ਪਿੰਡ ਜੱਸੀ ਪੋ ਵਾਲੀ ਦੀ ਪੰਚਾਇਤ ਨੇ ਤਸਕਰਾਂ, ਨਸ਼ੇੜੀਆਂ ਅਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਖ਼ਿਲਾਫ਼ ਸਾਂਝਾ ਮਤਾ ਪਾਉਂਦਿਆਂ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ।
11 ਜੁਲਾਈ, 2026 – ਬਠਿੰਡਾ: ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਭਾਵੇਂ ਸੂਬਾ ਸਰਕਾਰ ਵੱਲੋਂ ਵੱਡੀ ਪੱਧਰ ’ਤੇ ਕਦਮ ਚੁੱਕੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਜ਼ਮੀਨੀ ਪੱਧਰ ’ਤੇ ਹਲਾਤ ਵਧ ਤੋਂ ਬਦਤਰ ਹੁੰਦੇ ਜਾ ਰਹੇ ਹਨ। ਪਿੰਡਾਂ ਵਿੱਚ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਵੱਲੋਂ ਲਗਾਤਾਰ ਚੋਰੀ ਅਤੇ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਵੱਲੋਂ ਹੁਣ ਸਾਂਝੀ ਪੱਧਰ ਤੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਖਿਲਾਫ ਵੱਡੇ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਗਏ ਹਨ।
ਸਮਾਜਿਕ ਬਾਈਕਾਟ ਕਰਨ ਦਾ ਐਲਾਨ
ਬਠਿੰਡਾ ਦੇ ਪਿੰਡ ਜੱਸੀ ਪੋ ਵਾਲੀ ਦੀ ਪੰਚਾਇਤ ਵੱਲੋਂ ਮਤਾ ਪਾਸ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਨਸ਼ਾ ਤਸਕਰਾਂ ਤੇ ਨਸ਼ੇੜੀਆਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ।
ਪਿੰਡ ਵਿੱਚ ਕਿੰਨੇ ਨੌਜਵਾਨ ਕਰ ਰਹੇ ਨਸ਼ਾ ?
ਗੱਲਬਾਤ ਦੌਰਾਨ ਪਿੰਡ ਦੀ ਪੰਚਾਇਤ ਨੇ ਦੱਸਿਆ ਕਿ “ਉਨ੍ਹਾਂ ਦੇ ਪਿੰਡ ਵਿੱਚ ਲਗਭਗ 2500 ਵੋਟ ਹੈ ਜਿਸ ਵਿੱਚੋਂ 200 ਦੇ ਕਰੀਬ ਨੌਜਵਾਨ ਨਸ਼ੇ ਦੇ ਆਦੀ ਹਨ ਜਦੋਂ ਇੰਨਾਂ ਨੌਜਵਾਨਾਂ ਨੂੰ ਪੈਸਾ ਨਹੀਂ ਮਿਲਦਾ ਤਾਂ ਇਹ ਲੋਕਾਂ ਦੇ ਘਰਾਂ ਅਤੇ ਖੇਤਾਂ ਵਿੱਚ ਮੋਟਰਾਂ ’ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਹਨ। ਇੰਨਾਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਬਾਅਦ ਇਹ ਚੋਰੀ ਦਾ ਸਮਾਨ ਨਸ਼ਾ ਤਸਕਰਾਂ ਨੂੰ ਵੇਚ ਕੇ ਆਪਣਾ ਨਸ਼ਾ ਖਰੀਦਦੇ ਹਨ। ਜਿਸ ਕਾਰਨ ਪੂਰਾ ਪਿੰਡ ਪਰੇਸ਼ਾਨ ਹੋ ਰਿਹਾ ਹੈ। ਹਾਲਾਤ ਇਹ ਹਨ ਕਿ ਹਨੇਰੇ ਸਵੇਰੇ ਪਿੰਡ ਦੇ ਲੋਕ ਬਾਹਰ ਨਿਕਲਣ ਤੋਂ ਵੀ ਗਰੇਜ ਕਰਨ ਲੱਗੇ ਹਨ ਪਿੰਡਾਂ ਵਿੱਚ ਚਿੱਟੇ ਅਤੇ ਮੈਡੀਕਲ ਨਸ਼ੇ ਦੀ ਲਪੇਟ ਵਿੱਚ ਵੱਡੀ ਪੱਧਰ ’ਤੇ ਨੌਜਵਾਨ ਆ ਚੁੱਕੇ ਹਨ।”
“ਭਾਵੇਂ ਪੁਲਿਸ ਵੱਲੋਂ ਸਮੇਂ ਸਮੇਂ ਸਿਰ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਪੱਧਰ ’ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਹੁਣ ਪੰਜ ਗ੍ਰਾਮ ਤੋਂ ਘੱਟ ਵਾਲਿਆਂ ਦੀ ਥਾਣਿਆਂ ਵਿੱਚ ਜ਼ਮਾਨਤ ਹੋਣ ਕਾਰਨ ਇਹ ਲੋਕ ਮੁੜ ਨਸ਼ੇ ਦੇ ਕਾਰੋਬਾਰ ਨਾਲ ਜੁੜ ਰਹੇ ਹਨ ਜਿਸ ਕਾਰਨ ਪਿੰਡ ਦੇ ਹੋਰ ਨੌਜਵਾਨ ਵੀ ਪ੍ਰਭਾਵਿਤ ਹੋ ਰਹੇ ਹਨ। ਜੇਕਰ ਕਿਸੇ ਨਸ਼ਾ ਤਸਕਰ ਖ਼ਿਲਾਫ਼ ਪੁਲਿਸ ਵੱਲੋਂ ਜਾਂ ਅਦਾਲਤ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਪਿੰਡ ਦੀ ਪੰਚਾਇਤ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਵੀ ਤਸਦੀਕ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਪਿੰਡਵਾਸੀ ਵੀ ਕੋਈ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੇ ਹੱਕ ਵਿੱਚ ਭੁਗਤਦਾ ਹੈ ਤਾਂ ਉਸ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਪੰਚਾਇਤ ਤੱਕ ਦੇ ਕੰਮਾਂ ਨੂੰ ਨਹੀਂ ਕੀਤਾ ਜਾਵੇਗਾ।”–ਪਿੰਡਵਾਸੀ
ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਉਣ ਦੀ ਅਪੀਲ
ਇਕੱਠੇ ਹੋਏ ਪਿੰਡਵਾਸੀਆਂ ਨੇ ਕਿਹਾ ਕਿ ਭਾਵੇਂ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਦਲਦਲ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਲੋਕਾਂ ਨੂੰ ਆਪਣੀ ਪੱਧਰ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਅਜਿਹੇ ਸਖ਼ਤ ਫੈਸਲੇ ਲੈਣੇ ਪੈ ਰਹੇ ਹਨ। ਪਿੰਡਾਂ ਵਿੱਚ ਮੁੜ ਤੋਂ ਠੀਕਰੀ ਪਹਿਰੇ ਲਗਾਏ ਜਾਣ ਤਾਂ ਜੋ ਹਨੇਰ ਸਵੇਰ ਹੋਣ ਵਾਲੀ ਤਸਕਰੀ ਨੂੰ ਵੀ ਠੱਲ ਪੈ ਸਕੇ, ਪਹਿਲਾਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਾਏ ਜਾਂਦੇ ਸਨ ਅਤੇ ਕਾਫੀ ਹੱਦ ਤੱਕ ਨਸ਼ੇ ਅਤੇ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਸਫਲ ਹੋਏ ਸਨ।
ETV BHARAT