10 ਅਗਸਤ ਨੂੰ ਹੋਵੇਗਾ ਵੱਡਾ ਪਿੱਟ ਸਿਆਪਾ
ਪੰਜਾਬ ਦੇ ਲੱਗਭਗ 2,500 ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਸੇਵਾਵਾਂ ਦੇ ਰਹੇ ਕਮਿਊਨਟੀ ਹੈਲਥ ਅਫ਼ਸਰ (CHO) ਅੱਜ ਤੋਂ ਮੁਕੰਮਲ ਹੜ੍ਹਤਾਲ ’ਤੇ।
08 ਅਗਸਤ, 2026 – ਬਠਿੰਡਾ/ਸੰਗਰੂਰ: ਨੈਸ਼ਨਲ ਹੈਲਥ ਮਿਸ਼ਨ ਤਹਿਤ ਸੂਬੇ ਭਰ ਵਿੱਚ ਕੰਮ ਕਰ ਰਹੀਆਂ 2500 ਦੇ ਕਰੀਬ ਸੀਐਚਓ ਵੱਲੋਂ ਅਣਮਿਥੇ ਸਮੇਂ ਲਈ ਹੜਤਾਲ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੇ ਲੱਗਭਗ 2,500 ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿੱਚ ਸੇਵਾਵਾਂ ਦੇ ਰਹੇ ਕਮਿਊਨਟੀ ਹੈਲਥ ਅਫ਼ਸਰ (CHO) ਅੱਜ ਤੋਂ ਮੁਕੰਮਲ ਹੜ੍ਹਤਾਲ ’ਤੇ ਚਲੇ ਗਏ ਹਨ। ਇਸ ਕਾਰਨ ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿੱਚ ਚੱਲ ਰਹੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਪੰਜਾਬ ਦੇ ਸਮੂਹ CHO ਨੇ ਆਪਣੇ-ਆਪਣੇ ਜ਼ਿਲ੍ਹਿਆਂ ਦੇ ਸਿਵਲ ਸਰਜਨ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
“CHOਜ਼ ਦੇ ਨਾਲ ਕੀਤਾ ਵੱਡਾ ਧੋਖਾ“
ਯੂਨੀਅਨ ਆਗੂਆਂ ਨੇ ਇਲਜ਼ਾਮ ਲਗਾਇਆ ਕਿ “ਪੰਜਾਬ ਸਰਕਾਰ ਨੇ CHOਜ਼ ਦੇ ਨਾਲ ਵੱਡਾ ਵਿਸ਼ਵਾਸਘਾਤ ਅਤੇ ਧੋਖਾ ਕੀਤਾ ਹੈ। ਕਈ ਦੌਰ ਦੀਆਂ ਮੀਟਿੰਗਾਂ ਬਾਅਦ ਸਰਕਾਰ ਵੱਲੋਂ 5,000 ਰੁਪਏ ਤਨਖਾਹ ਵਿਚ ਵਾਧਾ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ 22 ਜੁਲਾਈ, 2026 ਨੂੰ ਜਾਰੀ ਪੱਤਰ ਰਾਹੀਂ ਇਸ ਨੂੰ ਤਨਖਾਹ ਵਿੱਚ ਸ਼ਾਮਲ ਕਰਨ ਦੀ ਬਜਾਏ ਇੰਸੈਂਟਿਵ ਦੇ ਰੂਪ ਵਿਚ ਜਾਰੀ ਕਰ ਦਿੱਤਾ ਗਿਆ ਅਤੇ ਇਸ ਨਾਲ ਬੈਂਚਮਾਰਕ ਦੀ ਸ਼ਰਤ ਜੋੜ ਦਿੱਤੀ ਗਈ।”
“ਹੋਰਨਾਂ ਸੂਬਿਆਂ ਨਾਲੋਂ 5000 ਘੱਟ ਦਿੱਤੇ ਜਾਣ ਦਾ ਵਿਰੋਧ“
ਇਸੇ ਸਬੰਧੀ ਬਠਿੰਡਾ ਸਿਵਲ ਸਰਜਨ ਦਫਤਰ ਅੱਗੇ ਪ੍ਰਦਰਸ਼ਨ ਕਰਦੇ ਹੋਏ ਸੀਐਚਓ ਰਮਨਦੀਪ ਕੌਰ ਅਤੇ ਸੀਐਚਓ ਬਲਵਿੰਦਰ ਕੌਰ ਨੇ ਕਿਹਾ ਕਿ “ਨੈਸ਼ਨਲ ਹੈਲਥ ਮਿਸ਼ਨ ਅਧੀਨ ਆਯੁਸ਼ਮਾਨ ਅਰੋਗਿਆ ਕੇਂਦਰ ਵਿੱਚ ਭਰਤੀ ਕੀਤਾ ਗਿਆ ਸੀ ਅਤੇ ਪੂਰੇ ਪੰਜਾਬ ਵਿੱਚ 2500 ਦੇ ਕਰੀਬ ਸੀਐਚਓ ਕੰਮ ਕਰਦੀਆਂ ਹਨ। ਸੀਐਚਓ ਵੱਲੋਂ ਰੂਲਰ ਏਰੀਏ ਵਿੱਚ ਕਰੀਬ 15 ਤਰ੍ਹਾਂ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪੂਰੇ ਦੇਸ਼ ਵਿੱਚ ਚੱਲ ਰਹੀ ਇਸ ਸਕੀਮ ਤਹਿਤ ਜਿੱਥੇ ਸੀਐਚਓ ਨੂੰ 25000 ਤਨਖਾਹ ਅਤੇ 15000 ਇਨਸੈਂਟਿਵ ਦਿੱਤਾ ਜਾਂਦਾ ਹੈ। ਉਥੇ ਹੀ ਪੰਜਾਬ ਵਿੱਚ ਸੀਐਚਓ ਨੂੰ 20 ਹਜ਼ਾਰ ਰੁਪਏ ਤਨਖਾਹ ਅਤੇ 15 ਹਜ਼ਾਰ ਰੁਪਏ ਇਨਸੈਂਟਿਵ ਦਿੱਤਾ ਜਾਂਦਾ ਹੈ। ਜਿਸ ਕਾਰਨ ਉਹਨਾਂ ਵੱਲੋਂ ਬਰਾਬਰ ਕੰਮ, ਬਰਾਬਰ ਤਨਖਾਹ ਨੂੰ ਲੈ ਕੇ ਲਗਾਤਾਰ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਹੋਰਨਾਂ ਸੂਬਿਆਂ ਨਾਲੋਂ 5000 ਘੱਟ ਦਿੱਤੇ ਜਾਣ ਦਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਸਰਕਾਰ ਵੱਲੋਂ ਪਿਛਲੇ ਦਿਨੀਂ ਇਸ ਮੰਗ ਨੂੰ ਪ੍ਰਵਾਨ ਤਾਂ ਕਰ ਲਿਆ ਪਰ ਇਸ ਮੰਗ ਨੂੰ ਪ੍ਰਵਾਨ ਕਰਨ ਸਮੇਂ ਅਜਿਹੀਆਂ ਸ਼ਰਤਾਂ ਲਗਾਈਆਂ ਗਈਆਂ ਜੋ ਸੰਭਵ ਹੀ ਨਹੀਂ ਹਨ।”
“ਸਾਡੀਆਂ ਮੰਗਾਂ ਨੂੰ ਅਣਦੇਖਿਆ ਜਾ ਰਿਹਾ ਹੈ“
ਇਸੇ ਸਬੰਧੀ ਉਹਨਾਂ ਕਿਹਾ ਕਿ 5000 ਰੁਪਏ ਤਨਖਾਹ ਵਿੱਚ ਵਾਧੇ ਦੀ ਮੰਗ ਨੂੰ ਵੀ ਸਰਕਾਰ ਵੱਲੋਂ ਤੋੜ-ਮਰੋੜ ਕੇ ਇੰਸੈਂਟਿਵ ਅਤੇ ਬੈਂਚਮਾਰਕ ਦੀਆਂ ਸ਼ਰਤਾਂ ਨਾਲ ਜੋੜ ਦਿੱਤਾ ਗਿਆ ਹੈ, ਜੋ ਕਿ CHO ਨਾਲ ਵੱਡਾ ਧੋਖਾ ਹੈ। ਇਸ ਤੋਂ ਇਲਾਵਾ ਲੌਇਲਟੀ ਬੋਨਸ, ਰੈਗੂਲਰ ਕੈਡਰ, ਤਨਖਾਹ ਅਤੇ ਇੰਸੈਂਟਿਵ ਮਰਜ ਕਰਨ ਵਰਗੀਆਂ ਹੋਰ ਮੰਗਾਂ ਨੂੰ ਵੀ ਅਣਦੇਖਿਆ ਕੀਤਾ ਜਾ ਰਿਹਾ ਹੈ।
“ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹੋ ਰਹੇ ਹਨ ਪਰੇਸ਼ਾਨ“
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇੱਕ ਕੇਂਦਰ ਵਿੱਚ ਰੋਜ਼ਾਨਾ 20 ਤੋਂ 30 ਲੋਕਾਂ ਦੀ ਓਪੀਡੀ ਹੁੰਦੀ ਹੈ ਤੇ ਅੱਜ ਇਹ ਹਲਾਤ ਹਨ ਕਿ ਪੰਜਾਬ ਵਿੱਚ 2500 ਸੀਐਚਓ ਕੰਮ ਕਰਦੀਆਂ ਹਨ, ਜੋ ਕਿ ਅੱਜ ਹੜਤਾਲ ‘ਤੇ ਹਨ। ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਪਰੇਸ਼ਾਨ ਹੋ ਰਹੇ ਹਨ। ਇਸ ਪਿੱਛੇ ਵੱਡਾ ਕਾਰਨ ਪੰਜਾਬ ਸਰਕਾਰ ਵੱਲੋਂ ਸੀਐਚਓ ਦੀਆਂ ਮੰਗਾਂ ਨੂੰ ਅਣਦੇਖਿਆ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ ਸਰਕਾਰ ਦੀ ਇਸ ਲਾਅਰੇਬਾਜ਼ੀ ਅਤੇ ਵਾਅਦਾ ਖ਼ਿਲਾਫ਼ੀ ਦਾ ਪਰਦਾਫ਼ਾਸ਼ ਲੋਕਾਂ ਸਾਹਮਣੇ ਕੀਤਾ ਜਾਵੇਗਾ। ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਿਆ ਜਾ ਰਿਹਾ ਹੈ ਅਤੇ ਸਿਹਤ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। 10 ਅਗਸਤ ਨੂੰ ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ CHO ਸ਼ਮੂਲੀਅਤ ਕਰਨਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਆਯੁਸ਼ਮਾਨ ਆਰੋਗਿਆ ਕੇਂਦਰ (Ayushman Arogya Mandir/Health & Wellness Centre) ਵਿੱਚ ਲੋਕਾਂ ਨੂੰ ਪ੍ਰਾਇਮਰੀ ਸਿਹਤ ਸੇਵਾਵਾਂ ਮੁਫ਼ਤ ਜਾਂ ਬਹੁਤ ਘੱਟ ਖਰਚ ‘ਤੇ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਦਿੱਤੀਆਂ ਜਾਣ ਵਾਲੀਆਂ ਮੁੱਖ ਸੇਵਾਵਾਂ ਹੇਠ ਲਿਖੇ ਅਨੁਸਾਰ ਹਨ:
- ਗਰਭਵਤੀ ਮਹਿਲਾਵਾਂ ਦੀ ਜਾਂਚ, ਦੇਖਭਾਲ ਅਤੇ ਜਣੇਪੇ ਤੋਂ ਬਾਅਦ ਦੀ ਸੇਵਾ।
- ਨਵਜੰਮੇ ਬੱਚਿਆਂ, ਛੋਟੇ ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਜਾਂਚ।
- ਟੀਕਾਕਰਨ (ਰੁਟੀਨ ਇਮਿਊਨਾਈਜ਼ੇਸ਼ਨ)।
- ਪਰਿਵਾਰ ਨਿਯੋਜਨ ਅਤੇ ਪਰਿਵਾਰ ਭਲਾਈ ਸੇਵਾਵਾਂ।
- ਆਮ ਬਿਮਾਰੀਆਂ ਜਿਵੇਂ ਬੁਖਾਰ, ਖੰਘ, ਜ਼ੁਕਾਮ, ਦਸਤ, ਚਮੜੀ ਰੋਗ ਆਦਿ ਦਾ ਇਲਾਜ।
- ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਕੈਂਸਰ ਦੀ ਸ਼ੁਰੂਆਤੀ ਸਕ੍ਰੀਨਿੰਗ ਅਤੇ ਫਾਲੋ-ਅੱਪ।
- ਟੀ.ਬੀ., ਕੋੜ੍ਹ, ਮਲੇਰੀਆ ਅਤੇ ਹੋਰ ਸੰਚਾਰੀ ਬਿਮਾਰੀਆਂ ਦੀ ਜਾਂਚ ਅਤੇ ਇਲਾਜ।
- ਮਾਨਸਿਕ ਸਿਹਤ ਸਬੰਧੀ ਸਲਾਹ ਅਤੇ ਮੁੱਢਲਾ ਇਲਾਜ।
- ਅੱਖਾਂ, ਕੰਨਾਂ ਅਤੇ ਮੂੰਹ ਦੀ ਸਿਹਤ ਦੀ ਜਾਂਚ।
- ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਨਿਯਮਿਤ ਜਾਂਚ।
- ਫਿਜ਼ਿਓਥੈਰੇਪੀ ਅਤੇ ਪੁਨਰਵਾਸ ਸੇਵਾਵਾਂ (ਜਿੱਥੇ ਉਪਲਬਧ ਹੋਣ)।
- ਯੋਗ ਅਤੇ ਤੰਦਰੁਸਤੀ ਸਬੰਧੀ ਸਲਾਹ।
- ਸਿਹਤ ਸਿੱਖਿਆ, ਪੋਸ਼ਣ ਬਾਰੇ ਸਲਾਹ ਅਤੇ ਨਸ਼ਾ ਛੁਡਾਉਣ ਲਈ ਮਾਰਗਦਰਸ਼ਨ।
- ਮੁਫ਼ਤ ਜ਼ਰੂਰੀ ਦਵਾਈਆਂ ਅਤੇ ਬੁਨਿਆਦੀ ਲੈਬ ਟੈਸਟ (ਕੇਂਦਰ ਦੀਆਂ ਉਪਲਬਧ ਸਹੂਲਤਾਂ ਅਨੁਸਾਰ)।
- ਲੋੜ ਪੈਣ ‘ਤੇ ਮਰੀਜ਼ ਨੂੰ ਉੱਚ ਸਿਹਤ ਸੰਸਥਾ (CHC, ਸਿਵਲ ਹਸਪਤਾਲ ਜਾਂ ਮੈਡੀਕਲ ਕਾਲਜ) ਲਈ ਰੈਫਰ ਕਰਨਾ।
ਸੰਗਰੂਰ ਵਿੱਚ ਵੀ ਹੋਇਆ ਪ੍ਰਦਰਸ਼ਨ
ਇਸੇ ਸਬੰਧੀ ਸੰਗਰੂਰ ਵਿੱਚ ਵੀ ਪ੍ਰਦਸ਼ਨਕਾਰੀਆਂ ਨੇ ਕਿਹਾ ਕਿ ਪਿੰਡਾਂ ਵਿੱਚ ਸਿਹਤ ਸੇਵਾਵਾਂ ਦੇਣ ਵਾਲੀਆਂ ਇਹ ਧੀਆਂ ਅੱਜ ਆਪਣੇ ਹੀ ਹੱਕਾਂ ਲਈ ਸੜਕਾਂ ‘ਤੇ ਉਤਰਨ ਲਈ ਮਜ਼ਬੂਰ ਹੋ ਗਈਆਂ ਹਨ। ਜਿਸ ਦੇ ਕਾਰਨ ਯੂਨੀਅਨ ਆਗੂਆਂ ਨੇ ਐਲਾਨ ਕੀਤਾ ਕਿ 10 ਅਗਸਤ 2026 ਨੂੰ ਨੈਸ਼ਨਲ ਹੈਲਥ ਮਿਸ਼ਨ (NHM) ਪੰਜਾਬ ਦੇ ਮੁੱਖ ਦਫ਼ਤਰ, ਚੰਡੀਗੜ੍ਹ ਵਿਖੇ ਸੂਬਾ ਪੱਧਰੀ ਵਿਸ਼ਾਲ ਧਰਨਾ ਦਿੱਤਾ ਜਾਵੇਗਾ, ਜਿਸ ਵਿੱਚ ਪੰਜਾਬ ਦੇ ਹਰ ਜ਼ਿਲ੍ਹੇ ਤੋਂ ਵੱਡੀ ਗਿਣਤੀ ਵਿੱਚ ਕਮਿਊਨਿਟੀ ਹੈਲਥ ਅਫ਼ਸਰ ਸ਼ਮੂਲੀਅਤ ਕਰਨਗੇ। ਕਮਿਊਨਿਟੀ ਹੈਲਥ ਅਫ਼ਸਰਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ₹5000 ਦੀ ਰਕਮ ਨੂੰ ਬੇਸਿਕ ਤਨਖਾਹ ਵਿੱਚ ਸਥਾਈ ਤੌਰ ‘ਤੇ ਸ਼ਾਮਲ ਨਹੀਂ ਕੀਤਾ ਜਾਂਦਾ, ਲੌਇਲਟੀ ਬੋਨਸ ਜਾਰੀ ਨਹੀਂ ਹੁੰਦਾ, ਰੈਗੂਲਰ ਕੈਡਰ ਨੂੰ ਮਨਜ਼ੂਰੀ ਨਹੀਂ ਮਿਲਦੀ ਅਤੇ ਹੋਰ ਜਾਇਜ਼ ਮੰਗਾਂ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਯੂਨੀਅਨ ਨੇ ਕਿਹਾ ਕਿ ਜੇ ਹੜਤਾਲ ਕਾਰਨ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਵੇਗੀ।
ETV BHARAT