ਇੱਕ ਪਾਸੇ ਸੋਕਾ ਅਤੇ ਦੁਜੇ ਪਾਸੇ ਕਿਸਾਨ ਅਤੇ ਆਮ ਲੋਕ ਪਾਣੀ ਲਈ ਤਰਸ ਰਹੇ ਹਨ।
03 ਜੁਲਾਈ, 2026 – ਬਰਨਾਲਾ/ਸ੍ਰੀ ਫਤਿਹਗੜ੍ਹ ਸਾਹਿਬ: ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਡਡਹੇੜੀ ਦੇ ਕਿਸਾਨ ਲਈ ਨਹਿਰੀ ਪਾਣੀ ਆਫ਼ਤ ਬਣ ਗਿਆ ਹੈ। ਖੇਤਾਂ ਵਿੱਚ ਪਾਏ ਪਾਈਪ ਲਾਇਨ ਬੰਦ ਹੋਣ ਕਾਰਨ ਪਾਣੀ ਕਿਸਾਨਾਂ ਦੇ ਖੇਤਾਂ ਵਿੱਚ ਵੜਨ ਕਾਰਨ 6 ਏਕੜ ਫ਼ਸਲ ਖਰਾਬ ਹੋ ਗਈ। ਕਿਸਾਨ ਨੇ ਪਾਈਪ ਲਾਈਨ ਉਚਿਤ ਢੰਗ ਨਾਲ ਨਾ ਪਾਏ ਜਾਣ ਅਤੇ ਵਿਭਾਗ ਵੱਲੋਂ ਉਨ੍ਹਾਂ ਦੇ ਫੋਨ ਨਾ ਚੁੱਕਣ ਦਾ ਇਲਜ਼ਾਮ ਲਗਾਇਆ ।
‘ਪ੍ਰਸ਼ਾਸਨ ਸੁਣਵਾਈ ਕਰਨ ਨੂੰ ਤਿਆਰ ਨਹੀਂ‘
ਇਲਾਕੇ ਵਿੱਚ ਨਹਿਰੀ ਵਿਭਾਗ ਵੱਲੋਂ ਛੱਡੇ ਗਏ ਪਾਣੀ ਕਾਰਨ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਇਜ਼ਲਾਮ ਹੈ ਕਿ ਨਹਿਰੀ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਅਤੇ ਪਾਈਪ ਲਾਈਨ ਸਿਸਟਮ ਦੇ ਠੀਕ ਤਰੀਕੇ ਨਾਲ ਕੰਮ ਨਾ ਕਰਨ ਕਾਰਨ ਪਾਣੀ ਖੇਤਾਂ ਵਿੱਚ ਭਰ ਗਿਆ, ਜਿਸ ਨਾਲ ਜੀਰੀ, ਮੂੰਗੀ ਅਤੇ ਮੱਕੀ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਪਰ ਪ੍ਰਸ਼ਾਸਨ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ।
ਲੱਖਾਂ ਦਾ ਹੋਇਆ ਨੁਕਸਾਨ
ਕਿਸਾਨ ਬਲਜਿੰਦਰ ਸਿੰਘ ਨੇ ਕਿਹਾ ਕਿ, ‘ਨਹਿਰੀ ਵਿਭਾਗ ਵੱਲੋਂ ਲੋੜ ਤੋਂ ਕਈ ਗੁਣਾ ਜ਼ਿਆਦਾ ਪਾਣੀ ਛੱਡਿਆ ਗਿਆ, ਜਿਸ ਕਾਰਨ ਸੂਏ ਅਤੇ ਕਸੀਆਂ ਓਵਰਫਲੋ ਹੋ ਗਈਆਂ ਅਤੇ ਪਾਣੀ ਖੇਤਾਂ ਵਿੱਚ ਦਾਖਲ ਹੋ ਗਿਆ। ਨਹਿਰੀ ਵਿਭਾਗ ਵੱਲੋਂ ਪਾਣੀ ਦੀ ਨਿਕਾਸੀ ਲਈ ਪਾਈਆਂ ਗਈਆਂ ਪਾਈਪਲਾਈਨਾਂ ਵੀ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ। ਕਈ ਥਾਵਾਂ ‘ਤੇ ਪਾਣੀ ਅੱਗੇ ਨਹੀਂ ਜਾ ਰਿਹਾ, ਜਿਸ ਕਾਰਨ ਪਾਣੀ ਖੇਤਾਂ ਵਿੱਚ ਖੜ੍ਹਾ ਹੋ ਗਿਆ। ਕਈ ਏਕੜ ਜੀਰੀ, ਮੂੰਗੀ ਅਤੇ ਮੱਕੀ ਦੀ ਫਸਲ ਪਾਣੀ ਵਿੱਚ ਡੁੱਬ ਕੇ ਖਰਾਬ ਹੋ ਗਈ ਹੈ।
ਜੀਰੀ ਦੀ ਬਿਜਾਈ ‘ਤੇ ਲੇਬਰ, ਡੀਜ਼ਲ ਅਤੇ ਖਾਦ ਸਮੇਤ ਪ੍ਰਤੀ ਏਕੜ ਹਜ਼ਾਰਾਂ ਰੁਪਏ ਖਰਚ ਹੋ ਚੁੱਕੇ ਸਨ, ਪਰ ਹੁਣ ਪਾਣੀ ਕਾਰਨ ਸਾਰੀ ਮਿਹਨਤ ਬਰਬਾਦ ਹੋ ਗਈ ਹੈ। ਮੂੰਗੀ ਦੀ ਲਗਭਗ ਦੋ ਕਿੱਲਿਆਂ ਦੀ ਪੱਕੀ ਫਸਲ ਤਬਾਹ ਹੋ ਗਈ ਹੈ, ਜਿਸ ਨਾਲ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਨਹਿਰੀ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਸਮੇਂ ਸਿਰ ਕੋਈ ਸੁਣਵਾਈ ਨਹੀਂ ਹੋਈ।’-ਪੀੜਤ ਕਿਸਾਨ
ਨਹੀਂ ਮਿਲ ਰਿਹਾ ਪਾਣੀ, ਲੋਕਾਂ ਨੇ ਖੁਦ ਦੇ ਖਰਚੇ ‘ਤੇ ਲਗਵਾਇਆ ਟਿਊਬਵੈੱਲ
ਜੇਕਰ ਗੱਲ ਕੀਤੀ ਜਾਵੇ ਸ਼ਹਿਰ ਬਰਨਾਲਾ ਦੀ ਤਾਂ ਸ਼ਹਿਰ ਦੇ ਵਾਰਡ ਨੰਬਰ 29 ਅਤੇ 41 ਦੇ ਨਿਵਾਸੀ ਪਿਛਲੇ ਇੱਕ ਹਫ਼ਤੇ ਤੋਂ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਹੇ ਹਨ। 47 ਡਿਗਰੀ ਦੀ ਭਿਆਨਕ ਗਰਮੀ ਵਿੱਚ ਪਾਣੀ ਦੀ ਸਪਲਾਈ ਬਿਲਕੁਲ ਬੰਦ ਰਹਿਣ ਕਾਰਨ ਅੱਕੇ ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੱਚਾ ਕਾਲਜ ਰੋਡ ‘ਤੇ ਧਰਨਾ ਦਿੱਤਾ। ਕੋਈ ਸੁਣਵਾਈ ਨਾ ਹੁੰਦੀ ਦੇਖ, ਦੋਵਾਂ ਵਾਰਡਾਂ ਦੇ ਲੋਕਾਂ ਨੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਨਵਾਂ ਟਿਊਬਵੈੱਲ ਲਗਾਉਣ ਦਾ ਫੈਸਲਾ ਕੀਤਾ ਅਤੇ ਅੱਜ ਉਸ ਦਾ ਭੂਮੀ ਪੂਜਨ ਵੀ ਕਰ ਦਿੱਤਾ।
ਅਧਿਕਾਰੀ ਏ.ਸੀ. ਕਮਰਿਆਂ ‘ਚੋਂ ਬਾਹਰ ਨਹੀਂ ਨਿਕਲੇ
ਧਰਨੇ ‘ਤੇ ਬੈਠੇ ਸਾਬਕਾ ਐਮ.ਸੀ. ਮਹੇਸ਼ ਕੁਮਾਰ ਲੋਟਾਂ ਅਤੇ ਮੱਖਣ ਸ਼ਰਮਾ ਨੇ ਦੱਸਿਆ ਕਿ ਭਿਆਨਕ ਗਰਮੀ ਦੇ ਬਾਵਜੂਦ ਇੱਕ ਹਫ਼ਤੇ ਤੋਂ ਇਲਾਕੇ ਵਿੱਚ ਪਾਣੀ ਦੀ ਸਪਲਾਈ ਠੱਪ ਹੈ। ਲੋਕ ਪੀਣ ਵਾਲਾ ਪਾਣੀ ਮੁੱਲ ਲੈਣ ਲਈ ਮਜਬੂਰ ਹਨ ਅਤੇ ਨਹਾਉਣ-ਧੋਣ ਲਈ ਵੀ ਕੋਈ ਪਾਣੀ ਉਪਲਬਧ ਨਹੀਂ ਹੈ। ਅਸੀਂ ਸੀਵਰੇਜ ਬੋਰਡ ਦੇ ਦਫ਼ਤਰ ਦੇ ਚੱਕਰ ਕੱਟੇ, ਡਿਪਟੀ ਕਮਿਸ਼ਨਰ ਅਤੇ ਮੇਅਰ ਨੂੰ ਵਟਸਐਪ ‘ਤੇ ਸ਼ਿਕਾਇਤਾਂ ਭੇਜੀਆਂ। ਮੇਅਰ ਨੇ ਇੱਕ ਦਿਨ ਫੋਨ ਚੁੱਕਿਆ, ਪਰ ਬਾਅਦ ਵਿੱਚ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ। ਸੱਤਾਧਾਰੀ ਲੋਕ ਸ਼ਾਇਦ ਇਹ ਸੋਚ ਰਹੇ ਹਨ ਕਿ ਇਹ ਇਲਾਕਾ ਬਰਨਾਲਾ ਦਾ ਹਿੱਸਾ ਹੀ ਨਹੀਂ ਹੈ। ਵਾਰਡ ਵਾਸੀਆਂ ਨੇ ਬਕਾਇਦਾ ਇੱਕ ਐਫੀਡੈਵਿਟ (ਹਲਫ਼ਨਾਮਾ) ਤਿਆਰ ਕੀਤਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਇਸ ਟਿਊਬਵੈੱਲ ਦਾ ਸਾਰਾ ਖ਼ਰਚਾ ਭਾਵੇਂ ਮੁਹੱਲਾ ਨਿਵਾਸੀਆਂ ਨੇ ਕੀਤਾ ਹੈ, ਪਰ ਲੱਗਣ ਤੋਂ ਬਾਅਦ ਉਹ ਇਸ ਨੂੰ ਨਗਰ ਨਿਗਮ ਨੂੰ ‘ਦਾਨ’ ਵਜੋਂ ਸੌਂਪ ਦਿੱਤਾ ਜਾਵੇਗਾ।’
‘ਪਹਿਲਾਂ ਹੀ ਚਿਤਾਵਨੀ‘
ਇਸ ਮੌਕੇ ਨਰਿੰਦਰ ਗਰਗ ਨੀਟਾ ਨੇ ਪ੍ਰਸ਼ਾਸਨ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ‘ਸ਼ਹੀਦ ਭਗਤ ਸਿੰਘ ਪਾਰਕ ਵਾਲਾ ਟਿਊਬਵੈੱਲ ਪਹਿਲਾਂ ਹੀ ਡੈੱਡ (ਖ਼ਰਾਬ) ਹੋ ਚੁੱਕਾ ਸੀ। ਇਸ ਸਬੰਧੀ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ, ਐਸ.ਡੀ.ਓ. ਅਤੇ ਜੇ.ਈ. ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਗਈ ਸੀ ਕਿ ਵੱਡੀ ਮੁਸੀਬਤ ਆ ਸਕਦੀ ਹੈ ਪਰ ਕਿਸੇ ਵੀ ਅਧਿਕਾਰੀ ਨੇ ਆਪਣੇ ਏ.ਸੀ. ਕਮਰੇ ਵਿੱਚੋਂ ਬਾਹਰ ਨਿਕਲ ਕੇ ਇਸ ਦੀ ਸਾਰ ਨਹੀਂ ਲਈ।‘
ਦੂਜੇ ਪਾਸੇ, ਨਗਰ ਨਿਗਮ ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਪਿਛਲੇ 3-4 ਦਿਨਾਂ ਤੋਂ ਪਾਣੀ ਦੀ ਸਮੱਸਿਆ ਆਈ ਹੈ, ਕਿਉਂਕਿ ਪੱਤੀ ਰੋਡ ‘ਤੇ ਤਿੰਨ ਮੋਟਰਾਂ ਇਕੱਠੀਆਂ ਸੜ ਗਈਆਂ ਸਨ ਅਤੇ ਸ਼ਹੀਦ ਭਗਤ ਸਿੰਘ ਪਾਰਕ ਦੇ ਟਿਊਬਵੈੱਲ ਵਿੱਚ ਵੀ ਤਕਨੀਕੀ ਖ਼ਰਾਬੀ ਆ ਗਈ ਸੀ। ਮੇਅਰ ਨੇ ਕਿਹਾ ਕਿ ‘ਪੱਤੀ ਰੋਡ ਦੇ ਟਿਊਬਵੈੱਲ ਤੁਰੰਤ ਚਾਲੂ ਕਰਵਾ ਦਿੱਤੇ ਗਏ ਹਨ ਅਤੇ ਚਿੰਟੂ ਪਾਰਕ ਟਿਊਬਵੈੱਲ ਕੱਲ੍ਹ ਤੱਕ ਚਾਲੂ ਹੋ ਜਾਵੇਗਾ, ਭਗਤ ਸਿੰਘ ਪਾਰਕ ਟਿਊਬਵੈੱਲ ਦੀ ਮੁਰੰਮਤ (ਪੰਕਚਰ ਲਗਾਉਣ ਦਾ ਕੰਮ) ਤੇਜ਼ੀ ਨਾਲ ਜਾਰੀ ਹੈ। ਅਹੁਦਾ ਸੰਭਾਲਦਿਆਂ ਹੀ 10 ਸਪੇਅਰ ਮੋਟਰਾਂ ਐਡਵਾਂਸ ਰੱਖਣ ਦੇ ਹੁਕਮ ਦਿੱਤੇ ਸਨ ਤਾਂ ਜੋ ਭਵਿੱਖ ਵਿੱਚ ਮੋਟਰ ਖ਼ਰਾਬ ਹੋਣ ‘ਤੇ 7-8 ਘੰਟਿਆਂ ਦੇ ਅੰਦਰ ਹੀ ਬਦਲੀ ਜਾ ਸਕੇ।‘
ਸ਼ਹਿਰ ਵਾਸੀਆਂ ਨੂੰ ਅਪੀਲ
ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪੈਨਿਕ (ਪ੍ਰੇਸ਼ਾਨ) ਨਾ ਹੋਣ ਅਤੇ ਆਪਣੇ ਵਾਰਡ ਦੇ ਐਮ.ਸੀ. ਨਾਲ ਤਾਲਮੇਲ ਕਰਨ, ਜਿੱਥੇ ਵੀ ਲੋੜ ਹੋਵੇਗੀ ਟੈਂਕਰਾਂ ਰਾਹੀਂ ਪਾਣੀ ਪਹੁੰਚਾਇਆ ਜਾਵੇਗਾ। ਉਨ੍ਹਾਂ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਇਹ ਇੱਕ ਕੁਦਰਤੀ ਤਕਨੀਕੀ ਖ਼ਰਾਬੀ ਹੈ, ਇਸ ਲਈ ਇਸ ਮਸਲੇ ‘ਤੇ ਸਿਆਸਤ ਕਰਨ ਦੀ ਬਜਾਏ ਰਲ-ਮਿਲ ਕੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। ਨਗਰ ਨਿਗਮ ਵੱਲੋਂ ਜਲਦ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾ ਰਿਹਾ ਹੈ।
ETV BHARAT