਵਿਚਾਰ ਕਰਨ ਲਈ ਲਿੱਖਿਆ ਪੱਤਰ
09 ਅਕਤੂਬਰ, 2026 – ਨਵੀਂ ਦਿੱਲੀ : ਭਾਰਤ ਦੇ ਕਈ ਪਹਿਲਵਾਨਾਂ ਦੇ ਅਮਰੀਕੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ, ਜਿਸ ਨਾਲ 12 ਤੋਂ 18 ਅਕਤੂਬਰ ਤੱਕ ਲਾਸ ਵੇਗਾਸ ਵਿੱਚ ਹੋਣ ਵਾਲੀ ਆਗਾਮੀ ਅੰਡਰ-23 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੀ ਭਾਗੀਦਾਰੀ ‘ਤੇ ਅਨਿਸ਼ਚਿਤਤਾ ਦੇ ਬੱਦਲ ਮੰਡਰਾ ਰਹੇ ਹਨ। ਇਨ੍ਹਾਂ ਪਹਿਲਵਾਨਾਂ ਵਿੱਚ 2024 ਅੰਡਰ-17 ਵਿਸ਼ਵ ਚੈਂਪੀਅਨ ਨੇਹਾ ਸਾਂਗਵਾਨ ਵੀ ਸ਼ਾਮਲ ਹੈ।
ਪਹਿਲਵਾਨਾਂ ਨੂੰ ਜ਼ੁਬਾਨੀ ਤੌਰ ‘ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਵੀਜ਼ੇ ਇਸ ਆਧਾਰ ‘ਤੇ ਰੱਦ ਕੀਤੇ ਗਏ ਹਨ ਕਿ ਉਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ ਅਤੇ ਉਹ ਬੇਰੁਜ਼ਗਾਰ ਹਨ। ਬੁੱਧਵਾਰ ਨੂੰ ਵੀਜ਼ਾ ਇੰਟਰਵਿਊ ਲਈ ਦੂਤਾਵਾਸ ਜਾਣ ‘ਤੇ ਉਨ੍ਹਾਂ ਦੇ ਪਾਸਪੋਰਟ ਉਨ੍ਹਾਂ ਨੂੰ ਵਾਪਸ ਕਰ ਦਿੱਤੇ ਗਏ।
ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ ਐੱਫ ਆਈ) ਨੇ ਹੁਣ ਨਵੀਂ ਦਿੱਲੀ ਸਥਿਤ ਅਮਰੀਕੀ ਦੂਤਾਵਾਸ ਨੂੰ ਇਨ੍ਹਾਂ ਮਾਮਲਿਆਂ ‘ਤੇ ਮੁੜ ਵਿਚਾਰ ਕਰਨ ਅਤੇ ਉਨ੍ਹਾਂ ਪਹਿਲਵਾਨਾਂ ਨੂੰ ਵੀਜ਼ਾ ਦੇਣ ਦੀ ਬੇਨਤੀ ਕੀਤੀ ਹੈ ਜਿਨ੍ਹਾਂ ਨੇ ਵੀਰਵਾਰ ਨੂੰ ਆਪਣੀ ਵੀਜ਼ਾ ਇੰਟਰਵਿਊ ਲਈ ਜਾਣਾ ਹੈ।
ਮਹਾਸੰਘ ਵੱਲੋਂ ਅਮਰੀਕੀ ਦੂਤਾਵਾਸ ਨੂੰ ਲਿਖੇ ਗਏ ਪੱਤਰ ਅਨੁਸਾਰ ਬੁੱਧਵਾਰ ਨੂੰ ਨੌਂ ਪਹਿਲਵਾਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ। ਮਹਾਸੰਘ ਨੇ ਪੱਤਰ ਵਿੱਚ ਲਿਖਿਆ, ”ਅੱਜ, 24 ਭਾਗੀਦਾਰ ਆਪਣੀ ਵੀਜ਼ਾ ਇੰਟਰਵਿਊ ਲਈ ਦੂਤਾਵਾਸ ਪਹੁੰਚੇ ਜਿਨ੍ਹਾਂ ਵਿੱਚੋਂ 16 ਪਹਿਲਵਾਨ ਸਨ। ਪਰ ਨੌਂ ਪਹਿਲਵਾਨਾਂ ਦੇ ਵੀਜ਼ੇ ਕਥਿਤ ਤੌਰ ‘ਤੇ ਉਨ੍ਹਾਂ ਦੀ ਰੁਜ਼ਗਾਰ ਸਥਿਤੀ ਅਤੇ 20 ਸਾਲ ਤੋਂ ਘੱਟ ਉਮਰ ਹੋਣ ਕਾਰਨ ਰੱਦ ਕਰ ਦਿੱਤੇ ਗਏ।”
ਮਹਾਸੰਘ ਨੇ ਦੱਸਿਆ ਕਿ ਆਗਾਮੀ ਚੈਂਪੀਅਨਸ਼ਿਪ ਅੰਡਰ-23 ਉਮਰ ਵਰਗ ਲਈ ਹੈ ਅਤੇ ਇਸ ਵਿੱਚ ਭਾਗ ਲੈਣ ਵਾਲੇ ਪਹਿਲਵਾਨਾਂ ਦੀ ਉਮਰ 18 ਤੋਂ 23 ਸਾਲ ਦੇ ਵਿਚਕਾਰ ਹੈ।
ਡਬਲਯੂ ਐੱਫ ਆਈ ਨੇ ਦੂਤਾਵਾਸ ਨੂੰ ਰੱਦ ਕੀਤੀਆਂ ਗਈਆਂ ਅਰਜ਼ੀਆਂ ‘ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਦੇ ਹੋਏ ਕਿਹਾ, ”ਇਨ੍ਹਾਂ ਵਿੱਚੋਂ ਕਈ ਨੌਜਵਾਨ ਖਿਡਾਰੀ ਅਜੇ ਵੀ ਆਪਣੇ ਖੇਡ ਕਰੀਅਰ ਨੂੰ ਅੱਗੇ ਵਧਾ ਰਹੇ ਹਨ ਅਤੇ ਸੁਭਾਵਿਕ ਤੌਰ ‘ਤੇ ਰਸਮੀ ਰੂਪ ਵਿੱਚ ਨੌਕਰੀਪੇਸ਼ਾ ਨਹੀਂ ਹਨ।”
ਪੱਤਰ ਵਿੱਚ ਜਿਨ੍ਹਾਂ ਪਹਿਲਵਾਨਾਂ ਦੇ ਨਾਮ ਹਨ ਉਨ੍ਹਾਂ ਵਿੱਚ ਸਮਰਥ ਗਜਾਨਨ ਮਹਾਕਵੇ, ਧੀਰਜ ਕੁਮਾਰ ਮਲਿਕ, ਸਚਿਨ ਕੁਮਾਰ, ਨਿਖਿਲ, ਹਰਦੀਪ, ਪਰਵੀਨ, ਅਹਿਲਿਆ ਸ਼ਤਰੂਘਨ ਸ਼ਿੰਦੇ, ਨੇਹਾ ਸ਼ਰਮਾ ਅਤੇ ਨੇਹਾ ਸਾਂਗਵਾਨ ਸ਼ਾਮਲ ਹਨ।
ਮਹਾਸੰਘ ਨੇ ਵੀਜ਼ਾ ਇੰਟਰਵਿਊ ਲਈ ਜਾਣ ਵਾਲੇ ਪਹਿਲਵਾਨਾਂ ਨੂੰ ਲੈ ਕੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਮੌਜੂਦਾ ਸਮੇਂ ਵਿੱਚ ਬੇਰੁਜ਼ਗਾਰ ਹਨ ਅਤੇ 20 ਸਾਲ ਤੋਂ ਘੱਟ ਉਮਰ ਦੇ ਹਨ।
ਡਬਲਯੂ ਐੱਫ ਆਈ ਨੇ ਕਿਹਾ, ”ਅਸੀਂ ਉਨ੍ਹਾਂ ਬਾਕੀ ਪਹਿਲਵਾਨਾਂ ਨੂੰ ਲੈ ਕੇ ਬੇਹੱਦ ਚਿੰਤਤ ਹਾਂ ਜੋ ਕੱਲ੍ਹ ਆਪਣੀ ਵੀਜ਼ਾ ਇੰਟਰਵਿਊ ਲਈ ਜਾਣਗੇ ਕਿਉਂਕਿ ਮੌਜੂਦਾ ਸਮੇਂ ਵਿੱਚ ਉਨ੍ਹਾਂ ਵਿੱਚੋਂ ਜ਼ਿਆਦਾਤਰ ਵੀ ਬੇਰੁਜ਼ਗਾਰ ਹਨ ਅਤੇ 20 ਸਾਲ ਤੋਂ ਘੱਟ ਉਮਰ ਦੇ ਹਨ।”
ਪੰਜਾਬੀ ਟ੍ਰਿਬਯੂਨ