ਦਰਿਆ ਪਾਰ ਦੇ ਕਈ ਪਿੰਡ ਅੱਜ ਵੀ ਪੱਕੇ ਪੁਲ ਦੀ ਉਡੀਕ ਕਰ ਰਹੇ ਹਨ।
03 ਜੁਲਾਈ, 2026 – ਗੁਰਦਾਸਪੁਰ: ਦੇਸ਼ ਅਜ਼ਾਦ ਹੋਏ ਨੂੰ 70 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਅੱਜ ਵੀ ਪੰਜਾਬ ਦੇ ਕਈ ਪਿੰਡ ਜੋ ਬੁਨਿਆਦੀ ਸਹੂਲਤਾਂ ਨੂੰ ਲੈਕੇ ਤਰਸ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਮਕੌੜਾ ਪੱਤਣ ਰਾਵੀ ਦਰਿਆ ਤੋਂ ਪਾਰ ਰਹਿੰਦੇ ਪਿੰਡ ਅੱਜ ਵੀ ਪੱਕੇ ਪੁਲ ਦੀ ਆਸ ‘ਚ ਬੈਠੇ ਹਨ।
ਪੱਕੇ ਪੁਲ ਦੀ ਉਡੀਕ ‘ਚ ਕਈ ਪਿੰਡ
ਇੰਨ੍ਹਾਂ ਪਿੰਡਾਂ ਦਾ ਮਾਨਸੂਨ ਦੌਰਾਨ ਦਰਿਆ ‘ਚ ਆਏ ਵਾਧੂ ਪਾਣੀ ਕਾਰਨ ਪੰਜਾਬ ਸਣੇ ਦੇਸ਼ ਨਾਲੋਂ ਸੰਪਰਕ ਟੁੱਟ ਜਾਂਦਾ ਹੈ। ਇਸ ਦੇ ਚੱਲਦੇ ਹੁਣ ਪਿੰਡ ਵਾਸੀਆਂ ਵੱਲੋਂ ਜਲਦ ਤੋਂ ਜਲਦ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਤੇ ਨਾਲ ਹੀ ਚਿਤਾਵਨੀ ਦਿੱਤੀ ਜਾ ਰਹੀ ਕਿ ਜੇਕਰ ਪੁਲ ਦਾ ਕੰਮ 10 ਦਿਨਾਂ ‘ਚ ਸ਼ੁਰੂ ਨਹੀਂ ਹੋਇਆ ਤਾਂ ਛੇ ਪਿੰਡਾਂ ਦੇ ਸਰਪੰਚ ਜੋ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦੇ ਹਨ, ਉਹ ਆਪਣਾ ਅਸਤੀਫ਼ਾ ਸਰਕਾਰ ਨੂੰ ਦੇ ਦੇਣਗੇ। ਦੱਸ ਦਈਏ ਕਿ ਰਾਵੀ ਦਰਿਆ ਉੱਤੇ ਅਸਥਾਈ ਢੋਲਾਂ ਵਾਲਾ ਪੁਲ ਢਹਿ ਜਾਣ ਕਾਰਨ ਲੋਕ ਕਿਸ਼ਤੀ ਰਾਹੀਂ ਪਾਰ ਲੰਘਣ ਲਈ ਮਜਬੂਰ ਹਨ।
ਸਰਪੰਚਾਂ ਨੇ ਸਰਕਾਰ ਨੂੰ ਚਿੱਤੀ ਚਿਤਾਵਨੀ
ਪਿੰਡ ਭਰਿਆਲ ਦੇ ਸਰਪੰਚ ਅਮਰੀਕ ਸਿੰਘ ਅਤੇ ਪਿੰਡ ਚੇਬੇ ਦੇ ਸਰਪੰਚ ਵਿਕਰਮਜੀਤ ਸਿੰਘ ਨੇ ਐਲਾਨ ਕੀਤਾ ਹੈ ਕਿ “ਕੇਂਦਰ ਸਰਕਾਰ ਨੇ ਪੁਲ ਲਈ ਫੰਡ ਭੇਜ ਦਿੱਤੇ ਹਨ, ਪਰ ਪੰਜਾਬ ਸਰਕਾਰ ਨੇ ਅਜੇ ਤੱਕ ਟੈਂਡਰ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਪੁਲ ਦੀ ਉਸਾਰੀ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਰਹੇ ਹਨ। ਜੇਕਰ ਪੁਲ ‘ਤੇ ਨਿਰਮਾਣ ਦਾ ਕੰਮ 10 ਦਿਨਾਂ ਦੇ ਅੰਦਰ ਸ਼ੁਰੂ ਨਹੀਂ ਹੁੰਦਾ, ਤਾਂ ਰਾਵੀ ਦਰਿਆ ਦੇ ਪਾਰ ਛੇ ਪਿੰਡਾਂ ਦੇ ਸਰਪੰਚ ਪੰਜਾਬ ਸਰਕਾਰ ਨੂੰ ਆਪਣੇ ਅਸਤੀਫੇ ਸੌਂਪ ਦੇਣਗੇ ਅਤੇ ਜੰਮੂ–ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ ‘ਤੇ ਧਰਨਾ ਲਗਾਉਣਗੇ ਅਤੇ 2027 ਦੀਆਂ ਚੋਣਾਂ ਵਿੱਚ ਕਿਸੇ ਵੀ ਪਾਰਟੀ ਨੂੰ ਆਪਣੀ ਵੋਟ ਨਹੀਂ ਪਾਉਣਗੇ।”
ਪਾਣੀ ਵੱਧਣ ਨਾਲ ਹੁੰਦੀ ਮੁਸ਼ਕਿਲ
ਉਕਤ ਸਰਪੰਚਾਂ ਨੇ ਕਿਹਾ ਕਿ ਮੀਂਹ ਦੇ ਮੌਸਮ ਦੌਰਾਨ ਸਾਨੂੰ ਲੱਗਦਾ ਹੈ ਕਿ ਸਾਡਾ ਦੇਸ਼ ਨਾਲ ਕੋਈ ਸਬੰਧ ਨਹੀਂ ਹੈ। ਬੱਚੇ ਪੜ੍ਹਾਈ ਕਰਨ ਤੋਂ ਅਸਮਰੱਥ ਹੁੰਦੇ ਹਨ, ਮਰੀਜ਼ਾਂ ਨੂੰ ਸਮੇਂ ਸਿਰ ਹਸਪਤਾਲ ਲਿਜਾਣ ਤੋਂ ਅਸਮਰੱਥ ਹੁੰਦੇ ਹਾਂ ਅਤੇ ਲੋਕ ਕੰਮ ‘ਤੇ ਜਾਣ ਤੋਂ ਅਸਮਰੱਥ ਹੁੰਦੇ ਹਨ। ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇੱਕ ਪੱਕੇ ਪੁਲ ‘ਤੇ ਕੰਮ ਸ਼ੁਰੂ ਕੀਤਾ ਜਾਵੇ।
ਇਹ ਨੇ ਪ੍ਰਭਾਵਿਤ ਪਿੰਡ
ਜ਼ਿਕਰੇਖਾਸ ਹੈ ਕਿ ਮਾਨਸੂਨ ਦੇ ਮੌਸਮ ਦੌਰਾਨ ਰਾਵੀ ਦਰਿਆ ਦੇ ਪਾਰ ਅਤੇ ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਤੂਰ, ਭਰਿਆਲ, ਮਾਮਿਆਂ, ਚਿੱਬ, ਚਕਰੰਗਾ, ਲਸਿਆਂ, ਕਜਲੇ ਅਤੇ ਚੁੰਬਰ ਸਮੇਤ ਸੱਤ ਪਿੰਡਾਂ ਦੇ ਲੋਕਾਂ ਲਈ ਜ਼ਿੰਦਗੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਇਨ੍ਹਾਂ ਪਿੰਡਾਂ ਦਾ ਦੇਸ਼ ਦੇ ਬਾਕੀ ਹਿੱਸਿਆਂ ਤੋਂ ਸੰਪਰਕ ਟੁੱਟ ਜਾਂਦਾ ਹੈ। ਅਸਥਾਈ ਢੋਲਾਂ ਵਾਲਾ ਪੁਲ ਟੁੱਟ ਜਾਣ ਤੋਂ ਬਾਅਦ ਕਿਸ਼ਤੀਆਂ ਲੋਕਾਂ ਲਈ ਆਵਾਜਾਈ ਦਾ ਇੱਕੋ ਇੱਕ ਸਾਧਨ ਹਨ। ਹਾਲਾਂਕਿ, ਜਦੋਂ ਦਰਿਆ ਦਾ ਪਾਣੀ ਦਾ ਪੱਧਰ ਵਧਦਾ ਹੈ, ਤਾਂ ਕਿਸ਼ਤੀਆਂ ਦਾ ਸੰਚਾਲਨ ਵੀ ਬੰਦ ਹੋ ਜਾਂਦਾ ਹੈ, ਜਿਸ ਨਾਲ ਇਹ ਪਿੰਡ ਪੂਰੇ ਟਾਪੂਆਂ ਵਿੱਚ ਬਦਲ ਜਾਂਦੇ ਹਨ।
ETV BHARAT