ਮੰਡੀਆਂ ਵਿੱਚ ਪਿਆ ਝੋਨਾ ਭਿੱਜਿਆ; ਖੇਤਾਂ ’ਚ ਵਾਢੀ ਲਈ ਖਡ਼੍ਹੀ ਫਸਲ ਵਿਛੀ
12 ਅਕਤੂਬਰ, 2026 – ਚੰਡੀਗੜ੍ਹ : ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ’ਚ ਮੀਂਹ ਕਾਰਨ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਮੀਂਹ ਕਾਰਨ ਜਿੱਥੇ ਵਾਢੀ ਲਈ ਤਿਆਰ ਖੜ੍ਹੀ ਫਸਲ ਵਿੱਛ ਗਈ ਹੈ ਉੱਥੇ ਹੀ ਮੰਡੀਆਂ ’ਚ ਵਿਕਣ ਲਈ ਪੁੱਜੀ ਜਿਣਸ ਵੀ ਭਿੱਜ ਗਈ ਹੈ। ਮੀਂਹ ਨੇ ਪੰਜਾਬ ਸਰਕਾਰ ਦੇ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਕੀਤੇ ਪ੍ਰਬੰਧਾਂ ਦੀ ਪੋਲ ਵੀ ਖੋਲ੍ਹ ਦਿੱਤੀ ਹੈ। ਮੌਸਮ ਵਿਗਿਆਨੀਆਂ ਨੇ ਪੰਜਾਬ ਤੇ ਹਰਿਆਣਾ ਵਿੱਚ 12 ਤੋਂ 15 ਅਕਤੂਬਰ ਤੱਕ ਤੇਜ਼ ਹਵਾਵਾਂ ਚੱਲਣ ਅਤੇ ਟੁੱਟਵਾਂ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਸਰਕਾਰੀ ਅੰਕੜਿਆਂ ਅਨੁਸਾਰ ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 21.72 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 20.61 ਲੱਖ ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਹੈ। 7.32 ਲੱਖ ਮੀਟ੍ਰਿਕ ਟਨ ਝੋਨੇ ਦੀ ਚੁਕਾਈ ਹੋਣ ਮਗਰੋਂ ਮੰਡੀਆਂ ਵਿੱਚ 13 ਲੱਖ ਮੀਟ੍ਰਿਕ ਟਨ ਦੇ ਕਰੀਬ ਝੋਨਾ ਪਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਜ਼ਿਆਦਾਤਰ ਹਿੱਸੇ ਵਿੱਚ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਪਿਆ ਹੈ। ਮੀਂਹ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈਆਂ ਫਸਲਾਂ ਭਿੱਜ ਗਈਆਂ ਹਨ। ਫਾਜ਼ਿਲਕਾ ਦੀ ਮੰਡੀ ਵਿੱਚ 2 ਤੋਂ 3 ਫੁੱਟ ਤੱਕ ਪਾਣੀ ਖੜ੍ਹਾ ਹੋਣ ਕਰਕੇ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ ਹੈ। ਤੇਜ਼ ਹਵਾਵਾਂ ਅਤੇ ਮੀਂਹ ਨੇ ਖੇਤਾਂ ਵਿੱਚ ਵਾਢੀ ਲਈ ਤਿਆਰ ਖੜ੍ਹੀ ਝੋਨੇ ਦੀ ਫਸਲ ਵੀ ਵਿਛਾ ਦਿੱਤੀ ਹੈ।
ਪੰਜਾਬ ਵਿੱਚ ਮੀਂਹ ਪੈਣ ਦੇ ਨਾਲ ਹੀ ਤਾਪਮਾਨ ਵਿੱਚ 8 ਤੋਂ 9 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅੱਜ ਪੰਜਾਬ ਦਾ ਪਠਾਨਕੋਟ ਸ਼ਹਿਰ ਦਿਨ ਸਮੇਂ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 19.7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਗਿਰਦਾਵਰੀ ਕਰਵਾਈ ਜਾਵੇ ਅਤੇ ਨੁਕਸਾਨੀਆਂ ਫ਼ਸਲਾਂ ਦਾ ਬਣਦਾ ਮੁਆਵਜ਼ਾ ਕਿਸਾਨਾਂ ਨੂੰ ਜਲਦ ਤੋਂ ਜਲਦ ਦਿੱਤਾ ਜਾਵੇ।
Grain Market Waterlogging: ਫ਼ਾਜ਼ਿਲਕਾ ਮੰਡੀ ’ਚ ਮੀਂਹ ਦੇ ਪਾਣੀ ’ਚ ਤੈਰਿਆ ਝੋਨਾ
ਪੰਜਾਬ ਦੀਆਂ ਮੰਡੀਆਂ ’ਚ 21.25 ਲੱਖ ਮੀਟਰਿਕ ਟਨ ਫ਼ਸਲ ਪਹੁੰਚੀ
ਚੰਡੀਗੜ੍ਹ : ਪੰਜਾਬ ਵਿੱਚ ਅਣਕਿਆਸੇ ਮੀਂਹ ਕਾਰਨ ਖ਼ਰੀਦ ਕੇਂਦਰਾਂ ਵਿੱਚ ਪਈ ਝੋਨੇ ਦੀ ਫ਼ਸਲ ’ਤੇ ਪਾਣੀ ਫਿਰ ਗਿਆ ਹੈ। ਫ਼ਾਜ਼ਿਲਕਾ ਦਾ ਖ਼ਰੀਦ ਕੇਂਦਰ ਤਾਂ ਸਮੁੰਦਰ ਜਾਪਣ ਲੱਗਿਆ ਹੈ, ਜਿਸ ਵਿੱਚ ਕਿਸਾਨਾਂ ਦੀ ਫ਼ਸਲ ਰੁੜ੍ਹ ਗਈ ਹੈ। ਫ਼ਾਜ਼ਿਲਕਾ ਮੰਡੀ ਵਿੱਚ ਪਈ ਫ਼ਸਲ ਮੀਂਹ ਦੇ ਪਾਣੀ ਵਿੱਚ ਤੈਰ ਰਹੀ ਹੈ, ਜੋ ਪੰਜਾਬ ਸਰਕਾਰ ਦੇ ਪ੍ਰਬੰਧਾਂ ’ਤੇ ਵੀ ਸਵਾਲ ਚੁੱਕ ਰਹੀ ਹੈ। ਫ਼ਾਜ਼ਿਲਕਾ ਮੰਡੀ ਵਿੱਚ ਕਾਫ਼ੀ ਫ਼ਸਲ ਆ ਚੁੱਕੀ ਹੈ ਅਤੇ ਮੰਡੀ ਨੀਵੀਂ ਹੋਣ ਕਰਕੇ ਕਈ ਵਾਰ ਪਹਿਲਾਂ ਵੀ ਫ਼ਸਲੀ ਨੁਕਸਾਨ ਹੋ ਚੁੱਕਿਆ ਹੈ।
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਗੋਲਡੀ ਸਚਦੇਵਾ ਨੇ ਪੰਜਾਬ ਸਰਕਾਰ ਦੇ ਇੰਤਜ਼ਾਮਾਂ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਅਧਿਕਾਰੀ ਵੇਲੇ ਸਿਰ ਪਾਣੀ ਦੀ ਨਿਕਾਸੀ ਕਰਨ ਵਿੱਚ ਫ਼ੇਲ੍ਹ ਰਹੇ ਹਨ। ਦੂਜੇ ਪਾਸੇ, ਅਧਿਕਾਰੀ ਆਖਦੇ ਹਨ ਕਿ ਫ਼ਾਜ਼ਿਲਕਾ ਮੰਡੀ ਵਿੱਚੋਂ ਪਾਣੀ ਦੀ ਨਿਕਾਸੀ ਲਈ ਪਹਿਲਾਂ ਹੀ ਪੱਕੇ ਤੌਰ ’ਤੇ ਦੋ ਪੰਪ ਲਗਾਏ ਹੋਏ ਹਨ, ਜੋ ਹੁਣ ਲਗਾਤਾਰ ਚੱਲ ਰਹੇ ਹਨ। ਆੜ੍ਹਤੀਏ ਆਖਦੇ ਹਨ ਕਿ ਇਸ ਨੁਕਸਾਨ ਲਈ ਜ਼ਿੰਮੇਵਾਰੀ ਤੈਅ ਕੀਤੀ ਜਾਵੇ।
ਬੇਮੌਸਮੇ ਮੀਂਹ ਕਾਰਨ ਮੰਡੀਆਂ ’ਚ ਭਿੱਜੀ ਫ਼ਸਲ; ਕਿਸਾਨਾਂ ਦੀ ਵਧੀ ਚਿੰਤਾ
ਖ਼ਰੀਦ ਪ੍ਰਬੰਧ ਇੱਕ ਹਫ਼ਤਾ ਪਛੜਨ ਦਾ ਖ਼ਦਸ਼ਾ; ਕਈ ਆੜ੍ਹਤੀਆਂ ਕੋਲ ਤਰਪਾਲਾਂ ਨਾ ਹੋਣ ਕਾਰਨ ਕਿਸਾਨਾਂ ਨੇ ਘਰੋਂ ਲਿਆ ਕੇ ਢਕਿਆ ਝੋਨਾ
ਬਠਿੰਡਾ : ਮਾਲਵਾ ਪੱਟੀ ਵਿੱਚ ਅੱਜ ਹੋਈ ਬੇਮੌਸਮੇ ਮੀਂਹ ਅਤੇ ਤੇਜ਼ ਹਵਾਵਾਂ ਨੇ ਝੋਨੇ ਦੀ ਵਾਢੀ ਅਤੇ ਖ਼ਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਬਠਿੰਡਾ ਖੇਤਰ ਦੇ ਜਿਣਸ ਕੇਂਦਰਾਂ ਵਿੱਚ ਪਏ ਲੱਖਾਂ ਮੀਟ੍ਰਿਕ ਟਨ ਝੋਨੇ ਦੀ ਫ਼ਸਲ ਬੁਰੀ ਤਰ੍ਹਾਂ ਭਿੱਜ ਗਈ ਹੈ। ਐਤਵਾਰ ਚੜ੍ਹਦੇ ਹੀ ਸਵੇਰ ਕਾਲੀਆਂ ਘਟਾਵਾਂ, ਝੱਖੜ ਅਤੇ ਮੀਂਹ ਲੈ ਕੇ ਆਈ। ਅੱਜ ਹੋਈ ਬੇਮੌਸਮੀ ਬਰਸਾਤ ਨਾਲ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਦੀਆਂ ਮੰਡੀਆਂ ਵਿੱਚ ਪਿਆ ਝੋਨਾ ਭਿੱਜਣ ਕਾਰਨ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਸੰਭਾਲ ਦੀ ਚਿੰਤਾ ਸਤਾਉਣ ਲੱਗੀ ਹੈ।
ਕੱਖੋਂ ਹੌਲੇ ਹੋਏ ਕਿਸਾਨਾਂ ਨੇ ਦੁੱਖੜੇ ਰੋਂਦੇ ਕਿਹਾ ਕਿ ਮੀਂਹ ਕਾਰਨ ਜਿੱਥੇ ਖੇਤਾਂ ਵਿੱਚ ਵਾਢੀ ਕਰ ਰਹੀਆਂ ਕੰਬਾਈਨਾਂ ਰੁਕ ਗਈਆਂ, ਉੱਥੇ ਹੀ ਖ਼ਰੀਦ ਪ੍ਰਬੰਧਾਂ ਦਾ ਕੰਮ ਵੀ ਇੱਕ ਹਫ਼ਤਾ ਪਛੜਨ ਦਾ ਖ਼ਦਸ਼ਾ ਹੈ, ਕਿਉਂਕਿ ਵੱਡੀ ਪੱਧਰ ’ਤੇ ਝੋਨੇ ਦੀ ਪੱਕੀ ਫ਼ਸਲ ਅਜੇ ਖੇਤਾਂ ਵਿੱਚ ਖੜ੍ਹੀ ਹੈ। ਅੱਜ ਵੱਖ-ਵੱਖ ਮੰਡੀਆਂ ਵਿੱਚ ਬੈਠੇ ਕਿਸਾਨਾਂ ਨੇ ‘ਪੰਜਾਬੀ ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਈ ਆੜ੍ਹਤੀਆਂ ਕੋਲ ਝੋਨੇ ਨੂੰ ਢਕਣ ਲਈ ਲੋੜੀਂਦੀਆਂ ਤਰਪਾਲਾਂ ਨਹੀਂ ਸਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਪੱਲੀਆਂ ਲਿਆ ਕੇ ਫ਼ਸਲ ਦੇ ਢੇਰ ਢਕਣੇ ਪਏ।
ਪੰਜਾਬੀ ਟ੍ਰਿਬਯੂਨ