ਆਪ ਦੇ ਵਿਧਾਇਕ ਪਠਾਣਮਾਜਰਾ, ਜੌੜਾਮਾਜਰਾ ਅਤੇ ਇੱਕ ਕੁੰਵਰ ਵਿਜੇ ਪ੍ਰਤਾਪ ਬੀਜੇਪੀ ਵਿੱਚ ਸ਼ਾਮਲ ਹੋਣ ਵਾਲਿਆਂ ਦੀ ਕਹਾਣੀ
03 ਨਵੰਬਰ, 2026 – ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਦਲ-ਬਦਲੀ ਦਾ ਦੌਰ ਸ਼ੁਰੂ ਹੋ ਗਿਆ ਹੈ। ਆਮ ਆਦਮੀ ਪਾਰਟੀ ਦੇ ਦੋ ਮੌਜੂਦਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਅਤੇ ਇੱਕ ਸਾਬਕਾ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਤਿੰਨਾਂ ਆਗੂਆਂ ਨੇ 2 ਨਵੰਬਰ ਨੂੰ ਦਿੱਲੀ ਸਥਿਤ ਭਾਜਪਾ ਦੇ ਕੌਮੀ ਦਫ਼ਤਰ ਵਿੱਚ ਪਾਰਟੀ ਦੀ ਮੈਂਬਰਸ਼ਿਪ ਹਾਸਲ ਕੀਤੀ।
ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਸਮੇਤ ਹੋਰ ਆਗੂ ਵੀ ਮੌਜੂਦ ਸਨ। ਇਹ ਘਟਨਾਕ੍ਰਮ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੱਲੋਂ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ। ਤਿੰਨਾਂ ਆਗੂਆਂ ਦੇ ਪਾਰਟੀ ਬਦਲਣ ਨਾਲ ਪੰਜਾਬ ਦੀ ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਹੁਣ ਸਵਾਲ ਇਹ ਹੈ ਕਿ ਇਨ੍ਹਾਂ ਆਗੂਆਂ ਦੇ ਭਾਜਪਾ ਵਿੱਚ ਜਾਣ ਪਿੱਛੇ ਕਿਹੜੇ ਸਿਆਸੀ ਕਾਰਨ ਰਹੇ ਅਤੇ ਇਸ ਦਾ 2027 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਿਆਸੀ ਸਮੀਕਰਨਾਂ ‘ਤੇ ਕੀ ਅਸਰ ਪਵੇਗਾ? ਈਟੀਵੀ ਭਾਰਤ ਦੀ ਇਸ ਵਿਸ਼ੇਸ਼ ਰਿਪੋਰਟ ਵਿਚ ਤੱਥਾਂ ‘ਤੇ ਅਧਾਰਿਤ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ।
40 ਉਮੀਦਵਾਰਾਂ ਦੀ ਸੂਚੀ ਤੋਂ ਬਾਅਦ 3 ਵਿਧਾਇਕਾਂ ਨੇ ਛੱਡੀ ਪਾਰਟੀ
ਆਮ ਆਦਮੀ ਪਾਰਟੀ ਨੇ 31 ਅਕਤੂਬਰ ਨੂੰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਧੂਰੀ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਕੋਟਕਪੂਰਾ ਤੋਂ ਟਿਕਟ ਦਿੱਤੀ ਗਈ ਹੈ। ਸੂਚੀ ਜਾਰੀ ਹੋਣ ਤੋਂ ਅਗਲੇ ਦਿਨ 1 ਨਵੰਬਰ ਨੂੰ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਦੋਵਾਂ ਆਗੂਆਂ ਦੇ ਹਲਕਿਆਂ ਵਿੱਚ ਪਾਰਟੀ ਪਹਿਲਾਂ ਹੀ ਨਵੇਂ ਹਲਕਾ ਇੰਚਾਰਜ ਨਿਯੁਕਤ ਕਰ ਚੁੱਕੀ ਸੀ। ਸਨੌਰ ਵਿੱਚ ਰਣਜੋਧ ਹਡਾਣਾ ਅਤੇ ਸਮਾਣਾ ਵਿੱਚ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਕਾਰਨ ਦੋਵਾਂ ਵਿਧਾਇਕਾਂ ਦੀ ਅਗਲੀ ਚੋਣ ਵਿੱਚ ਟਿਕਟ ਨੂੰ ਲੈ ਕੇ ਵੀ ਸਿਆਸੀ ਚਰਚਾ ਚੱਲ ਰਹੀ ਸੀ।
ਇਸਦੇ ਨਾਲ ਹੀ ਤੜਕ ਸਾਰ ਕੁੰਵਰ ਵਿਜੇ ਪ੍ਰਤਾਪ ਨੇ ਆਪਣੇ ਸੋਸ਼ਲ ਮੀਡੀਆ ‘ਤੇ ਅਸਤੀਫ਼ਾ ਦੇ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਹ ਵੀ ਦੱਸ ਦਈਏ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਣਮਾਜਰਾ ਦੇ ਅਸਤੀਫ਼ਾ ਦੇਣ ਤੋਂ ਬਾਅਦ ਆਪਣੀ ਫੇਸਬੁੱਕ ‘ਤੇ ਉਹਨਾਂ ਦਾ ਸਮਰਥਨ ਕੀਤਾ ਸੀ।
ਪਠਾਣਮਾਜਰਾ ਦੀ ਸਰਕਾਰ ਨਾਲ ਨਾਰਾਜ਼ਗੀ ਅਤੇ ਅਪਰਾਧਿਕ ਮਾਮਲਾ
ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਪਿਛਲੇ ਸਮੇਂ ਦੌਰਾਨ ਆਪਣੀ ਹੀ ਸਰਕਾਰ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕਦੇ ਰਹੇ ਹਨ। ਹੜ੍ਹਾਂ ਦੌਰਾਨ ਆਪਣੇ ਹਲਕੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਉਨ੍ਹਾਂ ਨੇ ਸਰਕਾਰ ਦੀ ਆਲੋਚਨਾ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਦਰਜ ਜਬਰ-ਜਨਾਹ, ਧੋਖਾਧੜੀ ਅਤੇ ਅਪਰਾਧਿਕ ਧਮਕੀਆਂ ਨਾਲ ਸਬੰਧਤ ਮਾਮਲਾ ਵੀ ਸਿਆਸੀ ਚਰਚਾ ਦਾ ਵਿਸ਼ਾ ਰਿਹਾ ਹੈ। 1 ਸਤੰਬਰ 2025 ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਥਾਣੇ ਵਿੱਚ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਸੀ ਕਿ ਪਠਾਣਮਾਜਰਾ ਨੇ ਆਪਣੇ ਵਿਆਹੁਤਾ ਰੁਤਬੇ ਬਾਰੇ ਗਲਤ ਜਾਣਕਾਰੀ ਦੇ ਕੇ ਉਸ ਨਾਲ ਸਬੰਧ ਬਣਾਏ ਅਤੇ ਬਾਅਦ ਵਿੱਚ ਵਿਆਹ ਕੀਤਾ। ਇਹ ਸ਼ਿਕਾਇਤਕਰਤਾ ਵੱਲੋਂ ਲਾਏ ਗਏ ਦੋਸ਼ ਹਨ।
2 ਸਤੰਬਰ 2025 ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰੀ ਦੀ ਕੋਸ਼ਿਸ਼ ਦੌਰਾਨ ਉਹ ਹਰਿਆਣਾ ਦੇ ਕਰਨਾਲ ਤੋਂ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਰਚ 2026 ਵਿੱਚ ਉਨ੍ਹਾਂ ਨੂੰ ਮੱਧ ਪ੍ਰਦੇਸ਼ ਦੇ ਗਵਾਲੀਅਰ ਨੇੜਿਓਂ ਗ੍ਰਿਫ਼ਤਾਰ ਕੀਤਾ ਸੀ। 25 ਮਈ 2026 ਨੂੰ ਉਨ੍ਹਾਂ ਨੂੰ ਗੈਰ-ਕਾਨੂੰਨੀ ਮਾਈਨਿੰਗ ਨਾਲ ਜੁੜੇ ਇੱਕ ਵੱਖਰੇ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ, ਪਰ ਜਬਰ-ਜਨਾਹ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਰਹਿਣਾ ਪਿਆ। ਪਾਰਟੀ ਲੀਡਰਸ਼ਿਪ ਨਾਲ ਮਤਭੇਦਾਂ ਅਤੇ ਸਨੌਰ ਵਿੱਚ ਨਵੇਂ ਹਲਕਾ ਇੰਚਾਰਜ ਦੀ ਨਿਯੁਕਤੀ ਤੋਂ ਬਾਅਦ ਉਨ੍ਹਾਂ ਦੀ ਮੁੜ ਟਿਕਟ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਸਨ। ਹਰਮੀਤ ਸਿੰਘ ਪਠਾਣਮਾਜਰਾ ਬਾਰੇ ਇਹ ਵੀ ਚਰਚਾ ਜ਼ੋਰਾਂ ‘ਤੇ ਰਹੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਦੇ ਰਿਸ਼ਤੇਦਾਰ ਹਨ।
ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਜੌੜਾਮਾਜਰਾ ਦੀ ਸਿਆਸੀ ਭੂਮਿਕਾ ਬਦਲੀ
ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਭਗਵੰਤ ਮਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਰਹਿ ਚੁੱਕੇ ਹਨ। ਉਹ ਸਿਹਤ ਮੰਤਰੀ ਵੀ ਰਹੇ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨਾਲ ਵਿਵਾਦ ਤੋਂ ਬਾਅਦ ਚੇਤਨ ਸਿੰਘ ਜੌੜਾਮਾਜਰਾ ਕਾਫ਼ੀ ਚਰਚਾ ਵਿਚ ਰਹੇ। ਇਸਦੇ ਚੱਲਦਿਆਂ ਉਨ੍ਹਾਂ ਕੋਲੋਂ ਸਿਹਤ ਮਹਿਕਮਾ ਵਾਪਸ ਲੈ ਲਿਆ ਗਿਆ ਸੀ। ਇਸ ਦੌਰਾਨ ਉਨ੍ਹਾਂ ਦਾ ਵਿਭਾਗ ਬਦਲ਼ਿਆ ਗਿਆ ਉਨ੍ਹਾਂ ਨੂੰ ਸਤੰਬਰ 2024 ਵਿੱਚ ਮੰਤਰੀ ਮੰਡਲ ਦੇ ਫੇਰਬਦਲ ਦੌਰਾਨ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਅਤੇ ਪਾਰਟੀ ਵਿੱਚ ਭੂਮਿਕਾ ਪਹਿਲਾਂ ਵਰਗੀ ਨਹੀਂ ਰਹੀ।
ਅਸੀ ਭਾਜਪਾ ਦੇ ਸਾਥ ਨਾਲ ਪੰਜਾਬ ਨੂੰ ‘ਉੱਭਰਦਾ ਪੰਜਾਬ‘ ਬਣਾਵਾਂਗੇ ,ਨਸ਼ੇ, ਭ੍ਰਿਸ਼ਟਾਚਾਰ ਨੂੰ ਖ਼ਤਮ ਕਰਾਂਗੇ ਪੰਜਾਬ ‘ਚੋਂ–ਹਰਮੀਤ ਸਿੰਘ ਪਠਾਣਮਾਜਰਾ,ਵਿਧਾਇਕ ਸਨੌਰ https://t.co/jacwnmMksS
— BJP PUNJAB (@BJP4Punjab) November 2, 2026
ਦੂਜੇ ਪਾਸੇ ਸਮਾਣਾ ਵਿੱਚ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਇੰਚਾਰਜ ਬਣਾਏ ਜਾਣ ਨਾਲ ਜੌੜਾਮਾਜਰਾ ਦੀ ਮੁੜ ਟਿਕਟ ਨੂੰ ਲੈ ਕੇ ਵੀ ਚਰਚਾ ਸ਼ੁਰੂ ਹੋ ਗਈ ਸੀ। ਪਾਰਟੀ ਛੱਡਣ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ, ਨਸ਼ਿਆਂ ਅਤੇ ਸੂਬੇ ਦੇ ਕਰਜ਼ੇ ਵਰਗੇ ਮੁੱਦਿਆਂ ‘ਤੇ ਸਵਾਲ ਚੁੱਕੇ। ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਸੀ ਕਿ ਪਹਿਲੀ ਉਮੀਦਵਾਰ ਸੂਚੀ ਵਿੱਚ ਸ਼ਾਮਲ 15 ਤੋਂ 20 ਵਿਧਾਇਕ ਪਹਿਲਾਂ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਪਰਕ ਵਿੱਚ ਸਨ। ਹੁਣ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਸਮਾਣਾ ਹਲਕੇ ਦੀ ਸਿਆਸਤ ਵਿੱਚ ਨਵਾਂ ਸਮੀਕਰਨ ਬਣ ਗਿਆ ਹੈ।
ਕੁੰਵਰ ਵਿਜੇ ਪ੍ਰਤਾਪ ਦਾ ਬੇਅਦਬੀ ਮਾਮਲਿਆਂ ਤੋਂ ਲੈ ਕੇ ਪਾਰਟੀ ਮੁਅੱਤਲੀ ਤੱਕ ਦਾ ਸਫ਼ਰ
ਸਾਬਕਾ ਆਈਪੀਐੱਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ ਨਾਲ ਸਿਆਸੀ ਸਫ਼ਰ 2021 ਵਿੱਚ ਸ਼ੁਰੂ ਹੋਇਆ ਸੀ। ਉਹ 2015 ਦੇ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਦਾ ਹਿੱਸਾ ਰਹੇ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਸੇਵਾ ਤੋਂ ਸਵੈ-ਇੱਛੁਕ ਸੇਵਾਮੁਕਤੀ ਲੈ ਕੇ 21 ਜੂਨ 2021 ਨੂੰ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਅੰਮ੍ਰਿਤਸਰ ਉੱਤਰੀ ਤੋਂ ਵਿਧਾਇਕ ਚੁਣੇ ਗਏ।
ਵਿਧਾਇਕ ਬਣਨ ਤੋਂ ਬਾਅਦ ਵੀ ਉਹ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਆਪਣੀ ਹੀ ਸਰਕਾਰ ‘ਤੇ ਸਵਾਲ ਚੁੱਕਦੇ ਰਹੇ। ਜਨਵਰੀ 2023 ਵਿੱਚ ਉਨ੍ਹਾਂ ਨੇ ਵਿਧਾਨ ਸਭਾ ਦੀ ਸਰਕਾਰੀ ਭਰੋਸਿਆਂ ਬਾਰੇ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ। ਜੂਨ 2025 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਦੌਰਾਨ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਚੁੱਕਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਨੇ ਉਨ੍ਹਾਂ ਨੂੰ ਪੰਜ ਸਾਲ ਲਈ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਸੀ। ਪਾਰਟੀ ਨੇ ਇਸ ਕਾਰਵਾਈ ਲਈ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਆਧਾਰ ਬਣਾਇਆ ਸੀ।
2 ਨਵੰਬਰ 2026 ਨੂੰ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵਿਧਾਇਕ ਅਹੁਦੇ ਤੋਂ ਆਪਣਾ ਅਸਤੀਫ਼ਾ ਭੇਜਿਆ ਅਤੇ ਉਸੇ ਦਿਨ ਭਾਜਪਾ ਵਿੱਚ ਸ਼ਾਮਲ ਹੋ ਗਏ। ਇਸ ਤਰ੍ਹਾਂ ਉਨ੍ਹਾਂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਮੌਜੂਦਾ ਵਿਧਾਇਕ ਦੀ ਬਜਾਏ ਸਾਬਕਾ ਵਿਧਾਇਕ ਲਿਖਣਾ ਤੱਥਾਂ ਮੁਤਾਬਕ ਸਹੀ ਹੈ।
ਹੋਰ ਕਿਹੜੇ ਕਿਹੜੇ ਆਗੂਆਂ ਦੀ ‘ਆਪ‘ ਨਾਲ ਵਿਗੜੀ ?
ਇਨ੍ਹਾਂ ਤੋਂ ਇਲਾਵਾ ਵੀ ‘ਆਪ’ ਦੇ ਕਈ ਵਿਧਾਇਕਾਂ ਅਤੇ ਆਗੂਆਂ ਦੇ ਮਾਮਲੇ ਪਾਰਟੀ ਅੰਦਰੂਨੀ ਨਾਰਾਜ਼ਗੀ, ਅਨੁਸ਼ਾਸਨੀ ਕਾਰਵਾਈ ਅਤੇ ਵਿਵਾਦਾਂ ਕਾਰਨ ਚਰਚਾ ਵਿੱਚ ਰਹੇ ਹਨ। ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ 3 ਅਕਤੂਬਰ 2026 ਨੂੰ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦਾ ਮੁੱਦਾ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਪਾਰਟੀ ਵੱਲੋਂ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨਹੀਣਤਾ ਦੇ ਇਲਜ਼ਾਮ ਹੇਠ ਮੁਅੱਤਲ ਕਰ ਦਿੱਤਾ ਗਿਆ। ਬਠਿੰਡਾ ਸ਼ਹਿਰੀ ਤੋਂ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵੀ ਮਈ 2026 ਵਿੱਚ ਨਗਰ ਨਿਗਮ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਅਤੇ ਪਾਰਟੀ ਵਿੱਚ ਇੱਕ ਆਗੂ ਦੇ ਵਧਦੇ ਦਖ਼ਲ ਨੂੰ ਲੈ ਕੇ ਖੁੱਲ੍ਹ ਕੇ ਨਾਰਾਜ਼ਗੀ ਜਤਾਈ ਸੀ।
ਇਸੇ ਤਰ੍ਹਾਂ ਮਾਨਸਾ ਤੋਂ ਵਿਧਾਇਕ ਡਾ. ਵਿਜੇ ਸਿੰਗਲਾ ਮਈ 2022 ਵਿੱਚ ਸਿਹਤ ਮੰਤਰੀ ਹੁੰਦਿਆਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਹੋਏ ਸਨ ਅਤੇ ਗ੍ਰਿਫ਼ਤਾਰ ਵੀ ਕੀਤੇ ਗਏ ਸਨ। ਹਾਲਾਂਕਿ ਬਾਅਦ ਵਿਚ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ।
ਜਲੰਧਰ ਕੇਂਦਰੀ ਤੋਂ ਵਿਧਾਇਕ ਰਮਨ ਅਰੋੜਾ ਵੀ ਵਿਜੀਲੈਂਸ ਦੀ ਭ੍ਰਿਸ਼ਟਾਚਾਰ ਜਾਂਚ ਅਤੇ ਈਡੀ ਦੀ ਪੁੱਛਗਿੱਛ ਕਾਰਨ ਚਰਚਾ ਵਿੱਚ ਰਹੇ ਹਨ। ਇਸ ਤੋਂ ਪਹਿਲਾਂ ਜਲੰਧਰ ਪੱਛਮੀ ਤੋਂ ਵਿਧਾਇਕ ਰਹੇ ਸ਼ੀਤਲ ਅੰਗੁਰਾਲ ਨੇ ਮਾਰਚ 2024 ਵਿੱਚ ‘ਆਪ’ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਸੀ ਅਤੇ ਵਿਧਾਇਕ ਦੇ ਅਹੁਦੇ ਤੋਂ ਦਿੱਤਾ ਉਨ੍ਹਾਂ ਦਾ ਅਸਤੀਫ਼ਾ ਵੀ ਮਨਜ਼ੂਰ ਹੋ ਗਿਆ ਸੀ।
ਪੰਜਾਬ ਦੀ ਆਉਣ ਵਾਲੀ ਰਾਜਨੀਤੀ ‘ਤੇ ਕੀ ਪਵੇਗਾ ਅਸਰ ?
ਪੰਜਾਬ ਦੀ ਸਿਆਸਤ ਉੱਤੇ ਲੰਮੀ ਪਕੜ ਰੱਖਣ ਵਾਲੇ ਪੱਤਰਕਾਰ ਅਤੇ ਸਿਆਸੀ ਮਾਹਿਰ ਮਨਪ੍ਰੀਤ ਸਿੰਘ ਸੈਣੀ ਮੁਤਾਬਕ ਆਮ ਆਦਮੀ ਪਾਰਟੀ ਦੇ ਤਿੰਨ ਵੱਡੇ ਚਿਹਰਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ, ਚੇਤਨ ਸਿੰਘ ਜੌੜਾਮਾਜਰਾ ਅਤੇ ਹਰਮੀਤ ਸਿੰਘ ਪਠਾਨਮਾਜਰਾ ਦਾ ਭਾਜਪਾ ਵਿੱਚ ਜਾਣਾ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦਾ ਇੱਕ ਵੱਡਾ ‘ਟਰਨਿੰਗ ਪੁਆਇੰਟ’ ਹੈ।
ਸੈਣੀ ਦਾ ਮੰਨਣਾ ਹੈ ਕਿ ਇਹ ਦਲ-ਬਦਲੀ ‘ਆਪ’ ਸਰਕਾਰ ਦੇ ਅੰਦਰੂਨੀ ਸੰਕਟ ਨੂੰ ਉਜਾਗਰ ਕਰਦੀ ਹੈ। ਕੁੰਵਰ ਵਿਜੇ ਪ੍ਰਤਾਪ ਵਰਗਾ ਆਗੂ, ਜੋ ਬੇਅਦਬੀ ਅਤੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਹੀ ਸਰਕਾਰ ਨੂੰ ਘੇਰਦਾ ਰਿਹਾ ਹੈ, ਦਾ ਪਾਰਟੀ ਛੱਡਣਾ ਦੱਸਦਾ ਹੈ ਕਿ ਵਿਚਾਰਧਾਰਕ ਪੱਧਰ ‘ਤੇ ਪਾਰਟੀ ਆਪਣੇ ਆਗੂਆਂ ਨੂੰ ਸੰਤੁਸ਼ਟ ਨਹੀਂ ਕਰ ਪਾ ਰਹੀ। ਦੂਜੇ ਪਾਸੇ ਮਾਲਵੇ ਨਾਲ ਸਬੰਧਤ ਚੇਤਨ ਸਿੰਘ ਜੌੜਾਮਾਜਰਾ (ਸਾਬਕਾ ਮੰਤਰੀ) ਅਤੇ ਪਠਾਣਮਾਜਰਾ ਦਾ ਜਾਣਾ ਇਹ ਸਾਬਤ ਕਰਦਾ ਹੈ ਕਿ ਸੱਤਾ ਦੇ ਗਲਿਆਰਿਆਂ ਵਿੱਚ ਤਾਲਮੇਲ ਦੀ ਕਮੀ ਹੈ ਅਤੇ ਆਗੂਆਂ ਨੂੰ ਆਪਣਾ ਸਿਆਸੀ ਭਵਿੱਖ ਪਾਰਟੀ ਵਿੱਚ ਸੁਰੱਖਿਅਤ ਨਹੀਂ ਲੱਗ ਰਿਹਾ।
“ਭਾਜਪਾ ਬਹੁਤ ਹੀ ਸੋਚੀ–ਸਮਝੀ ਰਣਨੀਤੀ ਤਹਿਤ ਕੰਮ ਕਰ ਰਹੀ ਹੈ। ਪੰਜਾਬ ਵਿੱਚ ਭਾਜਪਾ ਦੀ ਸਭ ਤੋਂ ਵੱਡੀ ਕਮਜ਼ੋਰੀ ਮਜ਼ਬੂਤ ਸਥਾਨਕ, ਪੇਂਡੂ ਅਤੇ ਸਿੱਖ ਚਿਹਰਿਆਂ ਦੀ ਘਾਟ ਰਹੀ ਹੈ। ਭਾਜਪਾ ਇਹ ਜਾਣਦੀ ਹੈ ਕਿ ਸਿਰਫ਼ ਸ਼ਹਿਰੀ ਹਿੰਦੂ ਵੋਟ ਬੈਂਕ ਦੇ ਸਿਰ ‘ਤੇ ਪੰਜਾਬ ਦੀ ਸੱਤਾ ਹਾਸਲ ਨਹੀਂ ਕੀਤੀ ਜਾ ਸਕਦੀ। ‘ਆਪ‘ ਦੇ ਇਨ੍ਹਾਂ ਆਗੂਆਂ ਨੂੰ ਸ਼ਾਮਲ ਕਰਕੇ ਭਾਜਪਾ ਮਾਝੇ ਅਤੇ ਮਾਲਵੇ ਵਿੱਚ ਆਪਣੀ ਸੰਗਠਨਾਤਮਕ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੀ ਹੈ। ਕੁੰਵਰ ਵਿਜੇ ਪ੍ਰਤਾਪ ਦਾ ਸਾਫ਼–ਸੁਥਰਾ ਅਕਸ ਅਤੇ ਮਾਲਵੇ ਦੇ ਆਗੂਆਂ ਦਾ ਜ਼ਮੀਨੀ ਨੈੱਟਵਰਕ ਭਾਜਪਾ ਲਈ ਇੱਕ ‘ਬੂਸਟਰ ਡੋਜ਼‘ ਦਾ ਕੰਮ ਕਰ ਸਕਦਾ ਹੈ।”– ਮਨਪ੍ਰੀਤ ਸਿੰਘ ਸੈਣੀ, ਪੱਤਰਕਾਰ ਅਤੇ ਸਿਆਸੀ ਮਾਹਿਰ
ਕੀ ਹੋਰ ਪਾਰਟੀਆਂ ਦੇ ਨਾਰਾਜ਼ ਆਗੂ ਵੀ ਭਾਜਪਾ ਦਾ ਰੁਖ਼ ਕਰਨਗੇ ?
ਸਿਆਸੀ ਮਾਹਿਰ ਡਾ. ਰਣਬੀਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਹਿੰਦੇ ਹਨ ਕਿ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿੱਚ ਹਲਚਲ ਤੇਜ਼ ਹੋਣੀ ਸੁਭਾਵਿਕ ਹੈ। ਆਮ ਆਦਮੀ ਪਾਰਟੀ ਜਾਂ ਹੋਰ ਪਾਰਟੀਆਂ ਨਾਲ ਜੁੜੇ ਆਗੂਆਂ ਦਾ ਭਾਜਪਾ ਵੱਲ ਜਾਣਾ ਸਿਰਫ਼ ਦਲ-ਬਦਲੀ ਦਾ ਮਾਮਲਾ ਨਹੀਂ ਸਗੋਂ ਪੰਜਾਬ ਦੇ ਬਦਲਦੇ ਸਿਆਸੀ ਸਮੀਕਰਨਾਂ ਦਾ ਸੰਕੇਤ ਵੀ ਹੋ ਸਕਦਾ ਹੈ।
“ਭਾਜਪਾ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਮਜ਼ਬੂਤ ਕਰਨ ਲਈ ਦੂਜੀਆਂ ਪਾਰਟੀਆਂ ਦੇ ਪ੍ਰਭਾਵਸ਼ਾਲੀ ਅਤੇ ਨਾਰਾਜ਼ ਆਗੂਆਂ ਨੂੰ ਆਪਣੇ ਨਾਲ ਜੋੜਨ ਦੀ ਰਣਨੀਤੀ ‘ਤੇ ਕੰਮ ਕਰ ਰਹੀ ਹੈ। ਪਰ ਸਿਰਫ਼ ਵੱਡੇ ਚਿਹਰਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਨਾਲ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ। ਇਸ ਲਈ ਜ਼ਮੀਨੀ ਪੱਧਰ ‘ਤੇ ਲੋਕਾਂ ਦਾ ਭਰੋਸਾ, ਸਥਾਨਕ ਸੰਗਠਨ ਅਤੇ ਪੰਜਾਬ ਦੇ ਅਸਲ ਮੁੱਦਿਆਂ ਪ੍ਰਤੀ ਸਪੱਸ਼ਟ ਨੀਤੀ ਹੋਣਾ ਵੀ ਜ਼ਰੂਰੀ ਹੈ।”– ਡਾ. ਰਣਬੀਰ ਸਿੰਘ, ਸਿਆਸੀ ਮਾਹਿਰ
ਆਪੋ–ਆਪਣੇ ਹਲਕਿਆਂ ਵਿੱਚ ਪਛਾਣ ਅਤੇ ਸਿਆਸੀ ਪ੍ਰਭਾਵ
ਡਾ. ਰਣਬੀਰ ਸਿੰਘ ਕਹਿੰਦੇ ਹਨ ਕਿ “ਇਨ੍ਹਾਂ ਤਿੰਨਾਂ ਆਗੂਆਂ ਦੀ ਆਪੋ–ਆਪਣੇ ਹਲਕਿਆਂ ਵਿੱਚ ਪਛਾਣ ਅਤੇ ਸਿਆਸੀ ਪ੍ਰਭਾਵ ਹੈ। ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਦਾ ਪਟਿਆਲਾ ਜ਼ਿਲ੍ਹੇ ਦੇ ਸਨੌਰ ਅਤੇ ਸਮਾਣਾ ਹਲਕਿਆਂ ਵਿੱਚ ਆਪਣਾ ਸਿਆਸੀ ਆਧਾਰ ਹੈ, ਜਦਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅੰਮ੍ਰਿਤਸਰ ਉੱਤਰੀ ਵਿੱਚ ਵੱਖਰੀ ਪਛਾਣ ਹੈ। ਖ਼ਾਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਪੁਲਿਸ ਅਧਿਕਾਰੀ ਵਜੋਂ ਪਿਛੋਕੜ ਅਤੇ ਪੰਜਾਬ ਦੇ ਸੰਵੇਦਨਸ਼ੀਲ ਮੁੱਦਿਆਂ ‘ਤੇ ਉਨ੍ਹਾਂ ਦੀ ਸਰਗਰਮੀ ਉਨ੍ਹਾਂ ਨੂੰ ਇੱਕ ਵੱਖਰਾ ਸਿਆਸੀ ਚਿਹਰਾ ਬਣਾਉਂਦੀ ਹੈ।”
ਭਾਜਪਾ ਲਈ ਇਹ ਸ਼ਮੂਲੀਅਤ ਮਾਲਵਾ ਅਤੇ ਮਾਝਾ ਖੇਤਰ ਵਿੱਚ ਆਪਣੀ ਪਹੁੰਚ ਵਧਾਉਣ ਦਾ ਮੌਕਾ ਬਣ ਸਕਦੀ ਹੈ। ਪਰ ਇਹ ਦੇਖਣਾ ਮਹੱਤਵਪੂਰਨ ਹੋਵੇਗਾ ਕਿ ਇਨ੍ਹਾਂ ਆਗੂਆਂ ਦੇ ਨਾਲ ਉਨ੍ਹਾਂ ਦੇ ਸਮਰਥਕ ਅਤੇ ਵੋਟਰ ਵੀ ਭਾਜਪਾ ਨਾਲ ਜੁੜਦੇ ਹਨ ਜਾਂ ਨਹੀਂ।
ਡਾ. ਰਣਬੀਰ ਸਿੰਘ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਲਈ ਵੀ ਇਹ ਘਟਨਾਕ੍ਰਮ ਆਤਮ-ਮੰਥਨ ਦਾ ਸਮਾਂ ਹੈ। ਜੇਕਰ ਪਾਰਟੀ ਦੇ ਮੌਜੂਦਾ ਵਿਧਾਇਕ ਹੀ ਆਪਣੇ ਸਿਆਸੀ ਭਵਿੱਖ ਨੂੰ ਲੈ ਕੇ ਅਸੰਤੁਸ਼ਟ ਹਨ, ਤਾਂ ਪਾਰਟੀ ਲੀਡਰਸ਼ਿਪ ਨੂੰ ਉਮੀਦਵਾਰਾਂ ਦੀ ਚੋਣ, ਸਥਾਨਕ ਆਗੂਆਂ ਦੀ ਭੂਮਿਕਾ ਅਤੇ ਅੰਦਰੂਨੀ ਲੋਕਤੰਤਰ ਬਾਰੇ ਗੰਭੀਰਤਾ ਨਾਲ ਵਿਚਾਰ ਕਰਨਾ ਪਵੇਗਾ। 2027 ਦੀਆਂ ਚੋਣਾਂ ਸਿਰਫ਼ ਪਾਰਟੀਆਂ ਦੇ ਚਿਹਰਿਆਂ ਦੀ ਲੜਾਈ ਨਹੀਂ ਹੋਣਗੀਆਂ, ਸਗੋਂ ਪੰਜਾਬ ਦੇ ਲੋਕਾਂ ਦੇ ਭਰੋਸੇ ਦੀ ਵੀ ਪਰਖ ਹੋਣਗੀਆਂ। ਪੰਜਾਬ ਦੇ ਲੋਕ ਨਸ਼ਿਆਂ, ਬੇਰੁਜ਼ਗਾਰੀ, ਕਿਸਾਨੀ ਸੰਕਟ, ਕਾਨੂੰਨ-ਵਿਵਸਥਾ, ਵਿੱਤੀ ਸੰਕਟ ਅਤੇ ਸੂਬੇ ਦੇ ਅਧਿਕਾਰਾਂ ਵਰਗੇ ਮੁੱਦਿਆਂ ‘ਤੇ ਜਵਾਬ ਚਾਹੁੰਦੇ ਹਨ।
ਭਾਜਪਾ ‘ਚ ਨਵੀਂ ਪਾਰੀ ਸਾਹਮਣੇ ਚੁਣੌਤੀਆਂ
ਅੰਮ੍ਰਿਤਸਰ ਤੋਂ ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਇਨ੍ਹਾਂ ਆਗੂਆਂ ਦਾ ਪਾਰਟੀ ਨਾਲ ਟਕਰਾਅ ਅਚਾਨਕ ਪੈਦਾ ਨਹੀਂ ਹੋਇਆ, ਸਗੋਂ ਪਿਛਲੇ ਕਾਫ਼ੀ ਸਮੇਂ ਤੋਂ ਉਨ੍ਹਾਂ ਦੀ ਪਾਰਟੀ ਨਾਲ ਦੂਰੀ ਵਧ ਰਹੀ ਸੀ। ਉਨ੍ਹਾਂ ਮੁਤਾਬਕ, ਇਨ੍ਹਾਂ ਆਗੂਆਂ ਦੇ ਸਿਆਸੀ ਸਫ਼ਰ ਅਤੇ ਸਰਕਾਰ ਨਾਲ ਰਹੇ ਮਤਭੇਦਾਂ ਨੂੰ ਸਮਝੇ ਬਿਨਾਂ ਇਸ ਦਲ-ਬਦਲੀ ਦੇ ਪੂਰੇ ਸਿਆਸੀ ਮਾਅਨੇ ਸਮਝਣੇ ਮੁਸ਼ਕਲ ਹਨ।
ਦਬਾਅ ਅਤੇ ਪਰੇਸ਼ਾਨੀਆਂ ਦਾ ਜ਼ਿਕਰ
ਗੁਰਪ੍ਰੀਤ ਸਿੰਘ ਮੁਤਾਬਕ ਇਨ੍ਹਾਂ ਤਿੰਨ ਆਗੂਆਂ ਦੇ ਪਾਰਟੀ ਛੱਡਣ ਪਿੱਛੇ ਸਰਕਾਰ ਦੇ ਕਾਰਜਕਾਲ ਦੌਰਾਨ ਪੈਦਾ ਹੋਈ ਨਾਰਾਜ਼ਗੀ ਵੀ ਅਹਿਮ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਆਗੂਆਂ ਵੱਲੋਂ ਸਰਕਾਰ ਦੇ ਕੰਮਕਾਜ ਅਤੇ ਨੀਤੀਆਂ ‘ਤੇ ਸਵਾਲ ਚੁੱਕੇ ਜਾਂਦੇ ਰਹੇ। ਉਨ੍ਹਾਂ ਨੇ ਦਬਾਅ ਅਤੇ ਪਰੇਸ਼ਾਨੀਆਂ ਦਾ ਵੀ ਜ਼ਿਕਰ ਕੀਤਾ। ਖ਼ਾਸ ਕਰਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਪਾਰਟੀ ਨਾਲ ਖਿੱਚੋਤਾਣ ਲਗਾਤਾਰ ਚਰਚਾ ਵਿੱਚ ਰਹੀ। ਉਹ ਆਪਣੀ ਹੀ ਸਰਕਾਰ ਦੇ ਕੰਮਕਾਜ ‘ਤੇ ਸਵਾਲ ਉਠਾਉਂਦੇ ਰਹੇ, ਜਿਸ ਕਾਰਨ ਉਨ੍ਹਾਂ ਦੇ ਪਾਰਟੀ ਵਿੱਚੋਂ ਬਾਹਰ ਹੋਣ ਦੀਆਂ ਕਿਆਸਅਰਾਈਆਂ ਵੀ ਲੱਗਦੀਆਂ ਰਹੀਆਂ।
ਸੀਨੀਅਰ ਪੱਤਰਕਾਰ ਗੁਰਪ੍ਰੀਤ ਸਿੰਘ ਮੁਤਾਬਕ “ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਅੰਮ੍ਰਿਤਸਰ ਨਾਰਥ ਦੇ ਲੋਕਾਂ ਵੱਲੋਂ ਵੱਡਾ ਸਮਰਥਨ ਮਿਲਿਆ ਸੀ। ਹੁਣ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਲੋਕਾਂ ਵਿੱਚ ਉਨ੍ਹਾਂ ਦੇ ਫ਼ੈਸਲੇ ਨੂੰ ਲੈ ਕੇ ਵੱਖ–ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਲੋਕਾਂ ਵਿੱਚ ਉਨ੍ਹਾਂ ਦੀ ਪੁਰਾਣੀ ਪਛਾਣ ਅਤੇ ਹੁਣ ਲਏ ਗਏ ਸਿਆਸੀ ਫ਼ੈਸਲੇ ਨੂੰ ਲੈ ਕੇ ਹੈਰਾਨੀ ਦੇ ਨਾਲ ਉਤਸੁਕਤਾ ਵੀ ਹੈ।”
ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਦੂਜੀਆਂ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਸਾਹਮਣੇ ਨਵੀਂ ਪਾਰਟੀ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਚੁਣੌਤੀ ਰਹਿੰਦੀ ਹੈ। ਇਸ ਸਬੰਧ ਵਿੱਚ ਉਨ੍ਹਾਂ ਨੇ ਡਾ. ਰਾਜ ਕੁਮਾਰ ਵੇਰਕਾ ਦੀ ਉਦਾਹਰਨ ਵੀ ਦਿੱਤੀ, ਜੋ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਮੁਤਾਬਕ ਨਵੀਂ ਪਾਰਟੀ ਵਿੱਚ ਜਾਣ ਤੋਂ ਬਾਅਦ ਆਗੂਆਂ ਨੂੰ ਆਪਣੇ ਸਿਆਸੀ ਪ੍ਰਭਾਵ ਅਤੇ ਪਛਾਣ ਨੂੰ ਕਾਇਮ ਰੱਖਣ ਲਈ ਨਵੇਂ ਸਿਰੇ ਤੋਂ ਮਿਹਨਤ ਕਰਨੀ ਪੈਂਦੀ ਹੈ।
ETV BHARAT
ਵਿਧਾਨ ਸਭਾ ‘ਚ ‘ਆਪ‘ ਦੀਆਂ ਸੀਟਾਂ ਘਟ ਕੇ ਰਹੀਆਂ 92, ਦਲ–ਬਦਲ ਵਿਰੋਧੀ ਕਾਨੂੰਨ ਤਹਿਤ ਜੌੜਾਮਾਜਰਾ ‘ਤੇ ਕਾਰਵਾਈ ਸ਼ੁਰੂ
ਦੋ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ, ਸਦਨ ਵਿੱਚ ਪਾਰਟੀਆਂ ਦਾ ਬਦਲਿਆ ਅਧਿਕਾਰਤ ਗਣਿਤ।
ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਵਿਧਾਇਕਾਂ ਦੇ ਅਸਤੀਫ਼ੇ ਪ੍ਰਵਾਨ ਹੋਣ ਤੋਂ ਬਾਅਦ ਹੁਣ ਵਿਧਾਨ ਸਭਾ ਦੇ ਅੰਦਰ ਪਾਰਟੀਆਂ ਦਾ ਅਧਿਕਾਰਤ ਗਣਿਤ ਪੂਰੀ ਤਰ੍ਹਾਂ ਬਦਲ ਗਿਆ ਹੈ। ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦੋ ਵਿਧਾਇਕਾਂ ਦੇ ਅਸਤੀਫ਼ੇ ਮਨਜ਼ੂਰ ਕੀਤੇ ਜਾਣ ਤੋਂ ਬਾਅਦ ਸਦਨ ਵਿੱਚ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਅਧਿਕਾਰਤ ਤਾਕਤ ਘੱਟ ਗਈ ਹੈ। ਇਸ ਦੇ ਨਾਲ ਹੀ ਪਾਰਟੀ ਵੱਲੋਂ ਦਲ-ਬਦਲ ਵਿਰੋਧੀ ਕਾਨੂੰਨ ਤਹਿਤ ਸ਼ੁਰੂ ਕੀਤੀ ਕਾਨੂੰਨੀ ਕਾਰਵਾਈ ਅਤੇ ਪਾਰਟੀ ਅੰਦਰੂਨੀ ਫੁੱਟ ਨੂੰ ਲੈ ਕੇ ਵੱਡੇ ਖ਼ੁਲਾਸੇ ਸਾਹਮਣੇ ਆਏ ਹਨ।