ਇਸ ਦਿਨ ਕੋਈ ਅਧਿਕਾਰੀ ਨਹੀਂ ਕਰੇਗਾ 4 ਪਹੀਆ ਵਾਹਨ ਦਾ ਇਸਤੇਮਾਲ, ਗਵਰਨਰ ਪੰਜਾਬ ਵੱਲੋਂ ਹੁਕਮ
14 ਮਈ, 2026 – ਚੰਡੀਗੜ੍ਹ: ਪੀਐੱਮ ਮੋਦੀ ਨੇ ਬੀਤੇ ਦਿਨੀਂ ਸੰਬੋਧਨ ਦੌਰਾਨ ਦੇਸ਼ ਵਾਸੀਆਂ ਨੂੰ ਵਿਸ਼ਵ ਪੱਧਰ ਉੱਤੇ ਚੱਲ ਰਹੀ ਅਸਥਿਰਤਾ ਦੇ ਮੱਦੇਨਜ਼ਰ 7 ਤਰ੍ਹਾਂ ਦੀਆਂ ਵੱਖ-ਵੱਖ ਅਪੀਲਾਂ ਕੀਤੀਆਂ ਸਨ ਅਤੇ ਇਨ੍ਹਾਂ ਅਪੀਲਾਂ ਨੂੰ ਅਮਲ ਦੇ ਵਿੱਚ ਲਿਆਉਣ ਲਈ ਆਖਿਆ ਸੀ। ਇਹ ਅਪੀਲਾਂ ਮੁੱਖ ਤੌਰ ਉੱਤੇ, ਰਸੋਈ ਦੇ ਤੇਲ ਦੀ ਵਰਤੋਂ ਘਟਾਓ, ਇੱਕ ਸਾਲ ਤੱਕ ਸੋਨਾ ਖਰੀਦਣ ਤੋਂ ਬਚੋ ਪੈਟਰੋਲ ਅਤੇ ਡੀਜ਼ਲ ਘੱਟ ਵਰਤੋ – ਮੈਟ੍ਰੋ ਜਾਂ ਪਬਲਿਕ ਟ੍ਰਾਂਸਪੋਰਟ ਵਰਤੋ,ਰਸਾਇਣਕ ਖਾਦਾਂ ਉਤੇ ਨਿਰਭਰਤਾ ਘਟਾਓ ਅਤੇ ਕੁਦਰਤੀ ਖੇਤੀ ਵੱਲ ਵਧੋ,ਵਿਦੇਸ਼ੀ ਬ੍ਰਾਂਡ ਵਾਲੀਆਂ ਚੀਜ਼ਾਂ ਘੱਟ ਖਰੀਦੋ ਅਤੇ ਸਵਦੇਸ਼ੀ ਅਪਣਾਓ, ਜਿੱਥੇ ਵੀ ਸੰਭਵ ਹੋਵੇ,ਘਰ ਤੋਂ ਕੰਮ ਕਰੋ (Work From Home ਨੂੰ ਤਰਜੀਹ ਦਿਓ) ਅਤੇ ਇੱਕ ਸਾਲ ਤੱਕ ਵਿਦੇਸ਼ ਯਾਤਰਾ ਤੋਂ ਬਚੋ ਆਦਿ ਅਪੀਲਾਂ ਸ਼ਾਮਿਲ ਸਨ।
‘ਗਵਰਨਰ ਪੰਜਾਬ ਦਾ ਪੀਐਮ ਦੀ ਅਪੀਲ ਮੁਤਾਬਕ ਆਦੇਸ਼‘
ਪੀਐਮ ਮੋਦੀ ਦੀ ਅਪੀਲ ਮਗਰੋਂ ਪੰਜਾਬ ਦੇ ਰਾਜਪਾਲ ਗੁਲਬਾਚੰਦ ਕਟਾਰੀਆ ਨੇ ਕਿਹਾ ਕਿ, ‘ਹਫਤੇ ਦੇ ਹਰੇਕ ਬੁੱਧਵਾਰ ਨੂੰ ਉਹ ਖੁੱਦ ਅਤੇ ਚੰਡੀਗੜ੍ਹ ਦਾ ਕੋਈ ਵੀ ਅਧਿਕਾਰੀ ਚਾਰ ਪਹੀਆ ਵਾਹਨ ਦਾ ਇਸਤੇਮਾਲ ਦੇਸ਼ ਹਿੱਤ ਵਿੱਚ ਨਹੀਂ ਕਰੇਗਾ। ਬੁੱਧਵਾਰ ਨੂੰ ਅਧਿਕਾਰੀ ਆਪਣੇ ਦਫ਼ਤਰ ਜਾਣ ਲਈ ਬੱਸ ਦਾ ਇਸਤੇਮਾਲ ਕਰਨ,ਭਾਵੇਂ ਉਨ੍ਹਾਂ ਨੂੰ ਕੋਈ ਦਫ਼ਤਰ ਛੱਡਣ ਲਈ ਆਵੇ ਜਾਂ ਫਿਰ ਉਹ ਸਾਈਕਲ ਚਲਾ ਕੇ ਦਫ਼ਤਰ ਪਹੁੰਚਣ ਪਰ ਕੋਈ ਵੀ ਅਧਿਕਾਰੀ ਚਾਰ ਪਹੀਆ ਵਾਹਨ ਦਾ ਇਸਤੇਮਾਲ ਦਫ਼ਤਰ ਪਹੁੰਚਣ ਲਈ ਨਹੀਂ ਕਰੇਗਾ।‘
ਇਹ ਹੁਕਮ ਫਿਲਹਾਲ ਚੰਡੀਗੜ੍ਹ ਯੂਟੀ ਦੇ ਅਧਿਕਾਰੀਆਂ ਲਈ ਲਾਗੂ ਰਹੇਗਾ ਅਤੇ ਪੰਜਾਬ ਵਿੱਚ ਇਹ ਐਲਾਨ ਫਿਲਹਾਲ ਅਮਲ ਦੇ ਵਿੱਚ ਨਹੀਂ ਲਿਆਂਦਾ ਜਾਵੇਗਾ। ਪੰਜਾਬ ਵਿੱਚ ਇਸ ਨੂੰ ਲਾਗੂ ਕਰਨ ਬਾਰੇ ਫਿਲਹਾਲ ਗੱਲਬਾਤ ਮਗਰੋਂ ਫੈਸਲਾ ਲਿਆ ਜਾਵੇਗਾ।–ਗੁਲਾਬਚੰਦ ਕਟਾਰੀਆ,ਗਵਰਨਰ ਪੰਜਾਬ
‘ਪੀਐਮ ਮੋਦੀ ਨੇ ਵੀ ਘਟਾਇਆ ਸੁਰੱਖਿਆ ਘੇਰਾ‘
ਕੁਝ ਦਿਨ ਪਹਿਲਾਂ ਸਾਦਗੀ ਦੀ ਅਪੀਲ ਕਰਨ ਅਤੇ ਨਾਗਰਿਕਾਂ ਨੂੰ ਬਾਲਣ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਘਟਾਉਣ ਦੀ ਅਪੀਲ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕਾਫਲੇ ਨੂੰ ਕਾਫ਼ੀ ਘਟਾ ਦਿੱਤਾ ਹੈ। ਇਹ ਕਟੌਤੀ ਐਸਪੀਜੀ ਪ੍ਰੋਟੋਕੋਲ ਮੁਤਾਬਿਕ ਜ਼ਰੂਰੀ ਸੁਰੱਖਿਆ ਪ੍ਰਬੰਧਾਂ ਨੂੰ ਬਣਾਈ ਰੱਖਦੇ ਹੋਏ ਕੀਤੀ ਗਈ ਸੀ। ਹਾਲ ਹੀ ਵਿੱਚ ਜਾਰੀ ਇੱਕ ਵੀਡੀਓ ਵਿੱਚ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ ਕਾਫ਼ੀ ਘਟਾ ਦਿੱਤਾ ਗਿਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਦੀ ਪਾਲਣਾ ਕੀਤੀ ਅਤੇ ਆਪਣੇ ਸੁਰੱਖਿਆ ਕਾਫਲੇ ਨੂੰ ਘਟਾ ਦਿੱਤਾ।
‘ਲਾਜ਼ਮੀ ਸਾਰੇ ਜ਼ਰੂਰੀ ਸੁਰੱਖਿਆ ਪ੍ਰਬੰਧ ਬਰਕਰਾਰ‘
ਇਹ ਤੁਰੰਤ ਕਟੌਤੀ ਹੈਦਰਾਬਾਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ ਤੋਂ ਤੁਰੰਤ ਬਾਅਦ ਕੀਤੀ ਗਈ, ਜਿਸ ਵਿੱਚ ਨਾਗਰਿਕਾਂ ਨੂੰ ਬਾਲਣ ਦੀ ਖਪਤ ਘਟਾਉਣ ਅਤੇ ਊਰਜਾ ਬਚਾਉਣ ਵਾਲੇ ਉਪਾਅ ਅਪਣਾਉਣ ਦੀ ਅਪੀਲ ਕੀਤੀ ਗਈ ਸੀ। ਹਾਲਾਂਕਿ ਕਾਫਲੇ ਦੇ ਅਕਾਰ ਵਿੱਚ ਕਮੀ ਦੇ ਬਾਵਜੂਦ, ਵਿਸ਼ੇਸ਼ ਸੁਰੱਖਿਆ ਸਮੂਹ (SPG) ਪ੍ਰੋਟੋਕੋਲ ਦੇ ਤਹਿਤ ਲਾਜ਼ਮੀ ਸਾਰੇ ਜ਼ਰੂਰੀ ਸੁਰੱਖਿਆ ਪ੍ਰਬੰਧ ਬਰਕਰਾਰ ਰਹੇ।
ETV BHARAT