ਜਲੰਧਰ ਵਿੱਚ ਪੀਐਮ ਮੋਦੀ ਨੇ ਅਕਾਲੀ ਦਲ ਨੂੰ ਵੀ ਆਪਣੇ ਵਿਰੋਧੀਆਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ, ਪੜ੍ਹੋ ਬਲਵਿੰਦਰ ਸਿੰਘ ਦੀ ਇਹ ਵਿਸ਼ੇਸ਼ ਰਿਪੋਰਟ।
20 ਜੁਲਾਈ, 2026 – ਚੰਡੀਗੜ੍ਹ: ਪੰਜਾਬ ਦੌਰੇ ‘ਤੇ ਆਏ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਲੰਧਰ ਦੀ ਵਿਕਾਸ ਰੈਲੀ ਦੌਰਾਨ ਸੂਬੇ ਦੀ ਸਿਆਸਤ ਵਿੱਚ ਇੱਕ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਪੀਐਮ ਮੋਦੀ ਨੇ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਨਿਸ਼ਾਨੇ ‘ਤੇ ਲਿਆ, ਉੱਥੇ ਹੀ ਉਨ੍ਹਾਂ ਨੇ ਸਾਬਕਾ ਭਾਈਵਾਲ ਸ਼੍ਰੋਮਣੀ ਅਕਾਲੀ ਦਲ ‘ਤੇ ਵੀ ਹੁਣ ਤੱਕ ਦਾ ਸਭ ਤੋਂ ਸਿੱਧਾ ਅਤੇ ਤਿੱਖਾ ਹਮਲਾ ਬੋਲਿਆ ਹੈ। ਕੀ ਪ੍ਰਧਾਨ ਮੰਤਰੀ ਦੇ ਇਸ ਬਿਆਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਹੁਣ ਪੰਜਾਬ ਵਿੱਚ ਅਕਾਲੀ ਦਲ ਤੋਂ ਬਿਨਾਂ ਹੀ ਇਕੱਲੇ ਦਮ ‘ਤੇ ਅੱਗੇ ਵਧਣ ਦਾ ਪੂਰਾ ਮਨ ਬਣਾ ਚੁੱਕੀ ਹੈ ? ਆਓ ਇਸੇ ਗੱਲ ਦਾ ਵਿਸ਼ਲੇਸ਼ਣ ਕਰਦੇ ਹਾਂ।
‘ਆਪਣੇ ਹੀ ਸਵਾਰਥਾਂ ਵਿੱਚ ਉਲਝੀ ਹੈ ਅਕਾਲੀ ਦਲ‘
ਜਲੰਧਰ ਵਿੱਚ ਜਨਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਜਿੱਥੇ ‘ਆਪ’ ਸਰਕਾਰ ਨੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ ਉੱਥੇ ਹੀ ਕਾਂਗਰਸ ਪਾਰਟੀ ਤਾਂ ਆਪਣੀ ਅੰਦਰੂਨੀ ਲੜਾਈ ਵਿੱਚ ਫਸੀ ਹੋਈ ਹੈ, ਪਰ ਅਕਾਲੀ ਦਲ ਦਾ ਵੀ ਇਹੀ ਹਾਲ ਹੈ। ਉਹ ਵੀ ਆਪਣੇ ਨਿੱਜੀ ਅਤੇ ਸਿਆਸੀ ਸਵਾਰਥਾਂ ਵਿੱਚ ਉਲਝੇ ਹੋਏ ਹਨ। ਉਨ੍ਹਾਂ ਨੂੰ ਵੀ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ। ਪੀਐਮ ਮੋਦੀ ਨੇ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਰਵਾਇਤੀ ਪਾਰਟੀਆਂ ਦੀ ਸਿਆਸਤ ਤੋਂ ਤੰਗ ਆ ਚੁੱਕੇ ਹਨ।
‘ਭਾਜਪਾ ਹੀ ਕਰੇਗੀ ਅਸਲੀ ਬਦਲਾਅ‘
ਪ੍ਰਧਾਨ ਮੰਤਰੀ ਨੇ ਪੰਜਾਬ ਦੇ ਵਿਕਾਸ ਦਾ ਰੋਡਮੈਪ ਪੇਸ਼ ਕਰਦਿਆਂ ਦਾਅਵਾ ਕੀਤਾ ਕਿ ਸੂਬੇ ਨੂੰ ਅਸਲੀ ਬਦਲਾਅ, ਵਿਕਸਿਤ ਅਤੇ ਆਤਮ-ਨਿਰਭਰ ਬਣਾਉਣ ਦਾ ਕੰਮ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਕਰ ਸਕਦੀ ਹੈ। ਉਨ੍ਹਾਂ ਟਵੀਟ ਕਰਕੇ ਵੀ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਵਿੱਚ ਅਦਭੁਤ ਸਮਰੱਥਾ ਹੈ ਅਤੇ ਇਸ ਸਮਰੱਥਾ ਨੂੰ ਸਹੀ ਦਿਸ਼ਾ ਦੇਣ ਲਈ ਸੂਬੇ ਵਿੱਚ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਬੇਹੱਦ ਜ਼ਰੂਰੀ ਹੈ।
‘ਅਕਾਲੀ ਦਲ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ‘
ਅਕਾਲੀ ਦਲ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਉੱਤੇ ਮੋੜਵਾਂ ਜਵਾਬ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਮਹੇਸ਼ ਇੰਦਰ ਸਿੰਘ ਗਰੇਵਾਲ ਗਠਜੋੜ ਦੇ ਸਵਾਲ ਉੱਤੇ ਇਸ ਨੂੰ ਪਾਰਟੀਆਂ ਦਾ ਨਿਜੀ ਫੈਸਲਾ ਕਰਾਰ ਦਿੰਦੇ ਹਨ। ਉਹ ਕਹਿੰਦੇ ਹਨ ਕਿ, “ਸ਼੍ਰੋਮਣੀ ਅਕਾਲੀ ਦਲ ਪੰਜਾਬ ਪੰਜਾਬ ਅੰਦਰ ਪੂਰੀ ਤਰ੍ਹਾਂ ਸਮਰੱਥ ਪਾਰਟੀ ਹੈ, ਜਿਸ ਨੂੰ ਕਿਸੇ ਦੀਆਂ ਫੌੜੀਆਂ ਦੀ ਲੋੜ ਨਹੀਂ, ਸਗੋਂ ਦੂਜੀਆਂ ਪਾਰਟੀਆਂ ਨੂੰ ਇਸ ਦੀ ਲੋੜ ਹੋ ਸਕਦੀ ਹੈ।” ਕੈਪਟਨ ਜਾਂ ਹੋਰ ਆਗੂਆਂ ਵਲੋਂ ਗਠਜੋੜ ਦੀ ਹਿਮਾਇਤ ਕਰਨ ‘ਤੇ ਗਰੇਵਾਲ ਕਹਿੰਦੇ ਹਨ ਕਿ, “ਗਠਜੋੜ ਕਰਨਾ ਜਾਂ ਨਾ ਕਰਨਾ ਤਾਂ ਭਾਜਪਾ ਦਾ ਅੰਦਰੂਨੀ ਮਾਮਲਾ ਹੈ। ਪਰ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਲੋਕਾਂ ਨੂੰ ਬੜੀਆਂ ਆਸਾਂ ਸਨ ਜੋ ਪੂਰੀਆਂ ਨਹੀਂ ਹੋਈਆਂ। ਚੰਡੀਗੜ੍ਹ ਆ ਕੇ ਵੀ ਪੀਐੱਮ ਇਸ ਉੱਤੇ ਪੰਜਾਬ ਦੇ ਹੱਕ ਦੀ ਕੋਈ ਗੱਲ ਕਰਕੇ ਨਹੀਂ ਗਏ। ਪੰਜਾਬ ਅੰਦਰ ਉਨ੍ਹਾਂ ਦੇ ਪੈਰ ਨਹੀਂ ਲੱਗ ਸਕਦੇ।”
‘ਅਕਾਲੀਆਂ ਕੋਲ ਗੁਆਉਣ ਨੂੰ ਹੈ ਕੀ !‘
ਪ੍ਰਧਾਨ ਮੰਤਰੀ ਦੇ ਇਸ ਬਿਆਨ ਉੱਤੇ ਲੇਖਕ ਅਤੇ ਸਿਆਸੀ ਵਿਸ਼ਲੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਤਿੱਖਾ ਤੰਜ਼ ਕਸਿਆ ਹੈ। ਸ਼ੋਸਲ ਮੀਡੀਆ ਉੱਤੇ ਇੱਕ ਲੰਮੀ ਚੌੜੀ ਪੋਸਟ ਰਾਹੀਂ ਉਹ ਕਹਿੰਦੇ ਹਨ ਕਿ, “ਕਿੰਨੀ ਵਾਰ ਭਾਜਪਾ ਦੇ ਸਿਖਰਲੇ ਆਗੂ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਅਕਾਲੀਆਂ ਨਾਲ ਸਮਝੌਤਾ ਨਹੀਂ ਕਰਨਗੇ। ਇਹ ਸ਼ਰੇਆਮ ਪੰਜਾਬ ਦੀ ਸਿਆਸਤ ਵਿੱਚ ਉਨ੍ਹਾਂ ਨੂੰ ਨੀਵਾਂ ਵਿਖਾਉਣ ਵਾਲੀ ਗੱਲ ਹੈ ਪਰ ਲਗਦਾ ਹੈ, ਜਾਂ ਤਾਂ ਉਹ ਸਮਝਦੇ ਨਹੀਂ, ਜਾਂ ਸਮਝਣਾ ਚਾਹੁੰਦੇ ਨਹੀਂ। ਇੱਕ ਪਾਸੇ ਉਹ ਖ਼ੁਦ ਨੂੰ ਪੰਜਾਬ ਦੀ ਖੇਤਰੀ ਪਾਰਟੀ ਕਹਿ ਕੇ ਪੰਜਾਬ ‘ਤੇ ਆਪਣਾ ਹੱਕ ਜਤਾਉਂਦੇ ਹਨ, ਦੂਜੇ ਪਾਸੇ ਉਹ ਖ਼ੁਦ ਨੂੰ ਇੰਨਾ ਕਾਬਿਲ ਵੀ ਨਹੀਂ ਸਮਝਦੇ ਕਿ ਬਿਨਾਂ ਭਾਜਪਾ ਤੋਂ ਲੋਕਾਂ ਵਿੱਚ ਵੀ ਜਾ ਸਕਣ। ਉਨ੍ਹਾਂ ਕੋਲ ਗੁਆਉਣ ਨੂੰ ਹੈ ਕੀ! ਸਿਰਫ਼ ਇੱਕ ਸੀਟ। ਇਸ ਤੋਂ ਥੱਲੇ ਤਾਂ ਕੀ ਡਿੱਗ ਪੈਣਗੇ ਉਹ! ਉਹ ਕਿਉਂ ਖ਼ੁਦ ਦੇ ਆਸਰੇ ਲੋਕਾਂ ਵਿੱਚ ਨਹੀਂ ਜਾਂਦੇ? ਕਿਉਂ ਨਹੀਂ ਇਕੱਲ੍ਹੇ ਚੋਣਾਂ ਲੜਨ ਦਾ ਐਲਾਨ ਕਰਦੇ?”
ਭਾਜਪਾ ਲਈ ਕੌਣ ਫਾਇਦੇਮੰਦ?
ਸੁਖਬੀਰ ਬਾਦਲ ਦੀ ਥਾਂ ਭਗਵੰਤ ਮਾਨ ਨੂੰ ਭਾਜਪਾ ਲਈ ਬਿਹਤਰ ਵਿਕਲਪ ਦੱਸਦੇ ਹੋਏ ਪਾਲੀ ਭੁਪਿੰਦਰ ਸਿੰਘ ਕਹਿੰਦੇ ਹਨ ਕਿ, “ਭਾਜਪਾ ਕੋਈ ਰਾਮ ਬਾਣ ਨਹੀਂ ਹੈ। ਉਸਦੀ ਸਾਰੀ ਟੇਕ ਭਗਵੰਤ ਮਾਨ ‘ਤੇ ਹੈ। ‘ਆਪ‘ ਨੂੰ 40 ਕੁ ਸੀਟਾਂ ਤੱਕ ਰੋਕ ਕੇ ਤੇ ਪੰਦਰਾਂ ਵੀਹ ਸੀਟਾਂ ਆਪ ਕੱਢ ਕੇ ਉਹ ਇਹੀ ਕੋਸ਼ਿਸ਼ ਕਰੇਗੀ ਕਿ ਕਾਂਗਰਸ ਦੀ ਬਜਾਏ ਭਗਵੰਤ ਮਾਨ ਉਸ ਦੀ ਮੱਦਦ ਨਾਲ ਕੁਰਸੀ ‘ਤੇ ਬੈਠਾ ਰਹੇ। 70 ਵੀ ਲੈ ਜਾਵੇ ਭਾਵੇਂ ਪਰ ਇਸ 70 ਵਿੱਚ ਕਿੰਨੇ ਭਾਜਪਾ ਦੇ ਹੋਣਗੇ, ਇਹ ਅਨੁਮਾਨ ਲਾਉਣਾ ਵੀ ਔਖਾ ਨਹੀਂ। ਫਿਰ ਸੁਖਬੀਰ ਨੂੰ ਸੀਐਮ ਬਣਾਉਣ ਦੀ ਥਾਂ ਉਨ੍ਹਾਂ ਲਈ ਭਗਵੰਤ ਮਾਨ ਜ਼ਿਆਦਾ ਫਾਇਦੇਮੰਦ ਹੋਵੇਗਾ ਤੇ ਅਸੀਂ ਸਾਰੇ ਜਾਣਦੇ ਹਾਂ, ਕਿਉਂ ਅਤੇ ਕਿਵੇਂ। ਜੇ ਹੁਣ ਸਮਝੌਤਾ ਹੋ ਵੀ ਗਿਆ, ਸਮਝਿਆ ਜਾਵੇਗਾ ਕਿ ਬਹੁਤ ਥੱਲੇ ਲੱਗੇ ਨੇ।”
2020 ਵਿੱਚ ਟੁੱਟਿਆ ਸੀ ਗਠਜੋੜ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗਠਜੋੜ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਸੀ। ਸ਼ਿਵ ਸੈਨਾ ਅਤੇ ਅਕਾਲੀ ਦਲ ਭਾਜਪਾ ਦੇ ਸਭ ਤੋਂ ਪੁਰਾਣੇ ਸਹਿਯੋਗੀ ਸਨ। 1992 ਤੱਕ ਭਾਜਪਾ ਅਤੇ ਅਕਾਲੀ ਦਲ ਵੱਖਰੇ ਤੌਰ ‘ਤੇ ਚੋਣਾਂ ਲੜਦੇ ਸਨ ਪਰ ਚੋਣਾਂ ਤੋਂ ਬਾਅਦ ਇਕੱਠੇ ਹੋ ਗਏ। 1994 ਤੱਕ ਸ਼੍ਰੋਮਣੀ ਅਕਾਲੀ ਦਲ ਸਿਰਫ਼ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਸੀ, ਪਰ ਗਠਜੋੜ ਤੋਂ ਬਾਅਦ ਦੂਜੇ ਧਰਮਾਂ ਦੇ ਲੋਕਾਂ ਲਈ ਵੀ ਦਰਵਾਜ਼ੇ ਖੁੱਲ੍ਹ ਗਏ। ਇਸ ਤੋਂ ਬਾਅਦ 1997 ਵਿੱਚ ਭਾਜਪਾ ਅਤੇ ਅਕਾਲੀ ਦਲ ਨੇ ਇਕੱਠੇ ਚੋਣਾਂ ਲੜੀਆਂ। ਅਕਾਲੀ-ਭਾਜਪਾ ਗਠਜੋੜ ਸਾਲ 1997, 2007 ਅਤੇ ਫਿਰ 2012 ਵਿੱਚ ਪੰਜਾਬ ਵਿੱਚ ਸਫਲ ਰਿਹਾ ਅਤੇ ਦੋਹਾਂ ਨੇ ਇਕੱਠੇ ਸੱਤਾ ਹੰਢਾਈ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਗਠਜੋੜ ਨੇ ਪੰਜਾਬ ਵਿੱਚ ਸੱਤਾ ਗੁਆ ਦਿੱਤੀ ਅਤੇ 2020 ਵਿੱਚ ਖੇਤੀ ਕਾਨੂੰਨਾਂ ਕਾਰਨ 25 ਸਾਲ ਪੁਰਾਣਾ ਗਠਜੋੜ ਟੁੱਟ ਗਿਆ। ਹਾਲਾਂਕਿ ਪਹਿਲਾਂ ਅਕਾਲੀ ਦਲ ਨੇ ਇਨ੍ਹਾਂ ਕਿਸਾਨ ਕਾਨੂੰਨਾਂ ਉੱਤੇ ਕੇਂਦਰ ਦਾ ਸਾਥ ਦੇਣ ਦੀ ਕਾਫੀ ਕੋਸ਼ਿਸ਼ ਵੀ ਕੀਤੀ ਸੀ। ਪਰ ਆਖ਼ਰ ਲੋਕਾਂ ਦਾ ਦਬਾਅ ਵੇਖਦੇ ਹੋਏ 17 ਦਸੰਬਰ, 2020 ਨੂੰ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦੋਵਾਂ ਪਾਰਟੀਆਂ ਨੇ ਉਸ ਤੋਂ ਬਾਅਦ ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵੱਖ-ਵੱਖ ਲੜੀਆਂ। ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰਕੇ ਇੱਕ ਨਵਾਂ ਪ੍ਰਯੋਗ ਕਰਨ ਦੀ ਕੋਸ਼ਿਸ਼ ਕੀਤੀ, ਜੋ ਬੁਰੀ ਤਰ੍ਹਾਂ ਨਾਕਾਮ ਰਿਹਾ।
2022 ਵਿੱਚ ਪ੍ਰਤੱਖ ਹੋਇਆ ਸੀ ਗਠਜੋੜ ਨਾ ਹੋਣ ਦਾ ਨੁਕਸਾਨ
ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਜੇਕਰ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਇਹ ਸਾਫ਼ ਹੁੰਦਾ ਹੈ ਕਿ ਕਈ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਖ-ਵੱਖ ਲੜਨ ਕਰਕੇ ਵੋਟਾਂ ਦਾ ਵੱਡਾ ਖਿਲਾਰਾ ਪਿਆ ਸੀ। ਉਸ ਚੋਣ ਵਿੱਚ ਭਾਵੇਂ ਆਮ ਆਦਮੀ ਪਾਰਟੀ ਦੀ ਪ੍ਰਚੰਡ ਲਹਿਰ ਸੀ, ਪਰ ਸੂਬੇ ਵਿੱਚ ਕਈ ਅਜਿਹੀਆਂ ਵਿਧਾਨ ਸਭਾ ਸੀਟਾਂ ਸਨ, ਖ਼ਾਸ ਕਰਕੇ ਸ਼ਹਿਰੀ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ, ਜਿੱਥੇ ਅਕਾਲੀ ਦਲ ਅਤੇ ਭਾਜਪਾ ਨੂੰ ਪਈਆਂ ਵੱਖ-ਵੱਖ ਵੋਟਾਂ ਦਾ ਕੁੱਲ ਜੋੜ ਜੇਤੂ ਉਮੀਦਵਾਰ ਨੂੰ ਮਿਲੀਆਂ ਵੋਟਾਂ ਨਾਲੋਂ ਕਿਤੇ ਵੱਧ ਬਣਦਾ ਸੀ। ਜੇ ਉਸ ਸਮੇਂ ਇਹ ਪੁਰਾਣਾ ਗਠਜੋੜ ਕਾਇਮ ਹੁੰਦਾ, ਤਾਂ ਵੋਟਾਂ ਦਾ ਇਹ ਸਾਂਝਾ ਹਿੱਸਾ ਨਾ ਸਿਰਫ਼ ਉਨ੍ਹਾਂ ਹਲਕਿਆਂ ਵਿੱਚ ਜਿੱਤ ਯਕੀਨੀ ਬਣਾ ਸਕਦਾ ਸੀ, ਸਗੋਂ ਕਈ ਹੋਰ ਸੀਟਾਂ ‘ਤੇ ਵੀ ਫਸਵੇਂ ਮੁਕਾਬਲੇ ਦੇ ਰੂਪ ਵਿੱਚ ਚੋਣ ਨਤੀਜਿਆਂ ਦੀ ਤਸਵੀਰ ਨੂੰ ਕਾਫ਼ੀ ਹੱਦ ਤੱਕ ਬਦਲ ਸਕਦਾ ਸੀ। ਪਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਿਆਸਤ ਵਿੱਚ ਹਮੇਸ਼ਾ ਦੋ ਅਤੇ ਦੋ ਚਾਰ ਨਹੀਂ ਹੁੰਦੇ।
‘ਅਕਾਲੀ ਦਲ ’ਤੇ ਦਬਾਅ ਵਧਾਉਣ ਦਾ ਢੰਗ?’
ਕੁਝ ਰਾਜਨੀਤਿਕ ਮਾਹਿਰਾਂ ਮੁਤਾਬਕ, ਪ੍ਰਧਾਨ ਮੰਤਰੀ ਮੋਦੀ ਦਾ ਇਹ ਬਿਆਨ ਅਕਾਲੀ-ਭਾਜਪਾ ਗਠਜੋੜ ਦੀਆਂ ਅਟਕਲਾਂ ‘ਤੇ ਇੱਕ ਤਰ੍ਹਾਂ ਦਾ ‘ਫੁੱਲ ਸਟਾਪ’ ਨਾ ਹੋ ਕੇ ਦਬਾਅ ਬਣਾਉਣ ਦਾ ਢੰਗ ਹੋ ਸਕਦਾ ਹੈ। ਇਸ ਬਾਰੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਕਹਿੰਦੇ ਹਨ ਕਿ, “ਭਾਜਪਾ ਅਤੇ ਅਕਾਲੀ ਦਲ ਵਿਚਾਲੇ ਪੁਰਾਣਾ ਗਠਜੋੜ ਸੀ, ਪਰ ਇਸ ਵੇਲੇ ਭਾਜਪਾ ਪੰਜਾਬ ਵਿਚ ਆਪਣੀ ਵੱਖਰੀ ਤਾਕਤ ਵਧਾਉਣਾ ਚਾਹੁੰਦੀ ਹੈ। ਇਹ ਟਿੱਪਣੀ ਇਸ ਗੱਲ ਨੂੰ ਉਜਾਗਰ ਕਰਦੀ ਹੈ ਕਿ ਭਾਜਪਾ ਅਕਾਲੀ ਦਲ ਨਾਲ ਗਠਜੋੜ ਲਈ ਅਜੇ ਤਿਆਰ ਨਹੀਂ ਹੈ, ਖ਼ਾਸ ਕਰਕੇ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ। ਇਹ ਬਿਆਨ ਭਾਜਪਾ ਨੂੰ ਪੰਜਾਬ ਵਿਚ ਆਪਣੀ ਤਾਕਤ ਵਧਾਉਣ ਅਤੇ AAP ਵਿਰੋਧੀ ਵੋਟਾਂ, ਖ਼ਾਸ ਕਰਕੇ ਹਿੰਦੂ ਅਤੇ ਕੁਝ ਸਿੱਖ ਵੋਟ ਬੈਂਕ ਵਿੱਚ ਆਪਣੀ ਥਾਂ ਬਣਾਉਣ ਵਿਚ ਮਦਦ ਕਰਦਾ ਹੈ। ਇਹ ਟਿੱਪਣੀ ਪੰਜਾਬ ਵਿਚ ਤਿੰਨ ਤਾਕਤਾਂ AAP, ਕਾਂਗਰਸ, ਅਕਾਲੀ ਦਲ ਨੂੰ ਇੱਕੋ ਜਿਹਾ ਝਟਕਾ ਦਿੰਦੀ ਹੈ ਅਤੇ ਭਾਜਪਾ ਨੂੰ ਇੱਕ ਵਿਕਲਪ ਵਜੋਂ ਪੇਸ਼ ਕਰਦੀ ਹੈ, ਜਿਸ ਨਾਲ ਅਕਾਲੀ ਦਲ ’ਤੇ ਦਬਾਅ ਵਧਦਾ ਹੈ।”
ਕੀ ਖ਼ਤਮ ਹੋ ਗਈਆਂ ਗਠਜੋੜ ਦੀਆਂ ਸੰਭਾਵਨਾਵਾਂ?
ਈਟੀਵੀ ਭਾਰਤ ਨਾਲ ਗੱਲ ਦੌਰਾਨ ਸੀਨੀਅਰ ਪੱਤਰਕਾਰ ਜੈ ਸਿੰਘ ਛਿੱਬਰ ਅਕਾਲੀ-ਭਾਜਪਾ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਵੱਖਰੇ ਨਜ਼ਰੀਏ ਨਾਲ ਵੇਖਦੇ ਹਨ। ਉਹ ਕਹਿੰਦੇ ਹਨ ਕਿ, “ਰਾਜਨੀਤੀ ਵਿੱਚ ਕਿਸੇ ਵੀ ਸੰਭਾਵਨਾ ਨੂੰ ਕਦੇ ਵੀ ਪੂਰਨ ਵਿਰਾਮ ਨਹੀਂ ਲੱਗ ਸਕਦਾ। ਅਜੇ ਭਾਜਪਾ ਪੰਜਾਬ ਅੰਦਰ ਆਪਣਾ ਆਧਾਰ ਮਜ਼ਬੂਤ ਕਰਨ ਵੱਲ ਵਧ ਰਹੀ ਹੈ। ਅਜੇ ਚੋਣਾਂ ਦੂਰ ਨੇ ਅਤੇ ਕੁਝ ਵੀ ਸੰਭਵ ਹੋ ਸਕਦਾ ਹੈ। ਗਠਜੋੜ ਚੋਣਾਂ ਤੋਂ ਪਹਿਲਾਂ ਵੀ ਹੋ ਸਕਦਾ ਹੈ ਅਤੇ ਜੇ ਲੋੜ ਪਈ ਤਾਂ ਚੋਣਾਂ ਤੋਂ ਬਾਅਦ ਵੀ। ਭਾਜਪਾ ਫਿਲਹਾਲ ਤਵਾਜ਼ਨ ਆਪਣੇ ਕੋਲ ਹੀ ਰੱਖਣਾ ਚਾਹੁੰਦੀ ਹੈ।”
ਕਿਸ ਨੂੰ ਪਾਰਟੀ ਦੀ ਚਿੰਤਾ ਹੈ ਜਾਂ ਨਹੀਂ, ਇਸ ਬਾਰੇ ਬੋਲਦੇ ਹੋਏ ਜੈ ਸਿੰਘ ਛਿੱਬਰ ਕਹਿੰਦੇ ਹਨ ਕਿ, “ਜੇ ਅਕਾਲੀ ਦਲ ਨੂੰ ਪੰਜਾਬ ਦੀ ਚਿੰਤਾ ਨਹੀਂ ਤਾਂ ਭਾਜਪਾ ਵੀ ਤਾਂ ਉਨ੍ਹਾਂ ਨਾਲ ਗਠਜੋੜ ਦੀ ਸਰਕਾਰ ਵਿੱਚ ਭਾਈਵਾਲ ਰਹਿ ਚੁੱਕੀ ਹੈ। ਉਸ ਵੇਲੇ ਬਹੁਤ ਸਾਰੇ ਭਾਜਪਾ ਆਗੂ ਆਪਣੀ ਮਰਜ਼ੀ ਦੇ ਫੈਸਲੇ ਅੜ ਕੇ ਮਨਵਾਉਂਦੇ ਰਹੇ ਨੇ। ਵੈਸੈ ਵੇਖਿਆ ਜਾਵੇ ਤਾਂ ਕਿਸੇ ਵੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਬੁਨਿਆਦੀ ਮਸਲਿਆਂ ਦੀ ਕੋਈ ਵੀ ਪਰਵਾਹ ਨਹੀਂ ਹੈ। ਕਿਸੇ ਵੀ ਹੀਲੇ ਸੱਤਾ ਹਾਸਲ ਕਰਨਾ ਹੀ ਇਨ੍ਹਾਂ ਪਾਰਟੀਆਂ ਦਾ ਮੁੱਖ ਮਕਸਦ ਹੈ।”
ETV BHARAT