ਇੰਡਸਟਰੀ ਦੇ ਸਿਤਾਰਿਆਂ ਨੇ ਦੱਸਿਆ ਅਸਲ ਕਾਰਨ
ਪੰਜਾਬੀ ਫਿਲਮਾਂ ‘ਚ ਹੀਰੋ ਜ਼ਿਆਦਾਤਰ ਗਾਇਕ ਹੀ ਕਿਉਂ ਹੁੰਦੇ ਹਨ, ਅਸੀਂ ਇੱਥੇ ਇੰਡਸਟਰੀ ਨਾਲ ਜੁੜੇ ਸਿਤਾਰਿਆਂ ਅਤੇ ਮਾਹਿਰਾਂ ਦੀ ਰਾਏ ਲਈ ਹੈ।
ਅਮਨਦੀਪ ਕੌਰ ਦੀ ਰਿਪੋਰਟ…
30 ਜੁਲਾਈ, 2026 – Punjabi Singers As a Hero In Punjabi Films: ਜੇਕਰ ਪਿਛਲੇ ਦੋ ਦਹਾਕਿਆਂ ਦੌਰਾਨ ਪੰਜਾਬੀ ਫਿਲਮ ਇੰਡਸਟਰੀ ‘ਤੇ ਨਜ਼ਰ ਮਾਰੀਏ ਤਾਂ ਇੱਕ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਜ਼ਿਆਦਾਤਰ ਵੱਡੀਆਂ ਫਿਲਮਾਂ ਦੇ ਮੁੱਖ ਅਦਾਕਾਰ ਪਹਿਲਾਂ ਹੀ ਮਸ਼ਹੂਰ ਗਾਇਕ ਹਨ। ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਐਮੀ ਵਿਰਕ, ਅਮਰਿੰਦਰ ਗਿੱਲ, ਤਰਸੇਮ ਜੱਸੜ, ਪ੍ਰਭ ਗਿੱਲ, ਗੁਰੂ ਰੰਧਾਵਾ, ਜੱਸੀ ਗਿੱਲ, ਹਿੰਮਤ ਸੰਧੂ, ਬੱਬੂ ਮਾਨ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨੇ ਪਹਿਲਾਂ ਗਾਇਕੀ ਰਾਹੀਂ ਪ੍ਰਸਿੱਧੀ ਪ੍ਰਾਪਤ ਕੀਤੀ ਅਤੇ ਬਾਅਦ ਵਿੱਚ ਫਿਲਮਾਂ ਵਿੱਚ ਹੀਰੋ ਵਜੋਂ ਆਪਣੇ ਆਪ ਨੂੰ ਸਥਾਪਿਤ ਕੀਤਾ। ਇਹ ਸਿਰਫ਼ ਇੱਕ ਇਤਫ਼ਾਕ ਨਹੀਂ ਹੈ ਬਲਕਿ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਇਹ ਪਿਛਲੇ ਲੰਮੇਂ ਸਮੇਂ ਤੋਂ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਹਰਭਜਨ ਮਾਨ, ਗੁਰਦਾਸ ਮਾਨ ਅਤੇ ਮੁਹੰਮਦ ਸਦੀਕ ਵਰਗੇ ਗਾਇਕਾਂ ਨੇ ਫਿਲਮਾਂ ਵਿੱਚ ਬਤੌਰ ਹੀਰੋ ਕਿਰਦਾਰ ਨਿਭਾਏ।
ਜੇਕਰ ਇਸ ਦੇ ਪਿਛੋਕੜ ਵਿੱਚ ਜਾਈਏ ਤਾਂ ਪੰਜਾਬੀ ਸੰਗੀਤ ਦਾ ਬਾਜ਼ਾਰ ਫਿਲਮ ਉਦਯੋਗ ਤੋਂ ਬਹੁਤ ਪਹਿਲਾਂ ਵਿਕਸਤ ਹੋ ਗਿਆ ਸੀ। 1990 ਦੇ ਦਹਾਕੇ ਤੋਂ 2000 ਦੇ ਦਹਾਕੇ ਤੱਕ ਕੈਸੇਟਾਂ, ਸੀਡੀ ਅਤੇ ਬਾਅਦ ਵਿੱਚ ਯੂਟਿਊਬ ਦੇ ਆਗਮਨ ਨੇ ਪੰਜਾਬੀ ਗਾਇਕਾਂ ਨੂੰ ਘਰ-ਘਰ ਵਿੱਚ ਪ੍ਰਸਿੱਧ ਕਰ ਦਿੱਤਾ। ਜਦੋਂ ਪੰਜਾਬੀ ਸਿਨੇਮਾ ਦਾ ਪੁਨਰਜਾਗਰਣ ਸ਼ੁਰੂ ਹੋਇਆ ਤਾਂ ਨਿਰਮਾਤਾ ਉਨ੍ਹਾਂ ਚਿਹਰਿਆਂ ਦੀ ਭਾਲ ਕਰ ਰਹੇ ਸਨ, ਜਿਨ੍ਹਾਂ ਨੂੰ ਦਰਸ਼ਕ ਪਹਿਲਾਂ ਹੀ ਪਛਾਣਦੇ ਸਨ। ਸਿੱਟੇ ਵਜੋਂ ਪ੍ਰਸਿੱਧ ਗਾਇਕਾਂ ਨੂੰ ਮੁੱਖ ਅਦਾਕਾਰਾਂ ਵਜੋਂ ਕਾਸਟ ਕਰਨਾ ਸਭ ਤੋਂ ਸੁਰੱਖਿਅਤ ਵਿਕਲਪ ਬਣ ਗਿਆ। ਜਦੋਂ ਅਸੀਂ ਇਸਨੂੰ ਵਿਸਥਾਰ ਨਾਲ ਸਮਝਣ ਲਈ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸ ਸੰਬੰਧੀ ਕਾਫੀ ਖਾਸ ਜਾਣਕਾਰੀ ਸਾਂਝੀ ਕੀਤੀ।
‘ਕਸਕ’, ‘ਬਾਲਿਕਾ ਵਧੂ’ ਅਤੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਕਰ ਚੁੱਕੇ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਸ਼ਰਹਾਨ ਸਿੰਘ ਨਾਲ ਜਦੋਂ ਅਸੀਂ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਾਫੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਕਿਹਾ:
“ਇਹ ਇੱਕ ਮਾਨਸਿਕਤਾ ਹੈ। ਫਿਲਮ ਬਣਾਉਣ ਵਾਲੇ ਸੋਚਦੇ ਹਨ, “ਇਹ ਮੁੰਡਾ ਗਾ ਸਕਦਾ ਹੈ, ਇਸ ਲਈ ਉਹ ਅਦਾਕਾਰੀ ਵੀ ਕਰ ਸਕਦਾ ਹੈ।” ਪਰ ਜੇ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਲੈਂਦੇ ਹੋ, ਜੋ ਹਾਕੀ ਖੇਡਦਾ ਹੈ ਅਤੇ ਉਨ੍ਹਾਂ ਨੂੰ ਕ੍ਰਿਕਟ ਖੇਡਣ ਲਈ ਕਹਿੰਦੇ ਹੋ, ਤਾਂ ਉਹ ਨਹੀਂ ਕਰ ਪਾਏਗਾ। ਇਹੀ ਪੰਜਾਬ ਵਿੱਚ ਹੋ ਰਿਹਾ ਹੈ, ਉਹ ਗਾਇਕਾਂ ਨੂੰ ਕਾਸਟ ਕਰਦੇ ਹਨ ਅਤੇ ਜਦੋਂ ਕਿ ਇੱਕ ਫਿਲਮ ਗਲਤੀ ਨਾਲ ਹਿੱਟ ਹੋ ਸਕਦੀ ਹੈ, ਅਗਲੀਆਂ ਫਲਾਪ ਹੋ ਜਾਂਦੀਆਂ ਹਨ। ਇਸੇ ਕਰਕੇ ਇੱਕ ਅਦਾਕਾਰ ਦੀ ਇੱਕ ਫਿਲਮ ਹਿੱਟ ਹੈ ਤਾਂ 10 ਫਲਾਪ ਵੀ ਹੁੰਦੀਆਂ ਹਨ। ਤੁਸੀਂ ਹਰ ਭੂਮਿਕਾ ਨੂੰ ਪੂਰਾ ਨਹੀਂ ਕਰ ਸਕਦੇ। ਅਦਾਕਾਰੀ ਲਈ ਸਾਲਾਂ ਦੀ ਲਗਨ ਦੀ ਲੋੜ ਹੁੰਦੀ ਹੈ। ਤੁਸੀਂ ਸਿਰਫ਼ 15 ਜਾਂ 16 ਮਹੀਨਿਆਂ ਵਿੱਚ ਇੱਕ ਫਿਲਮ ਕਰਕੇ ਇਸ ਵਿੱਚ ਮੁਹਾਰਤ ਹਾਸਲ ਨਹੀਂ ਕਰ ਸਕਦੇ।”
ਪਹਿਲਾਂ ਤੋਂ ਮੌਜੂਦ ਫੈਨ ਫਾਲੋਇੰਗ
ਇੱਕ ਨਵੇਂ ਅਦਾਕਾਰ ਨੂੰ ਆਪਣੀ ਪਛਾਣ ਸਥਾਪਤ ਕਰਨ ਵਿੱਚ ਕਈ ਸਾਲ ਲੱਗ ਸਕਦੇ ਹਨ, ਜਦੋਂ ਕਿ ਇੱਕ ਸਫਲ ਗਾਇਕ ਦੇ ਪਹਿਲਾਂ ਹੀ ਲੱਖਾਂ ਪ੍ਰਸ਼ੰਸਕ ਹਨ। ਇਹ ਪ੍ਰਸ਼ੰਸਕ ਉਹ ਹਨ, ਜੋ ਫਿਲਮ ਦੇਖਣ ਲਈ ਸਿਨੇਮਾਘਰਾਂ ਵਿੱਚ ਆਉਂਦੇ ਹਨ। ਨਿਰਮਾਤਾ ਲਈ ਇਹ ਇੱਕ “ਗਾਰੰਟੀਸ਼ੁਦਾ ਦਰਸ਼ਕ” ਨੂੰ ਦਰਸਾਉਂਦਾ ਹੈ, ਜਿਸ ਨਾਲ ਸ਼ੁਰੂਆਤੀ ਬਾਕਸ-ਆਫਿਸ ਵਾਪਸੀ ਬਾਰੇ ਵਿਸ਼ਵਾਸ ਵੱਧਦਾ ਹੈ। ਇਹ ਅਸੀਂ ਬਲਕਿ ਪੰਜਾਬੀ ਅਦਾਕਾਰ ਰਾਜੇਸ਼ ਕਾਰੀਰ ਵੀ ਕਹਿੰਦੇ ਹਨ:
“ਗਾਇਕਾਂ ਦੀ ਫੈਨ ਫਾਲੋਇੰਗ ਜਿਆਦਾ ਹੁੰਦੀ ਹੈ, ਉਹ ਦੇਸ਼ਾਂ–ਵਿਦੇਸ਼ਾਂ ਵਿੱਚ ਲਾਈਵ ਸ਼ੋਅ ਕਰਦੇ ਹਨ, ਜੋ ਸਿਰਫ਼ ਹੀਰੋ ਹੁੰਦਾ ਹੈ, ਉਹ ਸਿਰਫ਼ ਪੰਜਾਬ ਤੱਕ ਸੀਮਤ ਹੁੰਦਾ ਹੈ, ਪਰ ਇੱਕ ਗਾਇਕ ਦੇ ਪ੍ਰਸ਼ੰਸਕ ਪੰਜਾਬ ਤੋਂ ਬਾਹਰ ਵੀ ਹੁੰਦੇ ਹਨ, ਜਿਸ ਦਾ ਅਸਰ ਫਿਲਮ ਦੀ ਕਮਾਈ ਉਤੇ ਪੈਂਦਾ ਹੈ, ਇਹੀ ਕਾਰਨ ਹੈ ਕਿ ਪੰਜਾਬੀ ਨਿਰਮਾਤਾ ਹੀਰੋ ਦੇ ਤੌਰ ਉਤੇ ਗਾਇਕ ਨੂੰ ਲੈਣਾ ਪਸੰਦ ਕਰਦੇ ਹਨ।”
ਨਵੇਂ ਚਿਹਰੇ ਨੂੰ ਲਿਆਉਣਾ ਇੱਕ ਜੋਖ਼ਮ ਭਰਿਆ ਹੁੰਦਾ
ਫਿਲਮ ਨਿਰਮਾਣ ਇੱਕ ਜੋਖਮ ਭਰਿਆ ਕਾਰੋਬਾਰ ਹੈ। ਨਿਵੇਸ਼ਕ ਆਮ ਤੌਰ ‘ਤੇ ਉਨ੍ਹਾਂ ਪ੍ਰੋਜੈਕਟਾਂ ਨੂੰ ਤਰਜੀਹ ਦਿੰਦੇ ਹਨ, ਜਿੱਥੇ ਸ਼ੁਰੂਆਤੀ ਦਰਸ਼ਕਾਂ ਦੀ ਗਿਣਤੀ ਕੁਝ ਹੱਦ ਤੱਕ ਯਕੀਨੀ ਹੁੰਦੀ ਹੈ। ਵਿਤਰਕ ਅਤੇ ਨਿਵੇਸ਼ਕ ਇੱਕ ਪ੍ਰਸਿੱਧ ਗਾਇਕ ਦੇ ਨਾਮ ‘ਤੇ ਵਧੇਰੇ ਭਰੋਸਾ ਰੱਖਦੇ ਹਨ, ਜਦੋਂ ਕਿ ਇੱਕ ਨਵੇਂ ਅਦਾਕਾਰ ਨਾਲ ਜੋਖਮ ਕਾਰਕ ਵੱਧਦਾ ਹੈ। ਇਸ ਸੰਬੰਧੀ ਅਦਾਕਾਰ ਰਾਜੇਸ਼ ਕਾਰੀਰ ਕਹਿੰਦੇ ਹਨ:
“ਗਾਇਕ ਨੂੰ ਹੀਰੋ ਦੇ ਤੌਰ ਉਤੇ ਜੇਕਰ ਲਾਂਚ ਕਰਨਾ ਹੈ ਤਾਂ ਇਸ ਵਿੱਚ ਜਿਆਦਾ ਮਿਹਨਤ ਨਹੀਂ ਲੱਗਦੀ, ਪਰ ਉੱਥੇ ਹੀ ਜੇਕਰ ਇੱਕ ਸਿੱਧਾ ਹੀਰੋ ਨੂੰ ਲਾਂਚ ਕਰਿਆ ਜਾਂਦਾ ਹੈ ਤਾਂ ਉਸ ਉਤੇ ਨਿਰਮਾਤਾ ਜਿਆਦਾ ਵਿਸ਼ਵਾਸ ਨਹੀਂ ਦਿਖਾਉਂਦੇ, ਕਿਉਂਕਿ ਨਵੇਂ ਚਿਹਰੇ ਨੂੰ ਲਾਂਚ ਕਰਨਾ ਆਪਣੇ ਆਪ ਵਿੱਚ ਇੱਕ ਜੋਖ਼ਮ ਭਰਿਆ ਕੰਮ ਹੈ।”
ਫਿਲਮ ਦੇ ਸੰਗੀਤ ਦਾ ਆਸਾਨ ਪ੍ਰਚਾਰ
ਪੰਜਾਬੀ ਫਿਲਮਾਂ ਵਿੱਚ ਗਾਣੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਜਦੋਂ ਮੁੱਖ ਅਦਾਕਾਰ ਖੁਦ ਇੱਕ ਗਾਇਕ ਹੁੰਦਾ ਹੈ, ਤਾਂ ਉਹ ਅਕਸਰ ਫਿਲਮ ਦੇ ਗਾਣੇ ਪੇਸ਼ ਕਰਦਾ ਹੈ। ਇਹ ਸੰਗੀਤ ਅਤੇ ਫਿਲਮ ਦੋਵਾਂ ਦੇ ਇੱਕੋ ਸਮੇਂ ਪ੍ਰਚਾਰ ਦੀ ਆਗਿਆ ਦਿੰਦਾ ਹੈ। ਇੱਕ ਹਿੱਟ ਗੀਤ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਦਰਸ਼ਕਾਂ ਦੀ ਉਤਸੁਕਤਾ ਪੈਦਾ ਕਰਦਾ ਹੈ, ਫਿਲਮ ਨੂੰ ਕੀਮਤੀ ਵਾਧੂ ਪ੍ਰਚਾਰ ਪ੍ਰਦਾਨ ਕਰਦਾ ਹੈ। ਇਸ ਸੰਬੰਧੀ ਇੱਕ ਇੰਟਰਵਿਊ ਵਿੱਚ ਅਦਾਕਾਰ ਜਗਜੀਤ ਸੰਧੂ ਕਹਿੰਦੇ ਹਨ:
“ਜੇਕਰ ਫਿਲਮ ‘ਜੀਅ ਆਇਆ ਨੂੰ‘ ਦੀ ਗੱਲ ਕਰੀਏ ਤਾਂ ਉਸ ਫਿਲਮ ਨੇ ਪੰਜਾਬੀ ਇੰਡਸਟਰੀ ਨੂੰ ਦੁਬਾਰਾ ਖੜ੍ਹਾ ਕੀਤਾ ਹੈ, ਉਸ ਫਿਲਮ ਵਿੱਚ ਜਦੋਂ ਗਾਇਕ ਹਰਭਜਨ ਮਾਨ ਨੂੰ ਲਿਆ ਗਿਆ ਤਾਂ ਟੀ–ਸੀਰੀਜ਼ ਨੇ ਉਨ੍ਹਾਂ ਨੂੰ ਫਿਲਮ ਵਿੱਚ ਲੈਣ ਤੋਂ ਮਨ੍ਹਾ ਕਰ ਦਿੱਤਾ, ਕਿਉਂਕਿ ਉਹ ਰਿਸਕ ਨਹੀਂ ਲੈਣਾ ਚਾਹੁੰਦੇ ਸਨ, ਫਿਰ ਉਨ੍ਹਾਂ ਨੂੰ ਕਿਸੇ ਨੇ ਕਿਹਾ ਕਿ ਤੈਨੂੰ 7 ਗਾਣੇ ਮਿਲ ਰਹੇ ਹਨ ਫਿਲਮ ਵਿੱਚ ਹਰਭਜਨ ਮਾਨ ਦੇ…ਫਿਰ ਜਦੋਂ ਉਨ੍ਹਾਂ ਨੇ ਮਾਪਣਾ ਕੀਤੀ ਤਾਂ ਉਨ੍ਹਾਂ ਨੂੰ ਲੱਗਿਆ ਕਿ ਜੇਕਰ ਫਿਲਮ ਨਾ ਵੀ ਚੱਲੀ ਤਾਂ ਵੀ ਸਾਡੇ ਕੋਲ ਗਾਣੇ ਤਾਂ ਹਨ ਹੀ, ਸੋ ਇਹ ਮਾਪਣਾ ਉਸ ਸਮੇਂ ਤੋਂ ਸ਼ੁਰੂ ਹੋਈ ਹੈ…ਹੁਣ ਵੀ ਨਿਰਮਾਤਾ ਇਹੀ ਸੋਚਦੇ ਹਨ ਕਿ ਭਾਵੇਂ ਸਾਡੀ ਫਿਲਮ ਨਾ ਚੱਲੇ ਪਰ ਜੇਕਰ ਅਸੀਂ ਇੱਕ ਗਾਇਕ ਨੂੰ ਲੈਂਦੇ ਹਾਂ ਤਾਂ ਉਨ੍ਹਾਂ ਦੇ ਗਾਣੇ ਸਾਡੇ ਕੋਲ ਰਹਿੰਦੇ ਹਨ ਅਤੇ ਅਸੀਂ ਗਾਣਿਆਂ ਤੋਂ ਹੀ ਚੰਗੀ ਕਮਾਈ ਕਰ ਸਕਦੇ ਹਾਂ।”
ਜਦੋਂ ਇਸ ਸੰਬੰਧੀ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਨਾਲ ਅਸੀਂ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇਸ ਸੰਬੰਧੀ ਵਿਸਥਾਰ ਨਾਲ ਗੱਲਬਾਤ ਕੀਤੀ, ਉਨ੍ਹਾਂ ਕਿਹਾ:
“ਮੇਰੇ ਖਿਆਲ ਨਾਲ ਪੰਜਾਬੀ ਸਿਨੇਮਾ ਦੀ ਸ਼ੁਰੂਆਤ ਗਾਇਕਾਂ ਦੁਆਰਾ ਕੀਤੀ ਗਈ ਹੈ, ਗਾਇਕਾਂ ਨੂੰ ਫਿਲਮਾਂ ਵਿੱਚ ਹੀਰੋ ਦੇ ਤੌਰ ਉਤੇ ਲੈਣ ਦਾ ਸਭ ਤੋਂ ਵੱਡਾ ਕਾਰਨ ਗਾਇਕਾਂ ਦੀ ਫੈਨ–ਫਾਲੋਇੰਗ ਹੈ, ਕਿਉਂਕਿ ਗਾਇਕਾਂ ਨਾਲ ਪਹਿਲਾਂ ਤੋਂ ਪ੍ਰਸ਼ੰਸਕ ਜੁੜੇ ਹੁੰਦੇ ਹਨ।”
ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵੰਤ ਸਿੰਘ ਰਾਠੌਰ ਨੇ ਪ੍ਰੋਡਿਊਸਰ ਸੰਬੰਧੀ ਬੋਲਦੇ ਹੋਏ ਕਿਹਾ:
“ਇਸ ਤੋਂ ਇਲਾਵਾ ਕਿਤੇ ਨਾ ਕਿਤੇ ਇਸ ਵਿੱਚ ਪ੍ਰੋਡਿਊਸਰ ਦੀ ਅਣਦੇਖੀ ਵੀ ਹੈ, ਕਿਉਂਕਿ ਫਿਲਮ ਇੰਡਸਟਰੀ ਵਿੱਚ ਹਰ ਬੰਦਾ ਪੱਕੀ ਪਕਾਈ ਖਾਣਾ ਚਾਹੁੰਦਾ ਹੈ, ਉਹ ਰਿਸਕ ਲੈਣ ਤੋਂ ਡਰਦੇ ਹਨ, ਇਸੇ ਕਰਕੇ ਆਮ ਹੀਰੋ ਨਾ ਦੇ ਬਰਾਬਰ ਹਨ। ਪੰਜਾਬੀ ਸਿਨੇਮਾ ਵਿੱਚ ਹਜੇ ਤੱਕ ਇੱਕ ਅਦਾਕਾਰ ਵਜੋਂ ਨਹੀਂ ਸੋਚਿਆ ਜਾ ਰਿਹਾ, ਸਗੋਂ ਇੱਕ ਗਾਇਕ ਅਤੇ ਪ੍ਰਸਿੱਧੀ ਵਜੋਂ ਸੋਚਿਆ ਜਾ ਰਿਹਾ ਹੈ।”
ਇਸ ਤੋਂ ਇਲਾਵਾ ਅਦਾਕਾਰ ਕਹਿੰਦੇ ਹਨ ਕਿ ਪੰਜਾਬੀ ਦਰਸ਼ਕ ਆਪਣੇ ਮਨਪਸੰਦ ਗਾਇਕਾਂ ਨੂੰ ਵੱਡੇ ਪਰਦੇ ‘ਤੇ ਦੇਖਣਾ ਪਸੰਦ ਕਰਦੇ ਹਨ। ਅਕਸਰ, ਦਰਸ਼ਕ ਕਹਾਣੀ ਦੀ ਬਜਾਏ ਕਲਾਕਾਰ ਦੇ ਨਾਮ ਦੇ ਆਧਾਰ ‘ਤੇ ਟਿਕਟਾਂ ਖਰੀਦਦੇ ਹਨ। ਇਹੀ ਕਾਰਨ ਹੈ ਕਿ ਨਿਰਮਾਤਾ ਵਾਰ-ਵਾਰ ਇਨ੍ਹਾਂ ਪ੍ਰਸਿੱਧ ਚਿਹਰਿਆਂ ਨੂੰ ਕਾਸਟ ਕਰਦੇ ਹਨ।
ਇੱਕ ਇੰਟਰਵਿਊ ਵਿੱਚ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੋਵਾਂ ਚੀਜ਼ਾਂ ਨੂੰ ਆਪਿਸ ਵਿੱਚ ਜੋੜਦੇ ਹਨ ਅਤੇ ਕਹਿੰਦੇ ਹਨ:
“ਮੇਰਾ ਪਹਿਲਾ ਸੁਪਨਾ ਅਦਾਕਾਰ ਬਣਨ ਦਾ ਸੀ, ਪਰ ਉਸ ਵੇਲੇ ਪੰਜਾਬੀ ਸਿਨੇਮਾ ਇੰਨਾ ਵੱਡਾ ਨਹੀਂ ਸੀ ਅਤੇ ਮੌਕੇ ਵੀ ਘੱਟ ਸਨ। ਇਸ ਲਈ ਉਨ੍ਹਾਂ ਨੇ ਗਾਇਕੀ ਸ਼ੁਰੂ ਕੀਤੀ। ਜਦੋਂ ਉਨ੍ਹਾਂ ਦੇ ਗੀਤ ਹਿੱਟ ਹੋਏ ਅਤੇ ਉਨ੍ਹਾਂ ਦੀ ਪਛਾਣ ਬਣੀ, ਤਾਂ ਅਦਾਕਾਰੀ ਦਾ ਰਸਤਾ ਆਪਣੇ ਆਪ ਖੁੱਲ੍ਹ ਗਿਆ।”
ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਜ਼ਿਆਦਾਤਰ ਪੰਜਾਬੀ ਫਿਲਮਾਂ ਹਿੰਦੀ ਫਿਲਮਾਂ ਦੇ ਮੁਕਾਬਲੇ ਛੋਟੇ ਬਜਟ ‘ਤੇ ਕੰਮ ਕਰਦੀਆਂ ਹਨ। ਅਜਿਹੀ ਸਥਿਤੀ ਵਿੱਚ ਨਿਰਮਾਤਾ ਕਈ ਸਿਤਾਰਿਆਂ, ਗਾਇਕਾਂ ਅਤੇ ਪ੍ਰਮੋਸ਼ਨਲ ਟੀਮਾਂ ‘ਤੇ ਭਾਰੀ ਖਰਚ ਨਹੀਂ ਕਰਨਾ ਪਸੰਦ ਕਰਦੇ ਹਨ। ਜੇਕਰ ਮੁੱਖ ਅਦਾਕਾਰ ਵੀ ਇੱਕ ਪ੍ਰਸਿੱਧ ਗਾਇਕ ਹੈ, ਤਾਂ ਫਿਲਮ ਦਾ ਸੋਸ਼ਲ ਮੀਡੀਆ, ਲਾਈਵ ਸ਼ੋਅ ਅਤੇ ਇੰਟਰਵਿਊ ਰਾਹੀਂ ਪ੍ਰਭਾਵਸ਼ਾਲੀ ਅਤੇ ਲਾਗਤ-ਕੁਸ਼ਲਤਾ ਨਾਲ ਪ੍ਰਚਾਰ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਕੈਨੇਡਾ, ਯੂਕੇ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਅਤੇ ਯੂਰਪ ਵਿੱਚ ਵੱਡੇ ਪੰਜਾਬੀ ਭਾਈਚਾਰੇ ਰਹਿੰਦੇ ਹਨ। ਪੰਜਾਬੀ ਗਾਇਕਾਂ ਦੇ ਲਾਈਵ ਸ਼ੋਅ ਪਹਿਲਾਂ ਹੀ ਇਨ੍ਹਾਂ ਦੇਸ਼ਾਂ ਵਿੱਚ ਪ੍ਰਸਿੱਧ ਹਨ। ਜਦੋਂ ਇਹੀ ਕਲਾਕਾਰ ਕਿਸੇ ਫਿਲਮ ਵਿੱਚ ਕੰਮ ਕਰਦੇ ਹਨ, ਤਾਂ ਉਹ ਵਿਦੇਸ਼ਾਂ ਵਿੱਚ ਵੀ ਕਾਫ਼ੀ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ। ਨਤੀਜੇ ਵਜੋਂ, ਨਿਰਮਾਤਾ ਉਨ੍ਹਾਂ ਕਲਾਕਾਰਾਂ ਨੂੰ ਤਰਜੀਹ ਦਿੰਦੇ ਹਨ, ਜਿਨ੍ਹਾਂ ਕੋਲ ਪਹਿਲਾਂ ਹੀ ਅੰਤਰਰਾਸ਼ਟਰੀ ਮਾਨਤਾ ਹੈ।
ਇਸ ਸੰਬੰਧੀ ਇੱਕ ਇੰਟਰਵਿਊ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਅਦਾਕਾਰ ਐਮੀ ਵਿਰਕ ਕਹਿੰਦੇ ਹਨ:
“ਗਾਇਕਾਂ ਦੀ ਪਹਿਲਾਂ ਤੋਂ ਵੱਡੀ ਫੈਨ ਫਾਲੋਇੰਗ ਹੁੰਦੀ ਹੈ, ਇਸ ਲਈ ਨਿਰਮਾਤਾਵਾਂ ਲਈ ਉਨ੍ਹਾਂ ਨੂੰ ਫਿਲਮਾਂ ਵਿੱਚ ਕਾਸਟ ਕਰਨਾ ਆਸਾਨ ਹੁੰਦਾ ਹੈ।”
ਇਸ ਤੋਂ ਇਲਾਵਾ ਨਿਰਦੇਸ਼ਕ ਪੰਕਜ ਬੱਤਰਾ ਕਹਿੰਦੇ ਹਨ:
“ਪੰਜਾਬੀ ਫਿਲਮਾਂ ਵਿੱਚ ਕਾਸਟਿੰਗ ਕਰਦੇ ਸਮੇਂ ਕਹਾਣੀ ਦੇ ਨਾਲ–ਨਾਲ ਕਲਾਕਾਰ ਦੀ ਮਾਰਕੀਟ ਵੈਲਿਊ ਵੀ ਮਹੱਤਵਪੂਰਨ ਹੁੰਦੀ ਹੈ। ਜੇ ਕਿਸੇ ਗਾਇਕ ਦੀ ਲੋਕਪ੍ਰਿਯਤਾ ਜ਼ਿਆਦਾ ਹੈ ਤਾਂ ਉਸ ਨਾਲ ਫਿਲਮ ਨੂੰ ਸ਼ੁਰੂਆਤੀ ਕਾਰੋਬਾਰੀ ਫ਼ਾਇਦਾ ਮਿਲਦਾ ਹੈ।”
ਅਦਾਕਾਰੀ ਤੋਂ ਪਹਿਲਾਂ ਸਟੇਜ ਦਾ ਤਜ਼ਰਬਾ
ਗਾਇਕ ਸਾਲਾਂ ਤੱਕ ਲਾਈਵ ਸ਼ੋਅ ਕਰਦੇ ਹਨ। ਉਹ ਕੈਮਰੇ, ਦਰਸ਼ਕਾਂ ਅਤੇ ਸਟੇਜ ‘ਤੇ ਆਰਾਮਦਾਇਕ ਹੁੰਦੇ ਹਨ। ਇਹ ਅਨੁਭਵ ਉਨ੍ਹਾਂ ਨੂੰ ਅਦਾਕਾਰੀ ਦੀ ਕਲਾ ਸਿੱਖਣ ਵਿੱਚ ਸਹਾਇਤਾ ਕਰਦਾ ਹੈ। ਹਾਲਾਂਕਿ, ਅਦਾਕਾਰੀ ਅਤੇ ਗਾਇਕੀ ਵੱਖ-ਵੱਖ ਕਲਾ ਰੂਪ ਹਨ, ਉਨ੍ਹਾਂ ਦਾ ਸਟੇਜ ‘ਤੇ ਵਿਸ਼ਵਾਸ ਉਨ੍ਹਾਂ ਨੂੰ ਫਿਲਮਾਂ ਵਿੱਚ ਜਲਦੀ ਸਵੀਕ੍ਰਿਤੀ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।
ਜਦੋਂ ਅਸੀਂ ਇਸ ਸੰਬੰਧੀ ਪੰਜਾਬੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਅਤੇ ਲੇਖਕ ਭਗਵੰਤ ਸਿੰਘ ਕੰਗ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਕਾਫੀ ਦੁਰਲੱਭ ਜਾਣਕਾਰੀ ਸਾਂਝੀ ਕੀਤੀ, ਉਨ੍ਹਾਂ ਨੇ ਕਿਹਾ:
“ਮੇਰੀ ਨਜ਼ਰ ਵਿੱਚ ਪੰਜਾਬੀ ਫਿਲਮਾਂ ਵਿੱਚ ਜਿਆਦਾਤਰ ਗਾਇਕ ਹੀਰੋ ਹੋਣ ਦਾ ਸਭ ਤੋਂ ਵੱਡਾ ਕਾਰਨ ਕਲਾ ਨਹੀਂ ਬਲਕਿ ਬਿਜ਼ਨੈੱਸ ਹੈ, ਇੱਕ ਗਾਇਕ ਪਹਿਲਾਂ ਹੀ ਲੋਕਾਂ ਵਿੱਚ ਮਸ਼ਹੂਰ ਹੁੰਦਾ ਹੈ, ਜਿਸ ਦੇ ਕਰੋੜਾਂ ਪ੍ਰਸ਼ੰਸਕ ਹੁੰਦੇ ਹਨ, ਇਸ ਲਈ ਨਿਰਮਾਤਾ ਨੂੰ ਲੱਗਦਾ ਹੈ ਕਿ ਫਿਲਮ ਵੇਚਣੀ ਆਸਾਨ ਹੋ ਜਾਵੇਗੀ। ਦੂਜੇ ਪਾਸੇ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਹਿੱਸਾ ਸੰਗੀਤ ਉਦਯੋਗ ਦੇ ਆਲੇ–ਦੁਆਲੇ ਹੀ ਘੁੰਮਦਾ ਹੈ, ਕਈ ਫਿਲਮ ਨਿਰਦੇਸ਼ਕ ਖੁਦ ਨਿਰਮਾਤਾ ਹੁੰਦੇ, ਜੋ ਫਿਲਮ ਨੂੰ ਪੇਸ਼ ਕਰਦੇ ਹਨ, ਉਹ ਨਵਾਂ ਅਦਾਕਾਰ ਤਿਆਰ ਕਰਨ ਦੀ ਵਜਾਏ ਪਹਿਲਾਂ ਤੋਂ ਵਿਕੇ ਹੋਏ ਬੰਦੇ ਉਤੇ ਆਪਣੇ ਪੈਸੇ ਲਾਉਣਾ ਪਸੰਦ ਹਨ। ਤੀਜੀ ਗੱਲ ਸਾਡੇ ਕੋਲ ਸਟਾਰ ਬਣਾਉਣ ਲਈ ਮਜ਼ਬੂਤ ਪ੍ਰਣਾਲੀ ਹੀ ਨਹੀਂ ਹੈ, ਮੁੰਬਈ ਵਿੱਚ ਬਹੁਤ ਸਾਰੀਆਂ ਏਜੰਸੀਆਂ ਨਵੇਂ ਅਦਾਕਾਰ ਤਿਆਰ ਕਰਦੀਆਂ ਹਨ, ਪਰ ਪੰਜਾਬ ਵਿੱਚ ਇਹ ਢਾਂਚਾ ਹਜੇ ਵੀ ਕਮਜ਼ੋਰ ਹੈ, ਇਸ ਲਈ ਉਦਯੋਗ ਹੀਰੋ ਲੱਭਦਾ ਹੈ ਤਾਂ ਉਨ੍ਹਾਂ ਨੂੰ ਸਟਾਰ ਗਾਇਕਾਂ ਵਿੱਚੋਂ ਲੱਭ ਜਾਂਦਾ ਹੈ।”
ਪੰਜਾਬੀ ਇੰਡਸਟਰੀ ਵਿੱਚ ਅੱਗੇ ਲਈ ਕੀ ਤਬਦੀਲੀ ਹੋਣੀ ਚਾਹੀਦੀ ਹੈ, ਇਸ ਸੰਬੰਧੀ ਆਪਣੀ ਰਾਏ ਸਾਂਝੀ ਕਰਦੇ ਹੋਏ ਭਗਵੰਤ ਕੰਗ ਕਹਿੰਦੇ ਹਨ:
“ਮੇਰਾ ਮੰਨਣਾ ਹੈ ਕਿ ਸਾਨੂੰ ਸਿਰਫ਼ ਗਾਇਕਾਂ ਉਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਗਾਇਕ ਫਿਲਮਾਂ ਵਿੱਚ ਆਉਣ, ਪਰ ਹੀਰੋ ਦਾ ਕਿਰਦਾਰ ਉਸਨੂੰ ਮਿਲੇ ਜੋ ਉਸ ਲਈ ਢੁੱਕਵਾਂ ਹੋਵੇ। ਜਦੋਂ ਕਹਾਣੀ, ਅਦਾਕਾਰੀ ਨੂੰ ਗਾਇਕਾਂ ਵਾਂਗ ਤਰਜ਼ੀਹ ਦਿੱਤੀ ਜਾਵੇਗੀ ਤਦ ਹੀ ਪੰਜਾਬੀ ਇੰਡਸਟਰੀ ਹੋਰ ਤਰੱਕੀ ਕਰ ਪਾਏਗੀ।”
ਕੀ ਨਿਕਲਿਆ ਸਿੱਟਾ
ਉਪਰ ਕੀਤੀ ਚਰਚਾ ਤੋਂ ਹੁਣ ਇਹ ਸਿੱਟਾ ਨਿਕਲਦਾ ਹੈ ਕਿ ਪੰਜਾਬੀ ਫਿਲਮਾਂ ਵਿੱਚ ਗਾਇਕਾਂ ਦਾ ਮੁੱਖ ਅਦਾਕਾਰਾਂ ਵਜੋਂ ਉਭਾਰ ਕਿਸੇ ਖਾਸ ਪਰੰਪਰਾ ਦਾ ਨਤੀਜਾ ਨਹੀਂ ਹੈ, ਸਗੋਂ, ਇਹ ਮਾਰਕੀਟ ਦੀ ਮੰਗ, ਦਰਸ਼ਕਾਂ ਦੀ ਪਸੰਦ ਅਤੇ ਵਪਾਰਕ ਰਣਨੀਤੀ ਦਾ ਮਿਸ਼ਰਣ ਹੈ। ਇੱਕ ਨਿਰਮਾਤਾ ਲਈ ਇੱਕ ਪ੍ਰਸਿੱਧ ਗਾਇਕ ਘੱਟ ਜੋਖਮ, ਬਿਹਤਰ ਮਾਰਕੀਟਿੰਗ ਸੰਭਾਵਨਾ, ਮਜ਼ਬੂਤ ਸੰਗੀਤ ਅਤੇ ਇੱਕ ਸਥਾਪਿਤ ਪ੍ਰਸ਼ੰਸਕ ਅਧਾਰ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਅੱਜ ਪੰਜਾਬੀ ਸਿਨੇਮਾ ਵਿੱਚ ਜ਼ਿਆਦਾਤਰ ਪ੍ਰਮੁੱਖ ਨਾਇਕ ਗਾਇਕ ਹਨ। ਹਾਲਾਂਕਿ, ਜਿਵੇਂ-ਜਿਵੇਂ ਭਵਿੱਖ ਵਿੱਚ ਉਦਯੋਗ ਦਾ ਵਿਸਥਾਰ ਹੁੰਦਾ ਹੈ, ਸਿਖਲਾਈ ਪ੍ਰਾਪਤ ਅਦਾਕਾਰਾਂ ਅਤੇ ਨਵੇਂ ਚਿਹਰਿਆਂ ਦੀ ਭੂਮਿਕਾ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।
ETV BHARAT