ਪਿੰਡ ਵਾਸੀਆਂ ਵਲੋਂ ਇਤਰਾਜ਼
ਬਰਨਾਲਾ ਦੇ ਪਿੰਡ ਕੁੱਬੇ ਵਿੱਚ ਮੁਹੱਲਾ ਕਲੀਨਿਕ ਨੂੰ ਲੈ ਕੇ ਵਿਵਾਦ। ਧਰਮਸ਼ਾਲਾ ‘ਤੇ ਰੰਗ ਮਾਰ ਕੇ ਬਣਾਇਆ ਕਲੀਨਿਕ।
01 ਮਈ, 2026 – ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਕੁੱਬੇ ਵਿੱਚ ਮੁਹੱਲਾ ਕਲੀਨਿਕ ਬਣਨ ਤੋਂ ਪਹਿਲਾਂ ਹੀ ਵਿਰੋਧ ਦੀ ਸੁਰ ਤੇਜ਼ ਹੋ ਗਈ ਹੈ। ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਪਿੰਡ ਦੀ ਪੁਰਾਣੀ ਧਰਮਸ਼ਾਲਾ ਨੂੰ ਮਹਿਜ਼ ਰੰਗ-ਰੋਗਨ ਕਰਕੇ ਉਸ ਨੂੰ ਮੁਹੱਲਾ ਕਲੀਨਿਕ ਦਾ ਰੂਪ ਦਿੱਤਾ ਜਾ ਰਿਹਾ ਹੈ, ਜਿੱਥੇ ਇੱਕ ਪਾਸੇ ਪਿੰਡ ਦੇ ਕੁਝ ਲੋਕ ਇਸ ਦਾ ਸਖ਼ਤ ਵਿਰੋਧ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਪੰਚਾਇਤ ਇਸ ਨੂੰ ਪਿੰਡ ਦੇ ਵਿਕਾਸ ਲਈ ਜ਼ਰੂਰੀ ਦੱਸ ਰਹੀ ਹੈ।
ਪੁਰਾਣੀ ਧਰਮਸ਼ਾਲਾ ਵਿੱਚ ਬਣਾਏ ਜਾ ਰਹੇ ਮੁਹੱਲਾ ਕਲੀਨਿਕ
ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾ ਰਹੇ ਹਨ। ਪਰ, ਹਲਕਾ ਭਦੌੜ ਦੇ ਪਿੰਡ ਕੁੱਬੇ ਵਿੱਚ ਇਹ ਮਾਮਲਾ ਵਿਵਾਦਾਂ ਵਿੱਚ ਘਿਰ ਗਿਆ ਹੈ। ਪਿੰਡ ਦੀ ਪੁਰਾਣੀ ਧਰਮਸ਼ਾਲਾ ਵਿੱਚ ਬਣਾਏ ਜਾ ਰਹੇ ਕਲੀਨਿਕ ਦਾ ਵਿਰੋਧ ਕਰਦਿਆਂ ਰਣਜੋਧ ਸਿੰਘ, ਜਗਦੇਵ ਸਿੰਘ ਅਤੇ ਲਾਭ ਸਿੰਘ ਨੇ ਦੱਸਿਆ ਕਿ ਇਹ ਧਰਮਸ਼ਾਲਾ 40-45 ਸਾਲ ਪਹਿਲਾਂ ਪਿੰਡ ਵਾਸੀਆਂ ਨੇ ਉਗਰਾਹੀ ਕਰਕੇ ਗ਼ਰੀਬ ਪਰਿਵਾਰਾਂ ਦੇ ਸਮਾਗਮਾਂ ਲਈ ਬਣਾਈ ਸੀ।
“ਕਲੀਨਿਕ ਕਿਸੇ ਨਵੀਂ ਜਗ੍ਹਾ ‘ਤੇ ਬਣਾਇਆ ਜਾਵੇ“
ਵਿਰੋਧ ਕਰ ਰਹੇ ਪਿੰਡ ਵਾਸੀਆਂ ਰਣਜੋਧ ਸਿੰਘ ਅਤੇ ਜਗਦੇਵ ਸਿੰਘ ਨੇ ਇਲਜ਼ਾਮ ਲਾਇਆ ਕਿ, “ਪੰਚਾਇਤ ਨੇ ਰੰਗ–ਰੋਗਨ ਦਾ ਬਹਾਨਾ ਬਣਾ ਕੇ ਧਰਮਸ਼ਾਲਾ ਵਿੱਚੋਂ ਸਾਂਝੇ ਬਰਤਨ ਬਾਹਰ ਕੱਢਵਾ ਦਿੱਤੇ ਅਤੇ ਹੁਣ ਉੱਥੇ ਕਲੀਨਿਕ ਬਣਾਇਆ ਜਾ ਰਿਹਾ ਹੈ। ਵਿਰੋਧ ਕਰ ਰਹੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਕਲੀਨਿਕ ਦੇ ਖ਼ਿਲਾਫ਼ ਨਹੀਂ ਹਨ, ਪਰ ਕਲੀਨਿਕ ਕਿਸੇ ਨਵੀਂ ਜਗ੍ਹਾ ‘ਤੇ ਬਣਾਇਆ ਜਾਵੇ, ਤਾਂ ਜੋ ਪਿੰਡ ਦੀ ਧਰਮਸ਼ਾਲਾ ਦੀ ਸਹੂਲਤ ਖ਼ਤਮ ਨਾ ਹੋਵੇ।”
ਪੰਚਾਇਤ ਦੇ ਸਰਪੰਚ ਨੇ ਕਿਹਾ–ਲੋਕ ਸਿਆਸਤ ਕਰ ਰਹੇ
ਦੂਜੇ ਪਾਸੇ, ਪਿੰਡ ਦੇ ਸਰਪੰਚ ਹਰਦੇਵ ਸਿੰਘ ਅਤੇ ਪਿੰਡ ਵਾਸੀ ਪਰਮਿੰਦਰ ਸਿੰਘ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ ਕਿ, “ਮੁਹੱਲਾ ਕਲੀਨਿਕ ਪੂਰੇ ਪਿੰਡ ਦੀ ਸਹਿਮਤੀ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ, ਪਹਿਲਾਂ ਇਸ ਜਗ੍ਹਾ ‘ਤੇ ਪਸ਼ੂ ਬੰਨ੍ਹੇ ਜਾਂਦੇ ਸਨ, ਉਦੋਂ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਪਰ ਹੁਣ ਜਦੋਂ ਲੋਕਾਂ ਦੀ ਭਲਾਈ ਲਈ ਕੰਮ ਹੋ ਰਿਹਾ ਹੈ, ਤਾਂ ਕੁਝ ਲੋਕ ਜਾਣਬੁੱਝ ਕੇ ਸਿਆਸਤ ਕਰ ਰਹੇ ਹਨ। ਪੰਚਾਇਤ ਦਾ ਦਾਅਵਾ ਹੈ ਕਿ ਕਲੀਨਿਕ ਬਣਨ ਨਾਲ ਪਿੰਡ ਦੇ ਗ਼ਰੀਬ ਲੋਕਾਂ ਨੂੰ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ।”
ਨਿਯਮਾਂ ਅਨੁਸਾਰ ਕਲੀਨਿਕ ਬਣ ਰਿਹਾ
ਇਸ ਮਾਮਲੇ ਸਬੰਧੀ ਜਦੋਂ ਬਰਨਾਲਾ ਦੇ ਡੀਡੀਪੀਓ ਨੀਰੂ ਗਰਗ ਨਾਲ ਗੱਲ ਕੀਤੀ ਗਈ, ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕੋਲ ਅਜੇ ਤੱਕ ਕੋਈ ਲਿਖਤੀ ਇਤਰਾਜ਼ ਨਹੀਂ ਪਹੁੰਚਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਇਸ ਮਾਮਲੇ ਦੀ ਜਲਦ ਜਾਂਚ ਕੀਤੀ ਜਾਵੇਗੀ ਅਤੇ ਪੰਚਾਇਤੀ ਜ਼ਮੀਨ ‘ਤੇ ਹੀ ਨਿਯਮਾਂ ਅਨੁਸਾਰ ਕਲੀਨਿਕ ਬਣਾਇਆ ਜਾਵੇਗਾ। ਫਿਲਹਾਲ ਧਰਮਸ਼ਾਲਾ ਦੀ ਇਮਾਰਤ ਨੂੰ ਪੇਂਟ ਕਰ ਦਿੱਤਾ ਗਿਆ ਹੈ, ਪਰ ਕੰਮ ਰੁਕਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਵਿਵਾਦ ਨੂੰ ਕਿਵੇਂ ਸੁਲਝਾਉਂਦਾ ਹੈ।
ETV BHARAT