ਇਕਬਾਲ ਸਿੰਘ ਲਾਲਪੁਰਾ
ਇਹ ਦੇਸ਼ ਸਭ ਦਾ ਸਾਂਝਾ ਹੈ – ਇਕਬਾਲ ਸਿੰਘ ਲਾਲਪੁਰਾ
ਨਫਰਤ ਇੱਕ ਮਾਨਸਿਕ ਕਮਜ਼ੋਰੀ ਹੈ , ਜੋ ਮਨੁੱਖ ਦੇ ਵਿਕਾਸ ਵਿੱਚ ਰੁਕਾਵਟ ਬਣਦੀ ਹੈ । ਕੁਦਰਤ ਦੀ ਬਣਾਈ ਹਰ ਵਿਅਕਤੀ ਤੇ ਵਸਤੂ ਇੱਕ ਦੂਜੇ ਲਈ ਲਾਭਕਾਰੀ ਹੈ । ਚੰਗੇ ਵਿਅਕਤੀ ਮਿੱਠੀ ਜ਼ੁਬਾਨ , ਸੱਚ ਸੰਤੋਖ ਦੇ ਧਾਰਨੀ ਦੁਜਿਆਂ ਦੀ ਭਾਵਨਾਵਾਂ ਦੀ ਇੱਜ਼ਤ ਕਰਨ ਵਾਲੇ ਹੁੰਦੇ ਹਨ । ਖਿਮਾਂਂ ਤੇ ਆਪਣੀਆਂਂ ਭਾਵਨਾਵਾਂ ਉਪਰ ਕਾਬੂ ਰੱਖਣਾ ,ਉਨ੍ਹਾਂ ਦਾ ਦੂਜਿਆਂ ਤੇ ਜਿੱਤ ਪ੍ਰਾਪਤ ਕਰਨ ਲਈ ਹਥਿਆਰ ਹੁੰਦੇ ਹਨ ।
ਕ੍ਰੋਧ ਜਾਂ ਗੁੱਸਾ ਵਿਅਕਤੀ ਦੇ ਵਿਕਾਸ ਵਿੱਚ ਰੁਕਾਵਟ ਬਣ ਉਸਨੂੰ ਬਦਲਾਂ ਖੋਰ ਤੇ ਅਪਰਾਧੀ ਬਣਾ ਦਿੰਦਾ ਹੈ । ਕਈ ਵਾਰ ਗੁੱਸੇ ਦਾ ਕਾਰਨ ,ਦੂਜਿਆਂ ਦਾ ਵਿਅਕਤੀ ਵਿਸ਼ੇਸ਼ ਵਿਰੁਧ ਕੋਈ ਕੰਮ ਜਾਂ ਅਪਸ਼ਬਦ ਬੋਲਣ ਜਾਂ ਉਸ ਦੀ ਆਸ ਉਪਰ ਪੂਰਾ ਨਾ ਉਤਰਨਾ ਹੋ ਸਕਦਾ ਹੈ । ਪਰ ਜੇਕਰ ਵਿਚਾਰ ਕੀਤੀ ਜਾਵੇ ਤਾਂ ਕਾਰਨ ਵੀ ਸਪਸ਼ਟ ਹੋ ਜਾਂਦਾ ਹੈ ਅਤੇ ਆਪਣੀ ਅਣਜਾਨ ਵਿਅਕਤੀ ਤੇ ਆਸ ਰੱਖਣ ਦੀ ਵੀ ਗਲਤੀ ,ਵਾਰੇ ਵੀ ਪਤਾ ਲੱਗ ਜਾਂਦਾ ਹੈ ।
ਦੁਨੀਆ ਦੇ ਸਾਰੇ ਧਰਮ ਇੱਕ ਰੱਬ , ਅਕਾਲ ਪੁਰਖ , ਭਗਵਾਨ , ਅੱਲ੍ਹਾ ਜਾਂ ਗਾਡ ਜੋ ਇਸ ਕਾਇਨਾਤ ਨੂੰ ਪੈਦਾ ਕਰਨ , ਚਲਾਉਣ ਵਾਲਾ ਤੇ ਮੌਤ ਤੇ ਜਨਮ ਦਾ ਅਧਿਕਾਰੀ ਤੇ ਸੁੱਖ ਦੇਣ ਵਾਲਾ ਹੈ ,ਦੇ ਨੇੜੇ ਹੋਣ ਤੇ ਪ੍ਰਾਪਤੀ ਦਾ ਰਾਹ ਕੇਵਲ ,ਉਸ ਨੂੰ ਯਾਦ ਰੱਖਣ ਤੇ ਉਸਦੀ ਬਣਾਈ ਹੋਈ ਕਾਇਨਾਤ ਨੂੰ ਪਿਆਰ ਕਰਨਾ ਦੱਸਦੇ ਹਨ । ਦੇਵੀ , ਦੇਵਤੇ , ਗੁਰੂ , ਪੀਰ ਉਸਦੇ ਨੇੜੇ ਹੋਣ ਲਈ ਰਾਹ ਦਸੇਰੇ ਹਨ । ਕਿਉਂਕਿ ਇਹ ਰਚਨਾ ਉਸਦੀ ਹੈ ਤੇ ਪ੍ਰਭੂ ,ਆਪ ਵੀ ਉਹ ਇਸ ਵਿਚ ਵਸਦਾ ਹੈ , ਅਸੀਂ ਸਾਰੇ ਹੀ ਉਸਦੀ ਸੰਤਾਨ ਹਾਂ , ਕੁਝ ਉਸਦੇ ਵਰਸੋਏ ਤਾਂ ਖੁਦ ਰੱਬ ਰੂਪ ਹੀ ਹੁੰਦੇ ਹਨ ਤੇ ਮਨੁੱਖਤਾ ਨੂੰ ਚੰਗਾ ਬਨਣ ਦਾ ਰਾਹ ਦੱਸਦੇ ਹਨ । ਉਨ੍ਹਾਂ ਲਈ ਸਭ ਬਰਾਬਰ ਹੁੰਦੇ ਹਨ ।ਸਮਾਂ , ਸਥਾਨ ਤੇ ਭਾਸ਼ਾ ਦੀ ਵਿਵਿਧਤਾ ਕਾਰਨ ਉਹ ਵੱਖਰੇ ਨਜ਼ਰ ਆਉਂਦੇ ਹਨ , ਪਰ ਸਭ ਦੀ ਮੰਜਿਲ ਇੱਕ ਹੀ ਹੈ । ਜੋ ਵੀ ਉਸਦੇ ਸੇਵਕ ਹੋਣ ਦਾ ਕੇਵਲ ਰੂਪ ਹੀ ਧਾਰਨ ਕਰਦਾ ਹੈ , ਰੱਬ ਉਸ ਦੀ ਕੁੱਲੀ , ਗੁੱਲੀ ਤੇ ਜੁੱਲੀ ਦਾ ਵੀ ਚੰਗਾ ਪ੍ਰਬੰਧ ਕਰ ਦਿੰਦਾ ਹੈ , ਪਰ ਉਹ ਸਾਰੇ ਆਪ ਉਸ ਰਾਹ , ਪੰਧ ਜਾਂ ਪੰਥ ਦੇ ਧਾਰਨੀ ਬਣ ਪ੍ਰੇਮ ਦਾ ਮਾਰਗ ਦਸਦੇ ਹਨ ,ਜਾਂ ਰੱਬ ਦੇ ਰਾਹ ਵਿਚ ਰੁਕਾਵਟ ਬਣ ਲੋਕਾਈ ਨੂੰ ਚੱਕਰ ਵਿੱਚ ਪਾ ਆਪਣੇ ਆਲੇ ਦੁਆਲੇ ਹੀ ਘੁੰਮਣ ਲਾ ਦਿੰਦੇ ਹਨ ਵਾਰੇ ਵਿਚਾਰ ਕਰਨੀ ਬਣਦੀ ਹੈ । ਸਭ ਧਰਮ ਗ੍ਰੰਥ ਤੇ ਧਾਰਮਿਕ ਰਹਿਬਰ ਸਤਿਕਾਰ ਯੋਗ ਹਨ ।
ਝਗੜਾ ਧਰਮ ਦਾ ਹੋ ਹੀ ਨਹੀਂ ਸਕਦਾ , ਗੱਲ ਮੇਰਾ ਰਾਹ ਪੰਥ ਜਾਂ ਰਾਹ ,ਦੂਜੇ ਨਾਲੋਂ ਚੰਗਾ ਹੈ ਜਾਂ ਦੂਜਾ ਪੰਥ ਛੱਡ ,ਗੁਮਰਾਹ ਕਰ ਆਪਣੇ ਨਾਲ ਲਾਉਣ ਦੇ ਯਤਨਾਂ ਕਾਰਨ ਹੀ ਵਿਵਾਦ , ਵਿਰੋਧ ਤੇ ਝਗੜੇ ਪੈਦਾ ਹੁੰਦੇ ਹਨ । ਜਦੋਂ ਵੰਡੋ ਤੇ ਰਾਜ ਕਰੋ ਦੀ ਨੀਅਤ ਹੋਵੇ ਤਾਂ ਮਨੁੱਖਤਾ ਦਾ ਪੂਰਨ ਵਿਕਾਸ ਰੁਕ ਜਾਂਦਾ ਹੈ । ਸਾਰਿਆਂ ਨੂੰ ਆਪਣੇ ਧਰਮ ਨੂੰ ਮੰਨਣ ਤੇ ਪ੍ਰਚਾਰਨ ਦਾ ਅਧਿਕਾਰ ਹੈ ,ਜੇ ਪਾਬੰਦੀ ਹੈ ਤਾਂ ਉਹ ਦੂਜੇ ਨੂੰ ਬੁਰਾ ਕਹਿਣ ਤੇ ਹੈ ।
ਕੁਝ ਤਾਂ ਧਰਮ ਨੂੰ ਅਫ਼ੀਮ ਵੀ ਦੱਸਦੇ ਹੋਏ, ਸਮਾਜ ਦੇ ਨਿਯਮ ਮੰਨਣ ਤੋਂ ਵੀ ਆਕੀ ਹੋ ,ਵਿਰੋਧ ਆਰੰਭ ਕਰ ਸਮੱਸਿਆ ਖੜੀ ਕਰ ਦਿੰਦੇ ਹਨ ।
ਆਪਣੇ ਧਰਮ ਤੇ ਧਰਮ ਗ੍ਰੰਥਾਂ ਵਿੱਚ ਦਰਜ ਫਲਸਫੇ ਵਾਰੇ ਅਗਿਆਨਤਾ ,ਦੂਜੇ ਦੇ ਧਰਮ ਦੇ ਫਲਸਫੇ , ਮਾਰਗ ਤੇ ਨਿਯਮਾਂ ਵਾਰੇ ਜਾਣਕਾਰੀ ਦੀ ਘਾਟ ਵਿਵਾਦ ਖੜੇ ਕਰਦੀ ਹੈ । ਜਿਸਨੂੰ ਅਸਹਿਨਸ਼ੀਲਤਾ ਆਖਿਆ ਜਾਂਦਾ ਹੈ ।
ਇਹ ਦੇਸ਼ ਸਭ ਦਾ ਸਾਂਝਾ ਹੈ ਤੇ ਹਰ ਵਿਅਕਤੀ ਨੂੰ ਬਰਾਬਰੀ ਦੇ ਅਧਿਕਾਰ ਦਿੰਦਾ ਹੈ ,ਫੇਰ ਵਿਵਾਦ ਕਿਉਂ ਹੁੰਦੇ ਹਨ ? ਕੀ ਇਸ ਤੇ ਚਰਚਾ ਕਰਨੀ ,ਸਮੇਂ ਦੀ ਲੋੜ ਨਹੀਂ ਹੈ ?
ਮਾਨਸਿਕ ਤਨਾਅ , ਨਸ਼ੇ , ਇੱਕ ਦੂਜੇ ਨੂੰ ਬਰਾਬਰ ਨਾ ਸਮਝਣਾ ਤੇ ਬਿਨਾ ਵਿਚਾਰ ਕੀਤੇ ਆਪਣੇ ਅੰਦਿਰ ਪਾਲੀ ਨਫਰਤ ਕਈ ਥਾਂਈਂ ਝਗੜੇ ਪੈਦਾ ਕਰ ਰਹੀ ਹੈ । ਸੜਕ ਤੇ ਸਰਬ ਜਨਤਕ ਥਾਂਵਾਂ ਤੇ ,ਇੱਕ ਦੂਜੇ ਨੂੰ ਬਣਦਾ ਹੱਕ ਜਾਂ ਸਨਮਾਨ ਨਾ ਦੇਣ ਕਾਰਨ ਲੜਾਈਆਂ ਬੇਲੋੜੀਆਂ ਦੂਜੇ ਧਰਮਾ ਵਾਰੇ ਟਿੱਪਣੀਆਂ ਰਾਂਹੀ ਕੀਤੀ ਜਾ ਰਹੀ ਹਿੰਸਾ ਅਪਰਾਧਿਕ ਹੈ । ਇੱਕ ਸੂਬੇ ਦੇ ਵਾਸੀਆਂ ਵਾਰੇ ਪਾਲੀ ਮਨੋਕਲਪਿਤ ਘ੍ਰਿਣਾ ਨਿੰਦਾ ਯੋਗ ਹੈ ਤੇ ਇਹ ਅਪਰਾਧੀ ਸਜ਼ਾ ਦੇ ਪਾਤਰ ਹਨ । ਜਿਸ ਲਈ ਸਰਕਾਰੀ ਤੰਤਰ ਨੂੰ ਆਪਣੀ ਜ਼ੁੰਮੇਵਾਰੀ ਨਿਭਾਉਣੀ ਚਾਹੀਦੀ ਹੈ ।
◦ ਪਰ ਕੀ ਸਰਕਾਰੀ ਤੰਤਰ ਦੇ ਮੋਢਿਆਂ ਤੇ ਜ਼ੁੰਮੇਵਾਰੀ ਪਾ ਕੇ , ਸਮਾਜ ਤੇ ਧਾਰਮਿਕ ਆਗੂ ਮੁਕਤ ਹੋ ਸਕਦੇ ਹਨ । ਅੱਜ ਸੋਸ਼ਲ ਮੀਡੀਆ ਜਿੱਥੇ ਜਾਣਕਾਰੀ ਸਾਂਝੀ ਕਰਦਾ ਹੈ , ਉੱਥੇ ਹੀ ਇੱਕ ਵਿਰੁਧ ਸਮਾਜਿਕ ਰੂਪ ਵਿੱਚ ਕੀਤੀਆਂ ਗੱਲਾਂ , ਟਿੱਪਣੀਆਂ ਤੇ ਭਾਸ਼ਨ ਵੀ ਦੁਨੀਆ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵਿੱਚ ਬਿਨਾਂਂ ਦੇਰੀ ਪਹੁੰਚ ਜਾਂਦੇ ਹਨ । ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ਜਦੋਂ ਸਮਾਜ ਦਾ ਉਹ ਵਰਗ ਜਿਸਤੇ ਇਸ ਦਾ ਬੁਰਾ ਪ੍ਰਭਾਵ ਪੈਣ ਹੈ , ਡਰਦਾ ਜਾਂ ਹੋਰ ਕਾਰਨਾ ਕਾਰਨ , ਖਾਮੋਸ਼ ਬੈਠ , ਨਫਰਤ ਪੈਦਾ ਕਰਨ ਵਾਲਿਆਂ ਦੇ ਹੋਸਲੇ ਵਧਾਉੰਦਾ ਹੈ । ਜੇਕਰ ਅਸੀਂ ਕਿਸੇ ਨਾਲ ਸਹਿਮਤ ਨਹੀਂ ਤਾਂ ਡਰਨ ਨਾਲੋਂ ਉਸਦਾ ਵਿਰੋਧ ਕਰ ਅਸੀਂ ਜ਼ਿੰਮੇਵਾਰ ਨਾਗਰਿਕਾਂ ਵਜੋਂ ਆਪਣੀ ਭੂਮਿਕਾ ਨਿਭਾ ਸਕਦੇ ਹਾਂ ।
◦ ਜਿਸ ਥਾਂ , ਸ਼ਹਿਰ, ਸੂਬੇ ਵਿਚ ਅਜਿਹੀ ਘਟਨਾ ਹੁੰਦੀ ਹੈ ਉੱਥੋਂ ਦੇ ਸਭ ਅਮਨ ਪਸੰਦ ਸ਼ਹਿਰੀਆਂ ਨੂੰ ਇਕੱਠੇ ਹੋ ਸਮੂਹਿਕ ਰੂਪ ਵਿੱਚ ਇਸ ਦੀ ਨਿਖੇਧੀ ਕਰ , ਦੋਸ਼ੀਆਂ ਨੂੰ ਸਜ਼ਾ ਕਰਾਉਣ ਤੇ ਪੀੜਤਾਂ ਦਾ ਮਨੋਬਲ ਵਧਾਉਣ ਲਈ ਇਕੱਠੇ ਹੋਣਾ ਚਾਹੀਦਾ ਹੈ । ਸਰਕਾਰੀ ਤੰਤਰ ਇਸ ਵਿੱਚ ਸਹਾਇਕ ਹੋ ਸਕਦਾ ਹੈ । ਕਿਸੇ ਵੀ ਸੂਬੇ ਵਿੱਚ ਹੁੰਦੀਆਂ ਲਗਾਤਾਰ ਘਟਨਾਵਾਂ ਸਰਕਾਰੀ ਤੰਤਰ ਦੀ ਅਣਗਹਿਲੀ ਤੇ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲਤਾ ਵੱਲ ਇਸ਼ਾਰਾ ਕਰਦਾ ਹੈ ।
ਇਹ ਘਟਨਾਵਾਂ ਦੁਨੀਆ ਭਰ ਵਿੱਚ ਹੁੰਦੀਆਂ ਹਨ , ਪਰ ਇਸਨੂੰ ਅੱਗੇ ਤੋਂ ਰੋਕਣ ਲ਼ਈ ਤੇ ਇਕ ਦੂਜੇ ਨੂੰ ਸਮਝਣ ਤੇ ਉਨ੍ਹਾਂ ਦਾ ਸਤਿਕਾਰ ਕਰਨ ਵਾਰੇ ਵੀ ਯਤਨ ਉੱਥੇ ਹੁੰਦੇ ਰਹਿੰਦੇ ਹਨ । ਕੀ ਸਾਨੂੰ ਵੀ ਇਸ ਦੇ ਹੱਲ ਵਾਰੇ ਅਜਿਹੇ ਗੰਭੀਰ ਯਤਨ ਨਹੀਂ ਕਰਨੇ ਚਾਹੀਦੇ । ਵਿਚਾਰ ਸਭ ਦੇ ਆਪਣੇ ਹੁੰਦੇ ਹਨ , ਪਾਠਕਾਂ ਦੀ ਰਾਏ ਦਾ ਇੰਤਜ਼ਾਰ ਰਹੇਗਾ ।
(ਇਕਬਾਲ ਸਿੰਘ ਲਾਲਪੁਰਾ, ਚੈਅਰਮੈਨ, ਕੌਮੀ ਘੱਟ ਗਿਣਤੀ ਕਮਿਸ਼ਨ, ਭਾਰਤ ਸਰਕਾਰ)
test