ਅਮਰੀਕਾ ‘ਚ ਪੰਜਾਬ ਪੁਲਿਸ ਮੁਲਾਜ਼ਮ ਖ਼ਿਲਾਫ਼ ਚਾਰਜਸ਼ੀਟ ਦਾਖ਼ਲ, ਵਿਰੋਧੀਆਂ ਨੇ ਘੇਰੀ ਪੰਜਾਬ ਸਰਕਾਰ
ਭਾਰਤ ‘ਚ ਝੂਠੇ ਮੁਕੱਦਮੇ ਦਰਜ ਕਰਵਾ ਕੇ ਵਿਦੇਸ਼ਾਂ ‘ਚ ਬੈਠੇ ਪਰਿਵਾਰਾਂ ਤੋਂ ਲੱਖਾਂ ਦੀ ਫ਼ਿਰੌਤੀ ਮੰਗਣ ਦਾ ਮਾਮਲਾ ਆਇਆ ਸਾਹਮਣੇ।
11 ਜੁਲਾਈ, 2026 – ਚੰਡੀਗੜ੍ਹ: ਅਮਰੀਕਾ ਦੇ ਕੈਲੀਫੋਰਨੀਆ ਦੀ ਇੱਕ ਸੰਘੀ ਅਦਾਲਤ ਵੱਲੋਂ ਅੰਤਰਰਾਸ਼ਟਰੀ ਅਪਰਾਧਿਕ ਸਿੰਡੀਕੇਟ ‘ਜੱਗੂ ਭਗਵਾਨਪੁਰੀਆ ਓਰਗੇਨਾਈਜ਼ਡ ਕ੍ਰਾਈਮ ਗਰੁੱਪ’ ਖ਼ਿਲਾਫ਼ ਇੱਕ ਵੱਡੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਇਸ ਚਾਰਜਸ਼ੀਟ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਵੀ ਅਪਰਾਧਿਕ ਸਾਜ਼ਿਸ਼, ਜਬਰਨ ਉਗਰਾਹੀ ਅਤੇ ਗੈਂਗਸਟਰਾਂ ਦੀ ਮਦਦ ਕਰਨ ਦੇ ਦੋਸ਼ਾਂ ਤਹਿਤ ਮੁਲਜ਼ਮ ਬਣਾਇਆ ਗਿਆ ਹੈ। ਅਮਰੀਕੀ ਦਸਤਾਵੇਜ਼ਾਂ ਵਿੱਚ ਨਾਮ ਆਉਣ ਤੋਂ ਬਾਅਦ ਪੰਜਾਬ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ ਅਤੇ ਵਿਰੋਧੀ ਪਾਰਟੀਆਂ ਨੇ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।
ਅਮਰੀਕੀ ਚਾਰਜਸ਼ੀਟ ਵਿੱਚ ਕੀ ਹਨ ਇਲਜ਼ਾਮ?
ਅਮਰੀਕੀ ਸੰਘੀ ਜਾਂਚ ਮੁਤਾਬਕ, ‘ਜੱਗੂ ਭਗਵਾਨਪੁਰੀਆ ਭਾਰਤ ਦੀ ਜੇਲ੍ਹ ਵਿੱਚ ਬੈਠ ਕੇ ਮੋਬਾਈਲ ਫ਼ੋਨਾਂ ਰਾਹੀਂ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿੱਚ ਆਪਣਾ ਨੈੱਟਵਰਕ ਚਲਾ ਰਿਹਾ ਹੈ। ਇਸ ਨੈੱਟਵਰਕ ਵਿੱਚ ਪੰਜਾਬ ਪੁਲਿਸ ਦੇ ਅਧਿਕਾਰੀ ਗੁਰਿੰਦਰਜੀਤ ਸਿੰਘ ਨਾਗਰਾ ‘ਤੇ ਗੈਂਗਸਟਰਾਂ ਨਾਲ ਮਿਲ ਕੇ ਲੋਕਾਂ ਨੂੰ ਡਰਾਉਣ–ਧਮਕਾਉਣ ਅਤੇ ਜਬਰਨ ਉਗਰਾਹੀ ਕਰਨ ਦੇ ਗੰਭੀਰ ਦੋਸ਼ ਹਨ। ਚਾਰਜਸ਼ੀਟ ਮੁਤਾਬਕ ਨਾਗਰਾ ਨੇ ਗੈਂਗਸਟਰ ਗੁਰਲਾਲ ਸਿੰਘ ਨਾਲ ਮਿਲ ਕੇ ਪੰਜਾਬ ਵਿੱਚ ਕੁਝ ਲੋਕਾਂ ਖ਼ਿਲਾਫ਼ ਕਤਲ ਦੇ ਝੂਠੇ ਮੁਕੱਦਮੇ ਦਰਜ ਕੀਤੇ ਅਤੇ ਫਿਰ ਕੇਸ ਵਿੱਚੋਂ ਨਾਮ ਕੱਢਣ ਬਦਲੇ ਲੱਖਾਂ ਰੁਪਏ ਦੀ ਮੰਗ ਕੀਤੀ। ਅਮਰੀਕੀ ਅਦਾਲਤ ਨੇ ਨਾਗਰਾ ਵਿਰੁੱਧ ਜਬਰਨ ਉਗਰਾਹੀ ਦੀ ਕੋਸ਼ਿਸ਼ ਦੇ ਤਹਿਤ ਮਾਮਲਾ ਦਰਜ ਕੀਤਾ ਹੈ।‘
‘ਪਰਿਵਾਰਕ ਮੈਂਬਰਾਂ ਉੱਤੇ ਅਪਰਾਧਿਕ ਮਾਮਲਾ ਦਰਜ‘
ਚਾਰਜਸ਼ੀਟ ਦੇ ਪੰਨਾ ਨੰਬਰ 22-23 ਉੱਤੇ ਲਿਖਿਆ ਗਿਆ ਹੈ ਕਿ, “ਮੁਲਜ਼ਮ ਗੁਰਲਾਲ ਸਿੰਘ ਨੇ ਪੀੜਤ 2 ਦਾ ਨਾਮ ਅਤੇ ਜਾਣਕਾਰੀ ਭਾਰਤ ਦੇ ਪੰਜਾਬ ਸੂਬੇ ਵਿੱਚ ਇੱਕ ਭ੍ਰਿਸ਼ਟ ਕਾਨੂੰਨ ਲਾਗੂ ਕਰਨ ਵਾਲੇ ਅਫ਼ਸਰ ਗੁਰਿੰਦਰਜੀਤ ਸਿੰਘ ਨੂੰ ਉਸ ਉੱਤੇ ਕਤਲ ਦਾ ਝੂਠਾ ਇਲਜ਼ਾਮ ਲਗਾਉਣ ਦੇ ਮਕਸਦ ਲਈ ਮੁਹੱਈਆ ਕਰਵਾਈ। ਜਿਸ ਤੋਂ ਬਾਅਦ 13 ਅਪ੍ਰੈਲ, 2026 ਨੂੰ, ਗੁਰਿੰਦਰਜੀਤ ਸਿੰਘ ਨੇ ਪੀੜਤ 2 ਦੇ ਪਿਤਾ ਨੂੰ ਦੱਸਿਆ ਕਿ ਉਹ ਇੱਕ ਕਤਲ ਦੇ ਮਾਮਲੇ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਉੱਤੇ ਅਪਰਾਧਿਕ ਮਾਮਲਾ ਦਰਜ ਕਰੇਗਾ। ਨਾਲ ਹੀ ਇਹ ਵੀ ਕਿਹਾ ਕਿ ਜਦੋਂ ਤੱਕ ਉਹ ਪੈਸੇ ਨਹੀਂ ਦਿੰਦੇ, ਉਹ ਸਾਰੇ ਕਤਲ ਦੇ ਕੇਸ ਵਿੱਚ ਮੁਲਜ਼ਮ ਵਜੋਂ ਸ਼ਾਮਲ ਰਹਿਣਗੇ।”
‘ਪੰਜਾਬ ਪੁਲਿਸ ਵੱਲੋਂ ਕਾਰਵਾਈ‘
ਪੰਜਾਬ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ, ਜਲੰਧਰ ਰੇਂਜ ਦੇ ਡੀ.ਆਈ.ਜੀ. ਦਫ਼ਤਰ ਨੇ ਅਮਰੀਕੀ ਜਾਂਚ ਏਜੰਸੀ FBI ਦੀ ‘ਆਪਰੇਸ਼ਨ ਹਾਰਡਬਾਲ’ ਤਹਿਤ ਚੱਲ ਰਹੀ ਜਬਰਨ ਉਗਰਾਹੀ ਦੀ ਜਾਂਚ ਵਿੱਚ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਦਾ ਨਾਮ ਆਉਣ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ। ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ, ਹੁਸ਼ਿਆਰਪੁਰ ਜ਼ਿਲ੍ਹੇ ਦੇ ਥਾਣਾ ਟਾਂਡਾ ਵਿਖੇ ਤਾਇਨਾਤ ਐੱਸ.ਐੱਚ.ਓ. ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੂੰ ਤੁਰੰਤ ਪ੍ਰਭਾਵ ਨਾਲ ਉੱਥੋਂ ਹਟਾ ਕੇ ਪੁਲਿਸ ਲਾਈਨਜ਼, ਹੁਸ਼ਿਆਰਪੁਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਡੀ.ਆਈ.ਜੀ. ਜਲੰਧਰ ਰੇਂਜ ਵੱਲੋਂ ਇਸ ਪੂਰੇ ਮਾਮਲੇ ਦੀ ਤੱਥ-ਖੋਜ ਜਾਂਚ ਦੇ ਆਦੇਸ਼ ਦਿੱਤੇ ਗਏ ਹਨ, ਜਿਸ ਦੀ ਜ਼ਿੰਮੇਵਾਰੀ ਜਲੰਧਰ ਦਿਹਾਤੀ ਦੇ ਐੱਸ.ਪੀ. ਇਨਵੈਸਟੀਗੇਸ਼ਨ, ਜੋ ਕਿ ਇੱਕ IPS ਅਧਿਕਾਰੀ ਹਨ, ਨੂੰ ਸੌਂਪੀ ਗਈ ਹੈ। ਜਾਂਚ ਅਧਿਕਾਰੀ ਨੂੰ ਸਾਰੇ ਤੱਥਾਂ ਅਤੇ ਇਲਜ਼ਾਮਾਂ ਦੀ ਬਰੀਕੀ ਨਾਲ ਪੜਤਾਲ ਕਰਕੇ ਜਲਦ ਤੋਂ ਜਲਦ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ ਅਤੇ ਇਸ ਜਾਂਚ ਦੀ ਰਿਪੋਰਟ ਦੇ ਅਧਾਰ ‘ਤੇ ਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
“AAP-ਗੈਂਗਸਟਰ–ਪੰਜਾਬ ਪੁਲਿਸ ਨੈਕਸਸ“
ਇਸ ਖ਼ੁਲਾਸੇ ਤੋਂ ਬਾਅਦ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਆਗੂਆਂ ਸਮੇਤ ਕਈ ਵਿਰੋਧੀ ਨੇਤਾਵਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੰਜਾਬ ਪੁਲਿਸ ਦੇ ਅਕਸ ‘ਤੇ ਵੱਡੇ ਸਵਾਲ ਚੁੱਕੇ ਹਨ। ਬਿਕਰਮ ਸਿੰਘ ਮਜੀਠੀਆ ਨੇ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ, ‘ਇਹ ਬਹੁਤ ਹੀ ਸ਼ਰਮਨਾਕ ਹੈ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਅੰਤਰਰਾਸ਼ਟਰੀ ਪੱਧਰ ‘ਤੇ ਗੈਂਗਸਟਰਾਂ ਨਾਲ ਮਿਲ ਕੇ ਫ਼ਿਰੌਤੀਆਂ ਮੰਗ ਰਹੇ ਹਨ। ਗੁਰੂ ਦੋਖੀ ਭਗਵੰਤ ਮਾਨ ਅਤੇ ਇਸ ਦੀ ਜੁੰਡਲੀ ਦੇ ਕਾਲੇ ਕਾਰਨਾਮਿਆਂ ਕਾਰਨ ਅੱਜ ਪੰਜਾਬ ਪੁਲਿਸ ਅੱਜ ਦੁਨੀਆਂ ‘ਚ ਬਦਨਾਮੀ ਦਾ ਘਰ ਬਣ ਚੁੱਕੀ ਹੈ। ਗੁਰੂ ਦੋਖੀ ਭਗਵੰਤ ਮਾਨ, ਕੱਚੇ DGP ਦੀ ਪੱਕੀ ਪੁਲਿਸ ਦੇ ਕਾਲੇ ਕਾਰਨਾਮੇ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਗਏ ਹਨ, ਜੇ FBI ਇਸ ਇੰਸਪੈਕਟਰ ਨੂੰ ਅਮਰੀਕਾ ਲੈਕੇ ਗਈ ਤਾਂ AAP-ਗੈਂਗਸਟਰ–ਪੰਜਾਬ ਪੁਲਿਸ ਨੈਕਸਸ ਦਾ ਕਾਲਾ ਸੱਚ ਦੁਨੀਆਂ ਦੇ ਸਾਹਮਣੇ ਆ ਜਾਵੇਗਾ ਜਿਸਦੀ ਹਰ ਕੋਈ ਮੰਗ ਕਰ ਰਿਹਾ ਹੈ।”
“ਪੰਜਾਬ ਦੀ ਕਾਨੂੰਨ ਵਿਵਸਥਾ ਦਾਗ਼ਦਾਰ ਹੋਈ“
ਕਾਂਗਰਸ ਨੇ ਵੀ ਇਲਜ਼ਾਮ ਲਾਇਆ ਕਿ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਗੈਂਗਸਟਰ-ਪੁਲਿਸ ਗਠਜੋੜ ਹੋਰ ਮਜ਼ਬੂਤ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਆਮ ਲੋਕਾਂ ਅਤੇ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ। ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ, “ਪੰਜਾਬ ਲਈ ਇਹ ਬੇਹੱਦ ਸ਼ਰਮਨਾਕ ਅੰਤਰਰਾਸ਼ਟਰੀ ਮਾਮਲਾ ਹੈ ਕਿ ਸਾਡੇ ਆਪਣੇ ਪੁਲਿਸ ਅਧਿਕਾਰੀ ਨਾਗਰਿਕਾਂ ਦੀ ਸੁਰੱਖਿਆ ਕਰਨ ਦੀ ਬਜਾਏ ਫ਼ਿਰੌਤੀ ਦੇ ਰੈਕਟ ਚਲਾਉਣ ਲਈ ਕੌਮਾਂਤਰੀ ਪੱਧਰ ‘ਤੇ ਸੁਰਖੀਆਂ ਬਟੋਰ ਰਹੇ ਹਨ। ਜਿੱਥੇ ਇੱਕ ਪਾਸੇ ਵਿਸ਼ਵ ਵਿਆਪੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ, ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਢਹਿ–ਢੇਰੀ ਹੋ ਚੁੱਕੀ ਹੈ ਅਤੇ ਅੰਦਰੂਨੀ ਮਿਲੀਭੁਗਤ ਕਾਰਨ ਪੂਰੀ ਤਰ੍ਹਾਂ ਦਾਗ਼ਦਾਰ ਹੋ ਗਈ ਹੈ।”
“ਮੁੱਖ ਮੰਤਰੀ ਅਤੇ DGP ਦੇਣ ਜਵਾਬ“
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮਾਮਲੇ ਉੱਤੇ ਗੰਭੀਰ ਚਿੰਤਾ ਜਤਾਉਂਦਿਆਂ ਮੁੱਖ ਮੰਤਰੀ ਅਤੇ DGP ਤੋਂ ਤਿੱਖੇ ਸਵਾਲ ਪੁੱਛੇ ਹਨ। ਉਨ੍ਹਾਂ ਕਿਹਾ ਕਿ, “ਇਹ ਉਹੀ ਐੱਸ.ਐੱਚ.ਓ. ਹੈ ਜਿਸ ਨੇ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਦੀ ਕਥਿਤ ਬੇਅਦਬੀ ਦੇ ਸਬੰਧ ਵਿੱਚ ਮਾਮਲਾ ਦਰਜ ਕੀਤਾ ਸੀ। ਭਗਵੰਤ ਮਾਨ ਸਰਕਾਰ, ਮੁੱਖ ਮੰਤਰੀ ਅਤੇ DGP ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਅੰਤਰਰਾਸ਼ਟਰੀ ਫ਼ਿਰੌਤੀ ਨੈੱਟਵਰਕ ਦੇ ਸਬੰਧ ਵਿੱਚ ਪੰਜਾਬ ਪੁਲਿਸ ਦਾ ਨਾਮ ਕਥਿਤ ਤੌਰ ‘ਤੇ ਕਿਵੇਂ ਸਾਹਮਣੇ ਆ ਰਿਹਾ ਹੈ। ਇੱਕ ਹੋਰ ਅਹਿਮ ਸਵਾਲ ਇਹ ਹੈ ਕਿ ਅਜਿਹੇ ਪੁਲਿਸ ਅਧਿਕਾਰੀ ਪੰਜਾਬ ਦੇ ਅੰਦਰ ਚੱਲ ਰਹੇ ਕਥਿਤ ਫ਼ਿਰੌਤੀ ਦੇ ਧੰਦਿਆਂ ਵਿੱਚ ਕਿੰਨੀ ਡੂੰਘਾਈ ਨਾਲ ਸ਼ਾਮਲ ਹੋ ਸਕਦੇ ਹਨ।”
ETV BHARAT