ਅੰਮ੍ਰਿਤਸਰ ਵਿੱਚ ਪੁਲਿਸ ਚੌਕੀ ਤੋਂ 50 ਕਦਮ ਦੂਰ ਨੌਜਵਾਨ ਦਾ ਗੋਲੀ ਮਾਰ ਕੇ ਕਤਲ।
18 ਸਤੰਬਰ, 2026 – ਅੰਮ੍ਰਿਤਸਰ : ਪੰਜਾਬ ’ਚ ਇਸ ਸਮੇਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੱਡੀਆਂ ਪਈਆਂ ਹਨ। ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਹੋਏ ਪਏ ਹਨ ਕਿ ਉਨ੍ਹਾਂ ਨੂੰ ਹੁਣ ਪੁਲਿਸ ਪ੍ਰਸ਼ਾਸਨ ਦੀ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਦਾ ਕੋਈ ਵੀ ਖੌਫ ਨਹੀਂ ਰਿਹਾ ਹੈ। ਜਿਸ ਦੇ ਚੱਲਦੇ ਸੂਬੇ ’ਚ ਆਏ ਦਿਨ ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਰਾਤ ਕਰੀਬ 10:50 ਵਜੇ ਦੀ ਦੱਸੀ ਜਾ ਰਹੀ ਹੈ।
ਪੁਲਿਸ ਥਾਣੇ ਨੇੜੇ ਨੌਜਵਾਨ ਦਾ ਕਤਲ
ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹੇ ਦੇ ਇਸਲਾਮਾਬਾਦ ਥਾਣਾ ਖੇਤਰ ਅਧੀਨ ਆਉਂਦੀ ਕੋਟ ਖਾਲਸਾ ਪੁਲਿਸ ਚੌਕੀ ਤੋਂ ਮਹਿਜ਼ ਕਰੀਬ 50 ਕਦਮ ਦੀ ਦੂਰੀ ’ਤੇ ਬੀਤੀ ਰਾਤ 25 ਸਾਲਾਂ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸਾਹਿਲ ਗਿੱਲ ਵਜੋਂ ਹੋਈ ਹੈ, ਜੋ ਜੋਮੈਟੋ ਵਿੱਚ ਡਿਲੀਵਰੀ ਦਾ ਕੰਮ ਕਰਦਾ ਸੀ। ਗੋਲੀ ਲੱਗਣ ਤੋਂ ਬਾਅਦ ਗੰਭੀਰ ਜ਼ਖ਼ਮੀ ਸਾਹਿਲ ਨੂੰ ਇਲਾਜ ਲਈ ਅਮਨਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਵਾਰਦਾਤ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ
ਦੱਸ ਦਈਏ ਕਿ ਮੁਲਜ਼ਮਾਂ ਵੱਲੋਂ ਸਾਹਿਲ ਨੂੰ ਉਸ ਦੇ ਘਰ ਤੋਂ ਕਰੀਬ 40 ਕਦਮ ਦੀ ਦੂਰੀ ’ਤੇ ਗੋਲੀ ਮਾਰੀ ਗਈ। ਘਟਨਾ ਸਥਾਨ ਪੁਲਿਸ ਚੌਕੀ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਐਕਟਿਵਾ ’ਤੇ ਸਵਾਰ ਹੋਕੇ ਦੋ ਨੌਜਵਾਨ ਉੱਥੇ ਪਹੁੰਚੇ ਸੀ। ਦੋਵਾਂ ਨੇ ਸਾਹਿਲ ਵੱਲ ਦੋ ਗੋਲੀਆਂ ਚਲਾਈਆਂ, ਜਿਨ੍ਹਾਂ ਵਿੱਚੋਂ ਇੱਕ ਗੋਲੀ ਉਸ ਦੀ ਛਾਤੀ ਦੇ ਨੇੜੇ ਲੱਗੀ। ਗੋਲੀ ਲੱਗਣ ਕਾਰਨ ਸਾਹਿਲ ਗੰਭੀਰ ਜ਼ਖ਼ਮੀ ਹੋ ਕੇ ਸੜਕ ’ਤੇ ਡਿੱਗ ਪਿਆ। ਆਸ-ਪਾਸ ਦੇ ਲੋਕਾਂ ਨੇ ਘਟਨਾ ਦੀ ਜਾਣਕਾਰੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਪਰਿਵਾਰਕ ਮੈਂਬਰ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਸਾਹਿਲ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ।
ਮੇਰਾ ਮੁੰਡਾ ਘਰੋਂ ਸਬਜ਼ੀ ਲੈਣ ਲਈ ਨਿਕਲਿਆ ਸੀ। ਕਰੀਬ 10 ਮਿੰਟ ਬਾਅਦ ਮੁਹੱਲੇ ਦੇ ਕੁਝ ਲੋਕ ਮੇਰੇ ਘਰ ਆਏ ਅਤੇ ਦੱਸਿਆ ਕਿ ਸਾਹਿਲ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਦੋਂ ਅਸੀਂ ਸਾਰੇ ਮੌਕੇ ’ਤੇ ਪਹੁੰਚੇ ਤਾਂ ਸਾਹਿਲ ਜ਼ਖ਼ਮੀ ਹਾਲਤ ਵਿੱਚ ਪਿਆ ਸੀ। ਇਸ ਤੋਂ ਬਾਅਦ ਸਾਹਿਲ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।- ਮੁਖਤਿਆਰ ਸਿੰਘ, ਮ੍ਰਿਤਕ ਦੇ ਪਿਤਾ
ਮ੍ਰਿਤਕ ਨੌਜਵਾਨ ਦਾ ਦੋ ਸਾਲ ਪਹਿਲਾਂ ਹੀ ਹੋਇਆ ਸੀ ਵਿਆਹ
ਪਰਿਵਾਰ ਮੁਤਾਬਕ ਸਾਹਿਲ ਦਾ ਕਰੀਬ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਛੇ ਮਹੀਨੇ ਦਾ ਇੱਕ ਛੋਟਾ ਬੱਚਾ ਵੀ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਅਤੇ ਵਾਰਦਾਤ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਇਸਲਾਮਾਬਾਦ ਥਾਣੇ ਦੇ ਐਸਐਚਓ ਸਮੇਤ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ।
ਪੁਲਿਸ ਵੱਲੋਂ ਮਾਮਲੇ ਸਬੰਧੀ ਜਾਂਚ ਸ਼ੁਰੂ
ਏਡੀਸੀਪੀ ਪੱਧਰ ਦੇ ਅਧਿਕਾਰੀ ਨੇ ਵੀ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ। ਪੁਲਿਸ ਵੱਲੋਂ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੌਕੇ ’ਤੇ ਮੌਜੂਦ ਲੋਕਾਂ ਤੋਂ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਵਾਰਦਾਤ ਵਿੱਚ ਸ਼ਾਮਲ ਨੌਜਵਾਨਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਗੋਲੀ ਚਲਾਉਣ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੀ ਪਛਾਣ ਹੋਣ ਤੋਂ ਬਾਅਦ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾਵੇਗੀ।- ਜਗੇਸ਼ਵਰ ਸਿੰਘ, ਏਡੀਸੀਪੀ
ETV BHARAT