ਦਰਸ਼ਨ ਸਿੰਘ ਸੋਢੀ

ਉਸ ਦੇ ਪਿਤਾ ਕਰਮ ਸਿੰਘ ਪੰਜਾਬ ਪੁਲਿਸ ਵਿਚ ਇੰਸਪੈਕਟਰ ਸਨ। ਉਨ੍ਹਾਂ ਦਾ ਕਿਸਾਨੀ ਸੰਘਰਸ਼ ਦੌਰਾਨ ਸਾਲ 2021 ਵਿਚ ਦੇਹਾਂਤ ਹੋ ਗਿਆ ਸੀ। ਰਾਜਵੀਰ ਨੂੰ ਸਕੂਲ ਸਮੇਂ ਤੋਂ ਹੀ ਗਾਉਣ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਉਸ ਦੇ ਭੰਗੜੇ ਦੀ ਪੇਸ਼ਕਾਰੀ ਦੀ ਹਰ ਕੋਈ ਸ਼ਲਾਘਾ ਕਰਦਾ ਸੀ।
ਪੰਜਾਬੀ ਗਾਇਕੀ ਦੇ ਖੇਤਰ ਵਿਚ ਇਕਦਮ ਧਰੂ ਤਾਰੇ ਵਾਂਗ ਚਮਕੇ ਉੱਘੇ ਲੋਕ ਗਾਇਕ ਰਾਜਵੀਰ ਸਿੰਘ ਜਵੰਦਾ (35) ਹੁਣ ਨਹੀਂ ਰਹੇ। ਭਰ ਜਵਾਨੀ ਵਿਚ ਉਨ੍ਹਾਂ ਦੇ ਅਚਾਨਕ ਏਦਾਂ ਤੁਰ ਜਾਣ ਨਾਲ ਪੰਜਾਬੀ ਗਾਇਕੀ ਅਤੇ ਪੰਜਾਬੀ ਫਿਲਮ ਇੰਡਸਟਰੀ ਨੂੰ ਇਕ ਬਹੁਤ ਵੱਡਾ ਅਤੇ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਜ਼ੇਰੇ ਇਲਾਜ ਸਨ। ਬੁੱਧਵਾਰ ਨੂੰ ਸਵੇਰੇ 10:45 ਵਜੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਜੋਬਨ ਰੁੱਤੇ ਤੁਰ ਗਿਆ ਰਾਜਵੀਰ ਜਵੰਦਾ ਲੋਕਾਂ ਵਿਚ ਬਹੁਤ ਹਰਮਨ ਪਿਆਰਾ ਸੀ। ਬੱਚੇ, ਜਵਾਨ ਅਤੇ ਬਜ਼ੁਰਗ ਉਸ ਨੂੰ ਅਥਾਹ ਪਿਆਰ ਦਿੰਦੇ ਸਨ। ਉਸ ਨੇ ਪੌਪ ਦੀ ਹਨੇਰੀ ਵਿਚ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਗਾਇਕੀ ਦਾ ਝੰਡਾ ਬੁਲੰਦ ਕੀਤਾ। ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਪੰਜਾਬ ਦੇ ਲੋਕ ਤੱਥਾਂ, ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕੀਤੀ। ਉਹ ਜ਼ਮੀਨ ਨਾਲ ਜੁੜਿਆ ਹੋਇਆ ਨੌਜਵਾਨ ਸੀ।
ਰਾਜਵੀਰ ਦਾ ਜਨਮ 1990 ਵਿਚ ਪਿਤਾ ਕਰਮ ਸਿੰਘ ਜਵੰਦਾ ਦੇ ਘਰ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ ਸੀ। ਦੋ ਕੁ ਸਾਲ ਪਹਿਲਾਂ ਹੀ ਰਾਜਵੀਰ ਜਵੰਦਾ ਮੋਹਾਲੀ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ ਸੀ। ਉਸ ਨੇ ਮੁੱਢਲੀ ਪੜ੍ਹਾਈ ਜਗਰਾਓਂ ਦੇ ਸਨਮਤੀ ਵਿਮਲ ਜੈਨ ਸਕੂਲ ਤੋਂ ਹਾਸਲ ਕੀਤੀ। ਉਪਰੰਤ ਡੀਏਵੀ ਕਾਲਜ ਜਗਰਾਓਂ ਤੋਂ ਬੀਏ ਦੀ ਪੜ੍ਹਾਈ ਪੂਰੀ ਕੀਤੀ। ਇਸ ਮਗਰੋਂ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਸਟਰ ਡਿਗਰੀ ਕੀਤੀ। ਥੀਏਟਰ ਅਤੇ ਟੀਵੀ ਵਿਭਾਗ ਵਿਚ ਉਸ ਨੇ ਦੋ ਗੋਲਡ ਮੈਡਲ ਜਿੱਤ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ।

ਉਸ ਦੇ ਪਿਤਾ ਕਰਮ ਸਿੰਘ ਪੰਜਾਬ ਪੁਲਿਸ ਵਿਚ ਇੰਸਪੈਕਟਰ ਸਨ। ਉਨ੍ਹਾਂ ਦਾ ਕਿਸਾਨੀ ਸੰਘਰਸ਼ ਦੌਰਾਨ ਸਾਲ 2021 ਵਿਚ ਦੇਹਾਂਤ ਹੋ ਗਿਆ ਸੀ। ਰਾਜਵੀਰ ਨੂੰ ਸਕੂਲ ਸਮੇਂ ਤੋਂ ਹੀ ਗਾਉਣ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ। ਉਸ ਦੇ ਭੰਗੜੇ ਦੀ ਪੇਸ਼ਕਾਰੀ ਦੀ ਹਰ ਕੋਈ ਸ਼ਲਾਘਾ ਕਰਦਾ ਸੀ। ਬਾਅਦ ਵਿਚ ਉਸ ਨੇ ਆਪਣੀ ਅਧਿਆਪਕਾ ਕੋਲੋਂ ਰੰਗਮੰਚ ਅਤੇ ਅਦਾਕਾਰੀ ਦਾ ਹੁਨਰ ਵੀ ਸਿੱਖ ਲਿਆ।
ਹਾਲਾਂਕਿ ਸਾਲ 2011-12 ਵਿਚ ਆਪਣੇ ਮਾਪਿਆਂ ਦੀ ਇੱਛਾ ਮੁਤਾਬਕ ਉਹ ਪੰਜਾਬ ਪੁਲਿਸ ਵਿਚ ਭਰਤੀ ਹੋ ਗਿਆ ਪਰ ਇਸ ਨੌਕਰੀ ਤੋਂ ਉਹ ਬਹੁਤਾ ਖ਼ੁਸ਼ ਨਹੀਂ ਸੀ। ਉਂਜ ਉਸ ਨੇ ਲਗਪਗ 9 ਸਾਲ ਪੁਲਿਸ ਦੀ ਨੌਕਰੀ ਵੀ ਕੀਤੀ ਪਰ ਬਾਅਦ ਵਿਚ ਉਸ ਨੇ ਪੰਜਾਬੀ ਗਾਇਕੀ ਨੂੰ ਪੱਕੇ ਪੈਰੀਂ ਅਪਣਾ ਲਿਆ ਅਤੇ ਮੁੜ ਕੇ ਪਿੱਛੇ ਨਹੀਂ ਦੇਖਿਆ। ਉਸ ਨੇ ‘ਮੇਰਾ ਪਿੰਡ ਮੇਰੇ ਖੇਤ’ ਵਿਚ ਦਿਲ ਟੁੰਬਵੀਂ ਆਵਾਜ਼ ’ਚ ਗੀਤ ਗਾਇਆ ਸੀ। ਉਸ ਦਾ ਪਹਿਲਾ ਗੀਤ ‘ਮੁਕਾਬਲਾ’ ਕਾਫ਼ੀ ਮਕਬੂਲ ਹੋਇਆ। ਉਹ ‘ਸਰਦਾਰੀ’, ‘ਜ਼ੋਰ’, ‘ਕਾਲੀ ਜਵਾਂਡੇ ਦੀ’, ‘ਰੱਬ ਕਰਕੇ’, ‘ਤੂੰ ਦਿਸ ਪੈਂਦਾ’, ‘ਖ਼ੁਸ਼ ਰਿਹਾ ਕਰ’, ‘ਸਰਨੇਮ’ ‘ਆਫਰੀਨ’, ‘ਮਕਾਨ ਮਾਲਕ’, ‘ਡਾਊਨ ਟੂ ਅਰਥ’, ‘ਕੰਗਣੀ’ ਅਤੇ ‘ਮੇਰਾ ਦਿਲ’ ਵਰਗੇ ਮਸ਼ਹੂਰ ਗੀਤਾਂ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਉਸ ਦੇ ਟਰੈਕ ਸਪੌਟੀਫਾਈ ਵਰਗੇ ਪਲੇਟਫਾਰਮਾਂ ਉੱਤੇ ਲੱਖਾਂ ਵਾਰ ਸਟਰੀਮ ਕੀਤੇ ਗਏ ਹਨ।
ਕੈਂਠੇ ਵਾਲਾ ਸੂਟ ਪਾ ਕੇ ਜਦੋਂ ਰਾਜਵੀਰ ਮੰਚ ’ਤੇ ਆਉਂਦਾ ਸੀ ਤਾਂ ਹਰ ਕੋਈ ਉਸ ਨੂੰ ਦੇਖਦਾ ਹੀ ਰਹਿ ਜਾਂਦਾ ਸੀ। ਉਹ ਰੱਜ ਕੇ ਖ਼ੂਬਸੂਰਤ ਸੀ। ਉਸ ਦੀ ਗਾਇਕੀ ਅਤੇ ਅਦਾਕਾਰੀ ਵੀ ਬੇਮਿਸਾਲ ਸੀ। ਰਾਜਵੀਰ ਜਵੰਦਾ ਨੇ ਸਾਲ 2018 ਵਿਚ ਗਿੱਪੀ ਗਰੇਵਾਲ ਨਾਲ ‘ਸੂਬੇਦਾਰ ਜੋਗਿੰਦਰ ਸਿੰਘ’ ਫਿਲਮ ਵੀ ਕੀਤੀ ਸੀ। ਸੰਨ 2019 ਵਿਚ ‘ਜਿੰਦ ਜਾਨ’, ਅਤੇ ‘ਮਿੰਦੋ ਤਹਿਸੀਲਦਾਰਨੀ’ ਵਿਚ ਵੀ ਵਧੀਆ ਕੰਮ ਕੀਤਾ।
ਇਸ ਤੋਂ ਪਹਿਲਾਂ ਸਾਲ 2014 ਵਿਚ ਜਵੰਦਾ ਨੇ ‘ਮੁੰਡਾ ਲਾਈਕ ਸੀ’ ਐਲਬਮ ਕੀਤੀ। ਉਸ ਦੇ ਯੂਟਿਊਬ ਚੈਨਲ ਨੂੰ 424 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਸਨ। ਉਹ ਬਹੁਤ ਜਲਦੀ ਹੀ ਵਿਆਹ-ਸ਼ਾਦੀਆਂ ਅਤੇ ਜਨ ਪਾਰਟੀਆਂ ਲਈ ਲੋਕਾਂ ਦਾ ਪਸੰਦੀਦਾ ਗਾਇਕ ਬਣ ਗਿਆ ਸੀ। ਉਸ ਨੂੰ ਬਾਈਕ ਰਾਈਡਿੰਗ ਦਾ ਬਹੁਤ ਸ਼ੌਕ ਸੀ। ਇਹ ਸ਼ੌਕ ਹੀ ਉਸ ਦੀ ਮੌਤ ਦਾ ਕਾਰਨ ਬਣਿਆ। ਬੀਤੀ 27 ਸਤੰਬਰ ਨੂੰ ਉਹ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
ਪੰਜਾਬੀ ਗਾਇਕ ਤੇ ਅਦਾਕਾਰ ਰਾਜਵੀਰ ਜਵੰਦਾ 27 ਸਤੰਬਰ ਨੂੰ ਆਪਣੇ 1300 ਸੀਸੀ ਵਾਲੇ ਬੀਐੱਮਡਬਲਿਊ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਹਾੜਾਂ ਦੀ ਸੈਰ ਕਰਨ ਲਈ ਬੱਦੀ ਤੋਂ ਪਿੰਜੌਰ ਜਾ ਰਿਹਾ ਸੀ ਤਾਂ ਪਿਜੌਰ-ਨਾਲਾਗੜ੍ਹ ਸੜਕ ’ਤੇ ਸੈਕਟਰ-30 ਦੇ ਟੀ-ਪੁਆਇੰਟ ਉੱਤੇ ਦੋ ਸਾਨ੍ਹ ਆਪਸ ਵਿਚ ਭਿੜ ਰਹੇ ਸਨ ਜੋ ਇਕ-ਦੂਜੇ ਨਾਲ ਖਹਿੰਦੇ ਹੋਏ ਸੜਕ ਦੇ ਵਿਚਕਾਰ ਆ ਗਏ ਅਤੇ ਰਾਜਵੀਰ ਜਵੰਦਾ ਆਪਣਾ ਸੰਤੁਲਨ ਖੋ ਬੈਠਾ।
ਇਸ ਹਾਦਸੇ ਵਿਚ ਉਹ ਸੜਕ ’ਤੇ ਡਿੱਗ ਪਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਰੀੜ੍ਹ ਦੀ ਹੱਡੀ ਅਤੇ ਦਿਮਾਗ ਉੱਤੇ ਗੰਭੀਰ ਸੱਟਾਂ ਲੱਗੀਆਂ ਸਨ। ਉਸ ਨੂੰ ਤੁਰੰਤ ਪਿੰਜੌਰ ਦੇ ਇਕ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ। ਡਾਕਟਰਾਂ ਨੇ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਉਸ ਨੂੰ ਸਰਕਾਰੀ ਹਸਪਤਾਲ ਪੰਚਕੂਲਾ ਰੈਫਰ ਕਰ ਦਿੱਤਾ। ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪੀਜੀਆਈ ਹਸਪਤਾਲ ਲਈ ਰੈਫਰ ਕਰ ਦਿੱਤਾ ਪਰ ਰਾਜਵੀਰ ਨੂੰ ਪੀਜੀਆਈ ਦੀ ਥਾਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ।

ਉਸ ਦਿਨ ਤੋਂ ਹੀ ਉਹ ਵੈਂਟੀਲੇਟਰ ’ਤੇ ਸੀ ਅਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਸੀ। ਆਪਣੇ ਹਰਮਨ-ਪਿਆਰੇ ਗਾਇਕ ਦੀ ਸਿਹਤਯਾਬੀ ਲਈ ਪਰਿਵਾਰਕ ਮੈਂਬਰਾਂ ਸਮੇਤ ਹਰ ਕੋਈ ਗੁਰਦੁਆਰਿਆਂ, ਮੰਦਰਾਂ ਵਿਚ ਅਰਦਾਸਾਂ ਕਰ ਰਿਹਾ ਸੀ ਪਰ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਿਸੇ ਦੀ ਵੀ ਅਰਦਾਸ ਉਸ ਦੇ ਕੰਮ ਨਹੀਂ ਆਈ ਅਤੇ ਉਹ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਹੀ ਅਲਵਿਦਾ ਕਹਿ ਕੇ ਤੁਰ ਗਿਆ।
ਉਹ ਆਪਣੇ ਪਿੱਛੇ ਆਪਣੀ ਮਾਂ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਫੋਰਟਿਸ ਹਸਪਤਾਲ ’ਚੋਂ ਰਾਜਵੀਰ ਜਵੰਦਾ ਦੀ ਲਾਸ਼ ਨੂੰ ਐਂਬੂਲੈਂਸ ਵਿਚ ਮੋਹਾਲੀ ਦੇ ਸੈਕਟਰ-71 ਸਥਿਤ 91 ਨੰਬਰ ਕੋਠੀ ’ਚ ਉਨ੍ਹਾਂ ਦੇ ਘਰ ਲਿਜਾਇਆ ਗਿਆ। ਉੱਥੇ ਉਸ ਦੀ ਲਾਸ਼ ਨੂੰ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ। ਜਵੰਦਾ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਜਗਰਾਓਂ (ਜ਼ਿਲ੍ਹਾ ਲੁਧਿਆਣਾ) ਵਿਖੇ ਨੌਂ ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਬਾਅਦ ਕੀਤਾ ਜਾਵੇਗਾ।
ਅਮਰੀਕਾ ਵਿਚ ਰਹਿੰਦੀ ਜਵੰਦਾ ਦੀ ਭੈਣ ਵੀ ਆਪਣੇ ਭਰਾ ਦੇ ਅੰਤਿਮ ਦਰਸ਼ਨਾਂ ਲਈ ਚੱਲ ਪਈ ਹੈ। ਪੀੜਤ ਪਰਿਵਾਰ ਦਾ ਰੋ-ਰੋ ਕੇ ਬਹੁਤ ਬੁਰਾ ਹਾਲ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ, ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੇ ਰਾਜਵੀਰ ਜਵੰਦਾ ਦੀ ਮੌਤ ’ਤੇ ਅਫ਼ਸੋਸ ਜ਼ਾਹਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਉਸ ਦੇ ਪਰਿਵਾਰ ਨੂੰ ਹੌਸਲਾ ਵੀ ਦਿੱਤਾ ਹੈ।