ਵਿਰੋਧੀਆਂ ਨੇ ‘ਆਪ‘ ਸਰਕਾਰ ‘ਤੇ ਚੁੱਕੇ ਸਵਾਲ
ਗੁਰਪ੍ਰੀਤ ਭੁੱਲਰ ਨੂੰ ਬਿਨਾਂ ਕਿਸੇ ਨਵੀਂ ਤਾਇਨਾਤੀ ਦੇ DGP ਦਫ਼ਤਰ ਰਿਪੋਰਟ ਕਰਨ ਦੇ ਹੁਕਮ, DIG ਹਰਮਨਬੀਰ ਸਿੰਘ ਨੂੰ ਅੰਮ੍ਰਿਤਸਰ ਦਾ ਵਾਧੂ ਚਾਰਜ ਸੌਂਪਿਆ ਗਿਆ।
08 ਅਗਸਤ, 2026 – ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਕੀਤੇ ਗਏ ਇੱਕ ਅਚਨਚੇਤ ਫੇਰਬਦਲ ਨੇ ਰਾਜਨੀਤਕ ਅਤੇ ਸੁਰੱਖਿਆ ਹਲਕਿਆਂ ਵਿੱਚ ਤਹਿਲਕਾ ਮਚਾ ਦਿੱਤਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਹੁਣ ਡੀ.ਆਈ.ਜੀ. ਬਾਰਡਰ ਰੇਂਜ ਹਰਮਨਬੀਰ ਸਿੰਘ ਅੰਮ੍ਰਿਤਸਰ ਦੇ ਨਵੇਂ ਸੀ.ਪੀ. ਵਜੋਂ ਵਾਧੂ ਚਾਰਜ ਸੰਭਾਲਣਗੇ। ਇਹ ਤਬਾਦਲਾ ਉਸ ਸਮੇਂ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ ਕਿਉਂਕਿ ਮਹਿਜ਼ ਦੋ ਦਿਨ ਪਹਿਲਾਂ ਹੀ ਗੁਰਪ੍ਰੀਤ ਸਿੰਘ ਭੁੱਲਰ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋ ਰਹੇ ਪ੍ਰਦਰਸ਼ਨ ਦੌਰਾਨ ਪਾਕਿਸਤਾਨ ਦੀ ਖੁਫੀਆ ਏਜੰਸੀ ISI ਸਮਰਥਿਤ ਮਾਡਿਊਲ ਵੱਲੋਂ ਹਿੰਸਾ ਅਤੇ ਪੈਟਰੋਲ ਬੰਬ ਸੁੱਟਣ ਦੀ ਇੱਕ ਖ਼ਤਰਨਾਕ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ।
ਤਬਾਦਲੇ ਦੇ ਹੁਕਮਾਂ ਵਿੱਚ ਕੀ ਲਿਖਿਆ ?
ਇਸ ਹੁਕਮ ਵਿੱਚ ਲਿਖਿਆ ਗਿਆ ਹੈ ਕਿ 2010 ਬੈਚ ਦੇ ਆਈ.ਪੀ.ਐਸ. (IPS) ਅਧਿਕਾਰੀ ਅਤੇ ਮੌਜੂਦਾ ਡੀ.ਆਈ.ਜੀ. (ਬਾਰਡਰ ਰੇਂਜ) ਹਰਮਨਬੀਰ ਸਿੰਘ ਨੂੰ ਆਪਣੀ ਮੌਜੂਦਾ ਡਿਊਟੀ ਦੇ ਨਾਲ-ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਇਸ ਦੇ ਨਾਲ ਹੀ, ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਗੁਰਪ੍ਰੀਤ ਸਿੰਘ ਭੁੱਲਰ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ ਅਗਲੇ ਹੁਕਮਾਂ ਤੱਕ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਦਫ਼ਤਰ ਵਿੱਚ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਰਕਾਰ ਨੇ ਇਸ ਬਦਲਾਅ ਨੂੰ ਪੂਰੀ ਤਰ੍ਹਾਂ ‘ਪ੍ਰਸ਼ਾਸਨਿਕ ਅਧਾਰ’ ‘ਤੇ ਲਿਆ ਗਿਆ ਫੈਸਲਾ ਦੱਸਿਆ ਹੈ ਅਤੇ ਭੁੱਲਰ ਦੀ ਨਵੀਂ ਤਾਇਨਾਤੀ ਬਾਰੇ ਵੱਖਰੇ ਤੌਰ ‘ਤੇ ਹੁਕਮ ਜਾਰੀ ਕਰਨ ਦੀ ਗੱਲ ਕਹੀ ਹੈ।
ISI ਸਾਜ਼ਿਸ਼ ਦਾ ਕੀਤਾ ਸੀ ਖੁਲਾਸਾ
ਸੀ.ਪੀ. ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਅੰਮ੍ਰਿਤਸਰ ਪੁਲਿਸ ਨੇ ਦੋ ਸਰਹੱਦ ਪਾਰ ਦੇ ISI ਮਾਡਿਊਲਾਂ ਦਾ ਭੰਡਾਫੋੜ ਕਰਕੇ 9 ਮੁਲਜ਼ਮਾਂ, ਜਿਨ੍ਹਾਂ ਵਿੱਚ 4 ਨਾਬਾਲਗ ਸਨ, ਨੂੰ ਗ੍ਰਿਫਤਾਰ ਕੀਤਾ ਸੀ। ਪ੍ਰੈਸ ਕਾਨਫਰੰਸ ਦੌਰਾਨ ਭੁੱਲਰ ਨੇ ਖੁਲਾਸਾ ਕੀਤਾ ਸੀ ਕਿ ਇਨ੍ਹਾਂ ਮੁਲਜ਼ਮਾਂ ਨੂੰ ISI ਹੈਂਡਲਰਾਂ ਵੱਲੋਂ ਜੰਤਰ-ਮੰਤਰ ਵਿਖੇ ਚੱਲ ਰਹੇ ਸੀ.ਜੇ.ਪੀ. ਪ੍ਰਦਰਸ਼ਨਾਂ ਦੌਰਾਨ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਅਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ।
ਪੁਲਿਸ ਨੇ ਮਾਮਲੇ ‘ਤੇ ਦਿੱਤੀ ਸੀ ਸਫਾਈ
ਭੁੱਲਰ ਦੇ ਇਸ ਖੁਲਾਸੇ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਹੈਂਡਲਾਂ ਉੱਤੇ ਸੀਜੇਪੀ ਪ੍ਰਦਰਸ਼ਨਾਂ ਦੇ ਪਿੱਛੇ ISI ਦਾ ਹੱਥ ਹੋਣ ਦੇ ਦਾਅਵੇ ਕੀਤੇ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ 4 ਅਗਸਤ, 2026 ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਸੀ ਕਿ ਗ੍ਰਿਫਤਾਰ ਕੀਤੇ ਗਏ ਕੁਝ ਵਿਅਕਤੀਆਂ ਨੇ ਜੰਤਰ-ਮੰਤਰ ਵਿਖੇ ਜਾ ਕੇ ਰੇਕੀ ਕੀਤੀ ਅਤੇ ਪੈਟਰੋਲ ਬੰਬਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਪ੍ਰਤੀਤ ਹੋਵੇ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਜਾਂ ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਮਾਡਿਊਲ ਨਾਲ ਕੋਈ ਸਬੰਧ ਹੈ।
ਤਬਾਦਲੇ ਦੀ ਟਾਈਮਿੰਗ ‘ਤੇ ਸਵਾਲ
ਹੁਣ ਭੁੱਲਰ ਦੇ ਅਚਾਨਕ ਹੋਏ ਤਬਾਦਲੇ ‘ਤੇ ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸਮੇਤ ਕਈ ਰਾਜਨੇਤਾਵਾਂ ਨੇ ਸਵਾਲ ਚੁੱਕੇ ਹਨ ਕਿ ਕੀ ਜੰਤਰ-ਮੰਤਰ ਮਾਮਲੇ ਦੇ ਸੰਵੇਦਨਸ਼ੀਲ ਖੁਲਾਸੇ ਕਾਰਨ ਹੀ ਸਰਕਾਰ ਨੇ ਉਹਨਾਂ ਨੂੰ ਅਹੁਦੇ ਤੋਂ ਹਟਾਇਆ ਹੈ ? ਰਵਨੀਤ ਬਿੱਟੂ ਨੇ ਕਿਹਾ ਕਿ, “ਗੁਰਪ੍ਰੀਤ ਭੁੱਲਰ ਦੇ ਤਬਾਦਲੇ ਦੇ ਸਮੇਂ ‘ਤੇ ਉਂਗਲ ਉੱਠਣੀ ਲਾਜ਼ਮੀ ਹੈ। ਕੀ ਜੰਤਰ–ਮੰਤਰ ਦੀ ਕਥਿਤ ਸਾਜ਼ਿਸ਼ ਬਾਰੇ ਉਨ੍ਹਾਂ ਦੇ ਸਹੀ ਖੁਲਾਸਿਆਂ ਨੇ ਕੇਜਰੀਵਾਲ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਸੀ?”
‘ਸੱਚਾਈ ਸਾਹਮਣੇ ਲਿਆਉਣ ਦੀ ਸਜ਼ਾ?’
ਦਿੱਲੀ ਦੇ ਭਾਜਪਾ ਆਗੂ ਤਜਿੰਦਰ ਬੱਗਾ ਨੇ ਵੀ ਭੁੱਲਰ ਦੇ ਤਬਾਦਲੇ ਤੇ ਸਵਾਲ ਚੁੱਕਦਿਆਂ ਕਿਹਾ ਕਿ, “ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਈ.ਐੱਸ.ਆਈ. (ISI) ਦੀ ਸਰਪ੍ਰਸਤੀ ਵਾਲੇ ਇੱਕ ਅੱਤਵਾਦੀ ਮਾਡਿਊਲ ਦੀ ਜੰਤਰ–ਮੰਤਰ ‘ਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ। ਅੱਜ ਕੇਜਰੀਵਾਲ ਦੀ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਦਿੱਤਾ। ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਜਵਾਬ ਦੇਣਾ ਚਾਹੀਦਾ ਹੈ: ਕੀ ਇੱਕ ਇਮਾਨਦਾਰ ਅਫ਼ਸਰ ਨੂੰ ਇੱਕ ਅਸੁਵਿਧਾਜਨਕ ਸੱਚਾਈ ਸਾਹਮਣੇ ਲਿਆਉਣ ਦੀ ਸਜ਼ਾ ਦਿੱਤੀ ਗਈ ਹੈ?”
‘ਭੁੱਲਰ ਦੀ ਜਾਣਕਾਰੀ ‘ਤੇ ਭਰੋਸਾ‘
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਤਬਾਦਲੇ ‘ਤੇ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਦਾ ਕਹਿਣਾ ਹੈ, “ਜਿੱਥੋਂ ਤੱਕ ਇਸ ਖਾਸ ਘਟਨਾ ਦਾ ਸਬੰਧ ਹੈ, ਪੁਲਿਸ ਦੀ ਨੌਕਰੀ ਇੱਕ ਮੁਸ਼ਕਲ ਅਤੇ ਜੋਖਮ ਭਰਿਆ ਕੰਮ ਹੈ। ਅਜਿਹੇ ਫੈਸਲਿਆਂ ਬਾਰੇ ਹਰ ਕਿਸੇ ਦੀ ਆਪਣੀ ਸੋਚ ਹੁੰਦੀ ਹੈ। ਜਿੱਥੋਂ ਤੱਕ ਗੁਰਪ੍ਰੀਤ ਸਿੰਘ ਭੁੱਲਰ ਦਾ ਸਵਾਲ ਹੈ, ਜਦੋਂ ਵੀ ਉਨ੍ਹਾਂ ਨੇ ਖੁਫੀਆ ਜਾਣਕਾਰੀ ਅਤੇ ਹੋਰ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਕੋਈ ਜਾਣਕਾਰੀ ਸਾਂਝੀ ਕੀਤੀ, ਮੈਂ ਉਨ੍ਹਾਂ ‘ਤੇ ਭਰੋਸਾ ਕੀਤਾ…”
ਕੌਣ ਹਨ ਗੁਰਪ੍ਰੀਤ ਭੁੱਲਰ ?
ਗੁਰਪ੍ਰੀਤ ਸਿੰਘ ਭੁੱਲਰ ਪੰਜਾਬ ਕੇਡਰ ਦੇ 2004 ਬੈਚ ਦੇ ਇੱਕ ਉੱਘੇ ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਹਨ, ਜਿਨ੍ਹਾਂ ਦਾ ਪਰਿਵਾਰਕ ਪਿਛੋਕੜ ਵੀ ਪੁਲਿਸ ਸੇਵਾ ਨਾਲ ਡੂੰਘਾ ਜੁੜਿਆ ਹੋਇਆ ਹੈ ਕਿਉਂਕਿ ਉਨ੍ਹਾਂ ਦੇ ਪਿਤਾ ਅਤੇ ਦਾਦਾ ਵੀ ਆਈ.ਪੀ.ਐਸ. ਅਫ਼ਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਉਨ੍ਹਾਂ ਨੇ 1991 ਵਿੱਚ ਬਤੌਰ ਡੀ.ਐਸ.ਪੀ. ਪੰਜਾਬ ਪੁਲਿਸ ਜੁਆਇਨ ਕੀਤੀ ਸੀ ਅਤੇ ਬਾਅਦ ਵਿੱਚ ਉਹ ਆਈ.ਪੀ.ਐਸ. ਅਹੁਦੇ ‘ਤੇ ਪਦਉੱਨਤ ਹੋਏ। ਆਪਣੇ ਕਰੀਅਰ ਦੌਰਾਨ ਭੁੱਲਰ ਨੇ ਮੋਹਾਲੀ ਵਿੱਚ ਬਤੌਰ ਐਸ.ਐਸ.ਪੀ. ਸਭ ਤੋਂ ਲੰਬਾ ਸਮਾਂ ਸੇਵਾ ਨਿਭਾਉਣ ਦਾ ਰਿਕਾਰਡ ਬਣਾਇਆ, ਅਤੇ ਉਹ ਰੂਪਨਗਰ, ਜਲੰਧਰ, ਲੁਧਿਆਣਾ ਸਮੇਤ ਅੰਮ੍ਰਿਤਸਰ ਵਰਗੇ ਕਈ ਅਹਿਮ ਜ਼ਿਲ੍ਹਿਆਂ ਵਿੱਚ ਐਸ.ਐਸ.ਪੀ. ਅਤੇ ਪੁਲਿਸ ਕਮਿਸ਼ਨਰ ਦੇ ਅਹੁਦਿਆਂ ‘ਤੇ ਤਾਇਨਾਤ ਰਹੇ। ਦੇਸ਼ ਅਤੇ ਸੂਬੇ ਪ੍ਰਤੀ ਉਨ੍ਹਾਂ ਦੀਆਂ ਬਿਹਤਰੀਨ ਸੇਵਾਵਾਂ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਪੁਲਿਸ ਮੈਡਲ, ਪੁਲਿਸ ਮੈਡਲ ਫਾਰ ਗੈਲੰਟਰੀ ਅਤੇ ਮੁੱਖ ਮੰਤਰੀ ਅਵਾਰਡ ਵਰਗੇ ਵੱਕਾਰੀ ਸਨਮਾਨਾਂ ਨਾਲ ਨਿਵਾਜ਼ਿਆ ਜਾ ਚੁੱਕਾ ਹੈ।