ਬੰਗਾ ਦੀਆਂ ਦੋ ਹੋਣਹਾਰ ਮੁਟਿਆਰਾਂ ਨੇ ਗਿਆਨ ਭੂਮੀ ਨੂੰ ਬਣਾਇਆ ਕਰਮ ਭੂਮੀ
24 ਸਤੰਬਰ, 2026 – ਬੰਗਾ : ਬੰਗਾ ਦੇ ਦੋ ਕਾਲਜਾਂ ਦੀਆਂ ਸਾਬਕਾ ਵਿਦਿਆਰਥਣਾਂ ਨੇ ਉਨ੍ਹਾਂ ਹੀ ਕਾਲਜਾਂ ਵਿੱਚ ਪ੍ਰਿੰਸੀਪਲ ਦਾ ਰੁਤਬਾ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਹੈ। ਇਹ ਉਦਾਹਰਣ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਪ੍ਰਿੰਸੀਪਲ ਡਾ. ਰਮਨਦੀਪ ਕੌਰ ਅਤੇ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰਿੰਸੀਪਲ ਡਾ. ਇੰਦੂ ਰੱਤੀ ਵੱਲੋਂ ਸਥਾਪਤ ਕੀਤੀ ਗਈ ਹੈ। ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣਦਿਆਂ ਇਨ੍ਹਾਂ ਹੋਣਹਾਰ ਮੁਟਿਆਰਾਂ ਨੇ ਆਪਣੀ ਗਿਆਨ ਭੂਮੀ ਨੂੰ ਕਰਮ ਭੂਮੀ ਵਿੱਚ ਤਬਦੀਲ ਕਰ ਵਿਖਾਇਆ ਹੈ। ਉਕਤ ਅਹੁਦਿਆਂ ਲਈ ਲੋੜੀਂਦੀ ਉੱਚ ਵਿੱਦਿਆ ਹਾਸਲ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਹੀ ਕਾਲਜਾਂ ਵਿੱਚ ਸੇਵਾਵਾਂ ਨਿਭਾਉਣ ਨੂੰ ਪਹਿਲ ਦਿੱਤੀ।
ਇਸ ਮਾਣਮੱਤੀ ਪ੍ਰਾਪਤੀ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਡਾ. ਰਮਨਦੀਪ ਕੌਰ ਨੇ ਕਿਹਾ ਕਿ ਜਦੋਂ ਪੜ੍ਹਾਈ ਦੌਰਾਨ ਲਗਨ ਤੇ ਮਿਹਨਤ ਨਾਲ ਟੀਚਾ ਮਿਥਿਆ ਜਾਂਦਾ ਹੈ ਤਾਂ ਸਫ਼ਲਤਾ ਅਤੇ ਰੁਤਬਾ ਆਪੇ ਹੀ ਹਾਸਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਇਸ ਪ੍ਰਾਪਤੀ ਲਈ ਆਪਣੇ ਮਾਪਿਆਂ, ਅਧਿਆਪਕਾਂ ਅਤੇ ਸ਼ੁਭਚਿੰਤਕਾਂ ਦੇ ਧੰਨਵਾਦੀ ਹਨ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਦੀ ਅਗਵਾਈ ਹੇਠ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
ਇਸੇ ਤਰ੍ਹਾਂ ਸਿੱਖ ਨੈਸ਼ਨਲ ਕਾਲਜ ਬੰਗਾ ਦੀ ਪ੍ਰਿੰਸੀਪਲ ਡਾ. ਇੰਦੂ ਰੱਤੀ ਨੇ ਵੀ ਇਸੇ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਜਿਸ ਅਦਾਰੇ ਤੋਂ ਪੜ੍ਹਾਈ ਕੀਤੀ, ਉਸੇ ਕਾਲਜ ਦੀ ਮੁਖੀ ਵਜੋਂ ਸੇਵਾ ਸੰਭਾਲਣ ’ਤੇ ਉਨ੍ਹਾਂ ਨੂੰ ਬੇਹੱਦ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਾਲਜ ਦੀਆਂ ਬਹੁਪੱਖੀ ਪ੍ਰਾਪਤੀਆਂ ਵਿੱਚ ਵਾਧਾ ਕਰਨ ਲਈ ਸਮਰਪਿਤ ਭਾਵਨਾ ਨਾਲ ਸੇਵਾਵਾਂ ਨਿਭਾਉਣਗੇ। ਕਾਲਜ ਦੀ ਸਥਾਨਕ ਕਮੇਟੀ ਦੇ ਸਕੱਤਰ ਜਰਨੈਲ ਸਿੰਘ ਪੱਲੀ ਝਿੱਕੀ ਨੇ ਵੀ ਡਾ. ਇੰਦੂ ਰੱਤੀ ਨੂੰ ਇਹ ਅਹੁਦਾ ਮਿਲਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ।
ਸਮਾਜਿਕ ਸਾਂਝ ਸੰਸਥਾ ਬੰਗਾ ਦੇ ਪ੍ਰਧਾਨ ਸਰਪੰਚ ਹਰਮਿੰਦਰ ਸਿੰਘ ਤਲਵੰਡੀ ਅਤੇ ਮਹਿਲਾ ਵਿਕਾਸ ਮੰਚ ਦੀ ਸੰਸਥਾਪਕ ਬੀਬੀ ਬਚਿੱਤਰ ਕੌਰ ਮਾਹਲ ਨੇ ਇਸ ਪ੍ਰਾਪਤੀ ਨੂੰ ਮਹਿਲਾ ਵਰਗ ਦਾ ਮਾਣ ਦੱਸਦਿਆਂ ਇੱਕ ਸਾਂਝੇ ਸਮਾਗਮ ਦੌਰਾਨ ਦੋਵਾਂ ਪ੍ਰਿੰਸੀਪਲਾਂ ਨੂੰ ਸਨਮਾਨਿਤ ਕਰਨ ਦਾ ਐਲਾਨ ਕੀਤਾ।
ਪੰਜਾਬੀ ਟ੍ਰਿਬਯੂਨ