ਲੁਧਿਆਣਾ ਦੇ ਨਜ਼ਦੀਕੀ ਪਿੰਡ ਜੰਡਿਆਲੀ ਵਿੱਚ ਦੇਰ ਰਾਤ ਇੱਕ ਬੇਹੱਦ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ।
30 ਜੂਨ, 2026 – ਲੁਧਿਆਣਾ: ਲੁਧਿਆਣਾ ਦੇ ਨਜ਼ਦੀਕੀ ਪਿੰਡ ਜੰਡਿਆਲੀ ਵਿੱਚ ਦੇਰ ਰਾਤ ਇੱਕ ਬੇਹੱਦ ਖ਼ੌਫ਼ਨਾਕ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਘਰ ਵਿੱਚ ਦਾਖ਼ਲ ਹੋਏ 2 ਅਣਪਛਾਤੇ ਹਮਲਾਵਰਾਂ ਨੇ ਇੱਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ 50 ਸਾਲ ਦੇ ਇਕਬਾਲ ਸਿੰਘ ਵਜੋਂ ਹੋਈ ਹੈ। ਬੀਤੀ ਦੇਰ ਰਾਤ ਦੋਵੇਂ ਪਿਓ ਪੁੱਤ ਨੂੰ ਬੰਧਕ ਬਣਾ ਕੇ ਪਿਤਾ ਦਾ ਬੇਰਹਿਮੀ ਨਾਲ ਕਤਲ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਥਾਣਾ ਜਮਾਲਪੁਰ ਦੀ ਪੁਲਿਸ ਅਤੇ ਸੀ.ਆਈ.ਏ. (CIA) ਸਟਾਫ਼ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਮੁਤਾਬਕ ਮ੍ਰਿਤਕ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਜਾਣ ਦਾ ਡੂੰਘਾ ਨਿਸ਼ਾਨ ਮਿਲਿਆ ਹੈ।
ਆਸ–ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਦਿੱਤੀ ਸੂਚਨਾ
ਪਿਓ ਦੇ ਕਤਲ ਤੋਂ ਬਾਅਦ ਉਸ ਦੇ ਬੇਟੇ ਨੇ ਬਾਹਰ ਆ ਕੇ ਰੌਲਾ ਪਾ ਦਿੱਤਾ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਦੀ ਪੁਲਿਸ ਅਤੇ ਸੀ.ਆਈ.ਏ. ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਹਨ ਅਤੇ ਇਲਾਕੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਮ੍ਰਿਤਕ ਅਰਧ ਨਗਨ ਹਾਲਤ ਦੇ ਵਿੱਚ ਜ਼ਮੀਨ ਤੇ ਲਹੂ ਲੁਹਾਨ ਪਿਆ ਹੈ ਅਤੇ ਉਸ ਦੇ ਕਈ ਜਗ੍ਹਾ ਤੇ ਸੱਟਾਂ ਦੇ ਨਿਸ਼ਾਨ ਹਨ। ਮ੍ਰਿਤਕ ਇਕਬਾਲ ਸਿੰਘ ਪੇਸ਼ੇ ਤੋਂ ਵਕੀਲ ਸਨ ਅਤੇ ਵਕਾਲਤ ਦੇ ਨਾਲ-ਨਾਲ ਉਹ ਆਪਣੇ ਘਰ ਦੇ ਅੰਦਰ ਹੀ “ਧਾਲੀਵਾਲ ਸਕੂਲ” ਨਾਮਕ ਇੱਕ ਵਿੱਦਿਅਕ ਸੰਸਥਾ ਚਲਾਉਂਦੇ ਸਨ, ਜਿੱਥੇ ਅੱਠਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ।
“ਅਸੀਂ ਰਾਤ ਖਾਣਾ ਖਾ ਕੇ ਕੂਲਰ ਚਲਾ ਕੇ ਆਪਣੇ ਘਰ ਵਿੱਚ ਸੌ ਗਏ ਸੀ। ਰਾਤ 12 ਵਜੇ ਪ੍ਰਿੰਸੀਪਲ ਦਾ ਲੜਕਾ ਯੁਵੀ ਸਾਡੇ ਘਰ ਆਇਆ, ਉਸ ਨੇ ਆ ਕੇ ਦਰਵਾਜਾ ਖੜਕਾਇਆ, ਉਹ ਕੁਝ ਬੋਲ ਨਹੀਂ ਰਿਹਾ ਸੀ। ਸਾਨੂੰ ਲੱਗਿਆ ਕਿ ਕੋਈ ਚੋਰ ਹੋਵੇਗਾ ਅਸੀਂ ਦਰਵਾਜਾ ਨਹੀਂ ਖੋਲ੍ਹਿਆ। ਫਿਰ ਉਹ ਡਰਿਆ ਹੋਇਆ ਬੋਲਿਆ ਕਿ ਦੀਦੀ ਮੇਰੇ ਪਾਪਾ ਨੂੰ ਮਾਰ ਦਿੱਤਾ। ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਬੱਸ ਯੁਵੀ ਨੇ ਇੰਨਾ ਦੱਸਿਆ ਕਿ ਦੋ ਬੰਦੇ ਆਏ, ਜਿੰਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸੀ।” – ਗੰਗਾ ਦੇਵੀ, ਇਲਾਕਾ ਨਿਵਾਸੀ
ਪੁਲਿਸ ਦਾ ਬਿਆਨ
ਥਾਣਾ ਜਮਾਲਪੁਰ ਦੇ ਐੱਸਐਚਓ ਪਰਮੋਦ ਰਾਮ ਨੇ ਦੱਸਿਆ ਕਿ “ਇਹ ਘਟਨਾ ਰਾਤ ਇੱਕ ਵਜੇ ਤੋਂ ਪਹਿਲਾਂ ਦੀ ਹੈ। ਵਾਰਦਾਤ ਸਮੇਂ ਘਰ ਵਿੱਚ ਇਕਬਾਲ ਸਿੰਘ ਧਾਲੀਵਾਲ ਅਤੇ ਉਸਦਾ ਬੱਚਾ ਦੋਵੇਂ ਹੀ ਸੀ, ਉਸਦੀ ਮਾਂ ਲਾਅ ਕਰਦੀ ਹੈ, ਜਿਸਦੇ ਸਬੰਧ ਵਿੱਚ ਉਹ ਮੱਧ ਪ੍ਰਦੇਸ਼ ਵਿੱਚ ਪੇਪਰ ਦੇਣ ਲਈ ਗਈ ਹੋਈ ਸੀ। ਫਿਲਹਾਲ ਉਸ ਦਾ ਪੁੱਤਰ ਸਦਮੇ ਵਿੱਚ ਹੈ, ਉਹ ਕੁਝ ਵੀ ਦੱਸਣ ਦੀ ਹਾਲਤ ਵਿੱਚ ਨਹੀਂ ਹੈ। ਬਾਕੀ ਅਸੀਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਮ੍ਰਿਤਕ ਦੇ ਬੱਚੇ ਨੇ ਬਾਹਰ ਆ ਕੇ ਰੌਲਾ ਪਾਇਆ ਕਿ ਮੇਰੇ ਪਾਪਾ ਨੂੰ ਮਾਰ ਦਿੱਤਾ ਸੀ, ਪਰ ਅਜੇ ਕੁਝ ਨਹੀਂ ਕਹਿ ਸਕਦੇ ਕਿ ਕਤਲ ਕਿਸ ਨੇ ਕੀਤਾ ਹੈ। ਮ੍ਰਿਤਕ ਨੂੰ ਕੋਠੇ ਤੋਂ ਕਤਲ ਕਰਕੇ ਤਰਪਾਲ ਵਿੱਚ ਲਪੇਟ ਕੇ ਨੀਚੇ ਲਿਆਦਾ ਗਿਆ। ਮ੍ਰਿਤਕ ਦਾ ਇਹ ਦੂਜਾ ਵਿਆਹ ਸੀ ਪਹਿਲਾਂ ਇਸ ਦਾ ਤਲਾਕ ਹੋ ਗਿਆ ਸੀ ਜਿਸ ਤੋਂ 2 ਸਾਲ ਬਾਅਦ ਹੀ ਇਸ ਨੇ ਦੂਜਾ ਵਿਆਹ ਕਰਵਾਇਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਕਤਲ ਦੇ ਕਾਰਨਾਂ ਅਤੇ ਹਮਲਾਵਰਾਂ ਦੀ ਪਛਾਣ ਲਈ ਤਫ਼ਤੀਸ਼ ਜਾਰੀ ਹੈ।”
ETV BHARAT