ਸਫਾਈ ਸੇਵਕਾਂ ਨੇ ਕੀਤੀ ਹੜਤਾਲ, ਅਜਨਾਲਾ ਦੇ ਬਜ਼ਾਰਾਂ ਅੰਦਰ ਕੂੜੇ ਦੇ ਲੱਗੇ ਵੱਡੇ ਵੱਡੇ ਢੇਰ।
30 ਜੁਲਾਈ, 2026 – ਅੰਮ੍ਰਿਤਸਰ: ਪੂਰੇ ਪੰਜਾਬ ਅੰਦਰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸਫਾਈ ਸੇਵਕਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਤਹਿਤ ਅੱਜ ਅਜਨਾਲਾ ਵਿੱਚ ਵੀ ਸਫਾਈ ਸੇਵਕਾਂ ਨੇ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਫਾਈ ਸੇਵਕ ਯੂਨੀਅਨ ਨੂੰ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।
‘ਕੂੜੇ ਦੇ ਵੱਡੇ–ਵੱਡੇ ਢੇਰ ਲੱਗੇ‘
ਹੜਤਾਲ ਕਾਰਨ ਅਜਨਾਲਾ ਦੇ ਵੱਖ-ਵੱਖ ਬਜ਼ਾਰਾਂ ਅਤੇ ਗਲੀਆਂ ਵਿੱਚ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਬਰਸਾਤੀ ਮੌਸਮ ਵਿੱਚ ਇਹ ਕੂੜੇ ਦੇ ਢੇਰ ਬਿਮਾਰੀਆਂ ਫੈਲਣ ਦਾ ਵੱਡਾ ਕਾਰਨ ਬਣ ਸਕਦੇ ਹਨ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਵੀ ਚਿੰਤਾ ਪਾਈ ਜਾ ਰਹੀ ਹੈ।
‘ਹੜਤਾਲ ਅਤੇ ਰੋਸ ਪ੍ਰਦਰਸ਼ਨ ਜਾਰੀ‘
ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨੇ ਕਿਹਾ ਕਿ, ‘ਉਹ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਗੰਭੀਰ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਜਦ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਉਦੋਂ ਤੱਕ ਹੜਤਾਲ ਅਤੇ ਰੋਸ ਪ੍ਰਦਰਸ਼ਨ ਜਾਰੀ ਰਹੇਗਾ।‘
‘ਮਾਮਲੇ ਦਾ ਹੱਲ ਕੱਢਿਆ ਜਾਵੇ‘
ਸਫਾਈ ਕਰਮਚਾਰੀਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨਾਲ ਗੱਲਬਾਤ ਕਰਕੇ ਮੰਗਾਂ ਦਾ ਹੱਲ ਨਹੀਂ ਕੱਢਦੀ, ਉਦੋਂ ਤੱਕ ਉਹ ਸ਼ਹਿਰ ਵਿੱਚ ਪਿਆ ਕੋਈ ਵੀ ਕੂੜੇ ਦਾ ਢੇਰ ਨਹੀਂ ਚੁੱਕਣਗੇ। ਦੂਜੇ ਪਾਸੇ ਲਗਾਤਾਰ ਵੱਧ ਰਹੇ ਕੂੜੇ ਦੇ ਢੇਰਾਂ ਕਾਰਨ ਆਮ ਲੋਕਾਂ ਨੂੰ ਗੰਦਗੀ ਅਤੇ ਬਦਬੂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਵੀ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਫਾਈ ਕਰਮਚਾਰੀਆਂ ਨਾਲ ਜਲਦ ਗੱਲਬਾਤ ਕਰਕੇ ਮਾਮਲੇ ਦਾ ਹੱਲ ਕੱਢਿਆ ਜਾਵੇ ਤਾਂ ਜੋ ਸ਼ਹਿਰ ਦੀ ਸਫਾਈ ਵਿਵਸਥਾ ਮੁੜ ਤੋਂ ਸੁਚਾਰੂ ਢੰਗ ਨਾਲ ਚੱਲ ਸਕੇ।
ਇਸ ਤੋਂ ਇਲਾਵਾ ਸਫਾਈ ਸੇਵਕਾਂ ਨੂੰ ਪੈਨਸ਼ਨਰ ਯੂਨੀਅਨ ਦਾ ਸਾਥ ਵੀ ਪ੍ਰਦਰਸ਼ਨ ਦੌਰਾਨ ਮਿਲਿਆ। ਪੈਨਸ਼ਨਰ ਯੂਨੀਅਨ ਪ੍ਰਧਾਨ ਅਮਰਜੀਤ ਸਿੰਘ ਸਰਕਾਰੀਆ ਨੇ ਆਖਿਆ ਕਿ, ‘ਸ਼ਹਿਰ ਅਤੇ ਸਮਾਜ ਵਿੱਚ ਗੰਦ ਖਿਲਾਰਨ ਵਾਲੇ ਲੋਕਾਂ ਨੂੰ ਸਰਕਾਰ ਸਾਰੀਆਂ ਸਹੂਲਤਾਂ ਉਪਲੱਬਧ ਕਰਵਾਉਂਦੀ ਹੈ ਪਰ ਦੂਜੇ ਪਾਸੇ ਗੰਦ ਨੂੰ ਚੁੱਕ ਕੇ ਸ਼ਹਿਰ ਨੂੰ ਰਹਿਣ ਯੋਗ ਬਣਾਉਣ ਵਾਲੇ ਕਾਮਿਆਂ ਨੂੰ ਨਿਗੁਣੀਆਂ ਤਨਖਾਹਾਂ ਦੇੇਕੇ ਸਰਕਾਰ ਵੱਲੋਂ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਸਫਾਈ ਸੇਵਕਾਂ ਦੀਆਂ ਮੰਗ ਮੰਨ ਲੈਣੀਆਂ ਚਾਹੀਦੀਆਂ ਹਨ।‘
ETV BHARAT