ਮੋਗਾ ਦੇ ਨੌਜਵਾਨ ਰਾਜਕਿਰਤ ਨੇ ਵਿਦੇਸ਼ ਜਾਣਾ ਦਾ ਸੁਫ਼ਨਾ ਛੱਡ ਕੇ ਕੁਝ ਵੱਖਰਾ ਕਰਕੇ ਨੌਜਵਾਨਾਂ ਨੂੰ ਸੇਧ ਦਿੱਤੀ ਹੈ।
01 ਮਈ, 2026 – ਮੋਗਾ: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਨੌਜਵਾਨ 12ਵੀਂ ਜਮਾਤ ਦੀ ਪੜ੍ਹਈ ਖ਼ਤਮ ਕਰਨ ਤੋਂ ਬਾਅਦ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ ਦਾ ਰੁਖ ਕਰ ਦਿੰਦੇ ਹਨ। ਪਰ ਅਸੀਂ ਇੱਕ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਜਿਸ ਵਿੱਚ ਇੱਕ ਨੌਜਵਾਨ ਵਿਦੇਸ਼ ਜਾਣ ਦਾ ਸੁਫ਼ਨਾ ਛੱਡ ਕੇ ਪੰਜਾਬ ਦੀ ਧਰਤੀ ‘ਤੇ ਰਹਿ ਕੇ ਹੀ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੋਗਾ ਦੇ ਨੌਜਵਾਨ ਰਾਜਕਿਰਤ ਸਿੰਘ ਦੀ, ਜਿਸ ਨੇ ਨਾ ਸਿਰਫ਼ ਆਪਣੇ ਪੈਰਾਂ ‘ਤੇ ਖੜ੍ਹੇ ਹੋ ਕੇ ਰੁਜ਼ਗਾਰ ਸ਼ੁਰੂ ਕੀਤਾ ਸਗੋਂ ਸਮਾਜ ਨੂੰ ਇੱਕ ਸਕਾਰਾਤਮਕ ਸੋਚ ਵੀ ਦਿੱਤੀ।
ਡੀਸੀ ਦਫ਼ਤਰ ਦੇ ਬਾਹਰ “ਪੰਜਾਬੀ ਲੰਚ ਪੋਇੰਟ” ਖਾਣੇ ਦਾ ਸਟਾਲ
ਰਾਜਕਿਰਤ ਸਿੰਘ ਨੇ ਮੋਗਾ ਦੇ ਡੀਸੀ ਦਫ਼ਤਰ ਦੇ ਬਾਹਰ “ਪੰਜਾਬੀ ਲੰਚ ਪੋਇੰਟ” ਖਾਣੇ ਦਾ ਸਟਾਲ ਲਗਾਉਂਦਾ ਹੈ। ਇਹ ਸਿਰਫ ਖਾਣੇ ਦਾ ਹੀ ਸਟਾਲ ਨਹੀਂ, ਬਲਕਿ ਇੱਕ ਨਵੀਂ ਸੋਚ ਦਾ ਪ੍ਰਤੀਕ ਬਣ ਚੁੱਕਾ ਹੈ। ਇੱਥੇ ਕੜੀ ਚਾਵਲ ਤੇ ਰਾਜਮਾਂਹ ਚਾਵਲ ਦੇ ਸੁਆਦ ਦੇ ਨਾਲ-ਨਾਲ ਗਾਹਕਾਂ ਨੂੰ ਪੜ੍ਹਨ ਲਈ ਕਿਤਾਬਾਂ ਵੀ ਮਿਲਦੀਆਂ ਹਨ। ਇਸੇ ਸਬੰਧੀ ਈਟੀਵੀ ਭਾਰਤ ਦੀ ਟੀਮ ਵੱਲੋਂ ਰਾਜਕਿਰਤ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੀ ਕਹਾਣੀ ਸਾਂਝੀ ਕੀਤੀ, ਆਓ ਜਾਣਦੇ ਹਾਂ ਰਾਜਕਿਰਤ ਦੇ ਸਫ਼ਰ ਬਾਰੇ…
ਕਦੇ ਵਿਦੇਸ਼ ਜਾਣ ਦਾ ਦੇਖਿਆ ਸੀ ਸੁਫ਼ਨਾ
ਰਾਜਕਿਰਤ ਨੇ ਦੱਸਿਆ ਕਿ “ਮੈਂ 2023 ਵਿੱਚ 12ਵਾਂ ਜਮਾਤ ਪਾਸ ਕੀਤੀ, ਉਸ ਤੋਂ ਬਾਅਦ ਵਿਦੇਸ਼ ਜਾਣ ਦਾ ਸੁਫ਼ਨਾ ਦੇਖਿਆ ਸੀ। ਵਿਦੇਸ਼ ਜਾਣ ਲਈ ਮੈਂ 2 ਵਾਰ ਅਪਲਾਈ ਕੀਤਾ, ਪਰ ਕੈਨੇਡਾ ਵੱਲੋਂ ਵੀਜ਼ਾ ਨਹੀਂ ਦਿੱਤਾ ਗਿਆ। ਮੈਂ ਨਿਰਾਸ਼ ਹੋਣ ਦੀ ਬਜਾਏ ਕੁਝ ਵੱਖਰਾ ਕਰਨ ਦਾ ਸੋਚਿਆ। ਮੈਂ ਨੌਕਰੀ ਨਹੀਂ ਕਰਨਾ ਚਾਹੁੰਦੇ ਸੀ। ਇਸ ਕਰਕੇ ਮੇਰੇ ਦਿਲ ਵਿੱਚ “ਪੰਜਾਬੀ ਲੰਚ ਪੋਇੰਟ” ਖੋਲ੍ਹਣ ਦਾ ਵਿਚਾਰ ਆਇਆ।”
ਆਪਣੀ ਗੱਡੀ ਨਾਲ ਹੀ ਸ਼ੂਰੁ ਕਰ ਦਿੱਤਾ ਕੰਮ
ਰਾਜਕਿਰਤ ਨੇ ਕਿਹਾ ਕਿ “ਮੈਂ ਸਵਿੱਫਟ ਗੱਡੀ ਵਿੱਚ ਹੀ ਖਾਣਾ ਰੱਖਿਆ ਅਤੇ ਲੋਕਾਂ ਦੇ ਪੜ੍ਹਨ ਲਈ ਕਿਤਾਬਾਂ ਰੱਖੀਆਂ। ਫਿਰ ਮੈਂ ਇੱਕ ਗਾਣੇ ਸੁਣਨ ਲਈ ਸਪਿੱਕਰ ਵੀ ਰੱਖੇ ਹੋਏ ਹਨ, ਜਿਸ ਨਾਲ ਗਾਹਕ ਨੂੰ ਇੱਕ ਮਿੰਨੀ ਰੈਸਟੋਰੈਂਟ ਵਿੱਚ ਖਾਣ ਦਾ ਅਹਿਸਾਸ ਹੋਵੇ। ਗਾਹਕ ਕਦੇ ਇਹ ਨਾ ਸੋਚਣ ਕਿ ਉਹ ਰੋਡ ‘ਤੇ ਬੈਠ ਕੇ ਖਾ ਰਹੇ ਹਾਂ। ਇੱਥੇ ਬੈਠ ਕੇ ਗਾਹਕ ਸੁਆਦੀ ਖਾਣਾ ਵੀ ਖਾ ਸਕਦਾ ਹਨ ਅਤੇ ਕਿਤਾਬਾਂ ਵੀ ਪੜ੍ਹ ਸਕਦਾ ਹਨ।
ਖਾਣਾ ਬਣਾਉਣਾ ਦੇ ਨਾਲ–ਨਾਲ ਬੁੱਕ ਲਵਰ ਵੀ ਨੇ ਰਾਜਕਿਰਤ
ਰਾਜਕਿਰਤ ਨੇ ਦੱਸਿਆ ਕਿ ਉਸ ਨੇ ਇਹ ਕੰਮ ਸ਼ੁਰੂ ਕੀਤੇ ਨੂੰ 5 ਮਹੀਨੇ ਹੋ ਗਏ ਹਨ, ਉਸ ਨੇ ਇਹ ਕੰਮ ਸਰਦੀਆਂ ਵਿੱਚ ਸ਼ੁਰੂ ਕੀਤਾ ਸੀ। ਇਸ ਕੰਮ ਦੇ ਨਾਲ-ਨਾਲ ਗੁਰਕਿਰਤ “ਬੁੱਕ ਲਵਰ“ ਵੀ ਹਨ, ਉਹ ਵਿਹਲੇ ਸਮੇਂ ਵਿੱਚ ਕਿਤਾਬਾਂ ਪੜ੍ਹਦੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਵਿਚਾਰ ਆਇਆ ਕਿ ਇੱਥੇ ਆਉਣ ਵਾਲੇ ਗਾਹਕਾਂ ਲਈ ਵੀ ਕਿਤਾਬਾਂ ਰੱਖੀਆਂ ਜਾਣ, ਇਸੇ ਕਰਕੇ ਹੁਣ ਜੋ ਵੀ ਗਾਹਕ ਇੱਥੇ ਆਉਂਦਾ, ਖਾਣਾ ਵੀ ਖਾਂਦਾ ਅਤੇ ਨਾਲ-ਨਾਲ ਕਿਤਾਬਾਂ ਪੜ੍ਹਦੇ ਹੋਏ ਸੈਲਫੀਆਂ ਵੀ ਲੈਂਦੇ ਹਨ।
“ਪਹਿਲਾਂ ਮੈਨੂੰ ਲੱਗਿਆ ਸੀ ਕਿ ਪੰਜਾਬ ਵਿੱਚ ਕੁਝ ਨਹੀਂ ਹੈ, ਇਸ ਕਰਕੇ ਮੈਂ 2 ਵਾਰ ਵਿਦੇਸ਼ ਦਾ ਵੀਜ਼ਾ ਅਪਲਾਈ ਕੀਤਾ। ਪਰ ਕੁਝ ਕਰਨ ਲਈ ਰਿਸਕ ਤਾਂ ਲੈਣਾ ਹੀ ਪੈਂਦਾ ਹੈ, ਮੈਂ ਰਿਸਕ ਲੈ ਕੇ ਇਹ ਕੰਮ ਸ਼ੁਰੂ ਕਰ ਦਿੱਤਾ ਅਤੇ 5 ਮਹੀਨਿਆਂ ਵਿੱਚ ਮੈਂ ਵਧੀਆ ਕਮਾਈ ਕੀਤੀ। ਹੁਣ ਮੈਨੂੰ ਕਿਸੇ ਗੱਲ ਦੀ ਫਿਕਰ ਨਹੀਂ ਹੈ। ਹੁਣ ਮੈਂ ਆਪਣੇ ਦੋਸਤਾਂ ਨੂੰ ਵੀ ਇਹੀ ਕਹਿੰਦਾ ਹਾਂ ਕਿ ਬੇਸ਼ੱਕ ਮੈਂ ਕੈਨੇਡਾ ਨਾਲੋਂ ਘੱਟ ਕਮਾ ਰਿਹਾ ਹਾਂ ਪਰ ਮੈਂ ਸਕੂਨ ਨਾਲ ਵਧੀਆ ਰੋਟੀ ਖਾ ਰਿਹਾ ਹਾਂ ਅਤੇ ਆਪਣੇ ਪਰਿਵਾਰ ਵਿੱਚ ਰਹਿ ਰਿਹਾ ਹਾਂ।”- ਰਾਜਕਿਰਤ ਸਿੰਘ
“ਇਹ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਹੋਈ“
ਗੁਰਕਿਰਤ ਨੇ ਕਿਹਾ ਕਿ ਮੈਨੂੰ ਕਦੇ ਵੀ ਇਹ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਨਹੀਂ ਹੋਈ, ਕਿਉਂਕਿ ਕੁਝ ਵੱਡਾ ਕਰਨ ਲਈ ਛੋਟੇ ਤੋਂ ਸ਼ੁਰੂਆਤ ਕਰਨੀ ਜ਼ਰੂਰੀ ਹੁੰਦੀ ਹੈ। ਪਰ ਮੁਸ਼ਕਲ ਇਹ ਆਈ ਕਿ ਸੁਸਾਇਟੀ ਦੇ ਲੋਕਾਂ ਨੇ ਉਸ ਦੇ ਕੰਮ ਨੂੰ ਪਸੰਦ ਨਹੀਂ ਕੀਤਾ, ਹਮੇਸ਼ਾ ਕਹਿੰਦੇ ਰਹਿੰਦੇ ਹਨ ਕੀ ਇਹ ਕੰਮ ਛੱਡ ਕੇ ਕੋਈ ਹੋਰ ਕੰਮ ਕਰ ਲੈ। ਉਨ੍ਹਾਂ ਨੇ ਕਦੇ ਵੀ ਰਾਜਕਿਰਤ ਦੀ ਹੌਸਲਾ ਅਫਜਾਈ ਨਹੀਂ ਕੀਤੀ। ਪਰ ਗੁਰਕਿਰਤ ਦਾ ਕਹਿਣਾ ਹੈ ਕਿ ਲੋਕਾਂ ਨੂੰ ਖਾਣਾ ਪਸੰਦ ਆ ਰਿਹਾ ਹੈ ਅਤੇ ਉਸ ਨੂੰ ਇਸ ਕੰਮ ਕਰਨ ਵਿੱਚ ਕੋਈ ਦਿੱਕਤ ਨਹੀਂ ਅਤੇ ਉਹ ਆਪਣੇ ਇਸ ਕਿੱਤੇ ਨੂੰ ਜਾਰੀ ਰੱਖਣਗੇ।
“ਜੋ ਨੌਜਵਾਨ ਸੋਚਦੇ ਹਨ ਕਿ ਪੰਜਾਬ ਵਿੱਚ ਰਹਿ ਕੇ ਕੁਝ ਨਹੀਂ ਕਰ ਸਕਦੇ, ਮੈਂ ਉਨ੍ਹਾਂ ਨੌਜਵਾਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਹਾਂ ਕਿ ਥੋੜੀ ਹਿੰਮਤ ਅਤੇ ਰਿਸਕ ਦੀ ਲੋੜ ਹੈ। ਤੁਸੀਂ ਖਾਣੇ ਦਾ ਕੰਮ ਹੀ ਨਹੀਂ ਹੋਰ ਵੀ ਬਹੁਤ ਤਰ੍ਹਾਂ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਬੱਸ ਜਰੂਰਤ ਹੈ ਤਾਂ ਸਬਰ ਅਤੇ ਸ਼ਹਿਤਣਸ਼ਕਤੀ ਦੀ।” – ਰਾਜਕਿਰਤ ਸਿੰਘ
“ਜਿਸ ਨੂੰ ਕੰਮ ਕਰਨ ਦਾ ਤਰੀਕਾ, ਉਸ ਦਾ ਇੱਥੇ ਹੀ ਅਮਰੀਕਾ“
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਨੂੰਕੰਮ ਕਰਨ ਦਾ ਤਰੀਕਾ, ਉਸ ਦਾ ਇਥੇ ਹੀ ਅਮਰੀਕਾ”, ਕੰਮ ਕਰਨ ਦੇ ਲਈ ਪੈਸਿਆਂ ਦੀ ਨਹੀਂ ਦਿਮਾਗ ਦੀ ਜ਼ਰੂਰਤ ਹੁੰਦੀ ਹੈ। ਕਈ ਲੋਕ ਹੁੰਦੇ ਹਨ ਜਿਨ੍ਹਾਂ ਕੋਲ ਪੈਸਾ ਬਹੁਤ ਹੈ ਪਰ ਦਿਮਾਗ ਹੈ ਨਹੀਂ ਹੁੰਦਾ। ਇਸ ਕੰਮ ਵਿੱਚ ਗੁਕੀਰਤ ਦੇ ਮਾਤਾ-ਪਿਤਾ ਨੇ ਵੱਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਉਹ ਸਾਰੇ ਮਿਲ ਕੇ ਖਾਣਾ ਤਿਆਰ ਕਰਦੇ ਹਨ। ਜਿਵੇਂ ਰਾਜਮਾਂਹ ਰਾਜਕਿਰਤ ਬਣਾਉਂਦਾ ਹੈ ਅਤੇ ਕੜੀ ਚਾਵਲ ਉਨ੍ਹਾਂ ਦੀ ਮੰਮੀ ਵੱਲੋਂ ਤਿਆਰ ਕੀਤਾ ਜਾਂਦਾ ਹੈ, ਬਾਕੀ ਪੈਕਿੰਗ ਵਗੈਰਾ ਦਾ ਕੰਮ ਉਨ੍ਹਾਂ ਦੇ ਪਿਤਾ ਕਰਵਾ ਦਿੰਦੇ ਹਨ।
ਸਟਾਲ ਲਗਾਉਣ ਦਾ ਸਮਾਂ
ਗੁਰਕਿਰਤ ਨੇ ਕਿਹਾ ਉਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਸਟਾਲ ਲਗਾਉਂਦੇ ਹਨ ਅਤੇ ਇਸ ਦੌਰਾਨ ਉਨ੍ਹਾਂ ਵੱਲੋਂ ਲਿਆਦਾਂ ਗਿਆ ਸਾਰਾ ਖਾਣਾ ਵਿਕ ਜਾਂਦਾ ਹੈ। ਉਸ ਦਾ ਕਹਿਣਾ ਹੈ ਕਿ ਇਸ ਕੰਮ ਨੂੰ ਚਲਾਉਣ ਲਈ ਕਾਰ ਉਸ ਕੋਲ ਪਹਿਲਾਂ ਹੀ ਹੈ ਸੀ ਅਤੇ ਬਾਕੀ ਸਮਾਨ ਲਿਆਉਣ ਲਈ 40-50 ਹਜ਼ਾਰ ਰੁਪਏ ਖਰਚਾ ਆਇਆ। ਕਿਸੇ ਸਮੇਂ ਉਸ ਨੇ ਵਿਦੇਸ਼ ਜਾਣ ਲਈ 5 ਲੱਖ ਖਰਾਬ ਕੀਤਾ ਪਰ ਉਸ ਦੇ ਬਦਲੇ ਕੁਝ ਨਹੀਂ ਮਿਲਿਆ ਪਰ ਹੁਣ 50 ਹਜ਼ਾਰ ਰੁਪਏ ਨਾਲ ਇਹ ਕੰਮ ਸ਼ੁਰੂ ਕਰਕੇ ਹੁਣ ਤੱਕ ਉਸ ਨੇ ਕਾਫ਼ੀ ਪੈਸੇ ਕਮਾ ਲਏ ਹਨ। ਉਨ੍ਹਾਂ ਕਿਹਾ ਕਿ ਧੱਕੇ ਖਾ ਕੇ ਹੀ ਬੰਦਾ ਕੁਝ ਸਿੱਖਦਾ ਹੈ।
ਨੌਜਵਾਨਾਂ ਨੂੰ ਅਪੀਲ
ਗੁਰਕਿਰਤ ਨੇ ਨੌਜਵਾਨਾਂ ਨੂੰ ਕਿਹਾ ਕਿ ਜੋ ਪਹਿਲੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਸਕੂਨ ਹੈ, ਇੱਥੇ ਰਹਿ ਕੇ ਬੰਦਾ ਵਿਦੇਸ਼ ਨਾਲੋਂ ਘੱਟ ਪੈਸੇ ਜ਼ਰੂਰ ਕਮਾਉਂਦਾ ਪਰ ਇੱਥੇ ਸਕੂਨ ਦੀ ਜ਼ਿੰਦਗੀ ਜੀਅ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜਦੋਂ ਇਸ ਕੰਮ ਲਈ ਲੋਕੇਸ਼ਨ ਦੀ ਚੋਣ ਕੀਤੀ ਤਾਂ ਡੀਸੀ ਦਫਤਰ ਦੇ ਸਾਹਮਣੇ ਹੀ ਲਗਾਉਣ ਦਾ ਫੈਸਲਾ ਕੀਤਾ। ਪਰ ਸਭ ਨੇ ਉਨ੍ਹਾਂ ਨੂੰ ਕਿਹਾ ਕਿ ਲੋਕੇਸ਼ਨ ਸਹੀ ਨਹੀਂ ਹੈ, ਬਜ਼ਾਰ ਵਿੱਚ ਸਟਾਲ ਲਗਾਓ, ਇੱਥੇ ਕਿਸੇ ਨੇ ਨਹੀਂ ਆਉਣਾ। ਪਰ ਗੁਰਕਿਰਤ ਦਾ ਕਹਿਣਾ ਹੈ ਕਿ ਜਦੋਂ ਕਿਸੇ ਨੂੰ ਵਧੀਆ ਖਾਣਾ ਮਿਲ ਰਿਹਾ ਹੈ ਅਤੇ ਪੂਰਾ ਸਾਫ ਸਫਾਈ ਦਾ ਮਿਲ ਰਿਹਾ ਹੈ ਤਾਂ ਲੋਕ ਆਪ ਆਉਂਦੇ ਹਨ। ਹੁਣ ਉਸ ਕੋਲ ਡੀਸੀ ਦਫਤਰ ਦੇ ਅਧਿਆਰੀ ਅਤੇ ਬਾਹਰੋਂ ਆਉਣ ਵਾਲੇ ਲੋਕਾਂ ਦੇ ਨਾਲ-ਨਾਲ ਦੂਰ ਦੂਰਾਡੇ ਤੋਂ ਵੀ ਲੋਕ ਖਾਣਾ ਖਾਣ ਆਉਂਦੇ ਹਨ।
ਆਉਂਦੇ ਸਮੇਂ ‘ਚ ਮੋਗੇ ਵਿੱਚ ਖੋਲ੍ਹਣਗੇ ਢਾਬਾ
ਗੁਰਕਿਰਤ ਦਾ ਕਹਿਣਾ ਹੈ ਕਿ ਫਿਲਹਾਲ ਤਾਂ ਉਨ੍ਹਾਂ ਵੱਲੋਂ ਖਾਣੇ ਵਿੱਚ ਤਿੰਨ ਚੀਜ਼ਾਂ ਹੀ ਦਿੱਤੀਆਂ ਜਾ ਰਹੀਆਂ ਹਨ, ਜਿਸ ਵਿੱਚ ਕੜੀ ਚਾਵਲ ਅਤੇ ਰਾਜਮਾਂਹ ਚਾਵਲ ਹਨ ਕਿਉਂਕਿ ਸਿਲੰਡਰ ਦੀ ਦਿੱਕਤ ਕਾਰਨ ਥੋੜੀ ਪ੍ਰੇਸ਼ਾਨੀ ਆ ਰਹੀ ਹੈ, ਪਰ ਸਾਲ ਦੇ ਆਖੀਰ ਵਿੱਚ ਉਹ ਇਨ੍ਹਾਂ ਵਿੱਚ ਹੋਰ ਚੀਜ਼ਾਂ ਵੀ ਸ਼ਾਮਲ ਕਰਨਗੇ ਅਤੇ ਮੋਗੇ ਵਿੱਚ ਆਪਣਾ ਇੱਕ ਢਾਬਾ ਖੋਲ੍ਹਣਗੇ।
“ਪਰਿਵਾਰ ਨੂੰ ਗੁਰਕਿਰਤ ‘ਤੇ ਮਾਣ“
ਇਸੇ ਸਬੰਧੀ ਜਦੋਂ ਗੁਰਕਿਰਤ ਦੇ ਮਾਤਾ-ਪਿਤਾ ਨਾਲ ਫੋਨ ‘ਤੇ ਗੱਲਬਾਤ ਕੀਤੀ ਗਈ ਤਾਂ ਗੁਰਕਿਰਤ ਦੇ ਪਿਤਾ ਨੇ ਦੱਸਿਆ ਕਿ “ਇਸ ਨਵੇਂ ਤਰੀਕੇ ਨੂੰ ਲੋਕਾਂ ਵੱਲੋਂ ਬਹੁਤ ਜਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਨਾਲ ਪਰਿਵਾਰ ਨੂੰ ਮਾਣ ਮਹਿਸੂਸ ਹੋ ਰਿਹਾ ਹੈ।”
“ਆਪਣੇ ਪੁੱਤਰ ਦਾ ਇਸ ਕੰਮ ਵਿੱਚ ਪੂਰਾ ਸਾਥ ਦਿੰਦੀ ਹਾਂ“
ਗੁਰਕਿਰਤ ਦੇ ਮਾਤਾ ਪਰਮਿੰਦਰ ਕੌਰ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਇਸ ਕੰਮ ਵਿੱਚ ਪੂਰਾ ਸਾਥ ਦੇ ਰਹੀ ਹੈ। ਉਹ ਖੁਦ ਕੜੀ-ਚੌਲ ਤਿਆਰ ਕਰਦੀ ਹੈ, ਜਦਕਿ ਗੁਰਕਿਰਤ ਰਾਜਮਾ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਰਾ ਖਾਣਾ ਘਰੇਲੂ ਢੰਗ ਨਾਲ ਬਣਾਇਆ ਜਾਂਦਾ ਹੈ, ਜਿਸ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਏ ਜਾਂਦੇ ਅਤੇ ਲੋਕ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ।
ਡੀਸੀ ਦਫ਼ਤਰ ਦੇ ਅਧਿਕਾਰੀ ਨੇ ਵੀ ਕੀਤੀ ਸਿਫ਼ਤ
ਡੀਸੀ ਦਫ਼ਤਰ ਦੇ ਅਧਿਕਾਰੀਆਂ ਰਵਿੰਦਰ ਸਿੰਘ RTO ਕਲਰਕ ਨੇ ਵੀ ਗੁਰਕਿਰਤ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ “ਇਹ ਨੌਜਵਾਨ ਬਹੁਤ ਸੁਆਦੀ ਅਤੇ ਸਿਹਤਮੰਦ ਖਾਣਾ ਤਿਆਰ ਕਰਦਾ ਹੈ ਅਤੇ ਨਾਲ ਹੀ ਸੱਭਿਆਚਾਰ ਨਾਲ ਜੁੜੀ ਸੋਚ ਨੂੰ ਵੀ ਅੱਗੇ ਵਧਾ ਰਿਹਾ ਹੈ। “
“ਸ਼ਾਬਾਸ ਇਸ ਜਵਾਨ ਦੇ ਜਿਸ ਨੇ ਪੰਜਾਬ ਨਹੀਂ ਛੱਡਿਆ“
ਖਾਣਾ ਖਾਣ ਆਏ ਗਾਹਕ ਨੇ ਵੀ ਗੱਲਬਾਤ ਕਰਦਿਆਂ ਕਿਹਾ ਕਿ “ਸ਼ਾਬਾਸ ਇਸ ਜਵਾਨ ਦੇ ਜਿਸ ਨੇ ਪੰਜਾਬ ਨਹੀਂ ਛੱਡਿਆ“। ਉਨ੍ਹਾਂ ਕਿਹਾ ਕਿ “ਉਹ ਜਦੋਂ ਵੀ ਮੋਗਾ ਸ਼ਹਿਰ ਆਉਂਦੇ ਹਨ ਤਾਂ ਇਥੇ ਖਾਣਾ ਖਾਣ ਜ਼ਰੂਰ ਆਉਂਦੇ ਹਨ। ਅੱਜ ਕੱਲ੍ਹ ਦੇ ਨੌਜਵਾਨ ਇਸ ਤਰ੍ਹਾਂ ਦਾ ਕੰਮ ਕਰਨ ਵਿੱਚ ਸ਼ਰਮ ਮੰਨਦੇ ਹਨ ਅਤੇ ਕਹਿੰਦੇ ਹਨ ਕਿ 12ਵੀਂ ਪਾਸ ਕਰ ਲਈ ਹੁਣ ਵਿਦੇਸ਼ ਚਲੇ ਜਾਈਏ। ਇਸ ਨੌਜਵਾਨ ਤੋਂ ਸਾਰਿਆਂ ਨੂੰ ਕੁਝ ਸਿੱਖਣਾ ਚਾਹੀਦਾ ਹੈ।”
ETV BHARAT