ਮਹਿਲਾ ਟੀਮ ਸਕੀਟ ਮੁਕਾਬਲੇ ਵਿੱਚ ਭਾਰਤ ਲਈ ਪਹਿਲਾ ਏਸ਼ਿਆਈ ਤਗ਼ਮਾ
24 ਸਤੰਬਰ, 2026 – ਨਾਗੋਆ (ਜਪਾਨ) : ਭਾਰਤੀ ਪੁਰਸ਼ ਅਤੇ ਮਹਿਲਾ ਸਕੀਟ ਨਿਸ਼ਾਨੇਬਾਜ਼ੀ ਟੀਮਾਂ ਨੇ ਅੱਜ ਇੱਥੇ ਏਸ਼ਿਆਈ ਖੇਡਾਂ ਵਿੱਚ ਕਾਂਸੀ ਦੇ ਤਗ਼ਮੇ ਜਿੱਤੇ, ਪਰ ਵਿਅਕਤੀਗਤ ਤਗ਼ਮੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਰਹੇ ਕਿਉਂਕਿ ਫਾਈਨਲ ਵਿੱਚ ਪਹੁੰਚੇ ਤਿੰਨਾਂ ਵਿੱਚੋਂ ਦੋ ਖਿਡਾਰੀ ਚੌਥੇ ਸਥਾਨ ’ਤੇ ਰਹੇ। ਤਿੰਨ ਦਿਨਾਂ ਦੇ ਕੁਆਲੀਫਾਇੰਗ ਦੌਰ ਤੋਂ ਬਾਅਦ, ਰਾਇਜ਼ਾ ਢਿੱਲੋਂ, ਮਹੇਸ਼ਵਰੀ ਚੌਹਾਨ ਅਤੇ ਪਰੀਨਾਜ਼ ਧਾਲੀਵਾਲ ਦੀ ਭਾਰਤੀ ਤਿਕੜੀ ਨੇ ਮਹਿਲਾ ਟੀਮ ਮੁਕਾਬਲੇ ਵਿੱਚ ਸੋਨ ਤਗ਼ਮਾ ਜੇਤੂ ਚੀਨ (357) ਅਤੇ ਕਜ਼ਾਖ਼ਸਤਾਨ (336) ਤੋਂ ਬਾਅਦ 331 ਦੇ ਸਾਂਝੇ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ। ਭਾਰਤ ਲਈ ਮਹਿਲਾ ਟੀਮ ਸਕੀਟ ਮੁਕਾਬਲੇ ਵਿੱਚ ਇਹ ਪਹਿਲਾ ਏਸ਼ਿਆਈ ਖੇਡਾਂ ਦਾ ਤਗ਼ਮਾ ਹੈ।
ਰਾਇਜ਼ਾ ਅਤੇ ਪਰੀਨਾਜ਼ ਨੇ ਵਿਅਕਤੀਗਤ ਫਾਈਨਲ ਵਿੱਚ ਵੀ ਜਗ੍ਹਾ ਬਣਾਈ ਪਰ ਉਹ ਜਿੱਤ ਨਹੀਂ ਸਕੇ। ਰਾਇਜ਼ਾ 23 ਦਾ ਸਕੋਰ ਬਣਾ ਕੇ ਚੌਥੇ ਸਥਾਨ ’ਤੇ ਰਹੀ, ਜਦਕਿ ਪਰੀਨਾਜ਼ 8 ਦੇ ਕੁੱਲ ਸਕੋਰ ਨਾਲ ਸੂਚੀ ਵਿੱਚ ਸਭ ਤੋਂ ਹੇਠਾਂ ਰਹੀ। ਪੁਰਸ਼ਾਂ ਦੇ ਮੁਕਾਬਲੇ ਵਿੱਚ, ਅਨੰਤਜੀਤ ਸਿੰਘ ਨਰੂਕਾ (119), ਤਜਰਬੇਕਾਰ ਮੈਰਾਜ ਅਹਿਮਦ ਖਾਨ (116) ਅਤੇ ਭਵਤੇਗ਼ ਸਿੰਘ ਗਿੱਲ (111) ਨੇ 346 ਦੇ ਕੁੱਲ ਸਕੋਰ ਨਾਲ ਪੁਰਸ਼ ਟੀਮ ਦਾ ਕਾਂਸੀ ਦਾ ਤਗ਼ਮਾ ਹਾਸਲ ਕੀਤਾ।
ਇਨ੍ਹਾਂ ਤਿੰਨਾਂ ਵਿੱਚੋਂ, ਏਸ਼ਿਆਈ ਚੈਂਪੀਅਨਸ਼ਿਪ ਦੇ ਸੋਨ ਤਗ਼ਮਾ ਜੇਤੂ ਅਨੰਤਜੀਤ, ਜਿਨ੍ਹਾਂ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ, ਨੇ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਕੀਤਾ ਪਰ ਉਹ ਕੋਈ ਤਗ਼ਮਾ ਨਹੀਂ ਜਿੱਤ ਸਕਿਆ। ਅਨੰਤਜੀਤ ਨੇ ਫਾਈਨਲ ਵਿੱਚ 25 ਅੰਕ ਬਣਾਏ ਅਤੇ ਪਹਿਲੀ ਸੀਰੀਜ਼ ਵਿੱਚ ਕੁਝ ਨਿਸ਼ਾਨੇ ਖੁੰਝਣ ਦੀ ਉਸ ਨੂੰ ਕੀਮਤ ਚੁਕਾਉਣੀ ਪਈ।
ਪੰਜਾਬੀ ਟ੍ਰਿਬਯੂਨ