ਕਾਰਗਿਲ ਵਿਜੇ ਦਿਵਸ: ਸ਼ਹੀਦ ਸੂਬੇਦਾਰ ਤਰਲੋਕ ਸਿੰਘ ਦੀ ਸ਼ਹਾਦਤ ਨੂੰ ਨਮਨ, ਪਰਿਵਾਰ ਨੇ ਸਾਂਝੀਆਂ ਕੀਤੀਆਂ ਮਾਣ ਭਰੀਆਂ ਯਾਦਾਂ
ਕਾਰਗਿਲ ਵਿਜੇ ਦਿਵਸ ‘ਤੇ ਅੰਮ੍ਰਿਤਸਰ ਦੇ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਨੂੰ ਭਾਵੁਕ ਸ਼ਰਧਾਂਜਲੀ ਭੇਟ ਕੀਤੀ ਗਈ ਹੈ। ਪਰਿਵਾਰ ਵੱਲੋਂ ਭਾਵੁਕ ਹੁੰਦਿਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ।
27 ਜੁਲਾਈ, 2026 – ਅੰਮ੍ਰਿਤਸਰ: ਕਾਰਗਿਲ ਵਿਜੇ ਦਿਵਸ ਮੌਕੇ ਦੇਸ਼ ਭਰ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਅਜਨਾਲਾ ਦੇ ਪਿੰਡ ਰਾਣੇਵਾਲੀ ਵਿੱਚ ਕਾਰਗਿਲ ਯੁੱਧ ਦੇ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਨੂੰ ਭਾਵੁਕਤਾ ਨਾਲ ਯਾਦ ਕੀਤਾ ਗਿਆ। ਸ਼ਹੀਦ ਦੇ ਪਰਿਵਾਰ ਨੇ ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ਦੀ ਸ਼ਹਾਦਤ ‘ਤੇ ਹਮੇਸ਼ਾ ਮਾਣ ਰਹੇਗਾ।
ਪੰਜਾਬ ਅਤੇ ਕੇਂਦਰ ਸਰਕਾਰ ਨੇ ਦਿੱਤਾ ਬਣਦਾ ਮਾਨ ਸਨਮਾਨ
ਸ਼ਹੀਦ ਦੇ ਪੁੱਤਰ ਹਰਪਾਲ ਸਿੰਘ ਨੇ ਦੱਸਿਆ ਕਿ “ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਪਰਿਵਾਰ ਨੂੰ ਬਣਦਾ ਸਨਮਾਨ ਦਿੱਤਾ ਗਿਆ। ਪੰਜਾਬ ਸਰਕਾਰ ਨੇ ਸਨਮਾਨ ਦੇ ਤੌਰ ‘ਤੇ ਮੈਨੂੰ ਸਰਕਾਰੀ ਨੌਕਰੀ ਦਿੱਤੀ ਗਈ ਹੈ, ਜਿਸ ਲਈ ਉਹ ਸਰਕਾਰ ਦੇ ਧੰਨਵਾਦੀ ਹਨ।”
“ਪਿੰਡ ਰਾਣੇਵਾਲੀ ਦੇ ਬਾਹਰ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਦੀ ਯਾਦ ਵਿੱਚ ਇੱਕ ਵਿਸ਼ਾਲ ਸ਼ਹੀਦੀ ਯਾਦਗਾਰੀ ਗੇਟ ਬਣਾਇਆ ਗਿਆ ਹੈ। ਜਦੋਂ ਵੀ ਉਹ ਇਸ ਗੇਟ ਹੇਠੋਂ ਲੰਘਦੇ ਹਨ ਤਾਂ ਆਪਣੇ ਪਿਤਾ ਨੂੰ ਸਲਾਮ ਕਰਦੇ ਹਨ ਅਤੇ ਮਹਿਸੂਸ ਕਰਦੇ ਹਨ ਕਿ ਉਹ ਅੱਜ ਵੀ ਉਨ੍ਹਾਂ ਦੇ ਨਾਲ ਹਨ।”- ਹਰਪਾਲ ਸਿੰਘ,ਸ਼ਹੀਦ ਦੇ ਪੁੱਤਰ
ਭਾਵੁਕ ਹੁੰਦਿਆਂ ਸਾਂਝੀਆਂ ਕੀਤੀਆਂ ਯਾਦਾਂ
ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ “ਮੇਰੇ ਦੇ ਪਿਤਾ ਦਾ ਸਭ ਤੋਂ ਵੱਡਾ ਸੁਪਨਾ ਆਪਣੇ ਬੱਚਿਆਂ ਨੂੰ ਉੱਚੀ ਸਿੱਖਿਆ ਦਿਵਾ ਕੇ ਵੱਡੇ ਅਹੁਦਿਆਂ ‘ਤੇ ਦੇਖਣਾ ਸੀ। ਅੱਜ ਉਹ ਆਪਣੇ ਪਿਤਾ ਦੇ ਦਿਖਾਏ ਰਾਹ ‘ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਪਿਤਾ ਦੀ ਸ਼ਹਾਦਤ ਨੂੰ ਆਪਣੀ ਸਭ ਤੋਂ ਵੱਡੀ ਪ੍ਰੇਰਣਾ ਮੰਨਦੇ ਹਾਂ।”
ਕਾਰਗਿਲ ਵਿਜੇ ਦਿਵਸ ਮੌਕੇ ਪਰਿਵਾਰ ਦੀ ਅਪੀਲ
ਕਾਰਗਿਲ ਵਿਜੇ ਦਿਵਸ ਦੇ ਮੌਕੇ ‘ਤੇ ਹਰਪਾਲ ਸਿੰਘ ਨੇ ਦੇਸ਼ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ “ਉਹ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦੇ ਨਾ ਭੁੱਲਣ। ਅੱਜ ਦੇਸ਼ ਜਿਸ ਅਜ਼ਾਦੀ ਅਤੇ ਸੁਰੱਖਿਅਤ ਮਾਹੌਲ ਦਾ ਆਨੰਦ ਮਾਣ ਰਿਹਾ ਹੈ, ਉਹ ਸਾਡੇ ਬਹਾਦਰ ਸੈਨਿਕਾਂ ਦੀਆਂ ਬੇਮਿਸਾਲ ਕੁਰਬਾਨੀਆਂ ਦਾ ਨਤੀਜਾ ਹੈ।”
ਕਾਰਗਿਲ ਵਿਜੇ ਦਿਵਸ ਮੌਕੇ ਪਿੰਡ ਰਾਣੇਵਾਲੀ ਵਿੱਚ ਵੀ ਲੋਕਾਂ ਨੇ ਸ਼ਹੀਦ ਸੂਬੇਦਾਰ ਤਰਲੋਕ ਸਿੰਘ ਨੂੰ ਨਮਨ ਕਰਦਿਆਂ ਉਨ੍ਹਾਂ ਦੀ ਵੀਰਤਾ, ਦੇਸ਼ਭਗਤੀ ਅਤੇ ਸਰਵੋਚ ਬਲਿਦਾਨ ਨੂੰ ਸਤਿਕਾਰ ਨਾਲ ਯਾਦ ਕੀਤਾ।
ETV BHARAT
#KARGILVIJAYDIWAS #ਅੰਮ੍ਰਿਤਸਰਸ਼ਹੀਦਸੂਬੇਦਾਰਤਰਲੋਕਸਿੰਘ #ਕਾਰਗਿਲਵਿਜੇਦਿਵਸ #SHAHEED SUBEDARTARLOKSINGH #AMRITSAR
ਕਾਰਗਿਲ ਦਿਵਸ ‘ਤੇ ਵਿਸ਼ੇਸ਼: ਪੰਜਾਬ ਦੇ ਪੁੱਤ ਨੇ ਦੁਸ਼ਮਣਾਂ ਨਾਲ ਲੋਹਾ ਲੈਂਦੇ ਪ੍ਰਾਪਤ ਕੀਤੀ ਸ਼ਹਾਦਤ, ਅੱਜ ਵੀ ਯਾਦਾਂ ਸਾਂਭੀ ਬੈਠੀ ਭੈਣ
Kargil Day 2026: ਸ਼ਹੀਦ ਸੰਦੀਪ ਸਿੰਘ ਮਹਿਜ 21 ਸਾਲ ਦੀ ਉਮਰ ਵਿੱਚ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋ ਗਏ।
27 ਜੁਲਾਈ, 2026 – ਬਠਿੰਡਾ: ਕਾਰਗਿਲ ਵਿਜੇ ਦਿਵਸ ਭਾਰਤ ਦੇ ਇਤਿਹਾਸ ਦਾ ਉਹ ਅਮਰ ਦਿਨ ਹੈ ਜਦੋਂ ਹਰ ਸਾਲ 26 ਜੁਲਾਈ ਨੂੰ ਸ਼ਹੀਦਾਂ ਦੀ ਯਾਦਾਂ ਨੂੰ ਤਾਜ਼ਾ ਕਰ ਦਿੰਦਾ ਹੈ। ਦੇਸ਼ ਦੇ ਸੈਨਿਕਾਂ ਦੀ ਵੀਰਤਾ ਅਤੇ ਰਾਸ਼ਟਰ ਦੇ ਗੌਰਵ ਨੂੰ ਨਮਨ ਕਰਨ ਲਈ ਮਨਾਇਆ ਜਾਂਦਾ ਹੈ। ਕਾਰਗਿਲ ਦੀਆਂ ਬਰਫ਼ੀਲੀਆਂ ਚੋਟੀਆਂ ਤੋਂ ਉੱਠੀ ਬਹਾਦਰੀ ਦੀ ਉਹ ਅਮਰ ਗੂੰਜ, ਜਿਸ ਨੇ ਭਾਰਤ ਦੇ ਤਿਰੰਗੇ ਨੂੰ ਹਮੇਸ਼ਾ ਲਈ ਗੌਰਵਸ਼ਾਲੀ ਕਰ ਦਿੱਤਾ। ਜਿਸ ਨੇ ਪਹਾੜੀ ਦੀਆਂ ਚੋਟੀਆਂ ਉੱਤੇ ਵੀ ਭਾਰਤੀ ਤਿਰੰਗੇ ਨੂੰ ਝੁਕਣ ਨਹੀਂ ਦਿੱਤਾ।
ਇਨ੍ਹਾਂ ਯਾਦਾਂ ਨੂੰ ਹੀ ਤਾਜ਼ਾ ਕਰਦਾ ਹੈ ਅੱਜ ਦਾ ਦਿਨ, ਯਾਨਿ ਕਿ 26 ਜੁਲਾਈ। ਅੱਜ ਦੇ ਦਿਨ ਹੀ ਦੇਸ਼ ਭਰ ਦੇ ਵਿੱਚ ਹਰ ਸਾਲ ਕਾਰਗਿਲ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਫੌਜੀ ਜਵਾਨਾਂ ਨੂੰ ਜਿੱਥੇ ਯਾਦ ਕੀਤਾ ਜਾਂਦਾ ਹੈ, ਉਥੇ ਹੀ ਉਨ੍ਹਾਂ ਦੇ ਪਰਿਵਾਰ ਨੂੰ ਬਣਦਾ ਮਾਣ ਸਨਮਾਨ ਫ਼ੌਜ ਅਤੇ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ।
ਪਿਤਾ ਵਾਂਗ ਚੁਣਿਆ ਦੇਸ਼ ਦੀ ਸੇਵਾ ਦਾ ਰਾਹ
ਕਾਰਗਿਲ ਦੀ ਜੰਗ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਸਿਪਾਹੀ ਸੰਦੀਪ ਸਿੰਘ ਵੀ ਸ਼ਹੀਦ ਹੋ ਗਏ, ਜੋ ਕਿ ਬਠਿੰਡਾ ਦੇ ਪਰਸ ਰਾਮ ਨਗਰ ਦੇ ਰਹਿਣ ਵਾਲੇ ਸਨ। ਸ਼ਹੀਦ ਸੰਦੀਪ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਵੱਡੀ ਭੈਣ ਅਤਿੰਦਰ ਕੌਰ ਅੱਜ ਵੀ ਭਾਵੁਕ ਹੋ ਜਾਂਦੇ ਹਨ। ਉਨ੍ਹਾਂ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਯਾਦਾਂ ਨੂੰ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ‘ਸੰਦੀਪ ਸਿੰਘ ਦਾ ਪਿਤਾ ਰਾਠਾਂ ਸਿੰਘ ਅਤੇ ਮਾਤਾ ਪਰਕਾਸ਼ ਕੌਰ ਦੇ ਘਰ 2 ਨਵੰਬਰ 1978 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਪਾਲਣ–ਪੋਸ਼ਣ ਬਠਿੰਡਾ ਸ਼ਹਿਰ ਦੇ ਪਰਸ ਰਾਮ ਨਗਰ ਇਲਾਕੇ ਵਿੱਚ ਹੋਇਆ। ਮੁੱਢਲੀ ਅਤੇ ਸਕੂਲੀ ਸਿੱਖਿਆ ਬਠਿੰਡਾ ਦੇ ਪਰਸ ਰਾਮ ਨਗਰ ਸਰਕਾਰੀ ਸਕੂਲ ਤੋਂ ਕੀਤੀ ਸੀ। ਸੰਦੀਪ ਸਿੰਘ ਆਪਣੇ ਵਾਂਗ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਸਨ। ਜਿਸ ਤਹਿਤ ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਨ ਦਾ ਪ੍ਰਣ ਕੀਤਾ ਅਤੇ 1997 ਵਿੱਚ ਕਪੂਰਥਲਾ ਵਿਖੇ 20 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ।‘
21 ਸਾਲ ਦੀ ਉਮਰ ‘ਚ ਦਿੱਤੀ ਕੁਰਬਾਨੀ
ਭੈਣ ਨੇ ਦੱਸਿਆ ਕਿ ‘ਉਸ ਸਮੇਂ ਸੰਦੀਪ ਸਿੰਘ ਮਹਿਜ 19 ਸਾਲ ਸੀ ਅਤੇ ਭਰਤੀ ਹੋਣ ਤੋਂ 2 ਸਾਲ ਬਾਅਦ ਕਾਰਗਿਲ ਯੁੱਧ ਦੌਰਾਨ ਪੂੰਛ ਸੈਕਟਰ ਵਿੱਚ ਲਗਾਤਾਰ ਕਰੀਬ 13 ਘੰਟੇ ਚੱਲੀ ਗੋਲੀਬਾਰੀ ਦੌਰਾਨ 2 ਅਗਸਤ 1999 ਨੂੰ ਸੰਦੀਪ ਸਿੰਘ ਨੇ ਦੇਸ਼ ਦੀ ਰੱਖਿਆ ਕਰਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ। ਉਸ ਵੇਲੇ ਉਹ ਸਿਰਫ਼ 21 ਸਾਲ ਦੇ ਸਨ। ਬਠਿੰਡਾ ਵਿੱਖੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਦੀ ਸ਼ਹਾਦਤ ਬਾਰੇ ਜਾਣਕਾਰੀ ਫ਼ੌਜ ਅਧਿਕਾਰੀਆਂ ਵੱਲੋਂ ਦਿੱਤੀ ਗਈ। ਪਿਤਾ ਫੌਜ ਵਿੱਚ ਸਨ ਤਾਂ ਸਾਨੂੰ ਪਤਾ ਲੱਗ ਗਿਆ ਕਿ ਅਚਾਨਕ ਫੌਜੀ ਜਵਾਨ ਘਰ ਆਏ ਹਨ, ਇਸ ਦਾ ਮਤਲਬ ਹੈ ਕ ਸਾਡਾ ਵੀਰ ਹੁਣ ਇਸ ਦੁਨੀਆ ‘ਚ ਨਹੀਂ ਰਿਹਾ, ਉਹ ਦੇਸ਼ ਲਈ ਕੁਰਬਾਨ ਹੋ ਗਿਆ ਹੈ।‘
ਸ਼ਹਾਦਤ ਤੋਂ ਬਾਅਦ ਮਿਲਿਆ ਬਣਦਾ ਸਨਮਾਨ
ਸ਼ਹਾਦਤ ਬਾਰੇ ਪਤਾ ਲੱਗਦੇ ਹੀ ਬਠਿੰਡਾ ਸ਼ਹਿਰ ਵਿੱਚ ਸੋਗ ਦੀ ਲਹਿਰ ਫੈਲ ਗਈ ਅਤੇ ਲੋਕਾਂ ਵੱਲੋਂ ਸ਼ਹੀਦ ਸੰਦੀਪ ਸਿੰਘ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਆਪਣੇ -ਆਪਣੇ ਕਾਰੋਬਾਰ ਬੰਦ ਰੱਖੇ ਗਏ। ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਅਤੇ ਸ਼ਹਿਰ ਵਿੱਚ ਸ਼ਹੀਦ ਸੰਦੀਪ ਸਿੰਘ ਦਾ ਜਨਾਜ਼ਾ ਕੱਢਿਆ ਗਿਆ ਅਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸ਼ਹੀਦ ਸੰਦੀਪ ਸਿੰਘ ਦੀ ਸ਼ਹਾਦਤ ਤੋਂ ਬਾਅਦ ਸਨਮਾਨ ਵੱਜੋਂ ਪਰਸ ਰਾਮ ਚੌਂਕ ਵਿੱਚ ਉਨ੍ਹਾਂ ਦੀ ਪ੍ਰਤਿਮਾ ਸਥਾਪਿਤ ਕੀਤੀ ਗਈ ਅਤੇ ਇੱਕ ਸਰਕਾਰੀ ਸਕੂਲ ਦਾ ਨਾਮ ਉਨ੍ਹਾਂ ਦੇ ਨਾਮ ‘ਤੇ ਰੱਖਿਆ ਗਿਆ ਸੀ।
ਘਰ ‘ਚ ਬਚੇ ਮਾਤਾ ਅਤੇ ਭੈਣ
ਜ਼ਿਕਰਯੋਗ ਹੈ ਕਿ ਸ਼ਹੀਦ ਸੰਦੀਪ ਸਿੰਘ ਦੇ ਪਿਤਾ ਰਾਠਾਂ ਸਿੰਘ ਭਾਰਤੀ ਫੌਜ ਦੇ ਸਾਬਕਾ ਜਵਾਨ ਸਨ ਅਤੇ 1965 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਖੇਮਕਰਨ ਸੈਕਟਰ ਵਿੱਚ ਲੜੇ ਸਨ। ਅਤੇ ਇਸ ਜੰਗ ਦੌਰਾਨ ਗੰਭੀਰ ਜ਼ਖਮੀ ਹੋ ਗਏ ਸਨ ਜਿਸ ਕਾਰਨ ਫ਼ੌਜ ਵਲੋ ਉਣਾ ਨੂੰ ਮੈਡੀਕਲ ਅਨਫਿੱਟ ਹੋਣ ਕਾਰਨ ਘਰ ਭੇਜ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪਿਤਾ ਪੀਆਰਟੀਸੀ ‘ਚ ਸੇਵਾਵਾਂ ਨਿਭਾਉਣ ਲੱਗ ਗਏ। ਹੁਣ ਉਨਾਂ ਦੇ ਪਰਿਵਾਰਿਕ ਮੈਂਬਰਾਂ ਵਿੱਚੋਂ ਸਿਰਫ ਸ਼ਹੀਦ ਸੰਦੀਪ ਸਿੰਘ ਦੀ ਭੈਣ ਅਤੇ ਉਨ੍ਹਾਂ ਦੀ ਮਾਤਾ ਹੀ ਰਹਿ ਗਏ ਹਨ। ਸ਼ਹੀਦ ਸੰਦੀਪ ਸਿੰਘ ਦੀ ਭੈਣ ਅਤਿੰਦਰ ਕੌਰ ਨੂੰ ਉਸ ਸਮੇਂ ਦੀ ਸਰਕਾਰ ਵਲੋ ਸਰਕਾਰੀ ਨੌਕਰੀ ਦਿੱਤੀ ਗਈ ਸੀ ਅਤੇ ਫੌਜ ਅਤੇ ਸਰਕਾਰ ਵਲੋ ਬਣਦਾ ਮਾਣ ਸਨਮਾਨ ਦਿੱਤਾ ਗਿਆ ਸੀ। ਜਿਸ ਤੋਂ ਸੰਤੂਸ਼ਟੀ ਜਾਹਿਰ ਕੀਤੀ ਹੈ।
ਉਥੇ ਹੀ ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਕਿਹਾ ਕਿ ‘ਸਰਕਾਰਾਂ ਵੱਲੋਂ ਸ਼ਹੀਦ ਨੂੰ ਸਨਮਾਨ ਤਾਂ ਦਿੱਤਾ ਗਿਆ ਪਰ ਸਮੇਂ ਦੇ ਨਾਲ ਉਨ੍ਹਾਂ ਦੀਆਂ ਯਾਦਾਂ ਦੀ ਸੰਭਾਲ ਨਹੀਂ ਕੀਤੀ ਗਈ। ਅਕਾਲੀਆਂ ਵੱਲੋਂ ਬੁੱਤ ਲਾਇਆ ਗਿਆ, ਤਾਂ ਕਾਂਗਰਸੀਆਂ ਨੇ ਬੁੱਤ ‘ਤੇ ਇੱਕ ਛੱਤ ਪਵਾ ਕੇ ਦੇ ਦਿੱਤੀ। ਇਸ ਛੱਤ ‘ਤੇ ਹੁਣ ਕਬੂਤਰ ਅਤੇ ਹੋਰਨਾਂ ਪੰਛੀ ਬਹਿੰਦੇ ਹਨ ਪਰ ਕੋਈ ਧਿਆਨ ਨਹੀਂ ਦਿੰਦਾ।
ETV BHARAT