ਭਾਰਤ–ਪਾਕਿਸਤਾਨ ਸਰਹੱਦ ਨੇੜੇ ਚੌਂਤਰਾ ਨੋਮਨੀ ਨਾਲੇ ਉੱਪਰ ਬਣਿਆ ਨੀਵਾਂ ਪੁਲ ਭਾਰੀ ਮੀਂਹ ਕਾਰਨ 4 ਤੋਂ 5 ਫੁੱਟ ਪਾਣੀ ਵਿੱਚ ਡੁੱਬ ਗਿਆ
24 ਅਗਸਤ, 2026 – ਗੁਰਦਾਸਪੁਰ: ਗੁਰਦਾਸਪੁਰ ਭਾਰਤ ਪਾਕਿਸਤਾਨ ਸਰਹੱਦ ਦੇ ਅਖੀਰਲੇ ਪਿੰਡ ਚੌਂਤਰਾ ਨੋਮਨੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਅਤੇ ਨੋਮਨੀ ਨਾਲੇ ਤੇ ਬਣਿਆ ਪੁੱਲ ਨੀਵਾਂ ਹੋਣ ਕਰਕੇ ਪਾਣੀ ਪੁੱਲ ਦੇ ਉੱਪਰੋਂ ਗੁਜਰ ਰਿਹਾ ਹੈ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਕਈ ਦਿਨਾਂ ਤੋਂ ਬੱਚਿਆਂ ਦਾ ਸਕੂਲ ਕਾਲਜ ਜਾਣਾ ਵੀ ਬੰਦ ਹੈ ਅਤੇ ਇਸ ਪੁਲ ਕਰਕੇ BSF ਦੇ ਜਵਾਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਲਈ ਆਵਾਜਾਈ ਵਿੱਚ ਸਮੱਸਿਆ
ਲਗਾਤਾਰ ਮੀਂਹ ਕਾਰਨ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਵਿੱਚ ਭਿਆਨਕ ਸਥਿਤੀ ਪੈਦਾ ਹੋ ਗਈ ਹੈ। ਨੋਮਨੀ ਨਾਲਾ ਅਤੇ ਨਹਿਰ ਓਵਰਫਲੋਅ ਹੋ ਗਈ, ਜਿਸ ਨਾਲ ਅਡਿਆਣ ਪਿੰਡ ਵਿੱਚ ਖੇਤ ਪਾਣੀ ਵਿੱਚ ਡੁੱਬ ਗਏ ਹਨ, ਖੇਤਾਂ ਵਿੱਚ ਕਈ ਫੁੱਟ ਤੱਕ ਪਾਣੀ ਭਰ ਗਿਆ ਹੈ। ਗਲਤ ਨਿਕਾਸੀ ਕਾਰਨ, ਪਾਣੀ ਦੁਰੰਗਲਾ ਤੋਂ ਕਲਾਨੌਰ ਤੱਕ ਸੜਕ ‘ਤੇ ਵਗ ਰਿਹਾ ਹੈ, ਜਿਸ ਕਾਰਨ ਲੋਕਾਂ ਲਈ ਆਵਾਜਾਈ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ। ਸਥਾਨਕ ਕਿਸਾਨ ਅਤੇ ਪਿੰਡ ਵਾਸੀ ਸਥਿਤੀ ਨੂੰ ਲੈ ਕੇ ਚਿੰਤਤ ਹਨ।
ਸਰਹੱਦੀ ਪਿੰਡ ਚੌਂਤਰਾ ਨੋਮਨੀ ਦਾ ਸਲਾਚ ਨੂੰ ਜੋੜਦਾ ਰਸਤਾ ਬੰਦ
ਪਿੰਡ ਚੌਂਤਰਾ ਨੋਮਨੀ ਦੇ ਕਿਸਾਨਾਂ ਅਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਆਜ਼ਾਦ ਹੋਏ 80 ਸਾਲ ਦਾ ਸਮਾਂ ਹੋ ਚੁੱਕਿਆ ਹੈ। ਉੱਥੇ ਹੀ ਭਾਵੇਂ ਐਡਵੈਂਚਰ ਦੇ ਲਈ ਵੱਖ-ਵੱਖ ਸੁਵਿਧਾਵਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਪਰ ਕੁਝ ਅਜਿਹੇ ਥਾਂ ਜੋ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਪਿੰਡ ਲੱਗਦੇ ਹਨ। ਜਿਨਾਂ ਦੇ ਲੋਕ ਅੱਜ ਵੀ ਆਪਣੇ ਆਪ ਨੂੰ ਆਜ਼ਾਦ ਨਹੀਂ ਸਮਝਦੇ। ਲਗਾਤਾਰ ਹੋ ਰਹੀ ਬਰਸਾਤ ਤੋਂ ਬਾਅਦ ਨੋਮਨੀ ਨਾਲੇ ਦੀ ਸਫਾਈ ਨਾ ਹੋਣ ਕਰਕੇ ਅਤੇ ਨਜਾਇਜ਼ ਕਬਜ਼ਿਆਂ ਦੇ ਕਰਕੇ ਨੋਮਨੀ ਨਾਲੇ ਦਾ ਪਾਣੀ ਬਾਹਰ ਆ ਜਾਂਦਾ ਹੈ। ਜਿਸ ਕਰਕੇ ਪੁੱਲ ਦੇ ਉੱਪਰੋਂ ਲੰਘਣ ਦੇ ਲਈ ਇੱਕ ਮਾਤਰ ਰਸਤਾ ਜੋ ਕਿ ਸਰਹੱਦੀ ਪਿੰਡ ਚੌਂਤਰਾ ਨੋਮਨੀ ਦਾ ਸਲਾਚ ਨੂੰ ਜੋੜਦਾ ਹੈ ਤੇ ਅੱਗੇ BSF ਦੀ ਪੋਸਟਾਂ ਨੂੰ ਜੋੜਦਾ ਹੈ ਉਹ ਵੀ ਰਸਤਾ ਬੰਦ ਹੋ ਜਾਂਦਾ ਹੈ।
“ਪਿਛਲੇ ਕਈ ਦਿਨ ਤੋਂ ਲਗਾਤਾਰ ਹੋਈ ਬਰਸਾਤ ਤੋਂ ਬਾਅਦ ਨੋਮਨੀ ਨਾਲੇ ਤੋਂ ਪਾਣੀ ਬਾਹਰ ਆਣ ਕਰਕੇ ਚੌਂਤਰਾ ਪਿੰਡ ਨੂੰ ਜਾਂਦੇ ਰਸਤੇ ਦੇ ਉੱਪਰ ਪਾਣੀ ਪੁੱਲ ਤੋਂ ਬਾਹਰ ਹੈ। ਜਿਸ ਕਰਕੇ ਤਿੰਨ ਤੋਂ ਚਾਰ ਫੁੱਟ ਤੱਕ ਪਾਣੀ ਦਾ ਪੱਧਰ ਪੁੱਲ ਤੋਂ ਉੱਪਰ ਚੱਲ ਰਿਹਾ ਹੈ। ਜਿਸ ਕਰਕੇ ਨਾ ਤਾਂ ਬੱਚੇ ਸਕੂਲ ਜਾਂ ਪਾ ਰਹੇ ਹਨ ਅਤੇ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਵੀ ਕਈ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ। ਜਿਸ ਕਰਕੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਹਨ।” –ਸੁਖਵਿੰਦਰ ਸਿੰਘ
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਨਹਿਰ ਦੀ ਸਮੇਂ ਸਿਰ ਸਫਾਈ ਨਹੀਂ ਕੀਤੀ ਗਈ। ਪਿੰਡ ਵਾਸੀ ਸੁਖਵਿੰਦਰ ਸਿੰਘ, ਬਲਬੀਰ ਸਿੰਘ ਅਤੇ ਸੁਰਜੀਤ ਨੇ ਇਲਜ਼ਾਮ ਲਗਾਇਆ ਕਿ ਨਿਰਧਾਰਤ ਨਾਲਾ ਅਤੇ ਨਹਿਰ ਦੀ ਸਮੇਂ ਸਿਰ ਸਫਾਈ ਨਹੀਂ ਕੀਤੀ ਗਈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ।
ਪੁਲੀ ਦਾ ਉੱਚਾ ਨਿਰਮਾਣ ਕਰਵਾਉਣ ਦੀ ਕੀਤੀ ਮੰਗ
ਸਰਹੱਦੀ ਪਿੰਡ ਚੌਂਤਰਾ ਨੋਮਨੀ, ਸਲਾਚ, ਚੱਕਰੀ ਅਤੇ ਵਜ਼ੀਰਪੁਰ ਦੇ ਲੋਕਾਂ ਨੇ ਇਹ ਮੰਗ ਕੀਤੀ ਹੈ ਕਿ “ਸਰਕਾਰ ਨੂੰ ਇਸ ਪੁਲੀ ਦਾ ਨਿਰਮਾਣ ਉੱਚਾ ਕਰਵਾ ਦੇਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਦਿਨਾਂ ਦੇ ਵਿੱਚ ਸਕੂਲ ਦੇ ਬੱਚੇ ਜੋ ਕਿ ਸਕੂਲ ਨਹੀਂ ਜਾ ਸਕਦੇ ਅਤੇ ਜੇ ਕੋਈ ਬਿਮਾਰ ਹੁੰਦਾ ਹੈ ਤਾਂ ਉਸ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪ੍ਰਸ਼ਾਸਨਿਕ ਅਧਿਕਾਰੀ ਵੀ ਆ ਕੇ ਇੱਕ ਵਾਰ ਸਾਰ ਨਹੀਂ ਲੈਂਦੇ। ਜਲਦ ਤੋਂ ਜਲਦ ਇਸ ਪੁਲੀ ਦਾ ਉੱਚਾ ਨਿਰਮਾਣ ਕਰਵਾਇਆ ਜਾਵੇ ਤਾਂ ਕਿ ਉਹ ਆਪਣਾ ਜੀਵਨ ਬਸਰ ਕਰ ਸਕਣ।”
ਕਿਸਾਨਾਂ ਦਾ ਕਹਿਣਾ ਹੈ ਕਿ “ਉਹ ਆਪਣੇ ਪਸ਼ੂਆਂ ਲਈ ਚਾਰਾ ਇਕੱਠਾ ਕਰਨ ਲਈ ਧੁੱਸੀ ਡੈਮ ਪਾਰ ਕਰਨ ਤੋਂ ਅਸਮਰੱਥ ਹਨ।” ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ, ਇਸ ਸਮੇਂ ਦੇ ਆਸ-ਪਾਸ, ਹੜ੍ਹਾਂ ਨੇ ਅਡੀਆਂ, ਚੌਂਤਰਾ, ਸਲਾਚ, ਥੁੰਡੀ ਅਤੇ ਸ਼ਾਹਪੁਰ ਸਮੇਤ ਕਈ ਪਿੰਡਾਂ ਵਿੱਚ ਕਾਫ਼ੀ ਨੁਕਸਾਨ ਕੀਤਾ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਪਿਛਲੇ ਸਾਲ ਦੇ ਫਸਲੀ ਨੁਕਸਾਨ ਦਾ ਮੁਆਵਜ਼ਾ ਅਜੇ ਤੱਕ ਨਹੀਂ ਮਿਲਿਆ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰੇ, ਨਾਲੀਆਂ ਅਤੇ ਨਹਿਰਾਂ ਦੀ ਸਫਾਈ ਕਰੇ ਅਤੇ ਪਿਛਲੇ ਸਾਲ ਦਾ ਬਕਾਇਆ ਮੁਆਵਜ਼ਾ ਜਾਰੀ ਕਰੇ।
ETV BHARAT