1710 ਦੀ ਜਿੱਤ ਤੋਂ ਲੈ ਕੇ ਮੌਜੂਦਾ ਹਾਲਤ ਤੱਕ ਦੀ ਕਹਾਣੀ
ਚੱਪੜਚਿੜੀ ਦੀ ਇਤਿਹਾਸਕ ਧਰਤੀ, ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੇ ਲਿਆ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ।‘ਫ਼ਤਿਹ ਬੁਰਜ‘ ਬੇਹਦ ਖਾਸ,ਦੇਖੋ ਕਵਲਜੀਤ ਕੌਰ ਦੀ ਖਾਸ ਰਿਪੋਰਟ।
06 ਜੁਲਾਈ, 2026 – ਮੋਹਾਲੀ (ਚੱਪੜਚਿੜੀ): ਪੰਜਾਬ ਦੀ ਪਵਿੱਤਰ ਧਰਤੀ ਨੂੰ ਇਹ ਵਿਲੱਖਣ ਮਾਣ ਹਾਸਲ ਹੈ ਕਿ ਇਹ ਗੁਰੂਆਂ, ਪੀਰਾਂ ਅਤੇ ਮਹਾਨ ਸ਼ਹੀਦਾਂ ਦੀ ਭੂਮੀ ਹੈ, ਜਿੱਥੇ ਕਣ-ਕਣ ਵਿੱਚ ਅਣਖ ਅਤੇ ਵੀਰਤਾ ਵਸਦੀ ਹੈ। ਇਸੇ ਗੌਰਵਮਈ ਇਤਿਹਾਸ ਦਾ ਸਭ ਤੋਂ ਚਮਕਦਾ ਪੰਨਾ ਹੈ ਚੱਪੜ ਚਿੜੀ ਦੀ ਇਤਿਹਾਸਕ ਧਰਤੀ। ਸਾਲ 1710 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਫ਼ੌਜ ਨੇ ਇਸੇ ਮੈਦਾਨ ਵਿੱਚ ਜ਼ੁਲਮ ਦੇ ਪ੍ਰਤੀਕ ਵਜ਼ੀਰ ਖ਼ਾਨ ਨੂੰ ਹਰਾ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਸੀ। ਅੱਜ ਉਸੇ ਲਾਸਾਨੀ ਜਿੱਤ ਦੀ ਯਾਦ ਵਿੱਚ ਖੜ੍ਹਾ ‘ਫ਼ਤਿਹ ਬੁਰਜ’ ਸਿੱਖ ਕੌਮ ਦੀ ਬਹਾਦਰੀ ਅਤੇ ਮਾਣ ਦਾ ਪ੍ਰਤੀਕ ਹੈ।
ਪਰ ਸਵਾਲ ਇਹ ਹੈ ਕਿ ਕੀ ਲਗਭਗ 300 ਸਾਲ ਪੁਰਾਣੀ ਇਸ ਇਤਿਹਾਸਕ ਵਿਰਾਸਤ ਨੂੰ ਅੱਜ ਉਹ ਸੰਭਾਲ ਅਤੇ ਸਨਮਾਨ ਮਿਲ ਰਿਹਾ ਹੈ, ਜਿਸ ਦੀ ਇਹ ਹੱਕਦਾਰ ਹੈ ? ਈਟੀਵੀ ਭਾਰਤ ਦੀ ਇਸ ਖਾਸ ਰਿਪੋਰਟ ਵਿਚ ਚੱਪੜਚਿੜੀ ਦੇ ਇਤਿਹਾਸ, ਫਤਹਿ ਬੁਰਜ ਦੀ ਖਾਸੀਅਤ ਅਤੇ ਮੌਜੂਦਾ ਸਥਿਤੀ ਬਾਰੇ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ…
ਚੱਪੜਚਿੜੀ ਜਿੱਥੇ ਉਦੈ ਹੋਇਆ ਸਿੱਖ ਰਾਜ ਦਾ ਸੂਰਜ
ਸਿੱਖ ਇਤਿਹਾਸਕਾਰ ਅਤੇ ਵਿਰਾਸਤ ਸਿੱਖੀਜ਼ਮ ਟਰੱਸਟ ਦੇ ਚੇਅਰਮੈਨ ਰਜਿੰਦਰ ਸਿੰਘ ਵਿਰਾਸਤ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ, “ਚੱਪੜਚਿੜੀ ਦੇ ਇਤਿਹਾਸ ਦਾ ਵਰਣਨ ਕੀਤਾ ਹੈ। ਉਹ ਦੱਸਦੇ ਹਨ ਕਿ ਸਾਲ 1710 ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਆਦੇਸ਼ ‘ਤੇ ਬਾਬਾ ਬੰਦਾ ਸਿੰਘ ਜੀ ਬਹਾਦਰ ਪੰਜਾਬ ਆਏ ਸਨ, ਤਾਂ ਜੋ ਜ਼ਾਲਮ ਮੁਗਲ ਹਕੂਮਤ ਦਾ ਖਾਤਮਾ ਕੀਤਾ ਜਾ ਸਕੇ। ਸਿੰਘਾਂ ਦਾ ਮੁੱਖ ਨਿਸ਼ਾਨਾ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਸੀ। ਵਜ਼ੀਰ ਖਾਨ ਉਹੀ ਮੁਗਲ ਹਾਕਮ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ) ਨੂੰ ਨੀਹਾਂ ਵਿੱਚ ਚਿਣਵਾਇਆ ਸੀ ਅਤੇ ਜੋ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਮੁੱਖ ਗੁਨਾਹਗਾਰ ਸੀ। ਸਰਹੰਦ ‘ਤੇ ਹਮਲਾ ਕਰਨ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਬੜੀ ਸਿਆਣਪ ਨਾਲ ਚੱਪੜਚਿੜੀ ਦਾ ਮੈਦਾਨ ਯੁੱਧ ਲਈ ਚੁਣਿਆ ਸੀ।”
ਚੱਪੜਚਿੜੀ ਦੇ ਮੈਦਾਨ ਦੀ ਹੀ ਚੋਣ ਕਿਉਂ?
ਰਜਿੰਦਰ ਸਿੰਘ ਵਿਰਾਸਤ ਮੁਤਾਬਿਕ, “ਬਾਬਾ ਬੰਦਾ ਸਿੰਘ ਜੀ ਬਹਾਦਰ ਇੱਕ ਬਹੁਤ ਹੀ ਮਹਾਨ ਜਰਨੈਲ ਸਨ। ਉਹਨਾਂ ਨੇ ਚੱਪੜਚਿੜੀ ਦੇ ਮੈਦਾਨ ਦੀ ਚੋਣ ਕੁਝ ਖ਼ਾਸ ਰਣਨੀਤਕ ਕਾਰਨਾਂ ਕਰਕੇ ਕੀਤੀ ਸੀ। ਸਿੰਘਾਂ ਕੋਲ ਮੁਗਲਾਂ ਵਾਂਗ ਕੋਈ ਪੱਕੇ ਕਿਲ੍ਹੇ ਨਹੀਂ ਸਨ। ਇਸ ਮੈਦਾਨ ਵਿੱਚ ਛੋਟੀਆਂ ਪਹਾੜੀਆਂ, ਛੱਪੜ ਅਤੇ ਟੋਏ-ਟਿੱਬੇ ਸਨ। ਸਿੰਘਾਂ ਨੇ ਇਹਨਾਂ ਕੁਦਰਤੀ ਟਿੱਬਿਆਂ ਦੀ ਓਟ ਲੈ ਕੇ ਆਪਣੇ ‘ਕਿਲ੍ਹੇਨੁਮਾ ਮੋਰਚੇ’ ਤਿਆਰ ਕੀਤੇ ਸਨ। ਵਜ਼ੀਰ ਖਾਨ ਕੋਲ ਇੱਕ ਬਹੁਤ ਵੱਡੀ ਫੌਜ ਅਤੇ ਭਾਰੀ ਤੋਪਖਾਨਾ (Artillery) ਸੀ। ਚੱਪੜਚਿੜੀ ਦੀ ਅਸਮਾਨੀ (ਉੱਚੀ-ਨੀਵੀਂ) ਜ਼ਮੀਨ ਕਾਰਨ ਮੁਗਲਾਂ ਦੀਆਂ ਤੋਪਾਂ ਸਿੱਧੀਆਂ ਨਹੀਂ ਚੱਲ ਸਕਦੀਆਂ ਸਨ, ਜਿਸ ਨਾਲ ਉਹਨਾਂ ਦਾ ਤੋਪਖਾਨਾ ਬਿਲਕੁਲ ਬੇਅਸਰ ਹੋ ਗਿਆ ਸੀ। ਮਾਝੇ ਅਤੇ ਦੋਆਬੇ ਤੋਂ ਆਉਣ ਵਾਲੇ ਸਿੰਘਾਂ ਦੇ ਜੱਥਿਆਂ ਨੇ ਸਤਲੁਜ ਦਰਿਆ ਰੋਪੜ ਦੇ ਇਲਾਕੇ ਰਾਹੀਂ ਪਾਰ ਕਰਨਾ ਸੀ। ਇਹ ਸੁਰੱਖਿਅਤ ਰਸਤਾ ਸਿੱਧਾ ਚੱਪੜਚਿੜੀ ਦੇ ਮੈਦਾਨ ਵੱਲ ਆਉਂਦਾ ਸੀ, ਜਿਸ ਨਾਲ ਸਿੰਘਾਂ ਦੀ ਤਾਕਤ ਇੱਕਜੁੱਟ ਹੋ ਗਈ ਸੀ।”
ਵਜ਼ੀਰ ਖਾਨ ਦਾ ਖਾਤਮਾ
ਉਹ ਕਹਿੰਦੇ ਹਨ ਕਿ, 12 ਮਈ, 1710 ਨੂੰ ਇਸ ਮੈਦਾਨ ਵਿੱਚ ਦੋਵਾਂ ਫੌਜਾਂ ਵਿਚਾਲੇ ਭਿਆਨਕ ਯੁੱਧ ਹੋਇਆ ਸੀ। ਇੱਕ ਪਾਸੇ ਵਜ਼ੀਰ ਖਾਨ ਦੀ ਆਧੁਨਿਕ ਹਥਿਆਰਾਂ ਨਾਲ ਲੈਸ ਵੱਡੀ ਫੌਜ ਸੀ, ਅਤੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਵਿੱਚ ਭਾਲੇ, ਤੀਰ ਅਤੇ ਤਲਵਾਰਾਂ ਲੈ ਕੇ ਲੜ ਰਹੇ ਜਜ਼ਬੇ ਨਾਲ ਭਰੇ ਸਿੰਘ ਸਨ। ਜੰਗ ਦੇ ਦੌਰਾਨ ਸਿੰਘਾਂ ਨੇ ਅਜਿਹੀ ਬਹਾਦਰੀ ਦਿਖਾਈ ਕਿ ਮੁਗਲ ਫੌਜ ਦੇ ਪੈਰ ਉਖੜ ਗਏ ਸਨ। ਇਸੇ ਮੈਦਾਨ ਵਿੱਚ ਵਜ਼ੀਰ ਖਾਨ ਦਾ ਖਾਤਮਾ ਕੀਤਾ ਗਿਆ ਸੀ।
ਸਰਹੰਦ ਦੇ ਕਿਲ੍ਹੇ ‘ਤੇ ਖਾਲਸਾਈ ਝੰਡਾ
ਇਤਿਹਾਸ ਮੁਤਾਬਕ, ਭਾਈ ਬਾਜ ਸਿੰਘ ਅਤੇ ਭਾਈ ਫ਼ਤਿਹ ਸਿੰਘ ਜੀ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ। ਵਜ਼ੀਰ ਖਾਨ ਦੇ ਮਰਦੇ ਹੀ ਮੁਗਲ ਫੌਜ ਮੈਦਾਨ ਛੱਡ ਕੇ ਭੱਜ ਗਈ ਸੀ। ਚੱਪੜਚਿੜੀ ਦੀ ਜਿੱਤ ਤੋਂ ਬਾਅਦ 14 ਮਈ 1710 ਨੂੰ ਸਿੰਘਾਂ ਨੇ ਸਰਹੰਦ ਦੇ ਕਿਲ੍ਹੇ ‘ਤੇ ਕਬਜ਼ਾ ਕਰ ਲਿਆ ਸੀ ਅਤੇ ਉੱਥੇ ਖਾਲਸਾਈ ਪਰਚਮ ਲਹਿਰਾ ਦਿੱਤਾ ਸੀ। ਇਸੇ ਨੂੰ ਸਮਰਪਿਤ ਸਾਲ 2011 ਵਿਚ ਇਥੇ ਵਾਰ ਮੈਮੋਰੀਅਲ ਫਤਿਹ ਬੁਰਜ ਬਣਾਇਆ ਗਿਆ ਜਿਸ ਦਾ ਉਦਘਾਟਨ ਤਤਕਾਲੀ ਮਰਹੂਮ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਕੀਤਾ।
ਫਤਿਹ ਬੁਰਜ ਕੀ ਹੈ ਅਤੇ ਇਸ ਦੀ ਖਾਸੀਅਤ ?
ਸੀਨੀਅਰ ਪੰਥਕ ਆਗੂ ਜਤਿੰਦਰ ਪਾਲ ਸਿੰਘ ਨੇ ਈਟੀਵੀ ਭਾਰਤ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ, “ਫ਼ਤਿਹ ਬੁਰਜ, ਸਿੱਖ ਇਤਿਹਾਸ ਦੇ ਸਭ ਤੋਂ ਸ਼ਾਨਦਾਰ ਅਤੇ ਪਰਿਵਰਤਨਕਾਰੀ ਅਧਿਆਇ ਦਾ ਪ੍ਰਤੀਕ ਹੈ।”
- ਦੇਸ਼ ਦੇ ਸਭ ਤੋਂ ਉੱਚੇ ਜਿੱਤ ਸਮਾਰਕਾਂ ਚੋਂ ਇੱਕ– ਫ਼ਤਿਹ ਬੁਰਜ
ਜਤਿੰਦਰਪਾਲ ਸਿੰਘ ਕਹਿੰਦੇ ਹਨ ਕਿ, “ਆਧੁਨਿਕ ਇੰਜੀਨੀਅਰਿੰਗ ਅਤੇ ਇਤਿਹਾਸਕ ਕਲਾ ਦਾ ਇੱਕ ਬੇਜੋੜ ਨਮੂਨਾ ਹੈ। ਲਗਭਗ 328 ਫੁੱਟ (100 ਮੀਟਰ) ਉੱਚਾ ਫ਼ਤਿਹ ਬੁਰਜ ਦੇਸ਼ ਦੇ ਸਭ ਤੋਂ ਉੱਚੇ ਜਿੱਤ ਸਮਾਰਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਅੱਠ–ਕੋਣਾ ਬੁਰਜ ਤਿੰਨ ਮੰਜ਼ਿਲਾਂ ਵਿੱਚ ਵੰਡਿਆ ਹੋਇਆ ਹੈ, ਜਿਨ੍ਹਾਂ ਵਿੱਚੋਂ ਹਰੇਕ ਮੰਜ਼ਿਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀਆਂ ਤਿੰਨ ਵੱਡੀਆਂ ਜਿੱਤਾਂ ਸਮਾਣਾ, ਸਢੌਰਾ, ਅਤੇ ਸਰਹਿੰਦ (ਚੱਪੜਚਿੜੀ) ਨੂੰ ਦਰਸਾਉਂਦੀ ਹੈ।”
ਮਿੱਟੀ ਦੇ ਉੱਚੇ ਟਿੱਲੇ ਤੱਕ ਆਏ ਕੰਮ
ਉਨ੍ਹਾਂ ਅੱਗੇ ਦੱਸਿਆ ਕਿ, “ਇਸ ਦੇ ਸਿਖਰ ‘ਤੇ ਇੱਕ ਵਿਸ਼ਾਲ ਸੁਨਹਿਰੀ ਗੁੰਬਦ ਅਤੇ ਇੱਕ ਸਟੇਨਲੈੱਸ ਸਟੀਲ ਦਾ ‘ਖੰਡਾ‘ ਸਾਹਿਬ ਸੁਸ਼ੋਭਿਤ ਹੈ, ਜੋ ਦੂਰੋਂ ਹੀ ਚਮਕਦਾ ਦਿਖਾਈ ਦਿੰਦਾ ਹੈ। ਇਸ ਯਾਦਗਾਰ ਦੇ ਆਲੇ–ਦੁਆਲੇ 20 ਏਕੜ ਦੇ ਕੰਪਲੈਕਸ ਵਿੱਚ ਉਸੇ ਸਮੇਂ ਦੇ ਯੁੱਧ ਮੈਦਾਨ ਨੂੰ ਹੂਬਹੂ ਦੁਹਰਾਇਆ ਗਿਆ ਹੈ, ਜਿਸ ਵਿੱਚ ਮਿੱਟੀ ਦੇ ਉੱਚੇ ਟਿੱਲੇ ਅਤੇ ਪਾਣੀ ਦੇ ਛੱਪੜ ਬਣਾਏ ਗਏ ਹਨ। ਇਹਨਾਂ ਟਿੱਲਿਆਂ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ ਪੰਜ ਮੁੱਖ ਜਰਨੈਲਾਂ (ਭਾਈ ਫ਼ਤਿਹ ਸਿੰਘ, ਭਾਈ ਆਲੀ ਸਿੰਘ, ਭਾਈ ਮਾਲੀ ਸਿੰਘ, ਭਾਈ ਬਾਜ ਸਿੰਘ ਅਤੇ ਭਾਈ ਰਾਮ ਸਿੰਘ) ਦੇ ਕਾਂਸੀ ਦੇ ਵਿਸ਼ਾਲ ਬੁੱਤ ਲਗਾਏ ਗਏ ਹਨ, ਜੋ ਇੱਥੇ ਆਉਣ ਵਾਲੇ ਸਲਾਨੀਆਂ ਨੂੰ ਬਹਾਦਰੀ ਦੇ ਉਸ ਮਹਾਨ ਦੌਰ ਦੀ ਯਾਦ ਦਿਵਾਉਂਦੇ ਹਨ।”
ਡਿਜ਼ਾਇਨ ਅਤੇ ਬਣਤਰ ਕਲਾ ਦਾ ਵਿਲੱਖਣ ਨਮੂਨਾ
ਵਾਰ ਮੈਮੋਰੀਅਲ ਦੇ ਅਧਿਕਾਰਿਕ ਸਰੋਤਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, ਫ਼ਤਿਹ ਬੁਰਜ (ਬਾਬਾ ਬੰਦਾ ਸਿੰਘ ਬਹਾਦਰ ਵਾਰ ਮੈਮੋਰੀਅਲ) ਦਾ ਡਿਜ਼ਾਈਨ ਪੰਚਕੂਲਾ ਦੀ ਮਸ਼ਹੂਰ ਆਰਕੀਟੈਕਟ ਫਰਮ ‘ਰੇਣੂ ਖੰਨਾ ਐਂਡ ਐਸੋਸੀਏਟਸ’ ਵੱਲੋਂ ਤਿਆਰ ਕੀਤਾ ਗਿਆ ਸੀ। ਮੁੱਖ ਆਰਕੀਟੈਕਟ ਰੇਣੂ ਖੰਨਾ ਨੇ ਇਸ ਯਾਦਗਾਰ ਦੇ ਡਿਜ਼ਾਈਨ ਨੂੰ ਇਤਿਹਾਸ ਦੇ ਪੰਨਿਆਂ ਤੋਂ ਪ੍ਰੇਰਿਤ ਹੋ ਕੇ ਹੂਬਹੂ ਰੂਪ ਦਿੱਤਾ ਹੈ। ਮੂਰਤੀਕਾਰ ਪ੍ਰਭਾਤ ਰਾਏ ਨੇ ਯਾਦਗਾਰ ਵਿੱਚ ਲੱਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਹੋਰ ਜਰਨੈਲਾਂ ਦੇ ਵਿਸ਼ਾਲ ਕਾਂਸੀ ਦੇ ਬੁੱਤਾਂ ਨੂੰ ਤਿਆਰ ਕੀਤਾ ਸੀ। ਇਸ ਦੇ ਨਾਲ ਹੀ, ਬੁਰਜ ਦੀ ਮਜ਼ਬੂਤ ਬਣਤਰ ਲਈ ਇੰਜੀਨੀਅਰਿੰਗ ਅਤੇ ਸਟ੍ਰਕਚਰਲ ਕੰਸਲਟੈਂਟਸ ਵਜੋਂ ਦੇਖ-ਰੇਖ ਪੰਕਜ ਚੋਪੜਾ ਅਤੇ ਡਾ. ਰਮਨਾ ਨੇ ਕੀਤੀ। ਅਖੀਰ ਵਿੱਚ, ਇਸ ਸ਼ਾਨਦਾਰ ਬੁਰਜ ਦੇ ਨਿਰਮਾਣ ਦਾ ਕੰਮ ਮਸ਼ਹੂਰ ਕੰਪਨੀ ਲਾਰਸਨ ਐਂਡ ਟੂਬਰੋ (L&T) ਵੱਲੋਂ ਪੰਜਾਬ ਹੈਰੀਟੇਜ ਐਂਡ ਟੂਰਿਜ਼ਮ ਪ੍ਰੋਮੋਸ਼ਨ ਬੋਰਡ ਦੇ ਅਧੀਨ ਮੁਕੰਮਲ ਕੀਤਾ ਗਿਆ ਸੀ।
ਫਤਿਹ ਬੁਰਜ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਹੁੰਦਾ ਸੀ ਚੱਪੜਚਿੜੀ ਇਲਾਕਾ ?
ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਤੇ ਇਤਿਹਾਸਕ ਹਵਾਲਿਆਂ ਮੁਤਾਬਿਕ, ਫ਼ਤਿਹ ਬੁਰਜ ਬਣਨ ਤੋਂ ਪਹਿਲਾਂ ਚੱਪੜਚਿੜੀ ਦਾ ਮੈਦਾਨ ਇੱਕ ਸਾਧਾਰਨ, ਖੁਰਦਰਾ ਅਤੇ ਜੰਗਲੀ ਪੇਂਡੂ ਇਲਾਕਾ ਸੀ, ਜਿਸ ਦਾ ਨਾਮ ਇੱਥੇ ਮੌਜੂਦ ਵੱਡੇ ਛੱਪੜਾਂ (ਚੱਪੜ) ਅਤੇ ਸੰਘਣੀਆਂ ਝਾੜੀਆਂ (ਚਿੜੀ) ਕਾਰਨ ਪਿਆ ਸੀ। ਇਸ ਇਤਿਹਾਸਕ ਮੈਦਾਨ ਵਿੱਚ ਮਿੱਟੀ ਦੇ ਉੱਚੇ-ਉੱਚੇ ਕੁਦਰਤੀ ਟਿੱਬੇ ਸਨ, ਜਿਨ੍ਹਾਂ ਵਿੱਚੋਂ ਇੱਕ ਮੁੱਖ ਟਿੱਬੇ ਦੀ ਵਰਤੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ 1710 ਦੀ ਜੰਗ ਵੇਲੇ ਰਣਨੀਤੀ ਬਣਾਉਣ ਲਈ ਕੀਤੀ ਸੀ।
ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕੀਤਾ
ਸਮਾਂ ਬੀਤਣ ਨਾਲ ਸਰਕਾਰੀ ਸੰਭਾਲ ਨਾ ਹੋਣ ਕਰਕੇ ਆਲੇ-ਦੁਆਲੇ ਦੇ ਪਿੰਡ ਵਾਸੀਆਂ ਨੇ ਇਸ ਜਗ੍ਹਾ ਨੂੰ ਪੱਧਰਾ ਕਰਕੇ ਖੇਤੀਬਾੜੀ ਯੋਗ ਜ਼ਮੀਨ ਵਿੱਚ ਬਦਲ ਦਿੱਤਾ, ਜਿਸ ਨਾਲ ਕਈ ਇਤਿਹਾਸਕ ਨਿਸ਼ਾਨੀਆਂ ਮਿਟ ਗਈਆਂ ਸਨ। ਜਿਸ ਨੂੰ ਬਾਅਦ ਵਿੱਚ 2011 ਵਿੱਚ ਸਰਕਾਰ ਨੇ ਬਹਾਲ ਕਰਕੇ, ਇੱਥੇ ਫ਼ਤਿਹ ਬੁਰਜ ਅਤੇ ਯਾਦਗਾਰੀ ਟਿੱਬਿਆਂ ਦਾ ਨਿਰਮਾਣ ਕੀਤਾ। ਵਾਰ ਮੈਮੋਰੀਅਲ ਦੇ ਅੰਦਰ ਜਾਈਏ ਤਾਂ ਝਾੜੀਆਂ ਅਤੇ ਰੁੱਖਾਂ ਦੇ ਝੁੰਡ ਦਾ ਇਕ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਗਿਆ ਹੈ।
“ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਆਏ ਚੱਪੜਚਿੜੀ“
ਸਿੱਖ ਰਾਜ ਦੇ ਨੀਂਹ ਪੱਥਰ ਵਜੋਂ ਜਾਣੇ ਜਾਂਦੇ ਇਤਿਹਾਸਕ ਅਸਥਾਨ ਚੱਪੜਚਿੜੀ ਦੀ ਮੌਜੂਦਾ ਸਥਿਤੀ ਅਤੇ ਇਸ ਦੇ ਪਿਛੋਕੜ ਨੂੰ ਲੈ ਕੇ ਪਿੰਡ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਸਾਲ 1710 ਦੀ ਇਤਿਹਾਸਕ ਜੰਗ ਦੇ ਇਸ ਮੈਦਾਨ ਬਾਰੇ ਸਭ ਤੋਂ ਪਹਿਲਾਂ ਸਾਲ 1957 ਵਿੱਚ ਪੰਥਕ ਆਗੂ ਮਾਸਟਰ ਤਾਰਾ ਸਿੰਘ ਨੇ ਲੋਕਾਂ ਨੂੰ ਜਾਗਰੂਕ ਕੀਤਾ ਸੀ। ਉਨ੍ਹਾਂ ਮੁਤਾਬਕ ਉਸ ਦੌਰੇ ਦੌਰਾਨ ਬੁਨਿਆਦੀ ਸਹੂਲਤਾਂ ਦੀ ਇੰਨੀ ਘਾਟ ਸੀ ਕਿ ਮਾਸਟਰ ਤਾਰਾ ਸਿੰਘ ਦੇ ਸਵਾਗਤ ਲਈ ਦਰੀਆਂ ਦੀ ਥਾਂ ਪਰਾਲੀ ਵਿਛਾਉਣੀ ਪਈ ਸੀ। ਮਾਸਟਰ ਤਾਰਾ ਸਿੰਘ ਵੱਲੋਂ ਇਸ ਧਰਤੀ ਨੂੰ ਪੰਜਾਬ ਦੇ ਇਤਿਹਾਸ ਵਿੱਚ ਸਰਵਉੱਚ ਅਤੇ ਸਿਜਦਾ ਕਰਨ ਯੋਗ ਅਸਥਾਨ ਐਲਾਨਿਆ ਗਿਆ ਸੀ। ਇਸ ਯਾਦਗਾਰ ਨੂੰ ਦੇਖਣ ਆਉਣ ਵਾਲੇ ਸੈਲਾਨੀਆਂ ਲਈ ਕੋਈ ਐਂਟਰੀ ਫੀਸ ਵੀ ਨਹੀਂ ਹੈ।
– ਜੋਰਾ ਸਿੰਘ ਭੁੱਲਰ, ਸਾਬਕਾ ਸਰਪੰਚ, ਚੱਪੜਚਿੜੀ
“ਬਾਦਲ–ਭਿੰਡਰਾਂਵਾਲਾ ਸਣੇ ਕਈ ਵੱਡੇ ਆਗੂ ਆਏ, ਪਰ ਸੰਭਾਲ ਨਹੀਂ ਕੀਤੀ“
ਜੋਰਾ ਸਿੰਘ ਭੁੱਲਰ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ, “ਸਿੱਖ ਰਾਜ ਦੀ ਸਥਾਪਨਾ ਦੇ ਇਸ ਮੁੱਖ ਕੇਂਦਰ ਬਾਰੇ ਅੱਜ ਵੀ ਆਮ ਲੋਕਾਂ ਵਿੱਚ ਜਾਣਕਾਰੀ ਦੀ ਵੱਡੀ ਕਮੀ ਹੈ। ਇਤਿਹਾਸਕ ਹਵਾਲਿਆਂ ਮੁਤਾਬਕ ਸਾਲ 1957 ਤੋਂ ਬਾਅਦ 1970 ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ, ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਪਰਕਾਸ਼ ਸਿੰਘ ਬਾਦਲ ਅਤੇ ਸਾਲ 1983 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਣੇ ਕਈ ਪ੍ਰਮੁੱਖ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਨੇ ਇੱਥੋਂ ਦਾ ਦੌਰਾ ਕੀਤਾ, ਪਰ ਲੰਮੇ ਸਮੇਂ ਤੱਕ ਇਸ ਦੀ ਸਾਂਭ–ਸੰਭਾਲ ਵੱਲ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਹਾਲਾਂਕਿ ਬਾਅਦ ਵਿੱਚ ਸਾਲ 2011 ਵਿੱਚ ਇੱਥੇ ਇੱਕ ਸ਼ਾਨਦਾਰ ‘ਵਾਰ ਮੈਮੋਰੀਅਲ‘ (ਯਾਦਗਾਰ) ਸਥਾਪਿਤ ਕਰਕੇ ਇਸ ਦੀ ਇਤਿਹਾਸਕ ਮਹੱਤਤਾ ਨੂੰ ਸੁਰੱਖਿਅਤ ਕੀਤਾ ਗਿਆ।”
ਵਾਰ ਮੈਮੋਰੀਅਲ ਦੀ ਮੌਜੂਦਾ ਹਾਲਤ
ਪਿੰਡ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ ਅਤੇ ਨੰਬਰਦਾਰ ਮਨਪ੍ਰੀਤ ਸਿੰਘ ਕਹਿੰਦੇ ਹਨ ਕਿ, “ਚੱਪੜਚਿੜੀ ਦਾ ਇਤਿਹਾਸ ਬਹੁਤ ਮਹੱਤਵਪੂਰਨ ਹੈ। ਜਿਸ ਨੂੰ ਸਮਰਪਿਤ ਹੀ ਇੱਥੇ ਵਾਰ ਮੈਮੋਰੀਅਲ ਫਤਿਹ ਬੁਰਜ ਬਣਾਇਆ ਗਿਆ ਸੀ, ਪਰ ਮੌਜੂਦਾ ਸਮੇਂ ਇਸ ਦੀ ਦੇਖਭਾਲ ਮੁਕੰਮਲ ਤਰੀਕੇ ਨਾਲ ਨਹੀਂ ਹੋ ਰਹੀ। ਇੱਥੋਂ ਦੇ ਫੁਹਾਰਿਆਂ, ਲਾਈਟਾਂ ਅਤੇ ਹਰਿਆਵਲ (ਪਾਰਕਾਂ) ਦੀ ਹਾਲਤ ਖ਼ਰਾਬ ਹੋਣ ਦੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ। ਸਮਾਰਕ ਦੇ ਅੰਦਰ ਬਣੇ ਓਪਨ ਏਅਰ ਥੀਏਟਰ, ਐਨੀਮੇਸ਼ਨ ਸ਼ੋਅ ਅਤੇ ਲਿਫ਼ਟਾਂ ਤਕਨੀਕੀ ਖ਼ਾਮੀਆਂ ਕਾਰਨ ਬੰਦ ਰਹਿੰਦੇ ਹਨ, ਜਿਸ ਨਾਲ ਦੂਰੋਂ ਆਉਣ ਵਾਲੇ ਸੈਲਾਨੀਆਂ ਨੂੰ ਨਿਰਾਸ਼ਾ ਹੁੰਦੀ ਹੈ।”
ਸੈਲਾਨੀਆਂ ਦੀ ਆਮਦ ਦੇ ਮੁਕਾਬਲੇ ਸਫ਼ਾਈ ਵਿਵਸਥਾ ਅਤੇ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਪੂਰੀ ਨਾ ਹੋਣ ਕਾਰਨ ਸਮਾਰਕ ਦੀ ਦਿੱਖ ਪ੍ਰਭਾਵਿਤ ਹੁੰਦੀ ਹੈ। ਇੱਥੇ ਕੋਈ ਵੀ ਸਿੱਧੀ ਸੜਕ ਨਹੀਂ ਅਤੇ ਨਾ ਹੀ ਇਸ ਦਾ ਪ੍ਰਚਾਰ ਮੁਕੰਮਲ ਤਰੀਕੇ ਨਾਲ ਹੋਇਆ ਹੈ। ਨੇੜੇ ਤੇੜੇ ਦੇ ਖੇਤਰਾਂ ਅਤੇ ਸਬੰਧਿਤ ਇਲਾਕੇ ਵਿੱਚ ਇਸ ਦਾ ਕੋਈ ਸਾਈਨ ਬੋਰਡ ਮੌਜੂਦ ਨਹੀਂ ਹੈ। ਇਸ ਦੇ ਅੰਦਰ ਬਣੀ ਹੋਈ ਕੰਟੀਨ ਵੀ ਬੰਦ ਹੋ ਗਈ ਹੈ। ਇਨ੍ਹਾਂ ਕਮੀਆਂ ਕਰਕੇ ਸੈਲਾਨੀਆਂ ਦੀ ਆਮਦ ਪਹਿਲਾਂ ਵਰਗੀ ਨਹੀਂ ਰਹੀ।
– ਨੰਬਰਦਾਰ ਮਨਪ੍ਰੀਤ ਸਿੰਘ ਤੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ
ਟੂਰਿਜ਼ਮ ਵਿਭਾਗ ਪੰਜਾਬ ਦਾ ਕੀ ਕਹਿਣਾ ਹੈ ?
ਪੰਜਾਬ ਟੂਰਿਜ਼ਮ ਵਿਭਾਗ ਦੇ ਅਧਿਕਾਰੀ ਅਤੇ ਫਤਿਹ ਬੁਰਜ ਦੇ ਇੰਚਾਰਜ ਕੁਲਬੀਰ ਸਿੰਘ ਨੇ ਈਟੀਵੀ ਭਾਰਤ ਦੀ ਟੀਮ ਨਾਲ ਗੱਲ ਕਰਦਿਆ ਦੱਸਿਆ ਕਿ, “ਵਾਰ ਮੈਮੋਰੀਅਲ ਦਾ ਮੌਜੂਦਾ ਪ੍ਰਬੰਧ ਗਮਾਡਾ ਦੇ ਕੋਲ ਹੈ ਅਤੇ ਗਮਾਡਾ ਹੀ ਇਸ ਦੇ ਰੱਖ ਰਖਾਅ ਕਰਦੀ ਹੈ। ਇਸ ਲਈ ਫੰਡ ਜਾਰੀ ਕਰਨ ਦਾ ਕੰਮ ਗਮਾਡਾ ਦਾ ਹੈ।”
ਗਮਾਡਾ ਦਾ ਰਿਕਾਰਡ ਕੀ ਕਹਿੰਦਾ ਹੈ ?
ਪੰਜਾਬ ਸਰਕਾਰ ਅਤੇ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਵੱਲੋਂ ਚੱਪੜਚਿੜੀ ਸਥਿਤ ਇਤਿਹਾਸਕ ‘ਫ਼ਤਿਹ ਬੁਰਜ’ (ਬਾਬਾ ਬੰਦਾ ਸਿੰਘ ਬਹਾਦਰ ਵਾਰ ਮੈਮੋਰੀਅਲ) ਦੇ ਵਿਕਾਸ ਅਤੇ ਇਸ ਦੇ ਆਲੇ-ਦੁਆਲੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਰਕਾਰੀ ਪੱਧਰ ‘ਤੇ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਤਹਿਤ ਸਰਕਾਰ ਵੱਲੋਂ 4 ਫ਼ਰਵਰੀ 2026 ਨੂੰ ਨੋਟੀਫਿਕੇਸ਼ਨ ਨੰਬਰ H-U-H1/40/2026-6H1/217 ਜਾਰੀ ਕਰਕੇ ਸੈਕਟਰ 74-74A ਅਤੇ 91/92 ਦੇ ਚੱਪੜਚਿੜੀ ਖੇਤਰ ਵਿਖੇ ਨਵੀਂ 30 ਮੀਟਰ ਚੌੜੀ ਵਰਟੀਕਲ ਸੜਕ ਦੇ ਨਿਰਮਾਣ ਲਈ ਬਲਿਆਲੀ, ਚੱਪੜਚਿੜੀ ਕਲਾਂ ਅਤੇ ਚੱਪੜਚਿੜੀ ਖੁਰਦ ਦੀ 20.85 ਏਕੜ ਜ਼ਮੀਨ ਐਕਵਾਇਰ ਕਰਨ ਵਾਸਤੇ ਸੋਸ਼ਲ ਇਮਪੈਕਟ ਅਸੈਸਮੈਂਟ (SIA) ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਤਿਹਾਸਕ ਖੇਤਰ ਦੇ ਸੁੰਦਰੀਕਰਨ ਲਈ ਚੁੱਕੇ ਜਾ ਰਹੇ ਕਦਮ?
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ, ਪੰਜਾਬ ਸਰਕਾਰ ਵੱਲੋਂ 18 ਜੁਲਾਈ 2022 ਨੂੰ ਅਵਾਰਡ ਨੰਬਰ 579 ਰਾਹੀਂ ਇੱਥੇ 200 ਫੁੱਟ ਚੌੜੀ ਮਾਸਟਰਪਲਾਨ ਸੜਕ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ। ਪ੍ਰਸ਼ਾਸਨ ਦੇ ਆਨ–ਰਿਕਾਰਡ ਦਸਤਾਵੇਜ਼ਾਂ ਮੁਤਾਬਕ, ਇਹ ਸਾਰੇ ਵਿਕਾਸ ਕਾਰਜ ਫ਼ਤਿਹ ਬੁਰਜ ਵਾਰ ਮੈਮੋਰੀਅਲ ਤੱਕ ਪਹੁੰਚਣ ਵਾਲੇ ਸੈਲਾਨੀਆਂ ਅਤੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਸੁਖਾਲਾ ਬਣਾਉਣ ਅਤੇ ਇਸ ਇਤਿਹਾਸਕ ਖੇਤਰ ਦੇ ਸੁੰਦਰੀਕਰਨ ਦੇ ਮਕਸਦ ਨਾਲ ਕੀਤੇ ਜਾ ਰਹੇ ਹਨ।
ਫ਼ਤਿਹ ਬੁਰਜ ਪੰਜਾਬ ਦਾ ਇੱਕ ਪ੍ਰਮੁੱਖ ਇਤਿਹਾਸਕ ਅਤੇ ਸੈਰ–ਸਪਾਟਾ ਕੇਂਦਰ ਹੈ। ਇਸ 30 ਮੀਟਰ (ਲਗਭਗ 100 ਫੁੱਟ) ਚੌੜੀ ਸੜਕ ਦੇ ਨਿਰਮਾਣ ਨਾਲ ਮੋਹਾਲੀ ਦੇ ਬਾਕੀ ਹਿੱਸਿਆਂ ਅਤੇ ਚੰਡੀਗੜ੍ਹ ਵੱਲੋਂ ਫ਼ਤਿਹ ਬੁਰਜ ਦੇਖਣ ਆਉਣ ਵਾਲੇ ਸ਼ਰਧਾਲੂਆਂ ਤੇ ਸੈਲਾਨੀਆਂ ਨੂੰ ਬਿਨਾਂ ਕਿਸੇ ਟ੍ਰੈਫਿਕ ਜਾਮ ਦੇ ਸਿੱਧੀ ਅਤੇ ਖੁੱਲ੍ਹੀ ਸੜਕ ਮਿਲੇਗੀ।
“ਚੱਪੜਚਿੜੀ ਦੀ ਇਹ ਧਰਤੀ ਸਿਰਫ਼ ਇੱਕ ਇਤਿਹਾਸਕ ਜੰਗ ਦੀ ਯਾਦ ਨਹੀਂ, ਸਗੋਂ ਪੰਜਾਬ ਦੀ ਅਣਖ, ਸ਼ਹਾਦਤ ਅਤੇ ਸੰਘਰਸ਼ ਦਾ ਪ੍ਰਤੀਕ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਆਉਣ ਵਾਲੇ ਸਮੇਂ ਵਿੱਚ ਇਸ ਵਿਰਾਸਤ ਨੂੰ ਉਹ ਸੰਭਾਲ ਅਤੇ ਸਹੂਲਤਾਂ ਮਿਲ ਸਕਣਗੀਆਂ, ਜਿਨ੍ਹਾਂ ਦੀ ਉਮੀਦ ਇਤਿਹਾਸ ਪ੍ਰੇਮੀ ਅਤੇ ਸੈਲਾਨੀ ਲੰਮੇ ਸਮੇਂ ਤੋਂ ਕਰ ਰਹੇ ਹਨ।”
ETV BHARAT