ਕੌਂਸਲਰ ਨੇ ਅਫਸਰ ‘ਤੇ ਸਵਾਲ ਖੜ੍ਹੇ ਕੀਤੇ ਹਨ ਕਿ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨਾਂ ਦੇ ਵਾਰਡ ਦੇ ਵਿੱਚੋਂ ਸਫਾਈ ਨਹੀਂ ਹੋ ਰਹੀ ਹੈ।
13 ਅਕਤੂਬਰ, 2026 – ਲੁਧਿਆਣਾ: ਲੁਧਿਆਣਾ ਆਮ ਆਦਮੀ ਪਾਰਟੀ ਦੀ ਕੌਂਸਲਰ ਨਿਧੀ ਗੁਪਤਾ ਬੀਤੇ ਕੁਝ ਦਿਨਾਂ ਤੋਂ ਆਪਣੀ ਹੀ ਮੇਅਰ ਅਤੇ ਨਗਰ ਨਿਗਮ ਦੇ ਖਿਲਾਫ ਸਵਾਲ ਖੜੇ ਕਰ ਰਹੀ ਹੈ, ਜਿੱਥੇ ਕੂੜੇ ਦੇ ਡੰਪ ਨਾ ਚੁੱਕੇ ਜਾਣ ਨੂੰ ਲੈ ਕੇ ਕੌਂਸਲਰ ਨਿਧੀ ਗੁਪਤਾ ਵੱਲੋਂ ਅਫਸਰ ‘ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਕਿਹਾ ਕਿ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨਾਂ ਦੇ ਵਾਰਡ ਦੇ ਵਿੱਚੋਂ ਸਫਾਈ ਨਹੀਂ ਹੋ ਰਹੀ ਹੈ। ਉੱਥੇ ਹੀ ਅੱਜ ਨਗਰ ਨਿਗਮ ਦੀ ਮੀਟਿੰਗ ਦੇ ਦੌਰਾਨ ਜਦੋਂ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਮੇਹਰ ਨੇ ਜ਼ੀਰੋ ਆਵਰ ਦਾ ਹਵਾਲਾ ਦਿੱਤਾ ਪਰ ਜਿਵੇਂ ਹੀ ਕੌਂਸਲਰ ਬੋਲਣ ਲੱਗੀ ਤਾਂ ਜਿੰਨੇ ਵੀ ਨਗਰ ਨਿਗਮ ਦੇ ਅਧਿਕਾਰੀ ਹੈ ਸਾਰੇ ਹੀ ਵਾਕ ਆਊਟ ਕਰ ਗਏ। ਜਿਸ ਤੋਂ ਬਾਅਦ ਵਿਰੋਧੀ ਪਾਰਟੀ ਦੇ ਕੌਂਸਲਰਾਂ ਦੇ ਨਾਲ ਖੁਦ ਆਮ ਆਦਮੀ ਪਾਰਟੀ ਦੀ ਕੌਂਸਲਰ ਵੀ ਧਰਨੇ ਤੇ ਬੈਠ ਗਈ।
“ਅੱਜ ਸਾਡੀ ਅਫਸਰ ਸ਼ਾਹੀ ਦੀ ਮਨਮਾਨੀ ਕਰਕੇ ਅਸੀਂ ਲੋਕਾਂ ਨੂੰ ਜਵਾਬ ਦੇਣ ਜੋਗੇ ਨਹੀਂ ਰਹੇ“
ਇਸ ਦੌਰਾਨ ਉਹਨਾਂ ਕਿਹਾ ਕਿ ਅੱਜ ਸਾਡੀ ਅਫਸਰ ਸ਼ਾਹੀ ਦੀ ਮਨਮਾਨੀ ਕਰਕੇ ਅਸੀਂ ਲੋਕਾਂ ਨੂੰ ਜਵਾਬ ਦੇਣ ਜੋਗੇ ਨਹੀਂ ਰਹੇ, ਜਦੋਂਕਿ ਨਗਰ ਨਿਗਮ ਦੇ ਕਮਿਸ਼ਨਰ ਉਹਨਾਂ ਦਾ ਪੱਖ ਲੈ ਰਹੇ ਨੇ। ਇਸ ਦੌਰਾਨ ਨਿਧੀ ਗੁਪਤਾ ਨੇ ਮੰਗ ਕੀਤੀ ਕਿ ਕੰਮ ਨਾ ਕਰਨ ਵਾਲੇ ਅਫਸਰਾਂ ਤੇ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਸਪੈਂਡ ਕੀਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਚੁਣੇ ਹੋਏ ਨੁਮਾਇੰਦੇ ਅੱਜ ਆਪਣੇ ਵਾਰਡਾਂ ਦੇ ਮੁੱਦਿਆਂ ਨੂੰ ਲੈ ਕੇ ਪਰੇਸ਼ਾਨ ਹਾਂ, ਜਿਸ ਦਾ ਸਭ ਤੋਂ ਵੱਡਾ ਕਾਰਨ ਅਫਸਰ ਸ਼ਾਹੀ ਹੈ। ਇਸ ਮੌਕੇ ਕੁਝ ਵਿਰੋਧੀ ਧਿਰ ਦੇ ਹੋਰ ਕੌਂਸਲਰਾਂ ਨੇ ਵੀ ਨਿਧੀ ਗੁਪਤਾ ਦਾ ਸਾਥ ਦਿੱਤਾ, ਉਹਨਾਂ ਨੇ ਕਿਹਾ ਕਿ ਜਦੋਂ ਤੱਕ ਇਹਨਾਂ ਦਾ ਮਸਲੇ ਹੱਲ ਨਹੀਂ ਹੁੰਦੇ ਅਸੀਂ ਉਹਨਾਂ ਦੇ ਨਾਲ ਹਾਂ ਅਤੇ ਜੇਕਰ ਧਰਨੇ ਲਾਉਣ ਦੀ ਲੋੜ ਪਈ ਤਾਂ ਅਸੀਂ ਧਰਨੇ ਵੀ ਲਵਾਂਗੇ।
“ਅਸੀਂ ਖੁਦ ਉਹਨਾਂ ਨਾਲ ਗੱਲ ਕਰਾਂਗੇ ਅਤੇ ਮਸਲੇ ਹੱਲ ਕੀਤਾ ਜਾਵੇਗਾ“
ਇਸ ਦੌਰਾਨ ਲੁਧਿਆਣਾ ਨਗਰ ਨਿਗਮ ਦੀ ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਸਾਡੇ ਪਰਿਵਾਰ ਦਾ ਹੀ ਹਿੱਸਾ ਹਨ, ਉਹਨਾਂ ਦੀਆਂ ਜੋ ਵੀ ਸਮੱਸਿਆਵਾਂ ਹਨ, ਉਹਨਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ। ਜਦੋਂ ਪਰਿਵਾਰ ਦੇ ਵਿੱਚ ਕਈ ਜਣੇ ਹੋਣ ਤਾਂ ਕਿਸੇ ਨਾ ਕਿਸੇ ਦੀ ਨਰਾਜ਼ਗੀ ਜਰੂਰ ਹੁੰਦੀ ਹੈ ਅਤੇ ਉਨਾਂ ਦੇ ਮਸਲੇ ਆਪਣੇ ਵਾਰਡ ਨੂੰ ਲੈ ਕੇ ਹੈ ਕੰਮ ਨੂੰ ਲੈ ਕੇ ਹਨ, ਜਿਸ ਨੂੰ ਲੈ ਕੇ ਅਸੀਂ ਖੁਦ ਉਹਨਾਂ ਨਾਲ ਗੱਲ ਕਰਾਂਗੇ ਅਤੇ ਜੋ ਵੀ ਮਸਲੇ ਹਨ ਉਹਨਾਂ ਨੂੰ ਹੱਲ ਕੀਤਾ ਜਾਵੇਗਾ।
“ਸਾਰਿਆਂ ਨੂੰ ਪਤਾ ਲੱਗ ਜਾਣਾ ਨਿਧੀ ਗੁਪਤਾ ਕਿਉਂ ਸ਼ੋਰ ਮਚਾ ਰਹੀ ਹੈ“
ਹਾਲਾਂਕਿ ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ “ਉਹਨਾਂ ਕਿਹਾ ਕਿ ਜਲਦ ਹੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜਾਵੇਗਾ ਕਿ ਨਿਧੀ ਗੁਪਤਾ ਕਿਉਂ ਆਪਣੇ ਵਾਰਡ ਨੂੰ ਲੈ ਕੇ ਸ਼ੋਰ ਮਚਾ ਰਹੀ ਹੈ। ਉਹਨਾਂ ਦਾ ਇਸ਼ਾਰਾ ਸੀ ਕਿ ਉਹ ਜਲਦ ਕਿਸੇ ਹੋਰ ਪਾਰਟੀ ‘ਚ ਜਾ ਸਕਦੇ ਨੇ। ਕੁਲਵੰਤ ਸਿੱਧੂ ਨੇ ਕਿਹਾ ਕਿ ਇਹ ਬੜੀ ਮੰਦਭਾਗੀ ਗੱਲ ਹੈ ਕਿ ਕੌਂਸਲਰ ਹਾਊਸ ਦੇ ਵਿੱਚ ਪਾਸ ਹੋਣ ਵਾਲੇ ਮਤਿਆਂ ਤੇ ਚਰਚਾ ਕਰਨ ਦੀ ਥਾਂ ਤੇ ਬਿਨਾਂ ਵਜ੍ਹਾ ਵਿਰੋਧ ਕਰ ਰਹੇ ਨੇ ਕੁਝ ਮੁੱਦਿਆਂ ਨੂੰ ਲੈ ਕੇ ਹੀ ਭੜਕੇ ਹੋਏ ਨੇ ਜਦੋਂ ਕਿ ਬਾਕੀ ਮਤਿਆਂ ਤੇ ਵੀ ਗੱਲ ਹੋਣੀ ਜਰੂਰੀ ਸੀ।”
ETV BHARAT