ਜੋੜ ਮੇਲ ਦੌਰਾਨ 500 ਪੁਲੀਸ ਮੁਲਾਜ਼ਮ ਤੇ 50 ਸੀਸੀਟੀਵੀ ਕੈਮਰੇ ਰੱਖਣਗੇ ਨਜ਼ਰ
20 ਦਸੰਬਰ, 2025 – ਚਮਕੌਰ ਸਾਹਿਬ : ਚਮਕੌਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅਤੇ 40 ਸ਼ਹੀਦ ਸਿੰਘਾਂ ਦੀ ਯਾਦ ਵਿੱਚ 20 ਤੋਂ 22 ਦਸੰਬਰ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ ਸ਼ੁਰੂ ਹੋ ਰਿਹਾ ਹੈ ਜਿਸ ਦੀ ਸ਼ੁਰੂਆਤ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਤੇ ਹੋਰ ਗੁਰਧਾਮਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਨਾਲ ਹੋਵੇਗੀ। ਇਸ ਸ਼ਹੀਦੀ ਸਮਾਗਮ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਲਈ ਕਈ ਪਾਬੰਦੀਆਂ ਲਗਾਈਆਂ ਗਈਆਂ ਹਨ। ਸ਼ਹੀਦੀ ਜੋੜ ਮੇਲ ਨੂੰ ਲੈ ਕੇ ਪੁਲੀਸ ਵੱਲੋਂ ਕੀਤੇ ਗਏ ਪ੍ਰਬੰਧਾਂ ਬਾਰੇ ਡੀਐਸਪੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੌਰਾਨ 500 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ, ਜਿਸ ਵਿੱਚ 2 ਐੱਸ.ਪੀ.,6 ਡੀ.ਐੱਸ.ਪੀ ਅਤੇ 450 ਦੇ ਕਰੀਬ ਹੋਰ ਪੁਲੀਸ ਮੁਲਾਜ਼ਮ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ ਪੂਰੇ ਚਮਕੌਰ ਸਾਹਿਬ ਨੂੰ 6 ਵੱਖ ਵੱਖ ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਦੀ ਨਿਗਰਾਨੀ ਡੀਐਸਪੀ ਪੱਧਰ ਦੇ ਅਧਿਕਾਰੀ ਦੀ ਦੇਖਰੇਖ ਹੇਠ ਹੋਵੇਗੀ।
ਸ੍ਰੀ ਔਲਖ ਨੇ ਦੱਸਿਆ ਕਿ ਸ਼ਹਿਰ ਵਿੱਚ 4 ਵਾਚ ਟਾਵਰ ਲਗਾਏ ਗਏ ਹਨ ਅਤੇ ਸ਼ਹਿਰ ਵਿੱਚ 50 ਸੀਸੀਟੀਵੀ ਕੈਮਰੇ ਲੱਗਣ ਨਾਲ ਸ਼ਰਾਰਤੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ ਜਿਨ੍ਹਾਂ ਦਾ ਕੰਟਰੋਲ ਇੰਸਪੈਕਟਰ ਰੈਂਕ ਦੇ ਅਧਿਕਾਰੀ ਅਧੀਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਨੂੰ ਜਾਣ ਵਾਲੇ ਸਾਰੇ ਰਸਤੇ ਨੂੰ ਵਾਹਨਾਂ ਦੀ ਆਵਾਜਾਈ ਨੂੰ ਰੋਕਣ ਲਈ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਹੈ ਕਿਸੇ ਵੀ ਵਾਹਨ ਨੂੰ ਗੁਰਦੁਆਰੇ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਜੋੜ ਮੇਲ ਵਿੱਚ ਆਉਣ ਵਾਲੀ ਸੰਗਤ ਲਈ ਪੈਦਲ ਹੀ ਸ਼ਹਿਰ ਅੰਦਰ ਜਾਣ ਦੇ ਪ੍ਰਬੰਧ ਕੀਤੇ ਗਏ ਹਨ।
ਪੰਜਾਬੀ ਟ੍ਰਿਬਯੂਨ