ਸਰਕਾਰੀ ਪ੍ਰਾਇਮਰੀ ਸ਼ਿਮਲਾਪੁਰੀ ਸਕੂਲ ਦੇ ਛੋਟੇ–ਛੋਟੇ ਬੱਚੇ ਬੈਂਚ ਧੁੱਪ ਵਿੱਚ ਲਗਾਕੇ ਬੈਠੇ ਹੋਏ ਵਿਖਾਈ ਦੇ ਰਹੇ ਹਨ।
23 ਅਪ੍ਰੈਲ, 2026 – ਲੁਧਿਆਣਾ: ਇੱਕ ਪਾਸੇ ਜਿੱਥੇ ਅੱਤ ਦੀ ਗਰਮੀ ਪੈ ਰਹੀ ਹੈ ਅਤੇ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਦੇ ਲਈ ਲੂ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਦੇ ਸਰਕਾਰੀ ਪ੍ਰਾਇਮਰੀ ਸ਼ਿਮਲਾਪੁਰੀ ਸਕੂਲ ਦੇ ਛੋਟੇ-ਛੋਟੇ ਬੱਚੇ ਬੈਂਚ ਧੁੱਪ ਵਿੱਚ ਲਗਾ ਕੇ ਬੈਠੇ ਹੋਏ ਵਿਖਾਈ ਦੇ ਰਹੇ ਹਨ। ਇਸ ਦੀਆਂ ਕੁਝ ਤਸਵੀਰਾਂ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਸਿੱਖਿਆ ਮਾਡਲ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਤਸਵੀਰਾਂ ਵਿੱਚ ਵੇਖਿਆ ਜਾ ਸਕਦਾ ਹੈ ਕਿ ਬੱਚੇ ਕਿਸ ਤਰ੍ਹਾਂ ਬਾਹਰ ਧੁੱਪ ਦੇ ਵਿੱਚ ਬੈਠੇ ਹਨ ਅਤੇ ਪੜ੍ਹਾਈ ਕਰ ਰਹੇ ਹਨ। ਜਦੋਂ ਕਿ ਤਾਪਮਾਨ ਲਗਭਗ 38 ਤੋਂ 40 ਡਿਗਰੀ ਦੇ ਵਿਚਕਾਰ ਚੱਲ ਰਿਹਾ ਹੈ। ਅੱਤ ਦੀ ਗਰਮੀ ਪੈ ਰਹੀ ਹੈ ਅਤੇ ਬੱਚੇ ਗਰਮੀ ਦੇ ਵਿੱਚ ਬੈਠੇ ਹਨ।
ਜਾਣੋ ਕੀ ਬੋਲੇ ਸਕੂਲ ਦੇ ਹੈਡਮਾਸਟਰ…
ਸਕੂਲ ਵਿੱਚ ਪਹੁੰਚ ਕੇ ਜਦੋਂ ਅਸਲੀਅਤ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮੌਕੇ ‘ਤੇ ਮੌਜੂਦ ਸਕੂਲ ਦੇ ਹੈਡਮਾਸਟਰ ਵਰਿੰਦਰ ਸਿੰਘ ਨੇ ਦੱਸਿਆ ਕਿ PWD ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੁਰਾਣੀ ਇਮਾਰਤ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ, ਜਿਸ ਕਰਕੇ ਨਵੀਂ ਇਮਾਰਤ ਹਾਲੇ ਬਣ ਰਹੀ ਹੈ। ਇਸ ਕਰਕੇ ਆਰਜੀ ਤੌਰ ‘ਤੇ ਵਿਦਿਆਰਥੀਆਂ ਨੂੰ ਇੱਥੇ ਸ਼ਿਫਟ ਕਰਕੇ ਪੜ੍ਹਾਇਆ ਜਾ ਰਿਹਾ ਸੀ।
“ਸਾਡਾ ਮਕਸਦ ਕੋਈ ਬੱਚਿਆਂ ‘ਤੇ ਤਸ਼ੱਦਦ ਕਰਨਾ ਨਹੀਂ ਹੈ, ਸਗੋਂ ਮਜ਼ਬੂਰੀ ਕਰਕੇ ਇੱਥੇ ਬਿਠਾਇਆ ਗਿਆ ਹੈ। ਜਦੋਂ ਸਕੂਲ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋ ਗਈ ਤਾਂ ਇਨ੍ਹਾਂ ਬੱਚਿਆਂ ਨੂੰ ਉੱਥੇ ਬਠਾਇਆ ਜਾਵੇਗਾ। ਫਿਲਹਾਲ ਆਰਜੀ ਤੌਰ ‘ਤੇ ਅਸੀਂ ਇੱਥੇ ਬੱਚਿਆਂ ਨੂੰ ਬਿਠਾਇਆ ਹੈ।” –ਵਰਿੰਦਰ ਸਿੰਘ, ਹੈਡਮਾਸਟਰ
ਬੱਚਿਆਂ ਨੂੰ ਨਵੇਂ ਕਮਰਿਆਂ ਦੇ ਵਿੱਚ ਸ਼ਿਫਟ ਕੀਤਾ ਜਾਵੇਗਾ
ਹੈਡਮਾਸਟਰ ਵਰਿੰਦਰ ਸਿੰਘ ਨੇ ਦੱਸਿਆ ਕਿਹਾ ਕਿ “ਸਾਡੇ ਕੋਲ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਸਕੂਲ ਦੇ ਵਿੱਚ ਲਗਭਗ 550 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ। ਬਾਕੀ ਇਸ ਸਬੰਧੀ ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ ਵੀ ਜਾਣਕਾਰੀ ਦਿੱਤੀ ਹੋਈ ਹੈ, ਉਹ ਵੀ ਇਸ ਤੋਂ ਜਾਣੂ ਹਨ। ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਜਲਦ ਤੋਂ ਜਲਦ ਨਵੇਂ ਕਮਰਿਆਂ ਦੇ ਵਿੱਚ ਸ਼ਿਫਟ ਕੀਤਾ ਜਾਵੇ।”
ਹਾਲਾਂਕਿ ਇਸ ਸਬੰਧੀ ਜਦੋਂ ਲੁਧਿਆਣਾ ਦੀ ਜ਼ਿਲ੍ਹਾ ਸਿੱਖਿਆ ਅਫਸਰ ਡਿੰਪਲ ਮੈਦਾਨ ਨੂੰ ਕਈ ਵਾਰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ।
ਪੰਜਾਬ ਭਾਜਪਾ ਨੇ ਖੜ੍ਹੇ ਕੀਤੇ ਸਵਾਲ
ਇਸ ਮੁੱਦੇ ਨੂੰ ਲੈ ਕੇ ਭਾਜਪਾ ਵੱਲੋਂ ਸਵਾਲ ਵੀ ਖੜ੍ਹੇ ਕੀਤੇ ਗਏ ਹਨ। ਪੰਜਾਬ ਭਾਜਪਾ ਨੇ ਐਕਸ ਉੱਤੇ ਸ਼ਿਮਲਾਪੁਰੀ ਸਕੂਲ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਕਿਹਾ ਗਿਆ ਹੈ ਕਿ 39 ਡਿਗਰੀ ਦੇ ਵਿੱਚ ਬੱਚੇ ਬਾਹਰ ਬੈਠਣ ਲਈ ਮਜਬੂਰ ਹਨ। ਭਾਜਪਾ ਨੇ ਲਿਖਿਆ ਕਿ “ਇਹ ਹੈ ਸਿੱਖਿਆ ਕ੍ਰਾਂਤੀ ਜਨਾਬ ਜਿੱਥੇ ਲੁਧਿਆਣਾ ਦੇ ਸ਼ਿਮਲਾਪੁਰੀ ‘ਚ 39°C ਦੀ ਤਪਦੀ ਗਰਮੀ ‘ਚ 400 ਮਾਸੂਮ ਬੱਚਿਆਂ ਨੂੰ ਬਿਨ੍ਹਾਂ ਛੱਤ, ਬਿਨ੍ਹਾਂ ਪੱਖਿਆਂ, ਬਿਨ੍ਹਾਂ ਬਿਜਲੀ ਤੇ ਬਿਨ੍ਹਾਂ ਬੁਨਿਆਦੀ ਸਹੂਲਤਾਂ ਦੇ ਖੁੱਲ੍ਹੇ ਆਸਮਾਨ ਹੇਠਾਂ ਬੈਠ ਕੇ ਪੜ੍ਹਨ ਲਈ ਮਜਬੂਰ ਕਰ ਦਿੱਤਾ ਗਿਆ । ਇਹ ਹੈ ਆਪ ਪੰਜਾਬ ਦੀ ਕਥਿਤ “ਸਿੱਖਿਆ ਕ੍ਰਾਂਤੀ ”? ਸਕੂਲ ਨੂੰ “ਅਸੁਰੱਖਿਅਤ” ਦੱਸ ਕੇ ਬੰਦ ਕਰ ਦਿੱਤਾ ਗਿਆ, ਪਰ ਬੱਚਿਆਂ ਦੀ ਸੁਰੱਖਿਆ, ਸਿਹਤ ਅਤੇ ਭਵਿੱਖ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। 39 ਡਿਗਰੀ ਤਾਪਮਾਨ ‘ਚ ਨਿੱਕੇ–ਨਿੱਕੇ ਬੱਚੇ ਧੁੱਪ ‘ਚ ਬੈਠੇ ਨੇ, ਨਾ ਸਿਰ ‘ਤੇ ਛੱਤ, ਨਾ ਹਵਾ ਲਈ ਪੱਖੇ, ਨਾ ਸਾਫ਼ ਪੀਣ ਵਾਲਾ ਪਾਣੀ — ਕੀ ਇਹੀ ਹੈ ਸਿੱਖਿਆ ਮਾਡਲ? ‘
ETV BHARAT