ਟਰੱਕਿੰਗ ਇੰਡਸਟਰੀ ਦੀ ਆੜ ਵਿੱਚ ਕਰੋੜਾਂ ਡਾਲਰ ਦੀ ਨਸ਼ਾ ਤਸਕਰੀ ਹੋ ਰਹੀ ਸੀ,1.7 ਮੀਟ੍ਰਿਕ ਟਨ ਨਸ਼ਾਜ਼, ਕਰੋੜਾਂ ਦੀ ਨਕਦੀ ਅਤੇ ਹਥਿਆਰਾਂ ਸਣੇ 21 ਗ੍ਰਿਫ਼ਤਾਰ।
27 ਜੁਲਾਈ, 2026 – ਚੰਡੀਗੜ੍ਹ: ਰੋਜ਼ੀ-ਰੋਟੀ ਦੀ ਭਾਲ ਵਿੱਚ ਕੈਨੇਡਾ ਗਏ ਪੰਜਾਬੀ ਗੱਭਰੂਆਂ ਨੂੰ ਲੈ ਕੇ ਭਾਰਤ ਵਿੱਚ ਬੈਠੇ ਪੰਜਾਬੀ ਪਰਿਵਾਰਾਂ ਲਈ ਉੱਥੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਚਲਾਏ ਗਏ ਇੱਕ ਵੱਡੇ ਗੁਪਤ ਆਪ੍ਰੇਸ਼ਨ ‘ਪ੍ਰੋਜੈਕਟ ਬੇਅ’ ਦੇ ਤਹਿਤ ਕਰੋੜਾਂ ਡਾਲਰ ਦੇ ਕੌਮਾਂਤਰੀ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੁੱਲ 21 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 13 ਮੁਲਜ਼ਮ ਪੰਜਾਬੀ ਮੂਲ ਦੇ ਹਨ। ਪੁਲਿਸ ਨੇ ਇਸ ਕਾਰਵਾਈ ਦੌਰਾਨ ਤਕਰੀਬਨ 13.9 ਕਰੋੜ ਕੈਨੇਡੀਅਨ ਡਾਲਰ ਦਾ ਨਸ਼ਾ ਅਤੇ ਕਈ ਆਧੁਨਿਕ ਹਥਿਆਰ ਜ਼ਬਤ ਕੀਤੇ ਹਨ।
ਵਪਾਰਕ ਟਰੱਕਾਂ ਰਾਹੀਂ ਹੁੰਦਾ ਸੀ ਕਾਲਾ ਕਾਰੋਬਾਰ
ਜਾਂਚ ਅਧਿਕਾਰੀਆਂ ਮੁਤਾਬਕ ਇਹ ਨੈੱਟਵਰਕ ਕੈਨੇਡਾ ਅਤੇ ਅਮਰੀਕਾ ਵਿਚਕਾਰ ਚੱਲਣ ਵਾਲੇ ਵਪਾਰਕ ਟਰਾਂਸਪੋਰਟ ਖੇਤਰ ਦੀ ਦੁਰਵਰਤੋਂ ਕਰ ਰਿਹਾ ਸੀ। ਤਸਕਰ ਜਾਇਜ਼ ਵਪਾਰਕ ਲੋਡ ਦੇ ਅੰਦਰ ਲੁਕੋ ਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਸਰਹੱਦ ਪਾਰ ਭੇਜਣ ਲਈ ਟਰੱਕ ਡਰਾਈਵਰਾਂ ਦਾ ਪ੍ਰਬੰਧ ਕਰਦੇ ਸਨ।
ਸਭ ਤੋਂ ਵੱਡੀ ਨਸ਼ਾ ਬਰਾਮਦਗੀ
ਪੁਲਿਸ ਵੱਲੋਂ ਇਸ ਛਾਪੇਮਾਰੀ ਦੌਰਾਨ ਓਨਟਾਰੀਓ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ਾ ਬਰਾਮਦਗੀ ਕੀਤੀ ਗਈ ਹੈ, ਜਿਸ ਵਿੱਚ ਤਕਰੀਬਨ 1700 ਕਿੱਲੋ ਗੈਰ-ਕਾਨੂੰਨੀ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ। ਬਰਾਮਦ ਕੀਤੇ ਗਏ ਸਮਾਨ ਵਿੱਚ ਕਰੀਬ ਹਰ ਤਰ੍ਹਾਂ ਦਾ ਪਬੰਦੀਸ਼ੁਦਾ ਨਸ਼ਾ ਸ਼ਾਮਲ ਹੈ:
- ਕੋਕੀਨ: 973 ਕਿੱਲੋ
- ਮੈਥਾਮਫੇਟਾਮਾਈਨ: 660 ਕਿੱਲੋ
- ਅਫ਼ੀਮ: 49 ਕਿੱਲੋ
- ਆਕਸੀਕੋਡੋਨ (5mg): 230 ਗੋਲੀਆਂ
- ਇੱਕ ਐਂਟੀ–ਟੈਂਕ ਰਾਈਫਲ ਸਣੇ 17 ਹਥਿਆਰ
- ਭਾਰੀ ਮਾਤਰਾ ਵਿੱਚ ਅਸਲਾ/ਗੋਲਾ–ਬਾਰੂਦ
- ਪਿੱਤਲ ਦੇ ਮੁੱਕੇ, ਮੈਗਜ਼ੀਨ ਅਤੇ ਪੁਲਿਸ ਦੀ ਬੈਟਨ
- 80,000 ਕੈਨੇਡੀਅਨ ਡਾਲਰ
- 10,000 ਅਮਰੀਕੀ ਡਾਲਰ
- ਅਪਰਾਧ ਵਿੱਚ ਵਰਤੀ ਗਈ ਇੱਕ ਗੱਡੀ
- ਮਹਿੰਗੇ ਗਹਿਣੇ
- ਨੋਟ ਗਿਣਨ ਵਾਲੀਆਂ ਮਸ਼ੀਨਾਂ
- 43 ਮੋਬਾਈਲ ਫ਼ੋਨ ਅਤੇ 6 ਲੈਪਟਾਪ
ਨਾਮਜ਼ਦ ਕੀਤੇ ਗਏ 13 ਪੰਜਾਬੀ ਨੌਜਵਾਨ
ਵਪਾਰਕ ਟਰੱਕਾਂ ਰਾਹੀਂ ਕਰਦੇ ਸਨ ਤਸਕਰੀ
ਮੀਡੀਆ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਇਸ ਨੈੱਟਵਰਕ ਦੀ ਗੰਭੀਰਤਾ ਅਤੇ ਇਸ ਦੇ ਸਰੂਪ ਬਾਰੇ ਚਿੰਤਾ ਪ੍ਰਗਟਾਈ। OPP ਦੇ ਐਕਟਿੰਗ ਡਿਟੈਕਟਿਵ ਸੁਪਰਡੈਂਟ ਐਂਡੀ ਬਰੈਡਫੋਰਡ ਨੇ ਟਰੱਕਿੰਗ ਇੰਡਸਟਰੀ ਬਾਰੇ ਬੋਲਦਿਆਂ ਕਿਹਾ ਕਿ, “ਜਾਂਚ ਵਿੱਚ ਵਪਾਰਕ ਟਰਾਂਸਪੋਰਟ ਖੇਤਰ ਦੇ ਅੰਦਰ ਚੱਲ ਰਹੇ ਇੱਕ ‘ਬ੍ਰੋਕਰ–ਸਟਾਈਲ‘ ਟਰਾਂਸਪੋਰਟੇਸ਼ਨ ਮਾਡਲ ਦੀ ਪਛਾਣ ਹੋਈ ਹੈ। ਇਹ ਨੈੱਟਵਰਕ ਜਾਇਜ਼ ਸਪਲਾਈ ਚੇਨ ਦੇ ਅੰਦਰ ਵੱਡੀ ਮਾਤਰਾ ਵਿੱਚ ਨਸ਼ਿਆਂ ਦੀ ਵੰਡ ਦਾ ਤਾਲਮੇਲ ਕਰ ਰਿਹਾ ਸੀ। ਟਰੱਕਿੰਗ ਉਦਯੋਗ ਵਿੱਚ ਕੰਮ ਕਰਨ ਵਾਲੇ ਬਹੁਤੇ ਲੋਕ ਕਾਨੂੰਨ ਦੀ ਪਾਲਣਾ ਕਰਨ ਵਾਲੇ ਪੇਸ਼ੇਵਰ ਹਨ, ਪਰ ਕੁਝ ਅਪਰਾਧਿਕ ਨੈੱਟਵਰਕ ਇਸ ਦਾ ਗ਼ਲਤ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਹਨ।”
ਅਪਰਾਧ ਦੇ ਬਦਲ ਰਹੇ ਸਰੂਪ
ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ਼ ਨਿਕ ਮਿਲਾਨੋਵਿਚ ਨੇ ਅਪਰਾਧ ਦੇ ਬਦਲਦੇ ਸਰੂਪ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ, “ਇਹ ਸਾਡੇ ਸਾਰੇ ਭਾਈਚਾਰਿਆਂ—ਪੂਰੇ ਓਨਟਾਰੀਓ ਅਤੇ ਕੈਨੇਡਾ ਵਿੱਚ ਅਪਰਾਧ ਦੇ ਬਦਲਦੇ ਸਰੂਪ ਨੂੰ ਦਰਸਾਉਂਦਾ ਹੈ। ਇਹ ਪੂਰੀ ਤਰ੍ਹਾਂ ਬਦਲ ਚੁੱਕਾ ਹੈ, ਪਰ ਚੰਗੀ ਖ਼ਬਰ ਇਹ ਹੈ ਕਿ ਸਾਡੀਆਂ ਪੁਲਿਸ ਸੇਵਾਵਾਂ ਦੀਆਂ ਵੀ ਕੋਈ ਸਰਹੱਦਾਂ ਨਹੀਂ ਹਨ।”
‘ਪ੍ਰੋਜੈਕਟ ਬੇਅ‘ ਨੇ ਕਈ ਜ਼ਿੰਦਗੀਆਂ ਬਚਾਈਆਂ
ਵਿੰਡਸਰ ਪੁਲਿਸ ਦੇ ਚੀਫ਼ ਜੇਸਨ ਕਰੌਲੀ ਨੇ ਕਿਹਾ ਕਿ, “ਇਸ ਕਮਰੇ ਵਿੱਚ ਮੌਜੂਦ ਨਸ਼ਾ ਹੁਣ ਸਾਡੇ ਸਮਾਜ ਦੇ ਕਮਜ਼ੋਰ ਲੋਕਾਂ ਦੇ ਹੱਥਾਂ ਵਿੱਚ ਜਾਣ ਤੋਂ ਰੁਕ ਗਿਆ ਹੈ। ਇਹ ਹਥਿਆਰ ਹੁਣ ਸਾਡੇ ਸਮਾਜ ਵਿੱਚ ਅਰਾਜਕਤਾ ਨਹੀਂ ਫੈਲਾਉਣਗੇ ਅਤੇ ‘ਪ੍ਰੋਜੈਕਟ ਬੇਅ‘ ਦੇ ਕਾਰਨ ਅਸੀਂ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਤਬਾਹ ਹੋਣੋਂ ਬਚਾ ਲਿਆ ਹੈ।”
ਕਿੱਥੇ–ਕਿੱਥੇ ਜੁੜੇ ਤਾਰ ?
ਪੁਲਿਸ ਮੁਤਾਬਕ ਇਸ ਨੈੱਟਵਰਕ ਦੇ ਤਾਰ ਦੱਖਣ-ਪੱਛਮੀ ਅਮਰੀਕਾ ਅਤੇ ਮੈਕਸੀਕਨ ਨਸ਼ਾ ਕਾਰਟੇਲਾਂ ਨਾਲ ਜੁੜੇ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਅਮਰੀਕੀ ਖ਼ੁਫ਼ੀਆ ਏਜੰਸੀਆਂ HSI ਅਤੇ DEA ਨਾਲ ਮਿਲ ਕੇ ਅਜੇ ਵੀ ਜਾਂਚ ਸਰਗਰਮੀ ਨਾਲ ਚਲਾਈ ਜਾ ਰਹੀ ਹੈ। ਕੈਨੇਡਾ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਪੰਜਾਬੀ ਨੌਜਵਾਨਾਂ ਦੇ ਨਾਮ ਨਸ਼ਾ ਤਸਕਰੀ ਵਿੱਚ ਆਉਣ ਕਾਰਨ ਭਾਰਤ ਅਤੇ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਭਾਈਚਾਰੇ ਵਿੱਚ ਚਿੰਤਾ ਅਤੇ ਨਿਰਾਸ਼ਾ ਦਾ ਮਾਹੌਲ ਹੈ।
ETV BHARAT