ਪਾਣੀ ਦੀ ਕਿੱਲਤ ਕਾਰਨ ਦੋ ਹਜ਼ਾਰ ਏਕੜ ਫ਼ਸਲ ਤਬਾਹੀ ਕੰਢੇ; ਕਿਸਾਨਾਂ ਨੇ 22 ਏਕੜ ਫ਼ਸਲ ਵਾਹੀ
19 ਸਤੰਬਰ, 2026 – : ਲੰਬੀ : ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਹਲਕੇ ਲੰਬੀ ਦੇ ਸਰਹੱਦੀ ਖੇਤਰ ਵਿਚ ਨਹਿਰੀ ਪਾਣੀ ਦੀ ਭਾਰੀ ਕਿੱਲਤ ਤੇ ਮੀਂਹਾਂ ਦੀ ਅਣਹੋਂਦ ਕਾਰਨ ਝੋਨੇ ਦੀ ਫ਼ਸਲ ’ਤੇ ਸੋਕੇ ਦਾ ਸੰਕਟ ਮੰਡਰਾ ਰਿਹਾ ਹੈ। ਹਲਕੇ ਦੇ ਛੇਕੜਲੇ ਪਿੰਡ ਕਿੱਲਿਆਂਵਾਲੀ ਵਿੱਚ ਲਗਪਗ ਦੋ ਹਜ਼ਾਰ ਏਕੜ ਰਕਬੇ ਵਿੱਚ ਝੋਨੇ ਦੀ ਖੜ੍ਹੀ ਫ਼ਸਲ ਸੁੱਕਣ ਕੰਢੇ ਪੁੱਜ ਚੁੱਕੀ ਹੈ, ਜਿਸ ਤੋਂ ਦੁਖੀ ਹੋ ਕੇ ਕਿਸਾਨਾਂ ਨੇ ਹੁਣ ਹੱਥੀਂ ਪਾਲ਼ੀਆਂ ਫ਼ਸਲਾਂ ’ਤੇ ਟਰੈਕਟਰ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਪਿੰਡ ਕਿੱਲਿਆਂਵਾਲੀ ਦੇ ਕੁੱਲ ਛੇ ਹਜ਼ਾਰ ਏਕੜ ਖੇਤੀ ਰਕਬੇ ਵਿੱਚੋਂ ਤੀਜਾ ਹਿੱਸਾ ਫ਼ਸਲ ਸੋਕੇ ਦੀ ਭੇਟ ਚੜ੍ਹ ਜਾਣ ਕਾਰਨ ਸਰਹੱਦੀ ਕਿਸਾਨੀ ਆਰਥਿਕ ਮੰਦਵਾੜੇ ਦੇ ਮੂੰਹ ਆ ਪਈ ਹੈ। ਕਿਸਾਨ ਮਨਦੀਪ ਸਿੰਘ ਭਾਟੀ ਨੇ ਪਾਣੀ ਖੁਣੋਂ ਸੁੱਕ ਰਹੀ ਆਪਣੀ 16 ਏਕੜ ਝੋਨੇ ਦੀ ਫ਼ਸਲ ਵਾਹ ਦਿੱਤੀ ਹੈ, ਜਦਕਿ ਹਰਦੀਪ ਸਿੰਘ ਭਾਟੀ ਅਤੇ ਸੁਖਪਾਲ ਸਿੰਘ ਸਰਾਂ ਵੱਲੋਂ ਵੀ ਤਿੰਨ-ਤਿੰਨ ਏਕੜ ਖੜ੍ਹਾ ਝੋਨਾ ਵਾਹਿਆ ਗਿਆ ਹੈ।
ਕਿਸਾਨਾਂ ਮੁਤਾਬਕ ਆਗਾਮੀ ਦਿਨਾਂ ਵਿੱਚ ਲਗਪਗ 400 ਤੋਂ 500 ਏਕੜ ਹੋਰ ਝੋਨਾ ਵਾਹੁਣ ਦੀ ਨੌਬਤ ਬਣੀ ਹੋਈ ਹੈ। ਮਾੜੇ ਜ਼ਮੀਨਦੋਜ਼ ਪਾਣੀ ਅਤੇ ਨਹਿਰੀ ਪਾਣੀ ਦੇ ਸੋਕੇ ਕਾਰਨ ਬਚੀ ਫ਼ਸਲ ਦਾ ਝਾੜ ਮਹਿਜ਼ 5 ਤੋਂ 10 ਮਣ ਪ੍ਰਤੀ ਏਕੜ ਰਹਿਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਇਸ ਸੰਕਟ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਮੋਰਚਾ ਸੰਭਾਲਦਿਆਂ ਬਲਾਕ ਲੰਬੀ ਦੇ ਸੀਨੀਅਰ ਮੀਤ ਪ੍ਰਧਾਨ ਹਰਪਾਲ ਸਿੰਘ ਕਿੱਲਿਆਂਵਾਲੀ ਦੀ ਅਗਵਾਈ ਹੇਠ ਪ੍ਰਸ਼ਾਸਨ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਕਿਸਾਨ ਆਗੂਆਂ ਨੇ ਨਾਇਬ ਤਹਿਸੀਲਦਾਰ ਰੁਪਿੰਦਰ ਕੌਰ ਬਰਾੜ ਨੂੰ ਮੰਗ ਪੱਤਰ ਸੌਂਪਦਿਆਂ ਦੋਸ਼ ਲਾਇਆ ਕਿ ਲੋੜੀਂਦਾ ਨਹਿਰੀ ਪਾਣੀ ਨਾ ਮਿਲਣ ਅਤੇ ਹੇਠਲਾ ਪਾਣੀ ਖਾਰਾ ਹੋਣ ਕਾਰਨ ਫ਼ਸਲਾਂ ਤਬਾਹ ਹੋ ਚੁੱਕੀਆਂ ਹਨ।
ਜਥੇਬੰਦੀ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰ ਨੇ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਢੁZਕਵਾਂ ਮੁਆਵਜ਼ਾ ਨਾ ਦਿੱਤਾ ਤਾਂ ਕਿਸਾਨਾਂ ਲਈ ਅਗਲੀ ਫ਼ਸਲ ਦੀ ਬੀਜਾਂਦ ਕਰਨੀ ਵੀ ਅਸੰਭਵ ਹੋ ਜਾਵੇਗੀ। ਇਸ ਮੌਕੇ ਇਕਾਈ ਪ੍ਰਧਾਨ ਸੱਤਪਾਲ ਸਿੰਘ, ਲਖਵਿੰਦਰ ਸਿੰਘ, ਈਸ਼ਵਰ ਸਿੰਘ, ਪ੍ਰਦੀਪ ਸਿੰਘ, ਸੁਖਵੀਰ ਸਿੰਘ, ਪਾਲ ਸਰਾਂ ਤੇ ਪੱਪੀ ਭਾਟੀ ਸਮੇਤ ਹੋਰਨਾਂ ਕਿਸਾਨ ਮੌਜੂਦ ਸਨ। ਦੂਜੇ ਪਾਸੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜਗਸੀਰ ਸਿੰਘ ਦਾ ਕਹਿਣਾ ਕਿ ਮਾੜੇ ਜ਼ਮੀਨੀ ਪਾਣੀ ਕਾਰਨ ਕਈ ਥਾਵਾਂ ’ਤੇ ਝੋਨਾ ਪ੍ਰਭਾਵਿਤ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ, ਫ਼ੀਲਡ ਸਟਾਫ਼ ਤੋਂ ਜ਼ਮੀਨੀ ਰਿਪੋਰਟ ਤਲਬ ਕੀਤੀ ਗਈ ਹੈ।
ਪੰਜਾਬੀ ਟ੍ਰਿਬਯੂਨ