ਕਿਸਾਨ 98% ਪਾਣੀ ਬਚਾ ਕਮਾ ਰਿਹਾ ਲੱਖਾਂ ਦਾ ਮੁਨਾਫ਼ਾ…
ਇੱਕ ਅਗਾਂਹਵਧੂ ਕਿਸਾਨ ਝੋਨਾ ਛੱਡ ਡਰੈਗਨ ਫਰੂਟ ਦੀ ਖੇਤੀ ਕਰ ਰਿਹਾ ਹੈ। ਪਾਣੀ ਦੀ ਬੱਚਤ ਦੇ ਨਾਲ ਚੰਗੀ ਕਮਾਈ ਵੀ ਕਰ ਰਿਹਾ ਹੈ।
16 ਜੁਲਾਈ, 2026 – ਬਰਨਾਲਾ: ਪੰਜਾਬ ਵਿੱਚ ਲਗਾਤਾਰ ਡਿੱਗ ਰਹੇ ਜ਼ਮੀਨੀ ਪਾਣੀ ਦੇ ਪੱਧਰ ‘ਤੇ ਚਿੰਤਾ ਜਤਾਉਣ ਵਾਲਿਆਂ ਲਈ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਦਾ ਅਗਾਂਹਵਧੂ ਕਿਸਾਨ ਸਤਨਾਮ ਸਿੰਘ ਇੱਕ ਪ੍ਰੇਰਨਾ ਸਰੋਤ ਬਣ ਕੇ ਉੱਭਰਿਆ ਹੈ। ਰਵਾਇਤੀ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਵਿੱਚੋਂ ਨਿੱਕਲ ਕੇ ਸਤਨਾਮ ਸਿੰਘ ਨੇ ‘ਡਰੈਗਨ ਫਰੂਟ’ ਦੀ ਖੇਤੀ ਨੂੰ ਅਪਣਾਇਆ ਹੈ, ਜੋ ਨਾ ਸਿਰਫ਼ ਪਾਣੀ ਦੀ ਬੱਚਤ ਕਰ ਰਹੀ ਹੈ ਬਲਕਿ ਆਰਥਿਕ ਪੱਖੋਂ ਵੀ ਬੇਹੱਦ ਲਾਹੇਵੰਦ ਸਾਬਤ ਹੋ ਰਹੀ ਹੈ।
ਅੱਧੇ ਏਕੜ ਤੋਂ ਸ਼ੁਰੂ ਕਰ ਕੇ 4 ਏਕੜ ਤੱਕ ਪਹੁੰਚਾਇਆ ਰਕਬਾ
ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ “ਮੈਂ ਤਕਰੀਬਨ 10 ਸਾਲ ਪਹਿਲਾਂ ਅੱਧੇ ਏਕੜ ਰਕਬੇ ਵਿੱਚ ਡਰੈਗਨ ਫਰੂਟ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ ਸੀ। ਆਪਣੀ ਮਿਹਨਤ ਅਤੇ ਆਧੁਨਿਕ ਖੇਤੀ ਤਕਨੀਕਾਂ ਸਦਕਾ ਅੱਜ ਮੈਂ 4 ਏਕੜ ਰਕਬੇ ਵਿੱਚ ਇਸ ਦੀ ਸਫ਼ਲ ਖੇਤੀ ਕਰ ਰਿਹਾ ਹਾਂ, ਇਸ ਵਿੱਚੋਂ 3 ਏਕੜ ਖੇਤੀ ਰਵਾਇਤੀ (ਖੁੱਲ੍ਹੇ) ਤਰੀਕੇ ਨਾਲ ਅਤੇ 1 ਏਕੜ ਖੇਤੀਬਾੜੀ ਵਿਭਾਗ ਦੇ ਦਿਸ਼ਾ–ਨਿਰਦੇਸ਼ਾਂ ਮੁਤਬਕ ਨੈੱਟ ਹਾਊਸ (ਗ੍ਰੀਨ ਹਾਊਸ) ਦੇ ਅੰਦਰ ਕੀਤੀ ਜਾ ਰਹੀ ਹੈ।”
ਰਵਾਇਤੀ ਖੇਤੀ ਛੱਡ ਕੇ ਅਪਣਾਇਆ ਆਧੁਨਿਕ ਰਾਹ
ਉਨ੍ਹਾਂ ਕਿਹਾ ਕਿ “ਡਰੈਗਨ ਫਰੂਟ ਦੀ ਖੇਤੀ ਵਿੱਚ ਝੋਨੇ ਦੇ ਮੁਕਾਬਲੇ ਲਗਭਗ 98 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ। ਇਸ ਫ਼ਸਲ ਲਈ ਮੀਂਹ, ਤਲਾਬ ਅਤੇ ਨਹਿਰੀ ਪਾਣੀ ਨੂੰ ਸਟੋਰ ਕਰਕੇ ਅਸਾਨੀ ਨਾਲ ਸਿੰਜਾਈ ਕੀਤੀ ਜਾ ਸਕਦੀ ਹੈ, ਜਿਸ ਨਾਲ ਜ਼ਮੀਨੀ ਪਾਣੀ ‘ਤੇ ਨਿਰਭਰਤਾ ਬਿਲਕੁਲ ਘਟ ਜਾਂਦੀ ਹੈ।”
“ਪੰਜਾਬ ਸਰਕਾਰ ਵੱਲੋਂ ਵੀ ਇਸ ਪ੍ਰੋਜੈਕਟ ‘ਤੇ ਕਿਸਾਨਾਂ ਨੂੰ 50 ਪ੍ਰਤੀਸ਼ਤ ਤੱਕ ਸਬਸਿਡੀ ਦਿੱਤੀ ਜਾਂਦੀ ਹੈ, ਜਿਸ ਦਾ ਲਾਭ ਮੈਂ ਖ਼ੁਦ ਵੀ ਉਠਾਇਆ ਹੈ। ਪ੍ਰਤੀ ਏਕੜ 30 ਤੋਂ 35 ਕੁਇੰਟਲ ਤੱਕ ਦਾ ਸ਼ਾਨਦਾਰ ਝਾੜ ਮਿਲ ਜਾਂਦਾ ਹੈ। ਬਜ਼ਾਰ ਵਿੱਚ ਇਸ ਦੀ ਵਧਦੀ ਮੰਗ ਕਾਰਨ ਉਨ੍ਹਾਂ ਨੂੰ ਪ੍ਰਤੀ ਏਕੜ ਲਗਭਗ 3 ਲੱਖ ਰੁਪਏ ਤੱਕ ਦੀ ਸਲਾਨਾ ਆਮਦਨ ਹੋ ਰਹੀ ਹੈ। ਇਸ ਤੋਂ ਇਲਾਵਾ, ਉਹ ਡਰੈਗਨ ਫਰੂਟ ਦੇ ਪੌਦਿਆਂ ਦੇ ਵਿਚਕਾਰ ਬਚੀ ਖਾਲੀ ਜਗ੍ਹਾ (ਇੰਟਰ-ਕ੍ਰੌਪਿੰਗ) ਵਿੱਚ ਹੋਰ ਕਈ ਸਹਿ ਫ਼ਸਲਾਂ ਬੀਜ ਅਤੇ ਵੇਚ ਕੇ ਵੀ ਵਾਧੂ ਮੁਨਾਫ਼ਾ ਕਮਾ ਰਹੇ ਹਨ। ਡਰੈਗਨ ਫਰੂਟ ਨੂੰ ਬੇਹੱਦ ਪੌਸ਼ਟਿਕ ਫਲਾਂ ਵਿੱਚ ਗਿਣਿਆ ਜਾਂਦਾ ਹੈ।”–ਸਤਨਾਮ ਸਿੰਘ, ਕਿਸਾਨ
ਕਈ ਤੱਤਾਂ ਨਾਲ ਭਰਪੂਰ ਹੁੰਦਾ ਹੈ ਡਰੈਗਨ ਫਰੂਟ
ਇਸ ਵਿੱਚ ਓਮੇਗਾ-3, ਓਮੇਗਾ-6, ਫਾਈਬਰ ਅਤੇ ਕਈ ਕੁਦਰਤੀ ਪੌਸ਼ਟਿਕ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਅੱਜ-ਕੱਲ੍ਹ ਕਈ ਬੀਮਾਰੀਆਂ ਵਿੱਚ ਡਾਕਟਰ ਵੀ ਮਰੀਜ਼ਾਂ ਨੂੰ ਇਹ ਫਲ ਖਾਣ ਦੀ ਸਿਫ਼ਾਰਸ਼ ਕਰਦੇ ਹਨ, ਜਿਸ ਕਾਰਨ ਬਜ਼ਾਰ ਵਿੱਚ ਇਸ ਦੀ ਮੰਗ ਲਗਾਤਾਰ ਵਧ ਰਹੀ ਹੈ। ਖੇਤੀਬਾੜੀ ਦੇ ਖੇਤਰ ਵਿੱਚ ਇਸ ਨਿਵੇਕਲੀ ਪਹਿਲਕਦਮੀ ਲਈ ਸਤਨਾਮ ਸਿੰਘ ਨੂੰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
ਸੂਬੇ ਦੇ ਕਿਸਾਨਾਂ ਨੂੰ ਅਪੀਲ
ਉਨ੍ਹਾਂ ਨੇ ਸੂਬੇ ਦੇ ਬਾਕੀ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਰੌਸ਼ਨ ਭਵਿੱਖ ਅਤੇ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਅਜਿਹੀਆਂ ਫ਼ਸਲਾਂ ਵੱਲ ਕਦਮ ਵਧਾਉਣੇ ਚਾਹੀਦੇ ਹਨ, ਜਿੱਥੇ ਘੱਟ ਪਾਣੀ ਅਤੇ ਸਰਕਾਰੀ ਸਬਸਿਡੀ ਦੇ ਨਾਲ-ਨਾਲ ਚੰਗੀ ਆਮਦਨ ਦੀ ਵੀ ਪੂਰੀ ਗਾਰੰਟੀ ਹੈ।
ETV BHARAT