ਡਾ ਦਲੇਰ ਸਿੰਘ ਮੁਲਤਾਨੀ

ਜੋ ਹਾਲਾਤ ਅੱਜ ਪੰਜਾਬ ਦੇ ਹਨ ਉਹ ਵੈਨੇਜ਼ੁਏਲਾ ਤੋਂ ਘੱਟ ਨਹੀਂ। ਵੈਨੇਜ਼ੁਏਲਾ ਕਿਸੇ ਸਮੇਂ ਸੰਸਾਰ ਦੇ ਬਹੁਤ ਵਧੀਆ ਦੇਸ਼ਾਂ ਦੀ ਉਪਰਲੀ ਸ਼੍ਰੇਣੀ ਵਿੱਚ ਸੀ ਪਰ ਮੁਫਤਖੋਰੀ
ਅਤੇ ਵਿਹਲੜਪਣ ਨੇ ਕੁਝ ਸਮੇਂ ਵਿੱਚ ਹੀ ਰੋਟੀ ਤੋਂ ਵੀ ਮੁਥਾਜ ਕਰ ਦਿੱਤਾ ਭਾਵੇਂ ਤੇਲ ਦੇ ਭੰਡਾਰ ਅੱਜ ਵੀ ਸੰਸਾਰ ਵਿੱਚ ਸਭ ਤੋਂ ਜਿਆਦਾ ਹਨ । ਹੁਣ ਤਾਂ ਲੱਗਦਾ ਵੈਨੇਜ਼ੁਏਲਾ ਅਪਣਾ ਰਾਜ ਭਾਗ ਵੀ ਖੁਆ ਬੈਠਾ।
ਯਾਦ ਰੱਖੋ ਪੰਜਾਬ ਦੀ ਧਰਤੀ ਅਤੇ ਪੰਜਾਬ ਦੇ ਮਿਹਨਤੀ ਲੋਕਾਂ ਨੇ ਲੰਬੇ ਸਮੇਂ ਤੋਂ ਪੰਜਾਬ ਨੂੰ ਭਾਰਤ ਵਿੱਚ ਨੰਬਰ ਇਕ ਤੇ ਰੱਖਿਆ। ਪਰ ਸਿਆਸੀ ਨੇਤਾਵਾਂ ਨੇ 1997 ਵਿੱਚ ਸ਼ੁਰੂ ਕੀਤੀ ਬਿਜਲੀ ਪਾਣੀ ਦੀ ਮੁਫਤਖੋਰੀ ਦੀ ਲਤ ਨੇ ਹੌਲੀ ਹੌਲੀ ਆਟਾ ਦਾਲ ਤੇ ਹੁਣ ਸਾਰਾ ਇਲਾਜ ਮੁਫ਼ਤ ( ਕਾਗਜ਼ਾਂ ਵਿੱਚ) ਵਿਆਹ , ਬੱਸਾਂ , ਧਾਰਮਿਕ ਯਾਤਰਾਵਾਂ ਤੱਕ ਮੁਫਤਖੋਰੀ ਲੈ ਆਉਂਦੀ । ਜਿਸ ਨਾਲ ਪੰਜਾਬੀ ਨਸ਼ੇ, ਵਿਹਲੜਪਣ, ਵਿਦੇਸ਼ੀ ਪਰਵਾਸ ਵੱਲ ਤੁਰ ਪਏ ਤੇ ਅਪਣੀ ਪਹਿਚਾਣ ਤਕਰੀਬਨ ਤਕਰੀਬਨ ਗੁਆ ਚੁੱਕੇ। ਉੱਪਰੋਂ ਪੰਜਾਬ ਦੇ ਮੁੱਖ ਮੰਤਰੀ ਨੇ ਅਪਣੀ ਕੁਰਸੀ ਵੀ ਦਿੱਲੀ ਦੇ ਲੁਟੇਰਿਆਂ ਕੋਲ ਗਹਿਣੇ ਰੱਖ ਰੱਖੀ ।
ਪੰਜਾਬੀਓ ਹੁਣ ਜਿੰਨੇ ਮਰਜ਼ੀ ਦੋਸ਼ ਬਾਹਰਲਿਆਂ ਤੇ ਲਾਈ ਜਾਓ ਪਰ ਸਚਾਈ ਇਹ ਹੈ ਕਿ ਸਾਨੂੰ ਆਪਣਿਆਂ ਨੇ ਹੀ ਮਾਰਿਆ। ਅੱਸੀ ਦੇ ਦਹਾਕੇ ਵਿਚ ਧਾਰਮਿਕ ਭਾਵਨਾਵਾਂ ਭੜਕਾਈਆਂ ਤੇ ਧਾਰਮਿਕ ਸਥਾਨਾਂ ਦੀ ਦੁਰਵਰਤੋਂ ਕੀਤੀ, ਨੌਜਵਾਨ ਮਰਵਾਏ ਪਰ ਅੱਜ ਉਹੀ ਸਾਡੇ ਹੀਰੋ ਹਨ । ਫਿਰ ਸਤਾਨਵੇਂ ਤੋਂ ਮੁਫਤਖੋਰੀ ਦੀ ਲਤ ਲਾਈ ਤੇ ਲੋਕ ਵਿਹਲੇ ਹੋ ਗਏ ਤੇ ਨਸ਼ਿਆਂ ਵੱਲ ਤੁਰ ਪਏ।
ਸਮੇਂ ਨਾਲ ਅੰਦਰਲਿਆਂ ਨੇ ਅਪਣਾ ਰਾਜ ਕਾਇਮ ਰੱਖਣ ਲਈ ਮੁਫਤਖੋਰੀ , ਜਾਤ ਪਾਤ ਦਾ ਪਾੜਾ ਹੋਰ ਵਧਾਇਆ , ਜਿਸ ਦੀ ਲੋਕਾਂ ਨੂੰ ਸਮਝ ਨਹੀਂ ਆਈ ਜਾਂ ਜਾਣਬੁੱਝ ਕੇ ਅਣਜਾਣ ਬਣ ਰਹੇ।

ਵੈਨੇਜ਼ੁਏਲਾ – ਰੋਟੀ ਤੋਂ ਵੀ ਮੁਥਾਜ
ਅੱਜ ਪੰਜਾਬ ਦਾ ਹਾਲ ਇਹ ਹੈ ਕਿ ਨੌਜਵਾਨ ਸਕੂਲ ਕਾਲਜ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਭੱਜੀ ਜਾਂਦੇ । ਜੋ ਪੰਜਾਬ ਵਿੱਚ ਰਹਿ ਰਹੇ ਉਹਨਾਂ ਵਿਚੋਂ ਬਹੁਤੀਆਂ ਔਰਤਾਂ ਸਵੇਰੇ ਪ੍ਰਭਾਤ ਫੇਰੀਆਂ ਤੇ ਦਿਨੇ ਬਾਬਿਆਂ ਦੇ ਡੇਰੇ ਵਿੱਚ ਸੇਵਾ ਅਤੇ ਕੁਝ ਨੌਜਵਾਨ ਸਵੇਰੇ ਲੰਗਰਾਂ ਦੀਆਂ ਬਾਲਟੀਆਂ ਫੜੀ ਸੜਕਾਂ ਤੇ ਖੜ੍ਹੇ ਅਤੇ ਬਾਕੀ ਨਸ਼ਿਆਂ ਨਾਲ ਪੰਜਾਬ ਦਾ ਨਾਮ ਉੱਚਾ ਕਰ ਰਹੇ । ਗੁਰੂਆਂ ਦੀ ਅਸਲ ਸਿਖਿਆ “ ਕਿਰਤ “ ਛੱਡ ਕੇ ਡੇਰਿਆਂ ਤੇ ਦੇਹਧਾਰੀ ਬਾਬਿਆਂ ਦੀਆਂ ਲੱਤਾਂ ਘੁੱਟੀ ਜਾਂਦੇ ।
ਦਿੱਲੀ ਬੈਠੇ ਲੁਟੇਰਿਆਂ ਨੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਤੇ ਅੱਜ ਹਾਲਾਤ ਇਹ ਹਨ ਕਿ ਸਰਕਾਰ ਦਿੱਲੀ ਤੋਂ ਚੱਲ ਰਹੀ ਤੇ ਪੰਜਾਬੀ ਸ਼ਰੇਆਮ ਲੁੱਟੇ ਜਾ ਰਹੇ ਪਰ ਸਮਝ ਨਹੀਂ ਰਹੇ ਸਗੋਂ ਇਹ ਕਹਿ ਕੇ ਪਿੱਛਾ ਛੁਡਾ ਰਹੇ ਕਿ ਡੀਪ ਸਟੇਟ ਕਰਵਾ ਰਹੀ।
ਪੰਜਾਬੀਆਂ ਨੂੰ ਅਪਣੇ ਦਿਲ ਤੇ ਹੱਥ ਰੱਖ ਕੇ ਸੋਚਣਾ ਚਾਹੀਦਾ ਕਿ ਅਸੀਂ ਦਿੱਲੀ ਵਾਲਿਆਂ ਦੇ ਗੁਲਾਮ ਕਿਉਂ ਬਣੇ ?
ਗੁਲਾਮੀ ਦੇ ਵੱਡੇ ਕਾਰਨ ਕੰਮ ਛੱਡ ਦੇਣਾ ਅਤੇ ਮੁਫਤਖੋਰੀ ਹੈ ਜਿਸ ਨੇ ਪੰਜਾਬੀਆਂ ਦੀ ਪਹਿਚਾਣ ਨੂੰ ਖੋਰਾ ਲਾ ਦਿੱਤਾ ਤੇ ਗੁਲਾਮੀ ਵੀ ਝੱਲ ਰਹੇ । ਅੱਜ ਜ਼ਰੂਰਤ ਹੈ ਪੰਜਾਬੀਆਂ ਨੂੰ ਹੱਥੀਂ ਕੰਮ ਕਰਨ ਅਤੇ ਮੁਫਤਖੋਰੀ ਨੂੰ ਛੱਡ ਦੇਣ ਦੀ। ਇਕ ਹੋਰ ਵੱਡੀ ਗੱਲ ਕਿ ਜਿਥੇ ਪੰਜਾਬ ਨੂੰ ਗੁਰੂਆਂ ਫਰੀਕਾਂ ਦੀ ਧਰਤੀ ਮੰਨਿਆ ਜਾਂਦਾ ਸੀ , ਅੱਜ ਇਹੀ ਧਰਤੀ ਝੂਠੇ ਧਾਰਮਿਕ ਪਖੰਡਾਂ/ ਮਾਨਤਾਵਾਂ , ਡੇਰਿਆਂ ਦੀ ਧਰਤੀ ਬਣ ਗਈ ਲਗਦੀ।
ਹੈਰਾਨਗੀ ਹੈ ਕਿ ਸੋਸ਼ਲ ਮੀਡੀਆ ਤੇ ਨੌਟੰਕੀਆਂ ਕਰਕੇ ਆਪ ਸਰਕਾਰ 2022 ਵਿੱਚ ਬਣੀ ਤੇ ਹੁਣ ਦੂਸਰੀਆਂ ਪਾਰਟੀਆਂ ਵੀ ਉਹਨਾਂ ਨੌਟੰਕੀਆਂ ਦੇ ਨਾਮ ਬਦਲ ਕੇ ਫਿਰ ਆਮ ਲੋਕਾਂ ਨੂੰ ਉਲਝਾ ਰਹੇ ਤੇ ਲੋਕ ਅੰਗੂਠੇ ਖੜੇ ਕਰ ਕਰਕੇ ਨਵੇਂ ਨੌਟੰਕੀਬਾਜਾਂ ਦੀਆਂ ਖੇਲਾਂ ਵਿੱਚ ਫਸ ਰਹੇ ।
ਜ਼ਰਾ ਸੋਚੋ ਪੰਜਾਬ ਦੇ ਅਸਲੀ ਮੁੱਦੇ ਸਚਾਈ ਨਾਲ ਕੌਣ ਉਠਾਏਗਾ ?
ਪੰਜਾਬ ਵਸੇਗਾ ਕੰਮ ਦੇ ਨਾਲ।
(ਡਾ ਦਲੇਰ ਸਿੰਘ ਮੁਲਤਾਨੀ, ਸਿਵਲ ਸਰਜਨ ( ਰਿਟਾ ) 9814127296, 7717319896)