ਮਾਨਸਾ ਸ਼ਹਿਰ ਵਿੱਚ ਹੋਈ ਬਾਰਿਸ਼ ਨੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
22 ਅਗਸਤ, 2026 – ਮਾਨਸਾ: ਇਨੀਂ ਦਿਨੀਂ ਬਰਸਾਤਾਂ ਦਾ ਸੀਜ਼ਨ ਚੱਲ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਰੁਕ-ਰੁਕ ਕੇ ਪੈਂਦੀ ਬਰਸਾਤ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਤਾਂ ਮਾਨਸਾ ਸ਼ਹਿਰ ਦੇ ਹਾਲਾਤ ਬਹੁਤ ਹੀ ਮਾੜੇ ਹੋ ਗਏ ਹਨ, ਜਿਸ ਨੂੰ ਲੈਕੇ ਸਥਾਨਕ ਲੋਕ ਕਾਫੀ ਪਰੇਸ਼ਾਨ ਨਜ਼ਰ ਆਏ ਅਤੇ ਇਨ੍ਹਾਂ ਹਲਾਤਾਂ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਲੋਕਾਂ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਹਲਾਤਾਂ ਨੇ ਨਗਰ ਕੌਂਸਲ ਵੱਲੋਂ ਕੀਤੇ ਜਾ ਰਹੇ ਨਿਕਾਸੀ ਪ੍ਰਬੰਧਾਂ ਦੀ ਇੱਕ ਵਾਰ ਫਿਰ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ‘ਸ਼ਹਿਰ ਦੇ ਕਈ ਬਾਜ਼ਾਰਾਂ ਬੱਸਸ ਸਟੈਂਡ ਚੌਂਕ ਮੇਨ ਬਾਜ਼ਾਰ ਵੀਰ ਨਗਰ ਮਹੱਲਾ ਅੰਡਰ ਬ੍ਰਿਜ ਸਮੇਤ ਕਚਹਿਰੀ ਰੋਡ ਦੇ ਉੱਪਰ ਬਾਰਿਸ਼ ਦਾ ਪਾਣੀ ਭਰਿਆ ਹੋਣ ਦੇ ਕਾਰਨ ਸਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪਹਿਲੀ ਵਾਰ ਨਹੀਂ ਹੈ ਕਿ ਸ਼ਹਿਰ ਵਿੱਚ ਪਾਣੀ ਭਰਿਆ ਹੈ, ਹਰ ਸਾਲ ਬਰਸਾਤਾਂ ਮੌਕੇ ਸ਼ਹਿਰ ਦੇ ਲੋਕ ਮੀਂਹ ਦੇ ਪਾਣੀ ‘ਚ ਖੱਜਲ ਹੁੰਦੇ ਹਨ।‘
ਖੜ੍ਹੇ ਪਾਣੀ ਨਾਲ ਲੋਕਾਂ ਦਾ ਹੁੰਦਾ ਹੈ ਕੰਮ ਕਾਜ ਵੀ ਪ੍ਰਭਾਵਿਤ
ਮਾਨਸਾ ਸ਼ਹਿਰ ਵਾਸੀ ਕਾਮਰੇਡ ਕ੍ਰਿਸ਼ਨ ਚੌਹਾਨ, ਹਰਜਿੰਦਰ ਸਿੰਘ, ਗੁਰਮਨ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਕਿਹਾ ਕਿ ‘ਮਾਨਸਾ ਦੇ ਵਿੱਚ ਥੋੜੀ ਜਿਹੀ ਬਾਰਿਸ਼ ਹੋਣ ਦੇ ਨਾਲ ਹੀ ਸ਼ਹਿਰ ਦੇ ਹਾਲਾਤ ਮਾੜੇ ਹੋ ਜਾਂਦੇ ਹਨ। ਸ਼ਹਿਰ ਦੇ ਵਿੱਚ ਕਿਸੇ ਵੀ ਸਾਈਡ ਤੋਂ ਲੰਘਣਾ ਅਸਾਨ ਨਹੀਂ ਹੁੰਦਾ, ਹਰ ਕਿਸੇ ਨੂੰ ਪਾਣੀ ਦੇ ਵਿੱਚੋਂ ਹੋ ਕੇ ਹੀ ਲੰਘਨਾ ਪੈਂਦਾ ਹੈ। ਜਿਸ ਨਾਲ ਆਪਣੀ ਖੱਜਲ–ਖੁਆਰੀ ਤਾਂ ਹੁੰਦੀ ਹੀ ਹੈ, ਇਸ ਨਾਲ ਕੰਮ ਕਾਜ ਵੀ ਪ੍ਰਭਾਵਿਤ ਹੁੰਦਾ ਹੈ। ਕਾਰੋਬਾਰੀ ਬਜ਼ਾਰ ਨਹੀਂ ਖੋਲ੍ਹ ਸਕਦੇ ਅਤੇ ਜੇਕਰ ਕੋਈ ਦੁਕਾਨਦਾਰੀ ਲਈ ਨਿਕਲਦਾ ਹੈ ਤਾਂ ਉਸ ਦੀ ਦੁਕਾਨ ‘ਤੇ ਗਾਹਕ ਨਹੀਂ ਆਉਂਦੇ, ਕਿਉਂਕਿ ਬਹੁਤ ਪਾਣੀ ਹੋਣ ਕਾਰਨ ਕਈ ਵਾਹਨ ਫਸ ਜਾਂਦੇ ਹਨ ਅਤੇ ਲੋਕਾਂ ਨੂੰ ਸੱਟਾਂ ਤੱਕ ਲੱਗ ਜਾਂਦੀਆਂ ਹਨ ਪਰ ਇਸ ਦੀ ਜ਼ਿੰਮੇਵਾਰੀ ਤੋਂ ਪ੍ਰਸ਼ਾਸ਼ਨ ਦੂਰ ਭਜਦਾ ਹੈ।‘ ਸਾਡੇ ਬੱਚੇ ਸਕੂਲ ਜਾਣ ਤੋਂ ਰਹਿ ਜਾਂਦੇ ਹਨ ਜਾਂ ਕੋਈ ਐਮਰਜੇਂਸੀ ਹੋਵੇ ਤਾਂ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
‘ਇਸ਼ਤੇਹਾਰਾਂ ਦੀ ਥਾਂ ਅਸਲ ਹਕੀਕਤ ‘ਚ ਕੰਮ ਕਰੇ ਸਰਕਾਰ‘
ਇੱਕ ਹੋਰ ਸ਼ਹਿਰ ਵਾਸੀ ਨੇ ਕਿਹਾ ਕਿ ‘ਬੇਸ਼ੱਕ ਮੌਜੂਦਾ ਸਰਕਾਰ ਵੱਲੋਂ ਕਰੋੜਾਂ ਰੁਪਏ ਲਗਾ ਕੇ ਸੀਵਰੇਜ ਦੇ ਪਾਣੀ ਨੂੰ ਸ਼ਹਿਰ ਤੋਂ ਬਾਹਰ ਕੱਢਣ ਦੇ ਦਾਅਵੇ ਕੀਤੇ ਜਾ ਰਹੇ ਨੇ,ਪਰ ਸ਼ਹਿਰ ਦੇ ਹਾਲਾਤ ਅੱਜ ਵੀ ਜਿਉਂ ਦੇ ਤਿਉਂ ਬਣੇ ਹੋਏ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਸੋਸ਼ਲ ਮੀਡੀਆ ‘ਤੇ ਵੱਡਿਆਈ ਖੱਟਣ ਲਈ ਮਹਿਜ਼ ਪ੍ਰੋਮੋਸ਼ਨਾਂ ਨਾ ਕੀਤੀਆਂ ਜਾਣ ਬਲਕਿ ਅਸਲ ਵਿੱਚ ਲੋਕਾਂ ਦੀਆਂ ਮੂਸ਼ਕਿਲਾਂ ਦਾ ਹਲ ਕੀਤਾ ਜਾਵੇ।
ETV BHARAT