ਧਮਾਕੇ ਵਾਲੀ ਥਾਂ ਦੀ ਪੁਲਿਸ, ਫੌਜ ਅਤੇ ਫ਼ੋਰੈਂਸਿਕ ਟੀਮਾਂ ਵੱਲੋਂ ਜਾਂਚ ਜਾਰੀ ਹੈ।
06 ਮਈ, 2026 – ਅੰਮ੍ਰਿਤਸਰ: ਸ਼ਹਿਰ ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਦੇਰ ਰਾਤ ਖਾਸਾ ਕੈਂਪ ਸਥਿਤ ਫੌਜੀ ਕੈਂਪ ਦੇ ਬਾਹਰ ਧਮਾਕਾ ਹੋਣ ਦੀ ਜਾਣਕਾਰੀ ਮਿਲੀ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦੱਸਿਆ ਜਾ ਰਿਹਾ ਹੈ ਕਿ ਰਾਤ ਕਰੀਬ 11 ਵਜੇ ਤੋਂ ਬਾਅਦ ਅਚਾਨਕ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ, ਜਿਸ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਨਿਕਲ ਆਏ।
ਅੰਮ੍ਰਿਤਸਰ ‘ਚ ਹੋਇਆ ਧਮਾਕਾ
ਧਮਾਕੇ ਦੀ ਸੂਚਨਾ ਮਿਲਦੇ ਹੀ ਅੰਮ੍ਰਿਤਸਰ ਦਿਹਾਤੀ ਅਤੇ ਸ਼ਹਿਰੀ ਪੁਲਿਸ ਦੇ ਨਾਲ-ਨਾਲ ਫੌਜ ਦੀਆਂ ਟੀਮਾਂ ਵੀ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਇਲਾਕੇ ਨੂੰ ਘੇਰ ਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਫ਼ੋਰੈਂਸਿਕ ਟੀਮਾਂ ਅਤੇ ਡੌਗ ਸਕੁਐਡ ਵੀ ਮੌਕੇ ‘ਤੇ ਪਹੁੰਚ ਚੁੱਕੀਆਂ ਹਨ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਜਾਰੀ ਹੈ। ਉਥੇ ਹੀ ਧਮਾਕੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਜਾਣੋ ਕੀ ਬੋਲੇ ਐਸਐਸਪੀ
ਐਸਐਸਪੀ ਅੰਮ੍ਰਿਤਸਰ ਦਿਹਾਤੀ ਸੁਹੇਲ ਕਾਸਿਮ ਮੀਰ ਨੇ ਕਿਹਾ ਕਿ, “ਰਾਤ ਲੱਗਭੱਗ 11:00 ਜਾਂ 11:15 ਵਜੇ ਸਾਨੂੰ ਖਾਸਾ ਵੱਲ ਜਾਣ ਵਾਲੀ ਸੜਕ ਤੋਂ ਇੱਕ ਉੱਚੀ ਆਵਾਜ਼ ਆਉਣ ਦੀ ਸੂਚਨਾ ਮਿਲੀ… ਇਸ ਤੋਂ ਬਾਅਦ, ਸਾਡੀ ਟੀਮ ਤੁਰੰਤ ਸਥਾਨ ‘ਤੇ ਪਹੁੰਚ ਗਈ। ਅਸੀਂ ਦੇਖਿਆ ਕਿ ਖਾਸਾ ਛਾਉਣੀ ਦੇ ਸਾਹਮਣੇ ਇੱਕ ਕੰਧ ਸੀ… ਸਾਡੇ ਮੁੱਢਲੇ ਨਿਰੀਖਣ ਅਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਕਿਸੇ ਨੇ ਕੰਧ ਵੱਲ ਕੁਝ ਸੁੱਟਿਆ ਹੋ ਸਕਦਾ ਹੈ, ਜਿਸਦੇ ਨਤੀਜੇ ਵਜੋਂ ਘੱਟ ਤੀਬਰਤਾ ਵਾਲਾ ਧਮਾਕਾ ਹੋਇਆ, ਜਿਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਇੱਕ ਸਾਂਝਾ ਨਿਰੀਖਣ ਅਤੇ ਜਾਂਚ ਚੱਲ ਰਹੀ ਹੈ।”
ਕੰਧ ‘ਤੇ ਲੱਗੀਆਂ ਟੀਨਾਂ ਨੂੰ ਨੁਕਸਾਨ
ਮੌਕੇ ‘ਤੇ ਮੌਜੂਦ ਅਧਿਕਾਰੀਆਂ ਮੁਤਾਬਕ ਧਮਾਕੇ ਨਾਲ ਫੌਜੀ ਕੈਂਪ ਦੀ ਬਾਹਰੀ ਕੰਧ ‘ਤੇ ਲੱਗੀਆਂ ਟੀਨਾਂ(ਸ਼ੈੱਡਾਂ) ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ, ਪਰ ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਪੂਰੇ ਇਲਾਕੇ ਵਿੱਚ ਪੁਲਿਸ ਅਤੇ ਫੌਜ ਦੀ ਭਾਰੀ ਤੈਨਾਤੀ ਕੀਤੀ ਗਈ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਅੰਮ੍ਰਿਤਸਰ ਦਿਹਾਤੀ ਦੇ ਐਸਪੀ ਆਦਿੱਤਿਆ ਵਾਰੀਅਰ ਨੇ ਦੱਸਿਆ ਕਿ “ਉਨ੍ਹਾਂ ਨੂੰ ਧਮਾਕੇ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ। ਇਸਦੀ ਪੁਸ਼ਟੀ ਕਰਨ ਲਈ, ਪੁਲਿਸ ਬਲ ਅਤੇ ਫੌਜ ਮੌਕੇ ‘ਤੇ ਪਹੁੰਚ ਗਈ। ਬੰਬ ਨਿਰੋਧਕ ਦਸਤਾ ਵੀ ਪਹੁੰਚ ਗਿਆ ਹੈ, ਜਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ੋਰੈਂਸਿਕ ਟੀਮਾਂ ਸਾਰੇ ਸਬੂਤ ਇਕੱਠੇ ਕਰ ਰਹੀਆਂ ਹਨ। ਇਸ ਮਾਮਲੇ ‘ਚ ਹਾਲੇ ਜਾਂਚ ਚੱਲ ਰਹੀ ਹੈ ਤੇ ਜੋ ਵੀ ਤੱਥ ਸਾਹਮਣੇ ਆਏ ਉਹ ਸਾਂਝੇ ਕਰ ਦਿੱਤੇ ਜਾਣਗੇ।”
ਧਮਾਕਿਆਂ ਦੀ ਜਾਂਚ ਲਈ ਐਨਆਈਏ
ਨਿਊਜ਼ ਏਜੰਸੀ ਏਐਨਆਈ ਨੇ ਸਰੋਤਾਂ ਦੇ ਮਾਧਿਆਮ ਨਾਲ ਜਾਣਕਾਰੀ ਦਿੰਦਿਆਂ ਐਕਸ ‘ਤੇ ਲਿਖਿਆ ਕਿ,“ਰਾਸ਼ਟਰੀ ਜਾਂਚ ਏਜੰਸੀ ਦੀਆਂ ਟੀਮਾਂ ਇਸ ਸਮੇਂ ਜਲੰਧਰ ਅਤੇ ਅੰਮ੍ਰਿਤਸਰ ਵਿੱਚ ਧਮਾਕੇ ਵਾਲੀਆਂ ਥਾਵਾਂ ਵੱਲ ਜਾ ਰਹੀਆਂ ਹਨ, ਜਿੱਥੇ ਉਨ੍ਹਾਂ ਦੇ ਜਲਦੀ ਹੀ ਜਾਣਕਾਰੀ ਇਕੱਠੀ ਕਰਨ ਅਤੇ ਜਾਂਚ ਵਿੱਚ ਪੰਜਾਬ ਪੁਲਿਸ ਦੀ ਸਹਾਇਤਾ ਕਰਨ ਲਈ ਪਹੁੰਚਣ ਦੀ ਉਮੀਦ ਹੈ।”
ਸੂਬੇ ਦੀ ਸੁਰੱਖਿਆ ‘ਤੇ ਵੱਡੇ ਸਵਾਲ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ, “ਪੰਜਾਬ ‘ਚ ਕਾਨੂੰਨ–ਵਿਵਸਥਾ ਦਾ ਦਿਵਾਲਾ: ਸੁਰੱਖਿਆ ਨਾਲ ਖਿਲਵਾੜ ਬੰਦ ਕਰੇ ਸਰਕਾਰ। ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਅੰਦਰ ਸ਼ੰਭੂ, ਜਲੰਧਰ ਅਤੇ ਹੁਣ ਅੰਮ੍ਰਿਤਸਰ ਵਿੱਚ ਹੋਏ ਲਗਾਤਾਰ ਧਮਾਕਿਆਂ ਨੇ ਸੂਬੇ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੇਹੱਦ ਚਿੰਤਾਜਨਕ ਹੈ ਕਿ ਸਰਕਾਰ ਸੱਚਾਈ ਸਾਹਮਣੇ ਲਿਆਉਣ ਦੀ ਬਜਾਏ ਹਰ ਘਟਨਾ ਨੂੰ ਦਬਾਉਣ ਅਤੇ ‘ਕਵਰ–ਅਪ‘ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਰੇਲਵੇ ਲਾਈਨਾਂ ਅਤੇ ਮਿਲਟਰੀ ਬੇਸਾਂ ਵਰਗੀਆਂ ਸੰਵੇਦਨਸ਼ੀਲ ਥਾਵਾਂ ਦੇ ਨੇੜੇ ਹੁੰਦੇ ਇਹ ਹਮਲੇ ਸਿਰਫ਼ ਲਾਅ ਐਂਡ ਆਰਡਰ ਦੀ ਸਮੱਸਿਆ ਨਹੀਂ, ਸਗੋਂ ਸਿੱਧਾ ਰਾਸ਼ਟਰੀ ਸੁਰੱਖਿਆ ਦਾ ਸੰਕਟ ਹਨ। ਭਗਵੰਤ ਮਾਨ ਸਰਕਾਰ ਦੀ ਅਣਗਹਿਲੀ ਕਾਰਨ ਅੱਜ ਪੰਜਾਬ ਦਾ ਹਰ ਨਾਗਰਿਕ ਡਰ ਅਤੇ ਅਸੁਰੱਖਿਆ ਦੇ ਸਾਏ ਹੇਠ ਜੀ ਰਿਹਾ ਹੈ। ਪੰਜਾਬ ਦੀ ਅਮਨ–ਸ਼ਾਂਤੀ ਨਾਲ ਅਜਿਹਾ ਖਿਲਵਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।”
‘ਚੋਣਾਂ ਦੇ ਚੱਲਦੇ ਧਮਾਕੇ‘
ਖਾਸਾ ਛਾਉਣੀ ਵਿੱਚ ਹੋਏ ਧਮਾਕੇ ਬਾਰੇ ਕਾਂਗਰਸੀ ਆਗੂ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ, “ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਸੂਬੇ ਵਿੱਚ ਚੋਣਾਂ ਹੋਣ ਵਾਲੀਆਂ ਹਨ। ਇਹ ਇਲਾਕਾ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ। ਨਾ ਤਾਂ ਕੇਂਦਰ ਅਤੇ ਨਾ ਹੀ ਰਾਜ ਸਰਕਾਰ ਇੱਥੇ ਸਥਿਤੀ ਨੂੰ ਕਾਬੂ ਕਰਨ ਦੇ ਯੋਗ ਹੈ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿੱਚ ਚੋਣਾਂ ਵਿੱਚ ਧਾਂਦਲੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ…”
ਇਸ ਤੋਂ ਪਹਿਲਾਂ ਜਲੰਧਰ ‘ਚ ਧਮਾਕਾ
ਪੁਲਿਸ ਅਧਿਕਾਰੀਆਂ ਵੱਲੋਂ ਇਸ ਮਾਮਲੇ ‘ਚ ਮੀਡੀਆ ਨਾਲ ਵਧੇਰੇ ਜਾਣਕਾਰੀ ਸਾਂਝੀ ਕਰਨ ਤੋਂ ਹਾਲੇ ਗੁਰੇਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਅਸਲ ਤੱਥ ਸਾਹਮਣੇ ਆਉਣਗੇ। ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਇਸ ਘਟਨਾ ਸਬੰਧੀ ਵਧੇਰੇ ਸਪੱਸ਼ਟ ਜਾਣਕਾਰੀ ਸਾਹਮਣੇ ਆ ਸਕਦੀ ਹੈ। ਦੱਸ ਦਈਏ ਕਿ ਇਸ ਧਮਾਕੇ ਤੋਂ ਪਹਿਲਾਂ ਜਲੰਧਰ ‘ਚ ਵੀ ਬੀਐਸਐਫ ਚੌਂਕ ‘ਚ ਧਮਾਕੇ ਦੀ ਘਟਨਾ ਵਾਪਰੀ ਹੈ। ਜਿਥੇ ਐਕਟਿਵਾ ਸਕੂਟਰ ‘ਚ ਧਮਾਕਾ ਹੋਇਆ ਹੈ, ਹਾਲਾਂਕਿ ਇਸ ਧਮਾਕੇ ‘ਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਧਮਾਕੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਧਮਾਕੇ ਵਾਲੀ ਸਕੂਟੀ ਦੇ ਮਾਲਕ ਤੋਂ ਪੁਲਿਸ ਵੱਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਸਿਰਫ਼ ਹਾਦਸਾ ਸੀ ਜਾਂ ਕਿਸੇ ਤਰ੍ਹਾਂ ਦੀ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਸੀ, ਇਸ ਸਬੰਧੀ ਕੋਈ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ ਹੈ।
ETV BHARAT