ਔਰਤ ਨੂੰ ਭਜਾਉਣ ਵਾਲਾ ਬਜ਼ੁਰਗ ਕਾਬੂ
20 ਦਸੰਬਰ, 2025 – ਵੈਨਕੂਵਰ : ਐਬਸਫੋਰਡ ਪੁਲੀਸ ਨੇ ਗੁਰਸੇਵਕ ਸਿੰਘ (22) ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ, ਉਹ ਸ਼ਹਿਰ ਦੀ ਕਿੰਗ ਰੋਡ ਦੇ 31000 ਬਲਾਕ ਸਥਿਤ ਇੱਕ ਕਾਰੋਬਾਰੀ ਸਥਾਨ ’ਤੇ ਗੋਲੀਆਂ ਚਲਾ ਕੇ ਭੱਜ ਰਿਹਾ ਸੀ। ਇਸ ਕਾਰੋਬਾਰ ’ਤੇ ਇਹ ਦੂਜੀ ਗੋਲੀਬਾਰੀ ਦੀ ਘਟਨਾ ਸੀ ਸੀ। ਇਸ ਤੋਂ ਪਹਿਲਾਂ ਗੋਲੀਆਂ ਚਲਾ ਕੇ ਕਾਰੋਬਾਰੀ ਤੋਂ ਫਿਰੌਤੀ ਮੰਗੀ ਗਈ ਸੀ। ਇਸ ਵਾਰ ਜਿਵੇ ਹੀ ਰਾਤ ਪੌਣੇ 11 ਵਜੇ ਗੋਲੀਆਂ ਚੱਲੀਆਂ ਤਾਂ ਪਹਿਲਾਂ ਤੋਂ ਚੌਕਸ ਬੈਠੇ ਸੁਰੱਖਿਆ ਮੁਲਾਜ਼ਮਾਂ ਨੇ ਤੁਰੰਤ ਪੁਲੀਸ ਨੂੰ ਸੂਚਨਾ ਦੇ ਕੇ ਕਾਰ ਦੀ ਫੋਟੋ ਵੀ ਭੇਜ ਦਿੱਤੀ। ਪੁਲੀਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਪਿੱਛਾ ਕਰਕੇ ਉਸ ਨੂੰ ਰੋਕਿਆ ਤੇ ਕਾਬੂ ਕਰ ਲਿਆ। ਪੁਲੀਸ ਦੇ ਉਪ ਮੁਖੀ ਡੈਨੀਅਲ ਕੁਲਬਰਸਨ ਨੇ ਕਿਹਾ ਕਿ ਮੁਲਜ਼ਮ ਦੀ ਫੋਟੋ ਜਾਰੀ ਕਰਕੇ ਆਮ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ ਤਾਂ ਕਿ ਇਸ ਨੂੰ ਪਛਾਨਣ ਵਾਲੇ ਇਸ ਦੀਆਂ ਗਤੀਵਿਧੀਆਂ ਬਾਰੇ ਹੋਰ ਜਾਣਕਾਰੀ ਦੇ ਸਕਣ। ਉਸ ਦੀ ਪੁੱਛਗਿੱਛ ਕਰਕੇ ਪਤਾ ਲਾਇਆ ਜਾਏਗਾ ਕਿ ਉਸ ਦੇ ਹੋਰ ਸਾਥੀ ਕੌਣ ਹਨ ਤੇ ਉਸ ਨੇ ਇਸ ਤੋਂ ਪਹਿਲਾਂ ਕਿੱਥੇ ਕਿੱਥੇ ਗੋਲੀਬਾਰੀ ਕੀਤੀ। ਉਸ ਉੱਤੇ ਗੋਲੀਬਾਰੀ ਦੇ ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ 23 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।
ਉੱਧਰ ਓਂਟਾਰੀਓ ਦੀ ਪੀਲ ਪੁਲੀਸ ਨੇ ਅੱਜ ਬਰੈਂਪਟਨ ਤੋਂ 70 ਸਾਲਾਂ ਦੇ ਗੌਤਮ ਬੈਨਰਜੀ ਨਾਂ ਵਾਲੇ ਬਜ਼ੁਰਗ ਨੂੰ ਗ੍ਰਿਫਤਾਰ ਕੀਤਾ ਹੈ, ਜਿਸ’ਤੇ ਇੱਕ ਔਰਤ ਨੂੰ ਬੰਦੀ ਬਣਾਉਣ ਦੇ ਦੋਸ਼ ਹਨ। ਪੁਲੀਸ ਨੇ ਦੱਸਿਆ ਕਿ ਸ਼ਹਿਰ ਦੇ ਟ੍ਰਿਨਟੀ ਪਲਾਜ਼ੇ ਕੋਲ ਇੱਕ ਔਰਤ ਨੇ ਐਪ ਰਾਹੀਂ ਟੈਕਸੀ ਸੱਦੀ ਸੀ। ਥੋੜ੍ਹੀ ਦੇਰ ਬਾਅਦ ਉਸ ਦੇ ਕੋਲ ਇੱਕ ਕਾਰ ਆ ਕੇ ਰੁਕੀ, ਜਿਸ ਨੂੰ ਉਸ ਨੇ ਉਹੀ ਸੱਦੀ ਗਈ ਟੈਕਸੀ ਸਮਝਿਆ ਤੇ ਉਸ ਵਿੱਚ ਬੈਠ ਗਈ। ਥੋੜ੍ਹੀ ਦੇਰ ਬਾਅਦ ਔਰਤ ਨੂੰ ਪਤਾ ਲੱਗਾ ਕਿ ਕਾਰ ਉਸ ਨੂੰ ਗਲਤ ਪਾਸੇ ਲਿਜਾ ਰਹੀ ਹੈ ਤਾਂ ਉਸ ਨੇ ਰੋਕਣ ਦਾ ਯਤਨ ਕੀਤਾ, ਪਰ ਕਾਰ ਚਾਲਕ ਨਹੀਂ ਰੁਕਿਆ। ਆਖਰ ਕਿਸੇ ਲਾਲ ਲਾਈਟ ’ਤੇ ਕਾਰ ਰੁਕੀ ਤਾਂ ਔਰਤ ਕਾਰ ਚੋਂ ਉਤਰ ਗਈ ਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਉਸ ਦੀ ਫੋਟੋ ਜਾਰੀ ਕਰਕੇ ਲੋਕਾਂ ਤੋਂ ਸਹਿਯੋਗ ਮੰਗਿਆ।
ਪੰਜਾਬੀ ਟ੍ਰਿਬਯੂਨ