ਪਾਲੀਵੁੱਡ ‘ਚ ਦਸਤਕ ਦੇਣਗੇ ਤਿੰਨ ਸ਼ਾਨਦਾਰ ਚਿਹਰੇ
ਨਵੀਂ ਪੰਜਾਬੀ ਫਿਲਮ ‘ਕਣਕਵੰਨੀ‘ ਦਾ ਐਲਾਨ ਕੀਤਾ ਗਿਆ ਹੈ, ਇਹ ਫਿਲਮ ਜਲਦ ਓਟੀਟੀ ਪਲੇਟਫਾਰਮ ਉਤੇ ਰਿਲੀਜ਼ ਹੋ ਜਾਵੇਗੀ।
22 ਅਗਸਤ, 2026 – ਚੰਡੀਗੜ੍ਹ: ਪਾਲੀਵੁੱਡ ਦੀ ਇੱਕ ਹੋਰ ਬਹੁ-ਪ੍ਰਭਾਵੀ ਅਤੇ ਖੂਬਸੂਰਤ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਹੈ ‘ਕਣਕਵੰਨੀ’, ਜੋ ਜਲਦ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ। ‘ਸੰਘਾਨੀਆਂ ਫਿਲਮਸ’ ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਹੈ ਇਹ ਭਾਵਨਾਤਮਕ ਫਿਲਮ, ਜਿਸ ਦਾ ਨਿਰਦੇਸ਼ਕ ਬਲਰਾਜ ਸਾਗਰ ਵੱਲੋਂ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਪੰਜਾਬੀ ਫਿਲਮ ਸਫਾਂ ਵਿੱਚ ਇੱਕ ਨਵੇਂ ਅਤੇ ਪ੍ਰਭਾਵੀ ਅਗਾਜ਼ ਵੱਲ ਵਧਣ ਜਾ ਰਹੇ ਹਨ।
ਪੰਜਾਬ ਦੇ ਮਲਵਈ ਇਲਾਕਿਆ ਵਿੱਚ ਫਿਲਮਾਈ ਗਈ ਹੈ ਇਹ ਪ੍ਰਭਾਵਪੂਰਨ ਫਿਲਮ, ਜੋ ਅਸਲ ਪੰਜਾਬ ਦੀ ਖੁਸ਼ਬੂ ਨਾਲ ਉਚੇਚੇ ਤੌਰ ‘ਤੇ ਜੁੜੀ ਹੋਈ ਹੈ, ਜੋ ਪੁਰਾਤਨ ਸਮੇਂ ਦੀਆਂ ਯਾਦਾਂ ਨੂੰ ਵੀ ਪੁਨਰ ਜੀਵੰਤ ਕਰੇਗੀ। ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਅਤੇ ਪਰਿਵਾਰਿਕ ਰੰਗਾਂ ਵਿੱਚ ਰੰਗੀ ਗਈ ਇਸ ਫਿਲਮ ਦਾ ਸਿਨੇਮਾਟੋਗ੍ਰਾਫ਼ਰ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਸੰਬੰਧਤ ਜ਼ਿੰਮੇਵਾਰੀ ਨੂੰ ਪ੍ਰਤਿਭਾਵਾਨ ਡੀਓਪੀ ਅਮਨ ਮਹਿਮੀ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ, ਜੋ ਬਤੌਰ ਨਿਰਦੇਸ਼ਕ ਵੀ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ।
ਪੰਜਾਬੀ ਸੱਭਿਆਚਾਰ, ਕਦਰਾਂ-ਕੀਮਤਾਂ, ਰੀਤੀ ਰਿਵਾਜਾਂ ਅਤੇ ਵੰਨਗੀਆਂ ਦੀ ਤਰਜ਼ਮਾਨੀ ਕਰਦੀ ਇਸ ਅਰਥ-ਭਰਪੂਰ ਫਿਲਮ ਦੁਆਰਾ ਤਿੰਨ ਨਵੇਂ ਚਿਹਰੇ ਪੰਜਾਬੀ ਫਿਲਮ ਉਦਯੋਗ ਵਿੱਚ ਅਪਣੀ ਪ੍ਰਭਾਵੀ ਆਮਦ ਦਾ ਪ੍ਰਗਟਾਵਾ ਕਰਵਾਉਣਗੇ, ਜਿੰਨਾਂ ਵਿੱਚ ਹਰਿੰਦਰਵੀਰ, ਪੂਜਾ ਬਾਂਸਲ ਅਤੇ ਸਿਮਰਨ ਬੱਲ ਸ਼ਾਮਿਲ ਹਨ।
ਫਿਲਮੀ ਗਲਿਆਰਿਆਂ ਵਿੱਚ ਪਹਿਲੀ ਝਲਕ ਜਾਰੀ ਹੁੰਦਿਆਂ ਹੀ ਖਿੱਚ ਦਾ ਕੇਂਦਰ ਬਣ ਚੁੱਕੀ ਹੈ ਉਕਤ ਫਿਲਮ, ਜਿਸ ਵਿੱਚ ਸੈਮੂਅਲ ਜੌਹਨ, ਗੁਰਪ੍ਰੀਤ ਭੰਗੂ, ਬਲਜਿੰਦਰ ਕੌਰ, ਰੁਪਿੰਦਰ ਰੂਪੀ, ਵਿੰਦਰ ਠੀਕਰੀਵਾਲ, ਸੁਰਜੀਤ ਸਿੰਘ ਸਿੱਧੂ, ਵਿਰਾਟ ਮਾਹਲ, ਕੁਲਦੀਪ ਨਿਆਮੀ, ਤੇਜੀ ਕੁਲਬਰਸ਼ਨ, ਇਕਬਾਲ ਚਾਰਿਕ, ਇਕਤਰ ਸਿੰਘ ਅਤੇ ਅਮਰਜੀਤ ਬਠਿੰਡਾ ਵੱਲੋਂ ਵੀ ਮਹੱਤਵਪੂਰਨ ਕਿਰਦਾਰ ਪਲੇਅ ਕੀਤੇ ਗਏ ਹਨ।
ਓਧਰ ਜੇਕਰ ਇਸ ਬਹੁ-ਪ੍ਰਭਾਵੀ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਰੁਮਾਂਟਿਕ ਸੰਗੀਤਮਈ ਫਿਲਮ ਦੇ ਸੰਪਾਦਕ ਬਲਰਾਜ ਸਾਗਰ, ਸੰਗੀਤਕਾਰ ਪਾਵੇਲ ਮਾਹੀ ਅਤੇ ਪ੍ਰੋਡੋਕਸ਼ਨ ਮੈਨੇਜਰ ਲੱਕੀ ਚੱਕ, ਹਰਮੇਲ ਸਾਗਰ ਅਤੇ ਦੀਪੀ ਚੱਕ ਹਨ।
ETV BHARAT