ਸਰਕਾਰ ਖ਼ਿਲਾਫ਼ ਫੁੱਟਿਆ ਗੁੱਸਾ
ਇੱਕ ਕਿਸਾਨ ਵੱਲੋਂ ਝੋਨੇ ਦੀ ਫਸਲ ਨੂੰ ਵਾਹਿਆ ਗਿਆ ਹੈ। ਕਿਸਾਨ ਦਾ ਇਲਜ਼ਾਮ ਹੈ ਕਿ ਬਿਜਲੀ ਦੀ ਕਿੱਲਤ ਕਾਰਨ ਫਸਲ ਵਾਹੁਣੀ ਪਈ ਹੈ।
03 ਅੱਗਸਤ, 2026 – ਬਠਿੰਡਾ : ਆਖਰ ਪੰਜਾਬ ਦੀ ਨੌਜਵਾਨੀ ਖੇਤੀ ਤੋਂ ਕਿਉਂ ਦੂਰ ਹੁੰਦੀ ਜਾ ਰਹੀ ਹੈ ਇਸ ਪਿੱਛੇ ਕਈ ਵੱਡੇ ਕਾਰਨ ਹਨ। ਅੱਜ ਜੋ ਤਸਵੀਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਬਠਿੰਡਾ ਦੇ ਪਿੰਡ ਦਿਉਣ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਸੁਖਚੈਨ ਸਿੰਘ ਦੇ ਖੇਤਾਂ ਦੀ ਹੈ। ਸੁਖਚੈਨ ਸਿੰਘ ਜਿਸ ਦੇ ਪਿਤਾ ਬਲਵੀਰ ਸਿੰਘ ਜੋ ਕਿ ਅਪਾਹਜ ਹਨ ਜਿਸ ਕੋਲ ਖੁਦ ਦੀ ਦੋ ਏਕੜ ਆਪਣੀ ਜ਼ਮੀਨ ਹੈ ਅਤੇ ਸੱਤ ਏਕੜ ਠੇਕੇ ’ਤੇ ਲੈ ਕੇ ਵਾਹੀ ਕਰਦਾ ਹੈ।
‘ਜ਼ਮੀਨ ਠੇਕੇ ’ਤੇ ਲੈ ਲਗਾਇਆ ਸੀ ਝੋਨਾ‘
ਕਿਸਾਨ ਸੁਖਚੈਨ ਸਿੰਘ ਨੇ ਦੱਸਿਆ ਕਿ “ਉਸ ਵੱਲੋਂ ਇਸ ਲਈ ਖੇਤੀ ਦੇ ਧੰਦੇ ਨੂੰ ਅਪਣਾਇਆ ਗਿਆ ਸੀ ਕਿਉਂਕਿ ਉਸਦੇ ਪਿਤਾ ਅਪਾਹਜ ਹਨ ਅਤੇ ਉਹ ਰਲ ਮਿਲ ਕੇ ਖੇਤੀ ਕਰਕੇ ਆਪਣਾ ਗੁਜ਼ਾਰਾ ਚਲਾ ਸਕਣ ਪਰ ਇਸ ਵਾਰ ਮੌਸਮ ਦੀ ਮਾਰ ਅਤੇ ਬਿਜਲੀ ਨਾ ਆਉਣ ਕਾਰਨ ਸਾਡੇ ਵੱਲੋਂ ਪਿੰਡ ਮਹਿਮਾ ਭਗਵਾਨਾ ਠੇਕੇ ’ਤੇ ਲਈ ਜ਼ਮੀਨ ਵਿੱਚ ਲਗਾਇਆ ਗਿਆ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਮਜਬੂਰੀ ਵਸ ਸਾਨੂੰ ਹੁਣ ਇਹ ਝੋਨਾ ਵਾਹੁਣਾ ਪਿਆ ਹੈ।”
“ਕੁਝ ਮਹੀਨੇ ਪਹਿਲਾਂ ਮੈਂ ਆਪਣੀ ਭੈਣ ਦਾ ਵਿਆਹ ਕੀਤਾ ਸੀ ਜਿਸ ਕਾਰਨ ਸਾਡੇ ਸਿਰ ਕਰਜ਼ਾ ਸੀ। ਸਿਰ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਮੈਂ ਆਪਣੇ ਪਿਤਾ ਨਾਲ ਮਿਲ ਲਗਭਗ 75,000 ਪ੍ਰਤੀ ਏਕੜ ਦੇ ਹਿਸਾਬ ਨਾਲ ਇਹ ਜ਼ਮੀਨ ਠੇਕੇ ’ਤੇ ਲਈ ਸੀ ਪਰ ਕੁਦਰਤੀ ਮਾਰ ਅਤੇ ਬਿਜਲੀ ਨਾ ਆਉਣ ਕਾਰਨ ਸਾਡੀ ਝੋਨੇ ਦੀ ਫਸਲ ਬਰਬਾਦ ਹੋ ਗਈ ਜਿਸ ਕਾਰਨ ਮਜਬੂਰੀ ਵਸ ਸਾਨੂੰ ਵੱਲੋਂ ਇਹ ਝੋਨਾ ਵਾਹੁਣਾ ਪੈ ਰਿਹਾ ਹੈ।”–ਸੁਖਚੈਨ ਸਿੰਘ, ਪੀੜਤ ਕਿਸਾਨ
‘ਬਿਜਲੀ ਨਾ ਆਉਣ ਕਾਰਨ ਫਸਲ ਹੋ ਰਹੀ ਬਰਬਾਦ‘
ਸੁਖਚੈਨ ਸਿੰਘ ਦੇ ਪਿਤਾ ਬਲਵੀਰ ਸਿੰਘ ਨੇ ਦੱਸਿਆ ਕਿ “ਸਰਕਾਰ ਵੱਲੋਂ ਜੋ ਦਾਅਵੇ ਕੀਤੇ ਜਾ ਰਹੇ ਹਨ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਦੇ ਉਹ ਖੋਖਲੇ ਹਨ ਨਾ ਤਾਂ ਸਾਨੂੰ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਖੇਤਾਂ ਨੂੰ ਲਾਉਣ ਲਈ ਨਹਿਰ ਜਾਂ ਕੱਸੀਆਂ ਦਾ ਪਾਣੀ ਮਿਲ ਰਿਹਾ ਹੈ। ਜਿਸ ਕਾਰਨ ਹਲਾਤ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹਨ। ਸਾਡੇ ਪਿੰਡ ਵਿੱਚ ਘੱਟੋ–ਘੱਟ 20 ਤੋਂ 25 ਕਿਸਾਨ ਅਜਿਹੇ ਹਨ ਜਿਹੜੇ ਆਉਂਦੇ ਦਿਨਾਂ ਵਿੱਚ ਜੇਕਰ ਮੀਂਹ ਨਾ ਪਿਆ ਤਾਂ ਝੋਨਾ ਵਾਹੁਣ ਲਈ ਮਜਬੂਰ ਹੋਣਗੇ ਕਿਉਂਕਿ ਸਰਕਾਰ ਵੱਲੋਂ ਬਿਜਲੀ ਨਹੀਂ ਦਿੱਤੀ ਜਾ ਰਹੀ ਅਤੇ ਮਜਬੂਰੀ ਵੱਸ ਕਿਸਾਨਾਂ ਨੂੰ ਆਪਣਾ ਝੋਨਾ ਪਾਲਣ ਲਈ ਜਾਂ ਤਾਂ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ ਹੈ ਜਾਂ ਸੁੱਕ ਰਿਹਾ ਝੋਨਾ ਖੇਤਾਂ ਵਿੱਚ ਵਾਉਣਾ ਪੈ ਰਿਹਾ ਹੈ।”
‘ਕਿਸਾਨ ਸਿਰ ਭਾਰੀ ਹੋ ਰਹੀ ਕਰਜ਼ੇ ਦੀ ਪੰਡ‘
ਪਿੰਡ ਦੇ ਹੀ ਨੰਬਰਦਾਰ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ “ਅੱਜ ਪੰਜਾਬ ਵਿੱਚ ਜੋ ਕਿਸਾਨੀ ਦੇ ਹਲਾਤ ਬਣਦੇ ਜਾ ਰਹੇ ਹਨ ਉਹ ਚਿੰਤਾ ਦਾ ਵਿਸ਼ਾ ਹਨ ਕਿਉਂਕਿ ਇੱਕ ਕਿਸਾਨ 70 ਹਜ਼ਾਰ ਤੋਂ ਲੈ ਕੇ ਇੱਕ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਜ਼ਮੀਨ ਲੈ ਕੇ ਵਾਹੀ ਕਰ ਰਿਹਾ ਹੈ। ਇੱਕ ਏਕੜ ਵਿੱਚੋਂ ਝੋਨਾ ਲਗਾਉਣ ਲਈ 30 ਤੋਂ 35,000 ਖਰਚਾ ਆ ਰਿਹਾ ਹੈ। ਪਰ ਹਲਾਤ ਇਹ ਹਨ ਕਿ ਬਿਜਲੀ ਜਾਂ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਦਾ ਝੋਨਾ ਸੁੱਕਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਮਜਬੂਰੀ ਵਸ ਹੁਣ ਉਨ੍ਹਾਂ ਨੂੰ ਝੋਨਾ ਵਾਹੁਣਾ ਪੈ ਰਿਹਾ ਹੈ ਤੇ ਕਿਸਾਨ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੁੰਦੀ ਜਾ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨਾਂ ਕਿਸਾਨਾਂ ਦੀ ਬਾਂਹ ਫੜੇ ਅਤੇ ਬਣਦਾ ਮੁਆਵਜ਼ਾ ਦੇਵੇ ਅਤੇ ਕਿਸਾਨਾਂ ਨੂੰ ਨਿਰਵਿਘਨ ਨੂੰ ਬਿਜਲੀ ਦਾ ਪ੍ਰਬੰਧ ਕਰੇ ਤਾਂ ਜੋ ਕਿਸਾਨ ਆਪਣੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦੀ ਸਾਂਭ ਸੰਭਾਲ ਕਰ ਸਕਣ।”
ਖੇਤੀਬਾੜੀ ਅਫਸਰ ਕੀ ਬੋਲੇ ?
ਕਿਸਾਨਾਂ ਵੱਲੋਂ ਝੋਨਾ ਵਾਹੇ ਜਾਣ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਹਰਪ੍ਰੀਤ ਪਾਲ ਕੌਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ “ਉਹ ਤੁਰੰਤ ਖੇਤੀਬਾੜੀ ਵਿਭਾਗ ਦੀ ਟੀਮ ਮੌਕੇ ’ਤੇ ਭੇਜ ਰਹੇ ਹਨ ਅਤੇ ਜੇਕਰ ਇਹ ਝੋਨਾ ਪਾਣੀ ਦੀ ਕਿੱਲਤ ਕਾਰਨ ਵਾਹਿਆ ਗਿਆ ਹੈ ਤਾਂ ਉਹ ਇਸ ਦੀ ਰਿਪੋਰਟ ਸਰਕਾਰ ਨੂੰ ਭੇਜਣਗੇ , ਫਿਲਹਾਲ ਘੱਟ ਸਮੇਂ ਵਾਲੀ ਫਸਲ ਪੀਆਰ 126 ਦਾ ਸਮਾਂ ਵੀ ਲੰਘ ਚੁੱਕਿਆ ਹੈ ਪਰ ਕਿਸਾਨ ਫਿਰ ਵੀ ਬੀਜ ਸਕਦੇ ਹਨ ਕਿਉਂਕਿ 15 ਜੁਲਾਈ ਤੱਕ ਪੀਆਰ 126 ਦੀ ਬਿਜਾਈ ਕੀਤੀ ਜਾ ਸਕਦੀ ਹੈ।”
ETV BHARAT