ਵੇਖੋ ਕੇਸ ਸਟੱਡੀ ਦੇ ਨਾਲ ਇਹ ਹੈਰਾਨ ਕਰ ਦੇਣ ਵਾਲੀ ਰਿਪੋਰਟ
ਨਸ਼ਾ ਛੁਡਾਊ ਗੋਲੀਆਂ ਦੀ ਕਾਲਾ ਬਜ਼ਾਰੀ ਹੋਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ।
24 ਅਗਸਤ, 2026 – ਲੁਧਿਆਣਾ: ਪੰਜਾਬ ਦੇ ਵਿੱਚ ਨਸ਼ਾ ਵੱਡੀ ਸਮੱਸਿਆ ਹੈ ਪਰ ਹਾਲੇ ਤੱਕ ਸਮੇਂ ਦੀਆਂ ਸਰਕਾਰਾਂ ਨਸ਼ੇ ‘ਤੇ ਕਾਬੂ ਪਾਉਣ ਵਿੱਚ ਨਕਾਮ ਰਹੀਆਂ ਹਨ। ਮੌਜੂਦਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਕਰਨ ਵਾਲਿਆਂ ਨੂੰ ਹਸਪਤਾਲ ਅਤੇ ਵੇਚਣ ਵਾਲਿਆਂ ਨੂੰ ਜੇਲ੍ਹ ਪਹੁੰਚਾਉਣ ਨੂੰ ਲੈ ਕੇ ਮੁਹਿੰਮ ਵਿੱਢੀ ਗਈ ਸੀ ਪਰ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੇ ਦੌਰਾਨ ਜੀਭ ਹੇਠ ਰੱਖਣ ਵਾਲੀਆਂ ਗੋਲੀਆਂ ਜਿਨ੍ਹਾਂ ਨਾਲ ਨਸ਼ੇ ਦੀ ਆਦਤ ਨੂੰ ਛੱਡਿਆ ਜਾਂਦਾ ਹੈ ਉਸ ਦੀ ਖਪਤ ਲਗਾਤਾਰ ਵੱਧ ਰਹੀ ਹੈ।
ਬੁਪ੍ਰੇਨੋਰਫੀਨ ਗੋਲੀਆਂ ਦੀ ਲਗਾਤਾਰ ਵਧ ਰਹੀ ਮੰਗ ?
ਬੁਪ੍ਰੇਨੋਰਫੀਨ ਗੋਲੀਆਂ ਦੀ ਖਪਤ ਬਾਰੇ ਪੰਜਾਬ ਵਿਧਾਨ ਸਭਾ ਦੀ ਸਰਕਾਰੀ ਕਾਰੋਬਾਰ ਕਮੇਟੀ ਵੱਲੋਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਜਨਤਕ ਕੀਤੀ ਗਈ। 129ਵੀਂ ਰਿਪੋਰਟ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਹਨ। ਵਿਧਾਨ ਸਭਾ ਕਮੇਟੀ ਦੀ ਇਹ ਰਿਪੋਰਟ ਪੰਜਾਬ ਹੈਲਥ ਸਿਸਟਮਸ ਕਾਰਪੋਰੇਸ਼ਨ ਬਾਰੇ ਹੈ ਜੋ ਮੁੱਖ ਤੌਰ ‘ਤੇ ਪੰਜਾਬ ਵਿੱਚ ਚੱਲ ਰਹੇ ਨਸ਼ਾ ਛੁਡਾਊ ਪ੍ਰੋਗਰਾਮ ਨੂੰ ਚਲਾ ਰਹੀ ਹੈ। ਇਸ ਰਿਪੋਰਟ ਨੂੰ ਕਮੇਟੀ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਸਿੰਘ ਵੱਲੋਂ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਬੁਪ੍ਰੇਨੋਰਫੀਨ ਲਗਾਤਾਰ ਵੱਧ ਰਹੀ ਮੰਗ ‘ਤੇ ਚਿੰਤਾ ਜ਼ਾਹਰ ਕੀਤੀ।
ਗੋਲੀਆਂ ਦੀ ਹੋ ਰਹੀ ਕਾਲਾਬਾਜ਼ਾਰੀ !
ਲੁਧਿਆਣਾ ਦੇ ਇੱਕ ਸਰਕਾਰੀ ਡਿਸਪੈਂਸਰੀ ਦੇ ਵਿੱਚ ਕਥਿਤ ਤੌਰ ‘ਤੇ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀਆਂ ਗੋਲੀਆਂ ਨੂੰ ਬਾਹਰ ਮਹਿੰਗੀ ਭਾਅ ‘ਤੇ ਵੇਚਣ ਦਾ ਮਾਮਲਾ ਸਾਹਮਣੇ ਆਇਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਇਸ ਦੀ ਵਿਭਾਗੀ ਜਾਂਚ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਗੋਲੀਆਂ ਵੇਚਣ ਵਾਲੇ ਨੌਜਵਾਨ ਦਾ ਬਿਆਨ ਸਾਹਮਣੇ ਆਇਆ ਹੈ ਜੋ ਕਿ ਖੁਦ ਕਹਿ ਰਿਹਾ ਹੈ ਕਿ ਉਹ ਰੋਜ਼ਾਨਾ ਕਈ ਪੱਤੇ ਵੇਚਦਾ ਸੀ ਅਤੇ ਇਹ ਸਭ ਮਿਲੀਭੁਗਤ ਦੇ ਨਾਲ ਚੱਲ ਰਿਹਾ ਸੀ ਇਨ੍ਹਾਂ ਦਵਾਈਆਂ ‘ਤੇ ਨੌਟ ਫਾਰ ਸੇਲ ਲਿਖਿਆ ਹੁੰਦਾ ਹੈ ਪਰ ਇਸ ਦੇ ਬਾਵਜੂਦ ਬਾਹਰ ਇਨ੍ਹਾਂ ਨੂੰ 500 ਰੁਪਏ ਤੱਕ ਵੇਚਿਆ ਜਾ ਰਿਹਾ ਸੀ।
“ਮੈਂ ਲੇਬਰ ਦਾ ਕੰਮ ਕਰਦਾ ਸੀ। ਮੈਨੂੰ ਨਸ਼ੇ ਛੁਡਾਊ ਗੋਲੀਆ ਦੇ ਪਤੇ ਵੇਚਣ ਲਈ ਕਿਹਾ ਗਿਆ। ਮੈਂ ਵੇਚਦਾ ਰਿਹਾ। ਦੋ ਮਹੀਨੇ ਬੀਤ ਗਏ ਮੈਨੂੰ ਪਤਾ ਲੱਗਿਆ ਸੀ ਕਿ ਜੋ ਮੈਨੂੰ ਵੇਚਣ ਲਈ ਕਹਿ ਰਿਹਾ ਸੀ ਉਹ ਕਾਲਾ ਧੰਦਾ ਕਰ ਰਿਹਾ ਹੈ। ਲੋਕਾਂ ਦੇ ਨੌਜਵਾਨ ਪੁੱਤ ਮਰਦੇ ਰਹੇ। ਮੁਫਤ ਵਾਲੀਆਂ ਗੋਲੀਆਂ ਨੂੰ ਇਸ ਵੱਲੋਂ ਬਾਹਰ ਮੁੱਲ ਵੇਚੀਆਂ ਜਾ ਰਹੀਆਂ ਸੀ। ਰੋਜ਼ਾਨਾ ਦੇ 60 ਤੋਂ 70 ਪੱਤੇ ਵਿਕਦੇ ਸਨ। ਇੱਕ ਪੱਤੇ ਦੀ ਕੀਮਤ 500 ਰੁਪਏ ਹੁੰਦੀ ਸੀ।”–ਗੋਲੀਆਂ ਵੇਚਣ ਵਾਲਾ ਸ਼ਖ਼ਸ
ਅਧਾਰ ਕਾਰਡ ਦੀ ਵਰਤੋਂ
ਨਸ਼ਾ ਛੁਡਾਊ ਗੋਲੀਆਂ ਦੇ ਲਈ ਰਜਿਸਟਰੇਸ਼ਨ ਜ਼ਰੂਰੀ ਹੈ। ਖਾਸ ਕਰਕੇ ਜਿਹੜਾ ਨਸ਼ੇ ਦਾ ਆਦੀ ਹੈ ਉਸ ਨੂੰ ਇਹ ਗੋਲੀਆਂ ਨਸ਼ਾ ਛੱਡਣ ਲਈ ਦਿੱਤੀਆਂ ਜਾਂਦੀਆਂ ਹਨ। ਪਰ ਲੁਧਿਆਣਾ ਦੇ ਵਿੱਚ ਅਜਿਹੇ ਦੋ ਕੇਸ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਅਧਾਰ ਕਾਰਡ ‘ਤੇ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਸਨ। ਪਹਿਲਾਂ ਮਾਮਲਾ ਲੁਧਿਆਣਾ ਦੇ ਇੱਕ ਸੀਨੀਅਰ ਪੱਤਰਕਾਰ ਦੇ ਨਾਲ ਜੁੜਿਆ ਹੋਇਆ ਹੈ। ਤਰਸੇਮ ਭਰਦਬਾਜ ਕਈ ਵੱਡੇ ਮੀਡੀਆ ਅਦਾਰਿਆਂ ਦੇ ਵਿੱਚ ਕੰਮ ਕਰ ਚੁੱਕਾ ਹੈ ਅਤੇ ਮੌਜੂਦਾ ਸਮੇਂ ਦੇ ਵਿੱਚ ਵੀ ਕਰ ਰਿਹਾ ਹੈ ਜਿਨ੍ਹਾਂ ਨੇ ਸਾਡੀ ਟੀਮ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ “ਪਹਿਲੀ ਵਾਰ ਮੈਨੂੰ ਉਸ ਵੇਲੇ ਪਤਾ ਲੱਗਾ ਜਦੋਂ ਅਸਲਾ ਲਾਈਸੈਂਸ ਬਣਾਉਣ ਲਈ ਉਹ ਸਰਟੀਫਿਕੇਟ ਲੈਣ ਗਏ ਤਾਂ ਮੈਨੂੰ ਕਹਿੰਦੇ ਕਿ ਤੁਹਾਡੇ ਅਧਾਰ ਕਾਰਡ ‘ਤੇ ਤਾਂ ਨਸ਼ੇ ਦੀ ਗੋਲੀ ਲੱਗੀ ਹੋਈ ਹੈ ਕੀ ਤੁਸੀਂ ਨਸ਼ੇ ਦੀਆਂ ਗੋਲੀਆਂ ਲੈਂਦੇ ਹੋ ਉਸ ਵੇਲੇ ਮੇਰੇ ਪੈਰਾਂ ਤੋਂ ਜ਼ਮੀਨ ਖਿਸਕ ਗਈ ਕਿ ਇਹ ਕਿਵੇਂ ਹੋ ਸਕਦਾ ਹੈ।
“ਮੈਂ ਕਦੇ ਮੀਟ ਆਂਡਾ ਮੱਛੀ ਸ਼ਰਾਬ ਤੱਕ ਨੂੰ ਹੱਥ ਨਹੀਂ ਲਗਾਇਆ ਤਾਂ ਨਸ਼ੇ ਦੀਆਂ ਗੋਲੀਆਂ ਖਾਣੀਆਂ ਉਹ ਵੀ ਕੈਮੀਕਲ ਨਸ਼ੇ ਛੱਡਣ ਲਈ ਬੜੀ ਹੈਰਾਨੀ ਵਾਲੀ ਗੱਲ ਸੀ ਜਿਸ ਤੋਂ ਬਾਅਦ ਮੈਂ ਇਸ ਦੀ ਜਾਂਚ ਕਰਵਾਈ ਤਾਂ ਪਤਾ ਲੱਗਾ ਕਿ ਮੇਰੇ ਅਧਾਰ ਕਾਰਡ ਦਾ ਇਸਤੇਮਾਲ ਨਸ਼ੇ ਦੀਆਂ ਗੋਲੀਆਂ ਦੇਣ ਲਈ ਵਰਤਿਆ ਗਿਆ ਹੈ ਜਿਸ ਦੀ ਸ਼ਿਕਾਇਤ ਵੀ ਮੇਰੇ ਵੱਲੋਂ ਦਿੱਤੀ ਗਈ ਪਰ ਹਾਲੇ ਤੱਕ ਕੋਈ ਹੱਲ ਨਹੀਂ ਹੋਇਆ। ਬੀਤੇ ਦਿਨ ਹੀ ਪੰਜਾਬ ਦੀ ਸਿਹਤ ਮੰਤਰੀ ਵੀ ਲੁਧਿਆਣਾ ਸਿਵਲ ਹਸਪਤਾਲ ਆਏ ਉਹਨਾਂ ਨੂੰ ਇਹ ਸਵਾਲ ਕੀਤਾ ਗਿਆ ਪਰ ਉਹਨਾਂ ਨੇ ਵੀ ਕਿਹਾ ਕਿ ਇਸ ਤੇ ਕਾਰਵਾਈ ਹੋਵੇਗੀ।”–ਸ਼ਿਕਾਇਤਕਰਤਾ
ਪ੍ਰਸ਼ਾਸਨ ‘ਤੇ ਸਵਾਲ
ਤਰਸੇਮ ਭਰਦਵਾਜ਼ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਗਈ ਜਿਨਾਂ ਨੇ ਦੱਸਿਆ ਕਿ ਅੱਜ ਵੀ ਉਹ ਤਰੀਕ ‘ਤੇ ਪਹੁੰਚੇ ਹੋਏ ਹਨ। ਅੱਜ ਸਿਵਲ ਹਸਪਤਾਲ ਦੇ ਐਸਐਮਓ ਅਤੇ ਨਾਲ ਹੀ ਖੰਨਾ ਦੀ ਏਡੀਸੀ ਨੂੰ ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਤਲਬ ਕੀਤਾ ਗਿਆ ਸੀ ਪਰ ਉਨ੍ਹਾਂ ਵੱਲੋਂ ਲਿਖਤੀ ਦੇ ਵਿੱਚ ਇਹ ਬਿਆਨ ਭੇਜ ਦਿੱਤਾ ਗਿਆ ਹੈ ਕਿ ਇੱਕ ਮਹੀਨੇ ਦੇ ਅੰਦਰ ਇਸ ਮਸਲੇ ਨੂੰ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂਂ ਕਿਹਾ ਕਿ ਹਲੇ ਤੱਕ ਮਸਲਾ ਹੱਲ ਨਹੀਂ ਹੋ ਸਕਿਆ ਹੈ। ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਜਾਗਰੂਕ ਪੱਤਰਕਾਰ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਆਮ ਲੋਕਾਂ ਦਾ ਤਾਂ ਕੀ ਹੀ ਹਾਲ ਹੁੰਦਾ ਹੋਵੇਗਾ।
ਕੇਸ ਸਟੱਡੀ 2
ਅਜਿਹਾ ਹੀ ਇੱਕ ਹੋਰ ਮਾਮਲਾ ਲੁਧਿਆਣਾ ਦੇ ਸੁਭਾਸ਼ ਨਗਰ ਓਟ ਸੈਂਟਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਦੇ ਅਧਾਰ ਕਾਰਡ ‘ਤੇ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਸਨ ਪਰ ਉਹ ਵੀਡੀਓ ਦੇ ਵਿੱਚ ਬੋਲਦਾ ਹੋਇਆ ਵਿਖਾਈ ਦੇ ਰਿਹਾ ਹੈ ਕਿ ਉਸ ਨੇ ਤਾਂ ਕਦੇ ਨਸ਼ਾ ਕੀਤਾ ਹੀ ਨਹੀਂ ਪਰ ਉਸ ਦੇ ਨਾਂ ਤੇ ਵੀ ਨਸ਼ੇ ਦੀਆਂ ਗੋਲੀਆਂ ਦਿੱਤੀਆਂ ਜਾ ਰਹੀਆਂ ਸਨ।
ਕਾਰਵਾਈ ਲਈ ਕਮੇਟੀ ਦਾ ਗਠਨ
ਇਸ ਸਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਐਚਸੀਐਸ ਸਿਵਲ ਹਸਪਤਾਲ ਲੁਧਿਆਣਾ ਵੱਲੋਂ ਇੱਕ ਨੋਟਿਸ ਵੀ 19 ਅਗਸਤ ਨੂੰ ਜਾਰੀ ਕਰਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਵਿੱਚ ਸੀਨੀਅਰ ਮੈਡੀਕਲ ਅਫਸਰ ਸੀਐਚਸੀ ਸੁਭਾਸ਼ ਨਗਰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਓਟ ਸਟਾਫ ਨਰਸ ਗੁਰਵਿੰਦਰ ਕੌਰ ਦੇ ਖ਼ਿਲਾਫ਼ ਗੋਲੀਆਂ ਸਬੰਧੀ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਚਾਰ ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਸ ਵਿੱਚ ਡਾਕਟਰ ਰਮਿੰਦਰ ਕੌਰ ਗਿੱਲ, ਐਸਐਮਓ ਇੰਚਾਰਜ ਇਸ ਤੋਂ ਇਲਾਵਾ ਡਾਕਟਰ ਹਰਸਿਮਰਨ ਕੌਰ ਸਾਈਕੈਟਰਿਕਸ, ਡਾਕਟਰ ਕੋਮਲ ਭਾਰਤੀ, ਮੈਡੀਕਲ ਅਫਸਰ ਡਾਕਟਰ ਬਲਜਿੰਦਰ ਸਿੰਘ ਡਾਟਾ ਐਂਟਰੀ ਆਪਰੇਟਰ ਓਟ ਸੈਂਟਰ ਸ਼ਾਮਲ ਹਨ।
ਕਦੋਂ ਹੋਵੇਗੀ ਕਾਰਵਾਈ ?
ਜਾਂਚ ਕਮੇਟੀ ਦੀ ਮੈਂਬਰ ਅਤੇ ਲੁਧਿਆਣਾ ਸਿਵਲ ਹਸਪਤਾਲ ਓਟ ਸੈਂਟਰ ਦੇ ਵਿੱਚ ਤੈਨਾਤ ਸਾਈਕੈਟਰਿਕਸ ਡਾਕਟਰ ਹਰਸਿਮਰਨ ਕੌਰ ਦੇ ਨਾਲ ਅਸੀਂ ਗੱਲਬਾਤ ਕੀਤੀ ਜਿਨਾਂ ਨੇ ਫੋਨ ‘ਤੇ ਦੱਸਿਆ ਕਿ “ਫਿਲਹਾਲ ਇਹ ਮਾਮਲਾ ਜਾਂਚ ਦੇ ਅਧੀਨ ਹੈ ਸ਼ਿਕਾਇਤਕਰਤਾਵਾਂ ਨੂੰ ਅਸੀਂ ਸੋਮਵਾਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ ਜਿਸ ਤੋਂ ਬਾਅਦ ਉਹ ਜੋ ਵੀ ਬਿਆਨ ਦੇਣਗੇ ਉਸ ਦੇ ਅਧਾਰ ‘ਤੇ ਅੱਗੇ ਅਸੀਂ ਵਿਭਾਗੀ ਜਾਂਚ ਕਰਾਂਗੇ ਅਤੇ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।”
ਇਸ ਮਾਮਲੇ ਦੇ ਵਿੱਚ ਐਸਐਮਓ ਇੰਚਾਰਜ ਅਰਬਨ ਵੱਲੋਂ ਕਿਹਾ ਗਿਆ ਕਿ “ਸਾਡੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਸੀ ਅਤੇ ਇਸ ਦੀ ਸ਼ਿਕਾਇਤ ਵੀ ਮਿਲੀ ਹੈ ਜਿਸ ਦੇ ਅਧਾਰ ਤੇ ਚਾਰ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਵਿਭਾਗੀ ਜਾਂਚ ਕਰੇਗੀ।”
ਕਿੰਨੀ ਹੋਈ ਖਪਤ ?
ਪੰਜਾਬ ਵਿਧਾਨ ਸਭਾ ਦੀ ਕਮੇਟੀ ਦੀ ਰਿਪੋਰਟ ਜਿਸ ਦਾ ਜ਼ਿਕਰ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਵੱਲੋਂ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਆਪਣੇ ਐਕਸ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਲਿਖਿਆ ਗਿਆ ਕਿ ਪਿਛਲੇ ਚਾਰ ਪੁਆਇੰਟ ਪੰਜ ਸਾਲ ਦੇ ਵਿੱਚ ਨਸ਼ਾ ਛੁਡਾਉਣ ਦੇ ਲਈ 43.44 ਕਰੋੜ ਗੋਲੀਆਂ ਵੰਡਨੀਆਂ ਪਈਆਂ ਹਨ। ਸਾਲ 2022 ਦੇ ਵਿੱਚ 7 ਕਰੋੜ ਗੋਲੀਆਂ 2023 ਦੇ ਵਿੱਚ 9.44 ਕਰੋੜ, 2024 ਦੇ ਵਿੱਚ 10 ਕਰੋੜ ਅਤੇ 2025 ਵਿੱਚ 11 ਕਰੋੜ, ਜੂਨ 2026 ਤੱਕ 6 ਕਰੋੜ ਬੁਪ੍ਰੇਨੋਰਫੀਨ ਗੋਲੀਆਂ ਰਿਪੋਰਟ ਦੇ ਮੁਤਾਬਕ ਹੁਣ ਤੱਕ ਵਰਤੀਆਂ ਜਾ ਚੁੱਕੀਆਂ ਹਨ। ਇਹ ਅੰਕੜੇ ਬਿਕਰਮ ਮਜੀਠੀਆ ਵੱਲੋਂ ਸਾਂਝੇ ਕੀਤੇ ਗਏ ਨੇ। ਨਵੇਂ ਰਜਿਸਟਰਡ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਵੀ ਵਾਧਾ ਹੋਇਆ ਹੈ।
ਬਿਕਰਮ ਮਜੀਠੀਆ ਨੇ ਇਹ ਵੀ ਲਿਖਿਆ ਕਿ 2022 ਦੇ ਵਿੱਚ 1.17 ਕਰੋੜ ਗੋਲੀਆਂ ਜੇਲ੍ਹਾਂ ਦੇ ਵਿੱਚ ਇਸਤੇਮਾਲ ਹੋ ਰਹੀ ਸੀ ਜੋ ਕਿ 2026 ਦੇ ਵਿੱਚ ਹੁਣ ਤੱਕ 8.87 ਕਰੋੜ ‘ਤੇ ਪਹੁੰਚ ਚੁੱਕਾ ਹੈ। 40, 830 ਕੈਦੀ ਨਸ਼ੇ ਦੇ ਇਲਾਜ ਕਰਵਾ ਰਹੇ ਨੇ। ਬਿਕਰਮ ਮਜੀਠੀਆ ਨੇ ਅੱਗੇ ਲਿਖਿਆ ਕਿ ‘ਜੇ ਨਸ਼ਾ ਮੁੱਕ ਗਿਆ ਤਾਂ ਕਰੋੜਾਂ ਗੋਲੀਆਂ ਕਿਸ ਲਈ ? ਜੇ ਯੁੱਧ ਜਿੱਤ ਲਿਆ ਤਾਂ ਮਰੀਜ਼ ਹਰ ਸਾਲ ਵੱਧ ਕਿਉਂ ? ਸਰਕਾਰ ਦੀ ਰਿਪੋਰਟ ਖੁਦ ਕਹਿੰਦੀ ਹੈ ਕਈ ਇਲਾਜ ਤੋਂ ਬਾਅਦ ਫਿਰ ਨਸ਼ੇ ਚ’
ਕੀ ਹੈ ਬੁਪ੍ਰੇਨੋਰਫੀਨ ?
ਬੁਪ੍ਰੇਨੋਰਫੀਨ ਇੱਕ ਦਵਾਈ ਹੈ ਜੋ ਕਿ ਓਪਿਓਇਡ ਨਸ਼ਿਆਂ ਜਿਵੇਂ ਹੈਰੋਇਨ ਅਫੀਮ ਜਾਂ ਹੋਰ ਨਸ਼ਿਆਂ ਦੀ ਲੱਤ ‘ਤੇ ਇਲਾਜ ਲਈ ਵਰਤੀ ਜਾਂਦੀ ਹੈ। ਨਸ਼ਾ ਛੱਡਣ ਸਮੇਂ ਆਉਣ ਵਾਲੇ ਲੱਛਣਾਂ ਨੂੰ ਘਟਾਉਣ ਵਿੱਚ ਇਹ ਮਦਦ ਕਰਦੀ ਹੈ ਇਸ ਦਵਾਈ ਨੂੰ ਆਮ ਤੌਰ ‘ਤੇ ਨਸ਼ਾ ਛੁੜਾਓ ਕੇਂਦਰਾਂ ਦੇ ਵਿੱਚ ਰਜਿਸਟਰਡ ਨਸ਼ਾ ਕਰਨ ਵਾਲਿਆਂ ਨੂੰ ਪ੍ਰਾਪਤ ਮਾਤਰਾ ਦੇ ਵਿੱਚ ਮਹੀਨੇ ਵਾਰ ਦਿੱਤੀ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਵੀ ਇਸ ਗੋਲੀ ਨੂੰ ਨਸ਼ੇ ਛੁਡਾਉਣ ਦੇ ਲਈ ਇੱਕ ਪ੍ਰਭਾਵੀ ਇਲਾਜ ਦੇ ਸਾਧਨ ਦਾ ਹਿੱਸਾ ਦੱਸਿਆ ਹੈ।
ਨਸ਼ੇ ਦਾ ਮੁੱਦਾ ਗੰਭੀਰ
ਪੰਜਾਬ ਨਸ਼ੇ ਦੀ ਓਵਰਡੋਜ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਦੇ ਵਿੱਚ ਕਾਫੀ ਉੱਪਰ ਹੈ। ਐਨਸੀਆਰਬੀ ਦੀ 2024 ਦੀ ਰਿਪੋਰਟ ਦੇ ਮੁਤਾਬਿਕ ਪੰਜਾਬ ਦੇ ਅੰਦਰ 106 ਲੋਕਾਂ ਦੀਆਂ ਆਪਣੀ ਜਾਨ ਗਵਾਈ ਹੈ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਮੈਂਬਰ ਪਾਰਲੀਮੈਂਟ ਬਠਿੰਡਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਐਕਸ ਅਕਾਊਂਟ ਤੇ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਇਹ ਪਿਛਲੀ 11 ਅਗਸਤ ਤੋਂ ਲੈ ਕੇ 19 ਅਗਸਤ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅੰਦਰ ਖਾਸ ਕਰਕੇ ਮਾਲਵੇ ਨਾਲ ਸਬੰਧਿਤ ਜ਼ਿਲ੍ਹਿਆਂ ‘ਚ ਸੱਤ ਦਿਨਾਂ ਦੇ ਵਿੱਚ ਕਥਿਤ ਤੌਰ ‘ਤੇ ਸੱਤ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ ਦੇ ਨਾਲ ਮੌਤ ਹੋਈ ਹੈ। ਜਿਸ ਦਾ ਉਨ੍ਹਾਂ ਵੱਲੋਂ ਬਿਉਰਾ ਵੀ ਦਿੱਤਾ।
- 11 ਅਗਸਤ 16 ਸਾਲ ਦੇ ਅਮਰੀਕ ਸਿੰਘ ਮਾਨਸਾ ਦੇ ਵਿੱਚ ਮ੍ਰਿਤਕ ਪਾਇਆ ਗਿਆ।
- 11 ਅਗਸਤ ਨੂੰ ਇੰਟਰਨੈਸ਼ਨਲ ਕਬੱਡੀ ਖਿਡਾਰੀ ਗੁਰਜੀਤ ਤੂਤ ਦੀ ਮੌਤ ਫਿਰੋਜ਼ਪੁਰ ਦੇ ਵਿੱਚ ਇਲਾਜ ਦੌਰਾਨ ਹੋਈ।
- 14 ਅਗਸਤ ਨੂੰ ਦੋ ਨੌਜਵਾਨ ਗੁਰਵਿੰਦਰ ਸਿੰਘ ਅਤੇ ਕੁਲਦੀਪ ਸਿੰਘ ਮ੍ਰਿਤਕ ਪਾਏ ਗਏ ਉਨ੍ਹਾਂ ਦੇ ਹੱਥਾਂ ਦੇ ਵਿੱਚ ਸਰਿੰਜਾਂ ਲੱਗੀਆਂ ਹੋਈਆਂ ਸਨ।
- 18 ਅਗਸਤ ਨੂੰ 25 ਸਾਲ ਦੇ ਪਵਨ ਕੁਮਾਰ ਫਜ਼ਿਲਕਾ ਦਾ ਰਹਿਣ ਵਾਲਾ ਮ੍ਰਿਤਕ ਪਾਇਆ ਗਿਆ।
- 18 ਅਗਸਤ ਨੂੰ ਹੀ 20 ਸਾਲ ਦਾ ਟਾਲੀਵਾਲਾ ਬੋਦਲਾ ਕਰਨਜੀਤ ਸਿੰਘ ਮ੍ਰਿਤਕ ਪਾਇਆ ਗਿਆ।
- 19 ਅਗਸਤ ਨੂੰ 42 ਸਾਲ ਦਾ ਸੁਖਜਿੰਦਰ ਸਿੰਘ ਮ੍ਰਿਤਕ ਪਾਇਆ ਗਿਆ ਪੰਜਾਵਾਂ ਪਿੰਡ ਤੋਂ ਸਬੰਧਿਤ ਸੀ।
ਹਰਸਿਮਰਤ ਕੌਰ ਬਾਦਲ ਨੇ ਲਿਖਿਆ ਕਿ ਸੱਤ ਦਿਨ ਦੇ ਵਿੱਚ ਸੱਤ ਮੌਤਾਂ ਹੋਈਆਂ ਨੇ ਅਤੇ ਇਸ ਦਾ ਕਾਰਨ ਨਸ਼ੇ ਦੀ ਓਵਰਡੋਜ਼ ਹੈ।
ETV BHARAT