ਤਨਖ਼ਾਹਾਂ, ਬੋਨਸ ਤੇ T.A. ਦੀ ਮੰਗ ਨੂੰ ਲੈ ਕੇ DC ਦਫ਼ਤਰ ਨੂੰ ਪਾਇਆ ਘੇਰਾ
ਮੁਲਾਜ਼ਮਾਂ ਵੱਲੋਂ ਰੋਸ ਧਰਨਾ ਦੇ ਕੇ ਕੰਪਨੀ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਅਵਾਜ਼ ਬੁਲੰਦ ਕੀਤੀ ਗਈ।
13 ਅਕਤੂਬਰ, 2026 – ਮੋਗਾ/ਬਰਨਾਲਾ: ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਜ਼ਿਲ੍ਹਾ ਮੋਗਾ ਵੱਲੋਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਜ਼ਿਲ੍ਹਾ ਮੋਗਾ ਦੇ ਸਾਰੇ ਸੇਵਾ ਕੇਂਦਰ ਬੰਦ ਕਰ ਦਿੱਤੇ ਗਏ ਹਨ। ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਸਥਿਤ ਮੁੱਖ ਸੇਵਾ ਕੇਂਦਰ ਦੇ ਬਾਹਰ ਰੋਸ ਧਰਨਾ ਦੇ ਕੇ ਕੰਪਨੀ ਖ਼ਿਲਾਫ਼ ਆਪਣੀਆਂ ਮੰਗਾਂ ਨੂੰ ਲੈ ਕੇ ਅਵਾਜ਼ ਬੁਲੰਦ ਕੀਤੀ ਗਈ।
ਬਣਦੀਆਂ ਵਿੱਤੀ ਮੰਗਾਂ ਨਹੀਂ ਕੀਤੀਆਂ ਜਾ ਰਹੀਆਂ ਪੂਰੀਆਂ
ਇਸ ਧਰਨੇ ਦੀ ਅਗਵਾਈ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਬਾਂਸਲ ਨੇ ਕੀਤੀ। ਇਹ ਧਰਨਾ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਵੱਲੋਂ 12 ਅਕਤੂਬਰ ਨੂੰ ਸੇਵਾ ਕੇਂਦਰ ਬੰਦ ਰੱਖਣ ਦੇ ਦਿੱਤੇ ਸੱਦੇ ਤਹਿਤ ਦਿੱਤਾ ਗਿਆ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਸਬੰਧਿਤ ਕੰਪਨੀ ਵੱਲੋਂ ਉਨ੍ਹਾਂ ਦੀਆਂ ਬਣਦੀਆਂ ਵਿੱਤੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
“ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਪੂਰਾ ਬੋਨਸ ਨਹੀਂ ਦਿੱਤਾ ਜਾ ਰਿਹਾ“
ਜ਼ਿਲ੍ਹਾ ਪ੍ਰਧਾਨ ਦਵਿੰਦਰ ਬਾਂਸਲ ਨੇ ਦੱਸਿਆ ਕਿ “ਕੰਪਨੀ ਵੱਲੋਂ ਮੁਲਾਜ਼ਮਾਂ ਨੂੰ ਪੂਰਾ ਬੋਨਸ ਨਹੀਂ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਸੁਰੱਖਿਆ ਗਾਰਡਾਂ ਦੀਆਂ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਬਕਾਇਆ ਸਨ, ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਮਹੀਨੇ ਦੀ ਤਨਖ਼ਾਹ ਹੀ ਦਿੱਤੀ ਗਈ ਹੈ। ਦੂਜੀ ਤਨਖ਼ਾਹ ਕਦੋਂ ਮਿਲੇਗੀ, ਇਸ ਬਾਰੇ ਕੋਈ ਪੱਕੀ ਤਾਰੀਖ਼ ਨਹੀਂ ਦੱਸੀ ਗਈ। ਐੱਲ.ਆਰ. ਆਪਰੇਟਰਾਂ ਦੇ ਬਕਾਇਆ ਟੀ.ਏ. ਅਤੇ ਸੇਵਾ ਸਹਾਇਕ ਆਪਰੇਟਰਾਂ ਦੇ ਟੀ.ਏ. ਦਾ ਭੁਗਤਾਨ ਵੀ ਅਜੇ ਤੱਕ ਨਹੀਂ ਕੀਤਾ ਗਿਆ। ਤਨਖ਼ਾਹਾਂ, ਬੋਨਸ ਅਤੇ ਹੋਰ ਬਕਾਇਆ ਰਕਮਾਂ ਲਈ ਕੋਈ ਨਿਸ਼ਚਿਤ ਸਮਾਂ ਨਾ ਮਿਲਣ ਕਾਰਨ ਮੁਲਾਜ਼ਮਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੰਪਨੀ ਵੱਲੋਂ ਜਲਦ ਭੁਗਤਾਨ ਦੀ ਪੱਕੀ ਤਾਰੀਖ਼ ਨਾ ਦਿੱਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।”
“ਪਿਛਲੇ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਨਹੀਂ ਮਿਲੀਆਂ“
ਸੁਰੱਖਿਆ ਗਾਰਡ ਮੱਸਾ ਸਿੰਘ ਨੇ ਆਪਣੀ ਪਰੇਸ਼ਾਨੀ ਬਿਆਨ ਕਰਦਿਆਂ ਕਿਹਾ ਕਿ “ਉਨ੍ਹਾਂ ਦੀਆਂ ਪਿਛਲੇ ਦੋ ਮਹੀਨਿਆਂ ਦੀਆਂ ਤਨਖ਼ਾਹਾਂ ਬਕਾਇਆ ਸਨ, ਜਿਨ੍ਹਾਂ ਵਿੱਚੋਂ ਇਸ ਵਾਰ ਸਿਰਫ਼ ਇੱਕ ਮਹੀਨੇ ਦੀ ਤਨਖ਼ਾਹ ਮਿਲੀ ਹੈ। ਤਨਖ਼ਾਹ ਨਾ ਮਿਲਣ ਕਾਰਨ ਉਨ੍ਹਾਂ ਨੂੰ ਲੋਕਾਂ ਤੋਂ ਉਧਾਰ ਲਏ ਪੈਸੇ ਵਾਪਸ ਕਰਨੇ ਪਏ ਅਤੇ ਘਰੇਲੂ ਖਰਚਿਆਂ ਲਈ ਵੀ ਕੋਈ ਰਕਮ ਨਹੀਂ ਬਚੀ। ਤਨਖ਼ਾਹ ਸਮੇਂ ਸਿਰ ਨਾ ਮਿਲਣ ਕਾਰਨ ਪਰਿਵਾਰ ਦਾ ਗੁਜ਼ਾਰਾ ਕਰਨਾ ਔਖਾ ਹੋ ਰਿਹਾ ਹੈ। ਦੀਵਾਲੀ ਦਾ ਤਿਉਹਾਰ ਨੇੜੇ ਹੈ, ਪਰ ਤਨਖ਼ਾਹ ਨਾ ਆਉਣ ਕਾਰਨ ਬੱਚਿਆਂ ਨਾਲ ਤਿਉਹਾਰ ਮਨਾਉਣ ਦੀ ਚਿੰਤਾ ਸਤਾ ਰਹੀ ਹੈ।”
ਜੇਕਰ ਅਸੀਂ ਕਦੇ ਕੋਏ ਛੁੱਟੀ ਮੰਗਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੀ ਜਗ੍ਹਾ ਕੋਈ ਬੰਦਾ ਡਿਊਟੀ ‘ਤੇ ਲਗਾ ਕੇ ਜਾਓ, ਅਸੀਂ ਆਪਣੀ ਜਗ੍ਹਾ ਕਿਸੇ ਹੋਰ ਨੂੰ ਲਗਾ ਕੇ ਛੁੱਟੀ ਲੈਂਦੇ ਹਾਂ ਅਤੇ ਉਸਨੂੰ ਆਪਣੀ ਜੇਬ੍ਹ ਵਿੱਚੋਂ 500 ਰੁਪਏ ਦਿੰਦੇ ਹਾਂ ਜਦਕਿ ਸਾਡੀ ਖੁਦ ਦੀ ਦਿਹਾੜੀ ਸਿਰਫ 300 ਰੁਪਏ ਮਿਲਦੀ ਹੈ। –ਸੁਰੱਖਿਆ ਗਾਰਡ
“ਤਨਖ਼ਾਹਾਂ ਦੇ ਭੁਗਤਾਨ ਲਈ ਪੱਕਾ ਸਮਾਂ ਨਿਰਧਾਰਿਤ ਕੀਤਾ ਜਾਵੇ“
ਉਨ੍ਹਾਂ ਮੰਗ ਕੀਤੀ ਕਿ ਤਨਖ਼ਾਹਾਂ ਦੇ ਭੁਗਤਾਨ ਲਈ ਪੱਕਾ ਸਮਾਂ ਨਿਰਧਾਰਿਤ ਕੀਤਾ ਜਾਵੇ ਅਤੇ ਹਰ ਮਹੀਨੇ ਸਮੇਂ ਸਿਰ ਤਨਖ਼ਾਹ ਦਿੱਤੀ ਜਾਵੇ। ਮੁਲਾਜ਼ਮ ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਅਗਲਾ ਸੰਘਰਸ਼ ਉਲੀਕਿਆ ਜਾਵੇਗਾ।
ਬਰਨਾਲਾ ਵਿੱਚ ਵੀ ਪ੍ਰਦਰਸ਼ਨ
ਜ਼ਿਲ੍ਹਾ ਬਰਨਾਲਾ ਦੇ ਸਾਰੇ ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਪੁਤਲੇ ਫੂਕੇ। ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਸੜਕਾਂ ’ਤੇ ਉਤਰਨਾ ਜਾਂ ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨਾ ਉਨ੍ਹਾਂ ਦਾ ਸ਼ੌਕ ਨਹੀਂ ਹੈ, ਸਗੋਂ ਸਰਕਾਰ ਦੀਆਂ ਨੀਤੀਆਂ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰਨ ਕਾਰਨ ਉਨ੍ਹਾਂ ਨੂੰ ਅਜਿਹਾ ਕਰਨ ਲਈ ਮਜਬੂਰ ਹੋਣਾ ਪਿਆ ਹੈ।ਕਰਮਚਾਰੀਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਧਰਨੇ ਲਗਾਏ ਗਏ ਸਨ। ਉਸ ਸਮੇਂ ਸਰਕਾਰ ਵੱਲੋਂ ਲਿਖਤੀ ਭਰੋਸਾ ਦਿੱਤਾ ਗਿਆ ਸੀ ਕਿ ਸੁਰੱਖਿਆ ਗਾਰਡਾਂ, ਸਫ਼ਾਈ ਸੇਵਕਾਂ, ਆਪਰੇਟਰਾਂ ਅਤੇ ਸੀਨੀਅਰ ਆਪਰੇਟਰਾਂ ਤੱਕ ਦੇ ਕਰਮਚਾਰੀਆਂ ਦੀ ਤਨਖ਼ਾਹ ਹਰ ਮਹੀਨੇ ਦੀ 7 ਤਾਰੀਖ਼ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਜਾਵੇਗੀ, ਪਰ ਇਸ ਭਰੋਸੇ ’ਤੇ ਅਮਲ ਨਹੀਂ ਕੀਤਾ ਗਿਆ।
ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਸੁਰੱਖਿਆ ਗਾਰਡਾਂ ਅਤੇ ਸਫ਼ਾਈ ਸੇਵਕਾਂ ਨੂੰ ਤਨਖ਼ਾਹ ਨਹੀਂ ਮਿਲੀ ਹੈ। 8,000 ਰੁਪਏ ਮਹੀਨਾਵਾਰ ਤਨਖ਼ਾਹ ਲੈਣ ਵਾਲੇ ਸਫ਼ਾਈ ਕਰਮਚਾਰੀ ਪਿਛਲੇ ਤਿੰਨ-ਤਿੰਨ ਦਿਨਾਂ ਤੋਂ ਕੰਮ ’ਤੇ ਨਹੀਂ ਆ ਰਹੇ, ਕਿਉਂਕਿ ਇੰਨੀ ਘੱਟ ਤਨਖ਼ਾਹ ਵਿੱਚ ਘਰ ਦਾ ਖ਼ਰਚਾ ਚਲਾਉਣਾ ਮੁਸ਼ਕਲ ਹੈ। ਕਰਮਚਾਰੀਆਂ ਅਨੁਸਾਰ, ਆਪਰੇਟਰਾਂ ਦੀ ਮੁੱਢਲੀ ਤਨਖ਼ਾਹ 12,544 ਰੁਪਏ ਹੈ, ਪਰ ਕਿਸੇ ਦੇ ਖਾਤੇ ਵਿੱਚ 9,800 ਰੁਪਏ, ਕਿਸੇ ਦੇ ਖਾਤੇ ਵਿੱਚ 9,000 ਰੁਪਏ ਅਤੇ ਕਿਸੇ ਦੇ ਖਾਤੇ ਵਿੱਚ ਲਗਭਗ 10,000 ਰੁਪਏ ਹੀ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੱਕ ਕੰਮ ਕਰਨ ਅਤੇ ਮਿਹਨਤ ਕਰਨ ਦੇ ਬਾਵਜੂਦ ਤਨਖ਼ਾਹ ਵਿੱਚ ਕਟੌਤੀ ਹੋਣ ਕਾਰਨ ਕਰਮਚਾਰੀਆਂ ਵਿੱਚ ਭਾਰੀ ਰੋਸ ਹੈ।
ਸਿਰਫ਼ ਚਿਤਾਵਨੀ ਵਜੋਂ ਕੰਮ ਬੰਦ ਕੀਤਾ
ਕਰਮਚਾਰੀਆਂ ਨੇ ਇਹ ਵੀ ਦੱਸਿਆ ਕਿ ਪਿਛਲੇ ਇੱਕ ਸਾਲ ਦਾ ਟੀਏ (ਸਫ਼ਰ ਭੱਤਾ) ਬਕਾਇਆ ਹੈ। ਡੀਐੱਸਪੀ ਆਪਰੇਟਰ ਲੋਕਾਂ ਦੇ ਘਰਾਂ ਵਿੱਚ ਜਾ ਕੇ ਐਂਟਰੀ ਕਰਦੇ ਹਨ ਅਤੇ ਲੋਕਾਂ ਨੂੰ ਸੇਵਾਵਾਂ ਦਿੰਦੇ ਹਨ, ਪਰ ਮੋਟਰਸਾਈਕਲ ਦੇ ਪੈਟਰੋਲ ਅਤੇ ਰੱਖ-ਰਖਾਅ ਦਾ ਖ਼ਰਚਾ ਉਨ੍ਹਾਂ ਨੂੰ ਆਪਣੀ ਜੇਬ ਵਿੱਚੋਂ ਚੁੱਕਣਾ ਪੈ ਰਿਹਾ ਹੈ। ਇਸ ਦੌਰਾਨ ਕਰਮਚਾਰੀਆਂ ਨੇ ਆਮ ਜਨਤਾ ਤੋਂ ਮੁਆਫ਼ੀ ਮੰਗਦਿਆਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਲਈ ਉਹ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਦਾ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਹੈ। ਇਸ ਲਈ ਸਰਕਾਰ ਅਤੇ ਠੇਕਾ ਕੰਪਨੀਆਂ ਜ਼ਿੰਮੇਵਾਰ ਹਨ। ਕਰਮਚਾਰੀ ਸਿਰਫ਼ ਆਪਣੀ ਮਿਹਨਤ ਦਾ ਉਚਿਤ ਮਿਹਨਤਾਨਾ ਮੰਗ ਰਹੇ ਹਨ, ਕੋਈ ਖ਼ੈਰਾਤ ਨਹੀਂ। ਕਰਮਚਾਰੀਆਂ ਨੇ ਚਿਤਾਵਨੀ ਦਿੱਤੀ ਕਿ ਅੱਜ ਉਨ੍ਹਾਂ ਨੇ ਸਿਰਫ਼ ਚਿਤਾਵਨੀ ਵਜੋਂ ਕੰਮ ਬੰਦ ਕੀਤਾ ਹੈ। ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਸਥਾਈ ਹੱਲ ਨਾ ਕੀਤਾ ਗਿਆ, ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ETV BHARAT