ਨੇਪਾਲ ਦੇ ਹਡ਼੍ਹ ਪੀਡ਼ਤਾਂ ਨੂੰ ਵੰਡੀ ਜਾਵੇਗੀ ਸਮੱਗਰੀ
19 ਸਤੰਬਰ, 2026 – ਚੰਡੀਗੜ੍ਹ : ਪੰਜਾਬ ਸਟੇਟ ਰੈੱਡ ਕਰਾਸ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਦੀ ਦੂਜੀ ਖੇਪ ਨੇਪਾਲ ਭੇਜੀ ਹੈ, ਜਿਸ ਵਿੱਚ ਲਗਪਗ 38 ਲੱਖ ਦਾ ਜ਼ਰੂਰੀ ਸਾਮਾਨ ਲੱਦੇ ਟਰੱਕ ਸ਼ਾਮਲ ਸਨ। ਪੰਜਾਬ ਦੇ ਰਾਜਪਾਲ ਅਤੇ ਪੰਜਾਬ ਸਟੇਟ ਰੈੱਡ ਕਰਾਸ ਦੇ ਪ੍ਰਧਾਨ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ, ਚੰਡੀਗੜ੍ਹ ਤੋਂ ਇਨ੍ਹਾਂ ਟਰੱਕਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ। ਪਹਿਲੀ ਖੇਪ ’ਚ ਰਾਹਤ ਸਮੱਗਰੀ ਨਾਲ ਭਰੇ ਦੋ ਟਰੱਕ ਨੇਪਾਲ ਭੇਜੇ ਸਨ।
ਇਹ ਰਾਹਤ ਸਮੱਗਰੀ ਨੇਪਾਲ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ’ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕਰਾਸ ਐਂਡ ਰੈੱਡ ਕ੍ਰੀਸੈਂਟ ਸੁਸਾਇਟੀਜ਼’ ਦੇ ਜ਼ਰੀਏ ਭੇਜੀ ਜਾ ਰਹੀ ਹੈ। ਪੰਜਾਬ ਸਟੇਟ ਰੈੱਡ ਕਰਾਸ ਦੀ ਟੀਮ ਰਾਹਤ ਸਮੱਗਰੀ ਨਾਲ ਲੱਦੇ ਟਰੱਕਾਂ ਦੇ ਕਾਫ਼ਲੇ ਨਾਲ ਨੇਪਾਲ ਗੰਜ ਇੰਟਰਨੈਸ਼ਨਲ ਬਾਰਡਰ ਤੱਕ ਜਾਵੇਗੀ। ਇਸ ਮੌਕੇ ਪੰਜਾਬ ਦੇ ਰਾਜਪਾਲ ਦੇ ਐਡੀਸ਼ਨਲ ਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਅਤੇ ਪੰਜਾਬ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਵੀ ਹਾਜ਼ਰ ਸਨ।
ਪੰਜਾਬੀ ਟ੍ਰਿਬਯੂਨ